Articles Travel

ਟੂਰਿਸਟਾਂ ਦੀ ਖਿੱਚ ਦਾ ਕੇਂਦਰ ਹੈ ਪੰਜਾਬ ਦਾ ਮਿੰਨੀ ਗੋਆ ਪਠਾਨਕੋਟ

ਪਠਾਨਕੋਟ ਸ਼ੁਰੂ ਤੋਂ ਹੀ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਰਾਜਾਂ ਦਾ ਗੇਟ ਹੈ। ਦੇਸ਼ ਭਰ ਦੇ ਲੋਕ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ’ਚ ਦਾਖ਼ਲ ਹੋਣ ਤੋਂ ਪਹਿਲਾਂ ਪਠਾਨਕੋਟ ਸ਼ਹਿਰ ’ਚ ਰੁਕਦੇ ਹਨ। ਉਨ੍ਹਾਂ ਦਾ ਪੜਾਅ ਪਠਾਨਕੋਟ ਸ਼ਹਿਰ ’ਚ ਹੁੰਦਾ ਹੈ। ਹਿਮਾਚਲ ਪ੍ਰਦੇਸ਼ ਦੀ ਨਿਰਭਰਤਾ ਪਠਾਨਕੋਟ ਸ਼ਹਿਰ ’ਤੇ ਜੰਮੂ -ਕਸ਼ਮੀਰ ਨਾਲੋਂ ਕਿਤੇ ਵੱਧ ਹੈ। ਸੈਲਾਨੀ ਜਦ ਵੀ ਕਦੇ ਹਿਮਾਚਲ ਪ੍ਰਦੇਸ਼ ਘੁੰਮਣ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਰੇਲ ਗੱਡੀ ਦੇ ਜ਼ਰੀਏ ਪਠਾਨਕੋਟ ਤਕ ਹੀ ਆਉਣਾ ਪੈਂਦਾ ਹੈ। ਉਹ ਅਕਸਰ ਇੱਥੇ ਇਕ ਰਾਤ ਰੁਕ ਕੇ ਆਪਣੀ ਹਿਮਾਚਲ ਪ੍ਰਦੇਸ਼ ਦੀ ਅਗਲੀ ਯਾਤਰਾ ਸ਼ੁਰੂ ਕਰਦੇ ਹਨ। ਇਸ ਪ੍ਰਕਾਰ ਯਾਤਰੀ ਪਠਾਨਕੋਟ ਸ਼ਹਿਰ ਦੇ ਕਾਲੀ ਮਾਤਾ ਮੰਦਰ ਅਤੇ ਜ਼ਿਲ੍ਹੇ ਦੇ ਇਤਿਹਾਸਕ ਗੁਰਦੁਆਰਾ ਬਾਰਠ ਸਾਹਿਬ ਵੀ ਦਰਸ਼ਨਾਂ ਵਾਸਤੇ ਜਾਂਦੇ ਹਨ। ਹੁਣ ਬਹੁਤ ਸਾਰੇ ਯਾਤਰੀ ਰਣਜੀਤ ਸਾਗਰ ਡੈਮ ਅਤੇ ਉਸਦੇ ਆਲੇ ਦੁਆਲੇ ਬਣ ਰਹੇ ਟੂਰਿਸਟ ਥਾਵਾਂ ਨੂੰ ਵੀ ਦੇਖਣ ਵਾਸਤੇ ਜਾਣ ਲੱਗ ਪਏ ਹਨ। ਜੇਕਰ ਪੰਜਾਬ ਸਰਕਾਰ ਹੁਣ ਪਠਾਨਕੋਟ ਜ਼ਿਲ੍ਹੇ ਵਿਚ ਟੂਰਿਸਟਾਂ ਦੇ ਆਉਣ ਦੀ ਸੰਭਾਵਨਾ ਨੂੰ ਮਹਿਸੂਸ ਕਰ ਰਹੀ ਹੈ ਤਾਂ ਇਸ ਪਿੱਛੇ ਠੋਸ ਤਰਕ ਹਨ। ਕਥਲੌਰ ਰੱਖ ਵੀ ਰਹੇਗੀ

