Articles

 ਟੋਕੀਓ ਪੈਰਾਲੰਪਿਕਸ ਵਿੱਚ ਸੁਧਾਰ ਕਾਲਜ ਦੀ ਦਾਅਵੇਦਾਰੀ : ਪੈਰਾਅਥਲੀਟ ਸੰਦੀਪ ਚੌਧਰੀ

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਸੁਧਾਰ ਕਾਲਜ ਨੂੰ ਕੁੱਲ ਦੁਨੀਆਂ ਵਿੱਚ ਖੇਡਾਂ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ। ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਤੋਂ ਇਲਾਵਾ ਇਸ ਕਾਲਜ ਨੇ ਭਾਰਤ ਨੂੰ ਹਾਕੀ ਦੇ ਚਾਰ ਓਲਿੰਪਿਅਨ ਵੀ ਦਿੱਤੇ ਹਨ। ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਸ ਵਾਰ ਦੇ ਟੋਕੀਓ-2020 ਪੈਰਾਲੰਪਿਕਸ ਵਿੱਚ ਸ਼ਾਮਿਲ ਹੋਏ ਭਾਰਤੀ ਵਫ਼ਦ ਵਿੱਚ ਸੁਧਾਰ ਕਾਲਜ ਦਾ ਇੱਕ ਅਲੂਮਨਸ (ਸਾਬਕਾ ਵਿਦਿਆਰਥੀ) ਸੰਦੀਪ ਚੌਧਰੀ ਵੀ ਹਿੱਸਾ ਲੈ ਰਿਹਾ ਹੈ। ਸੰਦੀਪ ਚੌਧਰੀ ਦੇ ਨਾਂ ਪੈਰਾ-ਜੈਵਲਿਨ ਦਾ ਵਿਸ਼ਵ ਰਿਕਾਰਡ ਰਿਕਾਰਡ ਬੋਲਦਾ ਹੈ। ਖੇਡ ਮਾਹਿਰਾਂ ਮੁਤਾਬਿਕ ਇਸ ਪੈਰਾਲੰਪਿਕਸ ਵਿੱਚ ਵੀ ਓਸਨੂੰ ਐਫ਼-64 ਜੈਵਲਿਨ ਥਰੋ ਕੈਟੇਗਰੀ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਹੈ ।

ਸੰਦੀਪ ਚੌਧਰੀ ਖੇਤਰੀ ਨਗਰ, ਰਾਜਸਥਾਨ ਵਿਖ਼ੇ 10 ਅਪ੍ਰੈਲ 1996 ਨੂੰ ਪੈਦਾ ਹੋਇਆ ਸੀ। ਸੰਦੀਪ ਦੇ ਪਿਤਾ ਪ੍ਰਧਾਨ ਮੰਤਰੀ ਸੁਰੱਖਿਆ ਘੇਰੇ ਵਿੱਚ ਬਤੌਰ ਕਮਾਂਡੋ ਸੇਵਾ ਕਰ ਚੁਕੇ ਹਨ। ਸੰਦੀਪ ਇੱਕ ਅਜਿਹੇ ਪਰਿਵਾਰ ਵਿੱਚ ਪੈਦਾ ਹੋਇਆ ਜਿਸਨੇ ਹਮੇਸ਼ਾਂ ਖੇਡਾਂ ਨੂੰ ਉਤਸ਼ਾਹਤ ਕੀਤਾ ਹੈ। ਸੰਦੀਪ ਬਚਪਨ ਤੋਂ ਹੀ ਖੇਡਾਂ ਵਿੱਚ ਰੁਚੀ ਰੱਖਣ ਲੱਗਾ। ਓਹ ਪਹਿਲਾਂ ਰਾਸ਼ਟਰੀ ਪੱਧਰ ਤੱਕ ਬੈਡਮਿੰਟਨ ਅਤੇ ਵਾਲੀਬਾਲ ਵੀ ਖੇਡਿਆ ਸੀ, ਪਰ ਆਖ਼ਿਰੀ ਉਸਨੇ ਜੈਵਲਿਨ ਵਿੱਚ ਆਪਣਾ ਸਪੋਰਟਸ ਕਰੀਅਰ ਬਣਾਉਣ ਦਾ ਫੈਸਲਾ ਕਰ ਲਿਆ।

ਸੰਦੀਪ ਦੀ ਜਿੰਦਗੀ ਵਿੱਚ ਇੱਕ ਦੁਖਦਾਈ ਮੋੜ ਆਇਆ, ਜਿਸਨੇ ਉਸਦੀ ਜਿੰਦਗੀ ਬਦਲ ਕੇ ਰੱਖ ਦਿੱਤੀ। ਸੰਦੀਪ ਮਹਿਜ਼ 12 ਸਾਲਾਂ ਦਾ ਸੀ, ਜਦੋਂ ਸੰਨ 2008 ਵਿੱਚ ਓਸਨੇ ਖੇਡਦੇ ਹੋਏ ਆਪਣੀ ਕਮਰ ਤੇ ਸੱਟ ਮਰਵਾ ਲਈ। ਪਹਿਲਾਂ ਪਹਿਲ ਉਸਨੂੰ ਸੱਟ ਦੀ ਗੰਭੀਰਤਾ ਦਾ ਅਹਿਸਾਸ ਨਹੀਂ ਹੋਇਆ। ਪਰ ਹੌਲੀ ਹੌਲੀ ਉਸਦੇ ਅੰਦਰੂਨੀ ਹਿੱਪ ਜੋੜ ਵਿੱਚ ਪੱਸ ਬਣਨੀ ਸ਼ੁਰੂ ਹੋ ਗਈ, ਸੰਦੀਪ ਦੇ ਮਾਪਿਆਂ ਨੇ ਫੌਰਨ ਹਿੱਪ ਜੋੜ ਦੀ ਸਰਜਰੀ ਕਰਵਾਈ ਪਰ ਬਦਕਿਸਮਤੀ ਨਾਲ ਇਹ ਸਰਜਰੀ ਪੂਰਨ ਰੂਪ ਵਿੱਚ ਕਾਮਯਾਬ ਨਹੀਂ ਰਹੀ। ਜਿਸਦੇ ਕਾਰਣ ਉਸਦੀ ਇੱਕ ਲੱਤ ਦੇ ਵਾਧੇ ਉੱਪਰ ਅਸਰ ਹੋਇਆ। ਜਵਾਨੀ ਦੀ ਦਹਿਲੀਜ਼ ਤੇ ਆਉਂਦਿਆ ਸੰਦੀਪ ਦੀ ਇੱਕ ਲੱਤ ਦੂਸਰੀ ਲੱਤ ਦੇ ਮੁਕਾਬਲੇ ਛੋਟੀ ਰਿਹ ਗਈ।

ਪਰ, ਸੰਦੀਪ ਅਜੇ ਵੀ ਤੁਰ ਸਕਦਾ ਸੀ, ਜਿਸਦਾ ਮਤਲਬ ਸੀ ਕਿ ਉਹ ਅਜੇ ਵੀ ਖੇਡ ਸਕਦਾ ਸੀ। ਖੇਡਾਂ ਪ੍ਰਤੀ ਉਸਦੀ ਅਥਾਹ ਇੱਛਾ ਸ਼ਕਤੀ ਨੇ ਉਸਨੂੰ ਬੈਡਮਿੰਟਨ ਖੇਡਣ ਵੱਲ ਪ੍ਰੇਰਿਆ। ਬੈਡਮਿੰਟਨ ਖੇਡਣ ਵੱਲ ਉਸਦਾ ਰੁਝਾਨ ਓਸ ਵੇਲੇ ਬਣਿਆ ਜਦ ਇੱਕ ਦਿਨ ਉਸਦਾ ਦੋਸਤ ਉਸ ਕੋਲ ਰੋਂਦਾ ਹੋਇਆ ਆਇਆ ਅਤੇ ਬਹੁਤ ਭਾਵੁਕ ਹੋ ਕੇ ਦੱਸਿਆ ਕਿ ਉਹ ਆਪਣੇ ਛੋਟੇ ਕੱਦ ਦੇ ਕਾਰਨ ਜ਼ਿਲ੍ਹਾ ਪੱਧਰ ਤੇ ਬੈਡਮਿੰਟਨ ਵਿੱਚ ਹਾਰ ਗਿਆ। ਉਸਦੀ ਇਹ ਗੱਲ ਸੁਣਕੇ ਅੱਲੜ ਉਮਰ ਦੇ ਸੰਦੀਪ ਨੇ ਸੋਚਿਆ ਕਿ ਉਸਦਾ ਆਪਣਾ ਕੱਦ ਤਾਂ ਲੰਬਾ ਹੈ, ਇਸਦਾ ਮਤਲਬ ਓਹ ਬੈਡਮਿੰਟਨ ਵਿੱਚ ਕਾਮਯਾਬ ਹੋ ਸਕਦਾ ਹੈ, ਅਤੇ ਹੋਇਆ ਵੀ ਇੰਝ ਹੀ ਸੰਨ 2010 ਅਤੇ 2011 ਵਿੱਚ ਉਸਨੇ ਸਭ ਤੋਂ ਪਹਿਲਾਂ ਬੈਡਮਿੰਟਨ ਵਿੱਚ ਨਾਮਣਾ ਖੱਟਦੇ ਹੋਏ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਦੇ ਕਈ ਮੁਕਾਬਲੇ ਜਿੱਤੇ।