ਟੂਰਿਸਟਾਂ ਦੀ ਖਿੱਚ ਦਾ ਕੇਂਦਰ

ਭਾਰਤ ਦੀ ਪਹਿਲੀ ਜੰਗਲੀ ਜੀਵਾਂ ਲਈ ਨਿਰਧਾਰਿਤ ਕੀਤੀ ਗਈ ਕਥਲੌਰ ਰੱਖ ਵੀ ਟੂਰਿਸਟਾਂ ਦੇ ਖਿੱਚ ਦਾ ਕੇਂਦਰ ਰਹੇਗੀ। ਇਹ ਰੱਖ ਭਾਵੇਂ ਪਠਾਨਕੋਟ ਸ਼ਹਿਰ ਤੋਂ ਕਰੀਬ ਪੱਚੀ ਕਿਲੋਮੀਟਰ ਦੂਰੀ ’ਤੇ ਸਥਿਤ ਹੈ ਪ੍ਰੰਤੂ ਜੰਗਲੀ ਜੀਵਾਂ ਦੀ ਸਾਂਭ-ਸੰਭਾਲ ਲਈ ਬਣੇ ਮਹਿਕਮੇ ਵੱਲੋਂ ਇਸ ਨੂੰ ਜਿਸ ਕੁਦਰਤੀ ਤੌਰ ’ਤੇ ਵਿਕਸਿਤ ਕੀਤਾ ਜਾ ਰਿਹਾ ਹੈ ਉਸ ਨਾਲ ਇਹ ਰੱਖ ਕੁਝ ਦਿਨਾਂ ’ਚ ਹੀ ਕੌਮਾਂਤਰੀ ਪੱਧਰ ਦੀ ਅਹਿਮੀਅਤ ਹਾਸਲ ਕਰ ਚੁੱਕੀ ਹੈ। ਇਸ ਰੱਖ ਵਿਚ ਬਦਲਦੇ ਮੌਸਮਾਂ ਮੁਤਾਬਕ ਸਾਇਬੇਰੀਆ ਤੋਂ ਲੈ ਕੇ ਦੁਨੀਆ ਦੇ ਹੋਰ ਦੇਸ਼ਾਂ ਤੋਂ ਪੰਛੀ ਉੱਡ ਕੇ ਇੱਥੇ ਪਹੁੰਚਦੇ ਹਨ। ਇਸ ਤੋਂ ਇਲਾਵਾ ਇੱਥੇ ਹੋਰ ਵੀ ਬਹੁਤ ਪਰਜਾਤੀਆਂ ਦੇ ਪੰਛੀ ਅਤੇ ਜੰਗਲੀ ਜੀਵ ਦੇਖਣ ਨੂੰ ਮਿਲਦੇ ਹਨ। ਕੁਦਰਤੀ ਜੀਵਨ ਸ਼ੈਲੀ ਨੂੰ ਅਪਨਾਉਣ ਵਾਲੇ ਟੂਰਿਸਟ ਇੱਥੇ ਆ ਕੇ ਇਕ ਨਵੀਂ ਦੁਨੀਆ ’ਚ ਖ਼ੁਦ ਨੂੰ ਹਾਜ਼ਰ ਸਮਝਦੇ ਹਨ। ਜੇ ਪਠਾਨਕੋਟ ਨੂੰ ਸਰਕਾਰ ਨੇ ਟੂਰਿਸਟ ਪੁਆਇੰਟ ਬਣਾ ਦਿੱਤਾ ਤਾਂ ਇਹ ਰੱਖ ਵੀ ਆਪਣੇ ਆਪ ਦੇਸ਼ ਭਰ ’ਚ ਮਸ਼ਹੂਰ ਹੋ ਜਾਵੇਗੀ। ਭੂਗੋਲਿਕ, ਸੱਭਿਆਚਾਰਕ ਅਤੇ ਆਪਣੀ ਇਤਿਹਾਸਕ ਭਿੰਨਤਾ ਦੇ ਕਾਰਨ ਪਠਾਨਕੋਟ ਜ਼ਿਲ੍ਹਾ ਜਿੱਥੇ ਸਮੁੱਚੇ ਪੰਜਾਬ ਤੋਂ ਅਲੱਗ ਤਰ੍ਹਾਂ ਦਾ ਹੈ ਉੱਥੇ ਇਸ ਨੂੰ ਜੇ ਸਰਕਾਰ ਸੱਚਮੁੱਚ ਟੂਰਿਸਟ ਪੁਆਇੰਟ ਦੇ ਤੌਰ ’ਤੇ ਵਿਕਸਿਤ ਕਰਨ ਲਈ ਅੱਗੇ ਆਉਂਦੀ ਹੈ ਤਾਂ ਇਸ ਦਾ ਫ਼ਾਇਦਾ ਇਕੱਲਾ ਪੰਜਾਬ ਸਰਕਾਰ ਨੂੰ ਨਹੀਂ ਹੋਵੇਗਾ ਸਗੋਂ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਰਾਜਾਂ ਦੇ ਲੋਕਾਂ ਨੂੰ ਵੀ ਹੋਵੇਗਾ। ਪਠਾਨਕੋਟ ਦੇ ਟੂਰਿਸਟ ਹੱਬ ਬਣਨ ਨਾਲ ਸਭ ਤੋਂ ਜ਼ਿਆਦਾ ਲਾਭ ਸਿੱਧੇ ਅਤੇ ਅਸਿੱਧੇ ਤੌਰ ’ਤੇ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਨੂੰ ਹੀ ਹੋਣ ਵਾਲਾ ਹੈ। ਇਹੀ ਕਾਰਨ ਹੈ ਕਿ ਪਠਾਨਕੋਟ ਦੇ ਲੋਕ ਪਿਛਲੇ ਵੀਹ ਸਾਲਾਂ ਤੋਂ ਆਪਣੇ ਜ਼ਿਲ੍ਹੇ ਨੂੰ ਟੂਰਿਸਟ ਪੁਆਇੰਟ ਦੇ ਤੌਰ ’ਤੇ ਵਿਕਸਿਤ ਕਰਨ ਲਈ ਜੱਦੋਜਹਿਦ ਕਰਦੇ ਆ ਰਹੇ ਹਨ। ਭਾਜਪਾ ਦੇ ਮਰਹੂਮ ਨੇਤਾ ਅਤੇ ਭਾਰਤ ਸਰਕਾਰ ਵਿਚ ਸੈਰ ਸਪਾਟਾ ਮੰਤਰੀ ਰਹੇ ਫਿਲਮ ਸਟਾਰ ਵਿਨੋਦ ਖੰਨਾ ਨੇ ਇਸ ਜ਼ਿਲ੍ਹੇ ਨੂੰ ਪੰਦਰਾਂ ਸਾਲ ਪਹਿਲਾਂ ਜਿੱਥੇ ਰਿਲੀਜੀਅਸ ਟੂਰਿਜ਼ਮ ਦਾ ਕੇਂਦਰ ਮੰਨਦੇ ਹੋਏ ਮੁਢਲੀਆਂ ਸਹੂਲਤਾਂ ਦੇਣ ਦੀ ਗੱਲ ਕੀਤੀ ਸੀ ੳੱੁਥੇ ਵਪਾਰ ਮੰਡਲ ਪਠਾਨਕੋਟ ਅਤੇ ਪਠਾਨਕੋਟ ਦੀ ਹੋਟਲ ਇੰਡਸਟਰੀ ਨਾਲ ਜੁੜੇ ਵਪਾਰੀ ਲਗਾਤਾਰ ਸਰਕਾਰ ਤੋਂ ਮੰਗ ਕਰਦੇ ਆ ਰਹੇ ਹਨ ਕਿ ਇਸ ਜ਼ਿਲ੍ਹੇ ਨੂੰ ਟੂਰਿਸਟ ਹੱਬ ਬਣਾਇਆ ਜਾਵੇ। ਇਹ ਮਸਲਾ ਕਈ ਵਾਰ ਸਰਕਾਰਾਂ ਅੱਗੇ ਵੀ ਰੱਖਿਆ ਗਿਆ ਪ੍ਰੰਤੂ ਇਸ ਜ਼ਿਲ੍ਹੇ ਵੱਲ ਕਦੇ ਖ਼ਾਸ ਧਿਆਨ ਨਹੀਂ ਦਿੱਤਾ ਗਿਆ।

ਅਕਾਲੀ-ਭਾਜਪਾ ਸਰਕਾਰ ਦਾ ਵੀ ਸੁਪਨਾ ਸੀ ਟੂਰਿਸਟ ਹੱਬ ਬਣਾਉਣਾ

ਪੰਜਾਬ ਵਿਚ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪਹਿਲਾਂ ਸੱਤਾ ’ਤੇ ਕਾਬਜ਼ ਰਹੀ ਅਕਾਲੀ-ਭਾਜਪਾ ਸਰਕਾਰ ਦਾ ਵੀ ਸੁਪਨਾ ਸੀ ਕਿ ਪਠਾਨਕੋਟ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕੀਤਾ ਜਾਵੇ। ਉਸ ਵੇਲੇ ਦੇ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਕਈ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਦੇ ਨਾਲ-ਨਾਲ ਉਦਯੋਗਪਤੀਆਂ ਨੂੰ ਵੀ ਬਹੁਤ ਵੱਡੇ ਸੁਪਨੇ ਦਿਖਾਏ ਪ੍ਰੰਤੂ ਉਨ੍ਹਾਂ ਦੇ ਦਾਅਵੇ ਅਤੇ ਵਾਅਦੇ ਹਕੀਕਤ ਦਾ ਰੂਪ ਅਖਤਿਆਰ ਨਾ ਕਰ ਸਕੇ। ਅਕਾਲੀ-ਭਾਜਪਾ ਸਰਕਾਰ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਪ੍ਰੋਗਰਾਮ ਤਹਿਤ ਹੀ ਇਸ ਇਲਾਕੇ ਨੂੰ ਟੂਰਿਸਟ ਹੱਬ ਵਜੋਂ ਵਿਕਸਤ ਕਰਨਾ ਚਾਹੁੰਦੀ ਸੀ। ਸੁਖਬੀਰ ਸਿੰਘ ਬਾਦਲ ਨੇ ਤਾਂ ਰਣਜੀਤ ਸਾਗਰ ਡੈਮ ਦੀ ਝੀਲ ਵਿਚ ਪਾਣੀ ਵਿਚ ਉਤਰਨ ਵਾਲੇ ਹਵਾਈ ਜਹਾਜ਼ ਵੀ ਇੱਥੋਂ ਚਲਾਉਣ ਦੀ ਯੋਜਨਾ ’ਤੇ ਵਿਚਾਰ ਕੀਤਾ ਸੀ। ਇਹ ਵਿਚਾਰ ਉਸ ਵੇਲੇ ਉਦੋਂ ਸਾਹਮਣੇ ਆਇਆ ਸੀ ਜਦੋਂ ਇਹ ਮੰਨਿਆ ਗਿਆ ਰਣਜੀਤ ਸਾਗਰ ਡੈਮ ਪਠਾਨਕੋਟ ਏਅਰਪੋਰਟ ਤੋਂ ਤਕਰੀਬਨ ਚਾਲੀ ਕਿਲੋਮੀਟਰ ਦੂਰ ਹੈ। ਇਹ ਅੰਦੇਸ਼ਾ ਵੀ ਜਤਾਇਆ ਗਿਆ ਕਿ ਪਠਾਨਕੋਟ ਪਹੁੰਚਣਾ ਜਿੱਥੇ ਉਦਯੋਗਪਤੀਆਂ ਵਾਸਤੇ ਆਸਾਨ ਹੋ ਜਾਵੇਗਾ ਉੱਥੇ ਪਠਾਨਕੋਟ ਤੋਂ ਰਣਜੀਤ ਸਾਗਰ ਡੈਮ ਦੀ ਝੀਲ ਤਕ ਜਾਣਾ ਉਨ੍ਹਾਂ ਲਈ ਇਕ ਵੱਡੀ ਚੁਣੌਤੀ ਹੋਵੇਗੀ। ਉਸ ਵੇਲੇ ਸਰਕਾਰ ਨੇ ਇਹ ਸੁਪਨਾ ਉਦਯੋਗਪਤੀਆਂ ਨੂੰ ਦਿਖਾਇਆ ਸੀ ਜਿਸ ’ਤੇ ਉਦਯੋਗਪਤੀ ਖ਼ੁਸ਼ ਵੀ ਹੋਏ ਸਨ ਪ੍ਰੰਤੂ ਇਸ ਤਰ੍ਹਾਂ ਦੇ ਪ੍ਰਾਜੈਕਟ ਨੂੰ ਸਿਰੇ ਚਾੜ੍ਹਨ ਵਾਸਤੇ ਜਿੱਥੇ ਬੁਨਿਆਦੀ ਢਾਂਚੇ ਦੀ ਲੋੜ ਹੁੰਦੀ ਹੈ ਉਹ ਸਰਕਾਰ ਉਪਲੱਬਧ ਨਹੀਂ ਕਰਵਾ ਸਕੀ ਸੀ। ਇਹੀ ਕਾਰਨ ਹੈ ਕਿ ਛੇ ਤੋਂ ਅੱਠ ਸਾਲ ਪਹਿਲਾਂ ਇਸ ਜ਼ਿਲ੍ਹੇ ਨੂੰ ਟੂਰਿਸਟ ਹੱਬ ਬਣਾਉਣ ਦੀ ਗੱਲ ਜਦੋਂ ਸਿਖ਼ਰ ’ਤੇ ਕੀਤੀ ਗਈ ਤਾਂ ਵੀ ਇਸ ਯੋਜਨਾ ’ਤੇ ਕੋਈ ਅਮਲ ਨਹੀਂ ਹੋ ਸਕਿਆ।

ਕਾਲੀ ਮਾਤਾ ਮੰਦਰ

ਪਠਾਨਕੋਟ ਦਾ ਕਾਲੀ ਮਾਤਾ ਮੰਦਰ ਇਕ ਇਤਿਹਾਸਕ ਮੰਦਰ ਹੈ। ਇਸ ਮੰਦਰ ’ਚ ਇਕ ਸੌ ਸਾਲ ਤੋਂ ਵੀ ਵੱਧ ਸਮੇਂ ਤੋਂ ਰਾਮ ਲੀਲ੍ਹਾਵਾਂ ਦਾ ਮੰਚਨ ਹੁੰਦਾ ਆ ਰਿਹਾ ਹੈ। ਇਸ ਦਾ ਪੂਰਾ ਨਾਂ ਕਾਲੀ ਮਾਤਾ ਮੰਦਰ ਤਾਲਾਬ ਹੈ। ਇਸ ਦੇ ਤਾਲਾਬ ’ਚ ਚੱਕੀ ਦਰਿਆ ਵਿੱਚੋਂ ਨਿਕਲਣ ਵਾਲੀਆਂ ਕੂਲਾਂ ਦਾ ਪਾਣੀ ਆਇਆ ਕਰਦਾ ਸੀ। ਉਸ ਤਲਾਅ ਵਿਚ ਸੈਂਕੜੇ ਮੱਛੀਆਂ ਹੁੰਦੀਆਂ ਸਨ ਪਰ ਕਦੇ ਕਿਸੇ ਨੇ ਇਸ ਤਲਾਬ ਵਿੱਚੋਂ ਮੱਛੀ ਫੜਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਸਮੇਂ ਨਾਲ ਇਹ ਤਲਾਅ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਪ੍ਰੰਤੂ ਮੰਦਰ ਦੀ ਇਤਿਹਾਸਕਤਾ ਅੱਜ ਵੀ ਉਸੇ ਤਰ੍ਹਾਂ ਹੈ ਜਿਵੇਂ ਸੌ ਸਾਲ ਪਹਿਲਾਂ ਸੀ। ਇਹ ਮਾਨਤਾ ਹੈ ਕਿ ਮੰਦਰ ਵਿਚ ਜੇ ਕੋਈ ਸ਼ਰਧਾਲੂ ਆਉਂਦਾ ਹੈ ਤਾਂ ਉਸ ਦੀ ਮਨੋਕਾਮਨਾ ਹਰ ਹਾਲ ਵਿਚ ਪੂਰੀ ਹੋ ਜਾਂਦੀ ਹੈ। ਇਸ ਮੰਦਰ ਦੀ ਸਥਾਪਨਾ ਪਹਿਲਾਂ ਹੋਈ ਅਤੇ ਪਠਾਨਕੋਟ ਸ਼ਹਿਰ ਬਾਅਦ ਵਿਚ ਵਸਿਆ ਮੰਨਿਆ ਜਾਂਦਾ ਹੈ। ਦੇਸ਼ ਭਰ ’ਚੋਂ ਜੋ ਵੀ ਲੋਕ ਪਠਾਨਕੋਟ ਆਉਂਦੇ ਹਨ ਉਹ ਕਾਲੀ ਮਾਤਾ ਮੰਦਰ ’ਚ ਮੱਥਾ ਟੇਕਣਾ ਜ਼ਰੂਰੀ ਸਮਝਦੇ ਹਨ।

ਚਮਰੋਡ ਪੱਤਣ ਯਾਨੀ ਮਿੰਨੀ ਗੋਆ

ਪੰਜਾਬ ਸਰਕਾਰ ਨੇ ਜੰਗਲਾਤ ਵਿਭਾਗ ਦੇ ਜ਼ਰੀਏ ਚਮਰੋਡ ਪੱਤਣ ਨੂੰ ਟੂਰਿਸਟ ਪੁਆਇੰਟ ਦੇ ਤੌਰ ’ਤੇ ਵਿਕਸਿਤ ਕਰਨ ਦੀ ਜੋ ਪਹਿਲ ਕੀਤੀ ਸੀ ਉਸ ਨੇ ਹੁਣ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਚਮਰੋਡ ਪੱਤਣ ਹੁਣ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕਾ ਹੈ। ਇਸ ਦੇ ਆਲੇ ਦੁਆਲੇ ਦਾ ਨਜ਼ਾਰਾ ਦੇਖ ਕੇ ਸੈਲਾਨੀਆਂ ਨੇ ਹੁਣ ਇਸ ਨੂੰ ਮਿੰਨੀ ਗੋਆ ਕਹਿਣਾ ਸ਼ੁਰੂ ਕਰ ਦਿੱਤਾ ਹੈ। ਰਣਜੀਤ ਸਾਗਰ ਡੈਮ ਦੀ ਝੀਲ ਕੰਢੇ ਵਸੇ ਇਸ ਪੱਤਣ ’ਤੇ ਆਮ ਲੋਕ ਹੁਣ ਪੈਰਾਂ ਸੇਲਿੰਗ, ਪੈਰਾ ਗਲਾਈਡਿੰਗ, ਹੌਟ ਏਅਰ ਬੈਲੂਨ, ਰੋਲਿੰਗ ਬੈਲੂਨ, ਜੈੱਟ ਸਕਾਈ ਅਤੇ ਮਾਊਂਟੇਨ ਬਾਈਕ ਆਦਿ ਦਾ ਲੁਤਫ ਉਠਾਉਣ ਵਾਸਤੇ ਆਉਣ ਲੱਗੇ ਹਨ। ਇੱਥੇ ਹਰ ਰੋਜ਼ ਸੈਂਕੜੇ ਲੋਕ ਪਹੁੰਚਣੇ ਸ਼ੁਰੂ ਹੋ ਗਏ ਹਨ। ਟੂਰਿਸਟ ਇੱਥੇ ਰੁਕਣਾ ਵੀ ਚਾਹੁੰਦੇ ਹਨ ਪ੍ਰੰਤੂ ਰਹਿਣ ਦਾ ਪ੍ਰਬੰਧ ਬਹੁਤ ਵੱਡਾ ਨਾ ਹੋਣ ਕਰਕੇ ਕੇਵਲ ਕੁਝ ਕੁ ਲੋਕਾਂ ਨੂੰ ਹੀ ਠਹਿਰਨ ਲਈ ਹੱਟ ਜਾਂ ਰੂਮ ਆਦਿ ਮਿਲਦੇ ਹਨ। ਜੰਗਲਾਤ ਵਿਭਾਗ ਦਾ ਕਮਰਾ ਤਕਰੀਬਨ ਪੈਂਤੀ ਸੌ ਤੋਂ ਚਾਰ ਹਜ਼ਾਰ ਰੁਪਏ ਵਿਚ ਅਡਵਾਂਸ ਬੁੱਕ ਕੀਤਾ ਜਾ ਸਕਦਾ ਹੈ। ਪੰਜਾਬ ਸਰਕਾਰ ਨੇ ਇਸ ਪੁਆਇੰਟ ਨੂੰ ਵਿਕਸਿਤ ਕਰਨ ਲਈ ਇੱਥੇ ਕਈ ਮੇਲਿਆਂ ਦਾ ਪ੍ਰਬੰਧ ਵੀ ਹੈ। ਸਰਕਾਰ ਦਾ ਸੁਪਨਾ ਹੈ ਕਿ ਇਸ ਇਲਾਕੇ ਨੂੰ ਪੂਰੀ ਤਰ੍ਹਾਂ ਟੂਰਿਸਟ ਪੁਆਇੰਟ ਬਣਾ ਦਿੱਤਾ ਜਾਵੇ। ਇਲਾਕੇ ਦੇ ਲੋਕ ਸਰਕਾਰ ਦੇ ਇਸ ਉਪਰਾਲੇ ਤੋਂ ਖ਼ੁਸ਼ ਤਾਂ ਹਨ ਪ੍ਰੰਤੂ ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਬਾਕੀ ਦੀਆਂ ਮੁੱਢਲੀਆਂ ਸਹੂਲਤਾਂ ਵੀ ਪਹਿਲ ਦੇ ਆਧਾਰ ’ਤੇ ਉਪਲੱਬਧ ਕਰਵਾਏ।

ਦੁਨੇਰੇ ਦਾ ਕਟੋਰੀ ਬੰਗਲਾ

ਹਿਮਾਚਲ ਪ੍ਰਦੇਸ਼ ਦੀ ਸੀਮਾ ’ਤੇ ਸਥਿਤ ਪੰਜਾਬ ਦੇ ਅਖੀਰਲੇ ਪਿੰਡ ਦੁਨੇਰਾ ਵਿਚ ਬਣਿਆ ਪੀਡਬਲਿਊਡੀ ਦਾ ਰੈਸਟ ਹਾਊਸ ਕਟੋਰੀ ਬੰਗਲਾ ਵੀ ਸੈਲਾਨੀ ਦੀ ਖਿੱਚ ਦਾ ਕੇਂਦਰ ਬਣਿਆ ਰਹਿੰਦਾ ਹੈ। ਇਸ ਕਟੋਰੀ ਬੰਗਲੇ ਦੀ ਦੀਵਾਰ ਦਾ ਦੂਸਰਾ ਹਿੱਸਾ ਜਿੱਥੇ ਹਿਮਾਚਲ ਪ੍ਰਦੇਸ਼ ਵੱਲ ਹੈ ਉੱਥੇ ਇਹ ਬੰਗਲਾ ਪੰਜਾਬ ਦੀ ਹੱਦ ਦਾ ਹਿੱਸਾ ਹੈ। ਪੰਜਾਬ ਵਿਚ ਲੱਗੀ ਐਮਰਜੈਂਸੀ ਦੌਰਾਨ ਰਾਜ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵੇਲੇ ਦੀ ਸਰਕਾਰ ਨੇ ਇਸ ਬੰਗਲੇ ਵਿਚ ਨਜ਼ਰਬੰਦ ਕੀਤਾ ਸੀ। ਚਾਰੇ ਪਾਸਿਓਂ ਪਹਾੜੀਆਂ ’ਚ ਘਿਰੇ ਇਸ ਰੈਸਟ ਹਾਊਸ ਵਿਚ ਭਾਵੇਂ ਰਹਿਣ ਵਾਸਤੇ ਦੋ ਤਿੰਨ ਕਮਰੇ ਹੀ ਹਨ ਪ੍ਰੰਤੂ ਪੰਚਾਇਤ ਵਿਭਾਗ ਦਾ ਇਕ ਰੈਸਟ ਹਾਊਸ ਇਸ ਦੇ ਨੇੜੇ ਦੁਨੇਰਾ ਪਿੰਡ ਵਿਚ ਵੀ ਹੈ। ਦੁਨੇਰਾ ਦੇ ਪਕੌੜੇ ਵੀ ਪੂਰੇ ਪੰਜਾਬ ਵਿਚ ਮਸ਼ਹੂਰ ਹਨ। ਪਠਾਨਕੋਟ ਜਾਂ ਫਿਰ ਡਲਹੌਜ਼ੀ ਘੁੰਮਣ ਗਏ ਟੂਰਿਸਟ ਦੁਨੇਰਾ ਵਿਚ ਰੁਕਣਾ ਵੀ ਪਸੰਦ ਕਰਦੇ ਹਨ।

ਮਾਧੋਪੁਰ ਦੀ ਝੀਲ

ਪਠਾਨਕੋਟ ਪਹੁੰਚਣ ਵਾਲੇ ਟੂਰਿਸਟ ਜਿੱਥੇ ਇਸ ਜ਼ਿਲ੍ਹੇ ਦੇ ਦੂਸਰੇ ਟੂਰਿਸਟ ਪੁਆਇੰਟਾਂ ’ਤੇ ਜਾਣਾ ਨਹੀਂ ਭੁੱਲਦੇ ਉੱਥੇ ਉਨ੍ਹਾਂ ਦੇ ਮਨ ਵਿਚ ਮਾਧੋਪੁਰ ਦੇ ਹੋਟਲ ਕੋਰਲ ਅਤੇ ਉਸ ਨਾਲ ਲੱਗਦੀ ਝੀਲ ਨੂੰ ਦੇਖਣ ਦਾ ਵੀ ਲਾਲਚ ਹੁੰਦਾ ਹੈ। ਮਾਧੋਪੁਰ ਦੇ ਇਸ ਹੋਟਲ ਦੇ ਨਾਲ ਹਾਈਡਲ ਪ੍ਰਾਜੈਕਟ ਵੀ ਹਨ। ਇਸ ਪ੍ਰਾਜੈਕਟ ਦੇ ਨੇੜੇ ਅੰਗਰੇਜ਼ਾਂ ਦੇ ਸਮੇਂ ਤੋਂ ਚਲਿਆ ਆ ਰਿਹਾ ਇਕ ਸਵਿਮਿੰਗ ਪੂਲ ਵੀ ਖਿੱਚ ਦਾ ਕੇਂਦਰ ਹੈ। ਇਹ ਪੁਲ ਪੂਰੀ ਤਰ੍ਹਾਂ ਖਸਤਾ ਹੋ ਚੁੱਕਾ ਹੈ। ਇਸ ਦੇ ਨਾਲ ਹੀ ਮਾਧੋਪੁਰ ਵਿਖੇ ਪਰੀਆਂ ਦਾ ਬਾਗ਼ ਵੀ ਖਿੱਚ ਦਾ ਕੇਂਦਰ ਰਹਿੰਦਾ ਹੈ। ਇਹ ਬਾਗ਼ ਹੁਣ ਭਾਵੇਂ ਉੱਜੜ ਚੁੱਕਾ ਹੈ ਪ੍ਰੰਤੂ ਪੰਜਾਬ ਸਰਕਾਰ ਨੇ ਇਸ ਜ਼ਿਲ੍ਹੇ ਨੂੰ ਜਿਸ ਤਰ੍ਹਾਂ ਟੂਰਿਸਟ ਪੁਆਇੰਟ ਬਣਾਉਣ ਦਾ ਸੁਪਨਾ ਦਿਖਾਇਆ ਹੈ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਬਾਗ਼ ਦੇ ਵੀ ਦਿਨ ਫਿਰਨ ਵਾਲੇ ਹਨ।