ਜਿਵੇੰ ਕਹਿੰਦੇ ਹਨ ਇੱਕ ਚੰਗੇ ਖ਼ਿਡਾਰੀ ਅੰਦਰ ਖੇਡ ਭਾਵਨਾਂ ਬਹੁਤ ਪ੍ਰਬਲ ਹੁੰਦੀ ਹੈ, ਆਪਣੀ ਇਸ ਭਾਵਨਾਂ ਦੁਆਰਾ ਹੀ ਓਹ ਹਰ ਇੱਕ ਖੇਡ ਵਿੱਚ ਨਿਪੁਣ ਹੁੰਦਾ ਹੈ। ਸੰਦੀਪ ਨੇ ਜਦ ਹੰਸਰਾਜ ਕਾਲਜ ਨਵੀਂ ਦਿੱਲੀ ਵਿਖ਼ੇ ਦਾਖ਼ਲਾ ਲਿਆ ਤਾਂ ਉਸਨੇ ਦੇਖਿਆ ਕਿ ਕਾਲਜ ਫੁੱਟਬਾਲ ਟੀਮ ਵਿੱਚ ਕੋਈ ਪ੍ਰੋਫੈਸ਼ਨਲ ਗੋਲਕੀਪਰ ਨਹੀਂ ਸੀ, ਸੰਦੀਪ ਨੇ ਬਿਨ੍ਹਾਂ ਦੇਰੀ ਕੀਤੇ ਗੋਲਕੀਪਰ ਦੇ ਟ੍ਰਾਇਲ ਦਿੱਤੇ ਅਤੇ ਓਹ ਕਾਲਜ ਫੁੱਟਬਾਲ ਟੀਮ ਦਾ ਹਿੱਸਾ ਬਣ ਗਿਆ। ਇਸੇ ਤਰ੍ਹਾਂ ਕਾਲਜ ਵਿੱਚ ਵਾਲੀਬਾਲ ਟੀਮ ਬਣਾਉਣ ਦਾ ਸਿਹਰਾ ਵੀ ਸੰਦੀਪ ਨੂੰ ਜਾਂਦਾ ਹੈ, ਉਸਨੇ ਹੀ ਪਹਿਲੀ ਵਾਰ ਹੰਸਰਾਜ ਕਾਲਜ ਦੀ ਵਾਲੀਬਾਲ ਟੀਮ ਬਣਾਉਣ ਦਾ ਫ਼ੈਸਲਾ ਕੀਤਾ। ਸੰਦੀਪ ਹਮੇਸ਼ਾ ਹੀ ਖੇਡਾਂ ਲਈ ਕੁਝ ਨਾ ਕੁਝ ਕਰਦਾ ਰਹਿੰਦਾ ਸੀ ਤਾਂ ਜੋ ਸਮਾਜ ਵਿੱਚ ਖੇਡ ਕਲਚਰ ਨੂੰ ਵਧਾਵਾ ਮਿਲ ਸਕੇ।

ਸੰਦੀਪ ਦੀਆਂ ਬਾਹਵਾਂ ਵਿੱਚ ਅਥਾਹ ਜ਼ੋਰ ਸੀ। ਇਹਨਾਂ ਮਜ਼ਬੂਤ ਬਾਹਾਂ ਦੇ ਜ਼ੋਰ ਤੇ ਹੀ ਉਸਨੇ ਬੈਡਮਿੰਟਨ ਅਤੇ ਵਾਲੀਬਾਲ ਵਿੱਚ ਨਾਮਣਾ ਖਟਿਆ। ਇਸੇ ਜ਼ੋਰ ਕਾਰਣ ਸੰਦੀਪ ਚੌਧਰੀ ਫੁੱਟਬਾਲ ਦੇ ਗੋਲਕੀਪਰ ਵਜੋਂ ਖੇਡਦੇ ਹੋਏ ਗੇਂਦ ਨੂੰ ਟੀਚੇ ਤੱਕ ਪਹੁੰਚਣ ਤੋਂ ਰੋਕਣ ਲਈ ਆਪਣੇ ਤਾਕਤਵਰ ਬਾਜੂਆਂ ਅਤੇ ਹੱਥਾਂ ਦੀ ਵਰਤੋਂ ਕਰਦਾ ਸੀ। ਸੰਦੀਪ ਸਟੀਕਤਾ ਨਾਲ ਗੇਂਦ ਨੂੰ ਮੈਦਾਨ ਵਿੱਚ ਬਹੁਤ ਦੂਰ ਸੁੱਟ ਸਕਣ ਦੇ ਸਮਰੱਥ ਸੀ, ਇਸੇ ਹੀ ਸਮਰੱਥਾ ਨੇ ਉਸਦੇ ਜੈਵਲਿਨ ਥਰੋ ਦੀ ਨੀਂਹ ਬੱਝੀ।

ਉਸਦੇ ਦੋਸਤ ਭਰਤ ਨੇ ਸੰਦੀਪ ਦੇ ਖੇਡਾਂ ਪ੍ਰਤੀ ਜਜ਼ਬੇ ਨੂੰ ਸਮਝਦੇ ਹੋਏ ਓਸ ਨੂੰ ਪੈਰਾ-ਸਪੋਰਟਸ ਬਾਰੇ ਜਾਣੂ ਕਰਵਾਇਆ ਅਤੇ ਨੇਜਾ ਸੁੱਟਣ ਲਈ ਹੱਲਾ ਸ਼ੇਰੀ ਦਿੱਤੀ। ਉਸਨੇ ਤਕਰੀਬਨ ਡੇਢ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਪੈਰਾ-ਜੈਵਲਿਨ ਥਰੋ ਵਿੱਚ ਰਾਸ਼ਟਰੀ ਪੱਧਰ ਦੇ ਕਈ ਮੁਕਾਬਲੇ ਜਿੱਤੇ। ਉਸਦਾ ਨਾਂ ਪੈਰਾ-ਜੈਵਲਿਨ ਦੇ ਖੇਤਰ ਵਿੱਚ ਸਾਰੇ ਭਾਰਤ ਵਿੱਚ ਚਮਕਣ ਲੱਗਾ। ਇਸ ਤਰ੍ਹਾਂ ਸੰਦੀਪ ਨੇ ਪੈਰਾ-ਜੈਵਲਿਨ ਨਾਲ ਪੱਕੇ ਤੌਰ ਤੇ ਜੁੜਨ ਦਾ ਮਨ ਬਣਾ ਲਿਆ।

ਰਾਸ਼ਟਰੀ ਚੈਂਪੀਅਨ ਦਾ ਅਹੁਦਾ ਸੰਭਾਲਣ ਤੋਂ ਇਲਾਵਾ, ਸੰਦੀਪ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਕਈ ਤਗਮੇ ਵੀ ਜਿੱਤੇ। 2016 ਵਿੱਚ, ਉਸਨੇ ਦੁਬਈ ਵਿਖ਼ੇ ਹੋਈ ਫੈਜ਼ਾ ਵਿਸ਼ਵ ਪੈਰਾ-ਅਥਲੈਟਿਕਸ ਚੈਂਪੀਅਨਸ਼ਿਪ ਦੇ ਨਾਲ ਜਰਮਨੀ ਵਿਖ਼ੇ ਹੋਈ ਬਰਲਿਨ ਓਪਨ ਵਿੱਚ ਵੀ ਸੋਨ ਤਮਗਾ ਜਿੱਤਿਆ। ਸੰਦੀਪ ਰੀਓ ਪੈਰਾਲੰਪਿਕਸ 2016 ਵਿੱਚ ਚੌਥੇ ਸਥਾਨ ‘ਤੇ ਰਿਹ ਪੋਡੀਅਮ ਫ਼ਿਨਿਸ ਤੋਂ ਖੁੰਝ ਗਿਆ ਸੀ। ਉਸ ਨੇ ਆਈ.ਪੀ.ਸੀ ਵਰਲਡ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਲੰਡਨ, 2017 ਵਿੱਚ ਪੰਜਵਾਂ ਸਥਾਨ ਹਾਸਿਲ ਕੀਤਾ।