ਖਿੱਚ ਦਾ ਕੇਂਦਰ ਅਟਲ ਸੇਤੂ

ਜੰਮੂ-ਕਸ਼ਮੀਰ ਪੰਜਾਬ ਅਤੇ ਹਿਮਾਚਲ ਨੂੰ ਆਪਸ ’ਚ ਜੋੜਨ ਵਾਸਤੇ ਰਣਜੀਤ ਸਾਗਰ ਡੈਮ ਦੀ ਝੀਲ ਉੱਤੇ ਬਣਾਇਆ ਗਿਆ ਬਿਨਾਂ ਕੰਕਰੀਟ ਅਤੇ ਲੋਹੇ ਦੇ ਪਿੱਲਰਾਂ ਤੋਂ ਦੇਸ਼ ਦਾ ਚੌਥੇ ਨੰਬਰ ਦਾ ਪੁਲ ‘ਅਟਲ ਸੇਤੂ’ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਪੁਲ ਦੇ ਦੋਹਾਂ ਪਾਸੇ ਦਾ ਕੁਦਰਤੀ ਨਜ਼ਾਰਾ ਦੇਖਣਯੋਗ ਹੈ। ਪਲ਼ ਦੇ ਹੇਠਾਂ ਵਗਦੀ ਰਣਜੀਤ ਸਾਗਰ ਡੈਮ ਦੀ ਝੀਲ ਵਿਚ ਯਾਤਰੀ ਕਿਸ਼ਤੀਆਂ ਦਾ ਅਨੰਦ ਵੀ ਉਠਾਉਂਦੇ ਹਨ। ਪਠਾਨਕੋਟ ਪਹੁੰਚਣ ਵਾਲੇ ਸੈਲਾਨੀ ਜਿੱਥੇ ਇਸ ਜ਼ਿਲ੍ਹੇ ਦੇ ਮੰਦਰਾਂ ਅਤੇ ਗੁਰਦੁਆਰਿਆਂ ਵਿਚ ਜਾਣਾ ਨਹੀਂ ਭੁੱਲਦੇ ਉੱਥੇ ਉਹ ਅਟਲ ਸੇਤੂ ’ਤੇ ਆਏ ਬਗ਼ੈਰ ਵੀ ਰਹਿ ਨਹੀਂ ਸਕਦੇ। ਤੜਕੇ ਅਤੇ ਬਾਅਦ ਦੁਪਹਿਰ ਇੱਥੇ ਆਉਣਾ ਅਤੇ ਘੁੰਮਣਾ ਵੱਖਰੀ ਹੀ ਤਰ੍ਹਾਂ ਦਾ ਆਨੰਦ ਦਿੰਦਾ ਹੈ।

ਇਤਿਹਾਸਕ ਕਾਠਗੜ੍ਹ ਮੰਦਰ

ਪਠਾਨਕੋਟ ਤੋਂ ਤਕਰੀਬਨ ਪੱਚੀ ਕਿਲੋਮੀਟਰ ਦੀ ਦੂਰੀ ’ਤੇ ਕਾਠਗੜ੍ਹ ਮੰਦਰ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹੈ। ਇਹ ਮੰਦਰ ਭਾਵੇਂ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਰਾਜ ’ਚ ਆਉਂਦਾ ਹੈ ਪ੍ਰੰਤੂ ਪਠਾਨਕੋਟ ਦੇ ਲੋਕ ਅਤੇ ਇਸ ਜ਼ਿਲ੍ਹੇ ’ਚ ਆਉਣ ਵਾਲੇ ਸੈਲਾਨੀ ਇਸ ਸ਼ਹਿਰ ’ਚ ਰੁਕਦੇ ਹੋਏ ਕਾਠਗੜ੍ਹ ਮੰਦਰ ਜਾਣਾ ਕਦੀ ਨਹੀਂ ਭੁੱਲਦੇ। ਕਾਠਗੜ੍ਹ ਮੰਦਰ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਗਵਾਨ ਸ਼ਿਵ ਅਤੇ ਪਾਰਵਤੀ ਦਾ ਇਹ ਮੰਦਰ ਦੇਸ਼ ਦੇ ਕੁਝ ਗਿਣੇ ਚੁਣੇ ਮੰਦਰਾਂ ਵਿੱਚੋਂ ਹੀ ਇਕ ਹੈ।

ਮੁਕਤੇਸ਼ਵਰ ਧਾਮ ਮੰਦਰ

ਰਣਜੀਤ ਸਾਗਰ ਡੈਮ ਦੀ ਝੀਲ ਦੇ ਕੰਢੇ ਪਾਂਡਵਾਂ ਦੇ ਸਮੇਂ ਤੋਂ ਬਣਿਆ ਮੁਕਤੇਸ਼ਵਰ ਧਾਮ ਮੰਦਰ ਵੀ ਟੂਰਿਸਟਾਂ ਦੀ ਖਿੱਚ ਦਾ ਕੇਂਦਰ ਹੈ। ਰਣਜੀਤ ਸਾਗਰ ਡੈਮ ਦੀ ਦੂਸਰੀ ਇਕਾਈ ਬੈਰਾਜ ਪ੍ਰਾਜੈਕਟ ਦੇ ਬਣ ਜਾਣ ਨਾਲ ਇਸ ਮੰਦਰ ਦਾ ਝੀਲ ਵਿਚ ਡੁੱਬ ਜਾਣਾ ਤੈਅ ਸੀ ਪ੍ਰੰਤੂ ਲੋਕਾਂ ਦੀ ਮੰਗ ਅਤੇ ਸੈਲਾਨੀਆਂ ਦੀ ਖਿੱਚ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ ਇਸ ਨੂੰ ਬਚਾਉਣ ਵਾਸਤੇ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਕਿਹਾ ਜਾ ਰਿਹਾ ਹੈ ਕਿ ਪਾਂਡਵਾਂ ਦੇ ਸਮੇਂ ਦੇ ਇਸ ਮੰਦਰ ਨੂੰ ਬਚਾਉਣ ਵਾਸਤੇ ਸਰਕਾਰ ਮੁਕਤੇਸ਼ਵਰ ਧਾਮ ਮੰਦਿਰ ਦੇ ਆਲੇ ਦੁਆਲੇ ਝੀਲ ਦੇ ਪਾਣੀ ਨੂੰ ਰੋਕਣ ਵਾਸਤੇ ਰਿਟੇਨਿੰਗ ਦੀਵਾਰ ਬਣਾ ਦੇਵੇਗੀ।

ਇਤਿਹਾਸਕ ਗੁਰਦੁਆਰਾ ਬਾਰਠ ਸਾਹਿਬ

ਪਠਾਨਕੋਟ ਦਾ ਇਤਿਹਾਸਿਕ ਗੁਰਦੁਆਰਾ ਬਾਰਠ ਸਾਹਿਬ ਵੀ ਸੈਲਾਨੀਆਂ ਦੀ ਖਿੱਚ ਦਾ ਮੁੱਖ ਕੇਂਦਰ ਹੈ। ਇਹ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਨਾਂ ’ਤੇ ਬਣਿਆ ਹੈ। ਮਾਨਤਾ ਹੈ ਕਿ ਗੁਰਦੁਆਰਾ ਸਾਹਿਬ ਦੇ ਤਲਾਬ ’ਚ ਨਹਾਉਣ ਨਾਲ ਕੋੜ੍ਹ ਵਰਗੇ ਰੋਗ ਤੋਂ ਮੁਕਤੀ ਮਿਲ ਜਾਂਦੀ ਹੈ। ਗੁਰੂ ਅਰਜੁਨ ਦੇਵ ਜੀ ਨੇ ਖ਼ੁਦ ਇੱਥੇ ਆ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਬਾਬਾ ਸ੍ਰੀਚੰਦ ਜੀ ਨੂੰ ਸੁਣਾਇਆ ਸੀ। ਇਸ ਗੁਰਦੁਆਰਾ ਸਾਹਿਬ ਦਾ ਮਹੱਤਵ ਇਸ ਕਰਕੇ ਵੀ ਬਹੁਤ ਹੈ ਕਿਉਂਕਿ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਨਕੇ ਪਿੰਡ ਵਿਚ ਸਥਿਤ ਹੈ। ਉਨ੍ਹਾਂ ਵੱਲੋਂ ਇੱਥੇ ਲਗਾਈ ਗਈ ਇਕ ਦਾਤਣ ਹੁਣ ਬੋਹੜ ਦੇ ਰੁੱਖ ਵਾਂਗ ਵਿਸ਼ਾਲ ਰੂਪ ਅਖਤਿਆਰ ਕਰ ਚੁੱਕੀ ਹੈ।

– ਡਾ ਸ਼ਿਆਮ ਲਾਲ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਐਡਵੈਂਚਰ ਟਰਿੱਪ ਦਾ ਆਨੰਦ ਲੈਣ ਲਈ ਇਕ ਵਾਰ ਜ਼ਰੂਰ ਜਾਓ ‘ਸੁਸਾਈਡ ਪੁਆਇੰਟ’ ‘ਤੇ 

editor

ਕਸ਼ਮੀਰ ਦੀਆਂ ਘਾਟੀਆਂ ‘ਚ ਬਿਤਾਓ ਸਤੰਬਰ, ਅਕਤੂਬਰ ਦੀਆਂ ਛੁੱਟੀਆਂ, IRCTC ਲੈ ਕੇ ਆਇਆ ਹੈ ਇੱਕ ਵਧੀਆ ਮੌਕਾ

editor