ਉਸਨੇ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ 2018 ਏਸ਼ੀਅਨ ਪੈਰਾ ਖੇਡਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਕੀਤੀ ਜਿੱਥੇ ਉਸਨੇ ਸੋਨ ਤਗਮਾ ਜਿੱਤਿਆ ਅਤੇ ਐਫ਼ 42-44/61-64 ਸ਼੍ਰੇਣੀ ਵਿੱਚ ਤੀਜੀ ਥਰੋਅ ਨਾਲ 60.01 ਮੀਟਰ ਦਾ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ। ਪਿਛਲਾ ਵਿਸ਼ਵ ਰਿਕਾਰਡ 1980 ਵਿੱਚ ਚੀਨੀ ਅਥਲੀਟ ਗਾਓ ਮਿੰਗਜੀ ਦੁਆਰਾ ਬਣਾਇਆ ਗਿਆ ਸੀ।

ਵਰਲਡ ਪੈਰਾ ਐਥਲੈਟਿਕਸ 2021 ਦੁਬਈ ਗ੍ਰੈੰਡ ਪ੍ਰੀਕ੍ਸ ਵਿੱਚ, ਚੌਧਰੀ ਨੇ 61.22 ਮੀਟਰ ਦੇ ਨਾਲ ਸੋਨ ਤਗਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਦੁਬਈ, ਸੰਯੁਕਤ ਅਰਬ ਅਮੀਰਾਤ ਵਿੱਚ ਹੀ 2019 ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ, ਚੌਧਰੀ ਨੇ 66.18 ਮੀਟਰ ਦਾ ਵਿਸ਼ਵ ਰਿਕਾਰਡ ਬਣਾ ਸੋਨ ਤਗਮਾ ਜਿੱਤਿਆ ਸੀ, ਜੋਕਿ ਅੱਜ ਤੱਕ ਉਸਦੀ ਸਭ ਤੋਂ ਵੱਡੀ ਪ੍ਰਾਪਤੀ ਬਣੀ ਹੋਈ ਹੈ।

24 ਅਗਸਤ ਤੋਂ ਸ਼ੁਰੂ ਹੋ ਰਹੀਆਂ ਟੋਕੀਓ-2020 ਪੈਰਾਲੰਪਿਕਸ ਵਿਖ਼ੇ ਸਭ ਦੀਆਂ ਨਜਰਾਂ ਵਿਸ਼ਵ ਰਿਕਾਰਡ ਜੇਤੂ ਸੰਦੀਪ ਚੌਧਰੀ ਤੇ ਹੋਣਗੀਆਂ, ਜੋ 30 ਅਗਸਤ ਨੂੰ ਐਫ-64 ਜੈਵਲਿਨ ਥਰੋ ਮੁਕਾਬਲੇ ਵਿੱਚ ਆਪਣੇ ਜੌਹਰ ਦਿਖਾਉਣਗੇ।

ਗੁਰੂ ਹਰਗੋਬਿੰਦ ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੀ ਪਬੰਧਕੀ ਕਮੇਟੀ, ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀ ਟੋਕੀਓ-2020 ਪੈਰਾਲੰਪਿਕਸ ਵਿਖ਼ੇ ਸੰਦੀਪ ਚੌਧਰੀ ਲਈ ਚੜਦੀ ਕਲਾ ਦੀ ਅਰਦਾਸ ਕਰਦੇ ਹਨ ਅਤੇ ਆਸ ਕਰਦੇ ਹਨ ਕਿ ਸੰਦੀਪ ਚੌਧਰੀ ਨਵੇਂ ਵਿਸ਼ਵ ਰਿਕਾਰਡ ਨਾਲ ਪੈਰਾਲੰਪਿਕਸ ਗੋਲਡ ਮੈਡਲ ਜਿੱਤਕੇ ਦੇਸ਼ ਅਤੇ ਕਾਲਜ ਦਾ ਨਾਮ ਉੱਚਾ ਕਰੇਗਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin