India

ਦੇਸ਼ ਦੇ ਸਭ ਤੋਂ ਉੱਚੇ ਪੋਲਿੰਗ ਕੇਂਦਰ ’ਚ ਇਸ ਵਾਰ ‘ਜ਼ੀਰੋ’ ਹੋਵੇਗੀ ਵੋਟਿੰਗ, ਚੋਣਾਂ ਦੇ ਬਾਈਕਾਟ ’ਤੇ ਅੜੇ ਪਿੰਡ ਵਾਸੀ

ਸ਼ਿਮਲਾ – ਹਿਮਾਚਲ ਦੀ ਸਪਿਤੀ ਘਾਟੀ ’ਚ ਦੇਸ਼ ਦੇ ਸਭ ਤੋਂ ਉੱਚੇ ਪੋਲਿੰਗ ਕੇਂਦਰ ਅਧੀਨ ਆਉਂਦੇ ਦੋ ਪਿੰਡਾਂ ਟਸ਼ੀਗੰਗ ਤੇ ਗੇਟੇ ਦੇ ਵੋਟਰਾਂ ਨੇ ਇਸ ਵਾਰ ਲੋਕ ਸਭਾ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ। ਦਰਅਸਲ ਇਨ੍ਹਾਂ ਪਿੰਡਾਂ ਦੇ ਲੋਕ ਲੋਕ ਨਿਰਮਾਣ ਵਿਭਾਗ ’ਚ ਠੇਕੇ ’ਤੇ ਦਿਹਾੜੀਦਾਰ ਕਾਮੇ ਸਨ, ਜਿਨ੍ਹਾਂ ਨੂੰ ਵਿਭਾਗ ਨੇ ਠੇਕਾ ਖ਼ਤਮ ਹੋਣ ਤੋਂ ਬਾਅਦ ਨੌਕਰੀ ’ਚੋਂ ਕੱਢ ਦਿੱਤਾ ਸੀ ਤੇ ਹੁਣ ਦੋਵਾਂ ਪਿੰਡਾਂ ਦੇ ਲੋਕ ਚੋਣਾਂ ’ਚ ਪੋਲਿੰਗ ਨੂੰ ‘ਜ਼ੀਰੋ’ ਕਰਨ ’ਤੇ ਅੜੇ ਹੋਏ ਹਨ। ਦੱਸ ਦੇਈਏ ਕਿ ਅਜਿਹਾ ਇਸ ਲਈ ਸੰਭਵ ਹੈ ਕਿਉਂਕਿ ਇਨ੍ਹਾਂ ਦੋਵਾਂ ਪਿੰਡਾਂ ਦੀ ਆਬਾਦੀ ਸਿਰਫ਼ 75 ਹੈ ਤੇ ਇਨ੍ਹਾਂ ’ਚੋਂ ਸਿਰਫ਼ 52 ਵੋਟਰ ਹੀ ਰਜਿਸਟਰਡ ਹਨ, ਜਿਨ੍ਹਾਂ ’ਚ 22 ਔਰਤਾਂ ਸ਼ਾਮਲ ਹਨ। ਸੂਬੇ ’ਚ 1 ਜੂਨ ਨੂੰ ਇਕ ਪੜਾਅ ’ਚ ਲੋਕ ਸਭਾ ਚੋਣਾਂ ਹੋਣਗੀਆਂ। ਇਕ ਮੀਡੀਆ ਰਿਪੋਰਟ ਮੁਤਾਬਕ ਚੀਨ ਦੀ ਸਰਹੱਦ ਨਾਲ ਲੱਗਦੇ ਹਿਮਾਚਲ ਦੀ ਸਪਿਤੀ ਘਾਟੀ ’ਚ 5,256 ਮੀਟਰ ਦੀ ਉਚਾਈ ’ਤੇ ਸਥਿਤ ਪੋਲਿੰਗ ਕੇਂਦਰ ਟਸ਼ੀਗੰਗ ’ਚ 2019 ’ਚ 100 ਫੀਸਦੀ ਵੋਟਿੰਗ ਹੋਈ ਸੀ। ਇਹ ਪੋਲਿੰਗ ਕੇਂਦਰ ਸੂਬੇ ਦੀ ਮੰਡੀ ਸੰਸਦੀ ਸੀਟ ਦੇ ਅਧੀਨ ਹੈ, ਜਿੱਥੋਂ ਭਾਜਪਾ ਦੀ ਟਿਕਟ ’ਤੇ ਕੰਗਨਾ ਰਾਣੌਤ ਤੇ ਕਾਂਗਰਸ ਦੀ ਟਿਕਟ ’ਤੇ ਵਿਕਰਮਾਦਿਤਿਆ ਸਿੰਘ ਚੋਣ ਲੜ ਰਹੇ ਹਨ। ਇਸ ਦੇ ਅਧੀਨ ਆਉਂਦੇ ਜ਼ਿਆਦਾਤਰ ਪਿੰਡ ਵਾਸੀ ਲੋਕ ਨਿਰਮਾਣ ਵਿਭਾਗ (ਪੀ.ਡਬਲਿਊ.ਡੀ.) ਲਈ ਠੇਕੇ ’ਤੇ ਦਿਹਾੜੀਦਾਰ ਵਜੋਂ ਕੰਮ ਕਰ ਕੇ ਆਪਣਾ ਗੁਜ਼ਾਰਾ ਚਲਾਉਂਦੇ ਹਨ।
ਰਿਪੋਰਟ ’ਚ ਮਜ਼ਦੂਰ ਨੇਤਾ ਤੇ ਸਥਾਨਕ ਨਿਵਾਸੀ ਤੇਨਜਿਨ ਲੁੰਡੁਪ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਕੁਝ ਲੋਕ ਵਿਭਾਗ ’ਚ 7 ਸਾਲਾਂ ਤੋਂ ਕੰਮ ਕਰ ਰਹੇ ਸਨ ਪਰ ਪਿਛਲੇ ਸਾਲ ਉਨ੍ਹਾਂ ਦੇ ਠੇਕੇ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਹ ਅਚਾਨਕ ਬੇਰੁਜ਼ਗਾਰ ਹੋ ਗਏ। ਵਿਭਾਗ ਦਾ ਕਹਿਣਾ ਹੈ ਕਿ ਉਸ ਕੋਲ ਉਸ ਕੰਮ ਨੂੰ ਜਾਰੀ ਰੱਖਣ ਲਈ ਬਜਟ ਨਹੀਂ ਹੈ। ਸਾਡੇ ਕੋਲ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਆਮਦਨ ਦਾ ਕੋਈ ਹੋਰ ਸਾਧਨ ਨਹੀਂ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਮਾਮਲੇ ’ਚ ਏ. ਡੀ. ਸੀ. ਲਾਹੌਲ ਨੇ ਮਾਮਲੇ ਤੋਂ ਅਣਜਾਣਤਾ ਪ੍ਰਗਟਾਈ ਹੈ। ਦੱਸ ਦੇਈਏ ਕਿ ਪੋਲਿੰਗ ਕੇਂਦਰ ਚੀਨ ਦੀ ਸਰਹੱਦ ਤੋਂ 29 ਕਿਲੋਮੀਟਰ ਦੂਰ ਟਸ਼ੀਗੰਗ ਅਤੇ ਗੇਟੇ ਦੇ ਦੋ ਪਿੰਡਾਂ ਨੂੰ ਕਵਰ ਕਰਦਾ ਹੈ ਤੇ 2019 ’ਚ ਸਥਾਪਿਤ ਕੀਤਾ ਗਿਆ ਸੀ, ਜਦੋਂ ਇਸ ’ਚ 48 ਵੋਟਰ ਸਨ।

Related posts

ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ

editor

‘ਇੰਡੀਆ’ ਗੱਠਜੋੜ ‘ਭਿ੍ਰਸ਼ਟ’ ਲੋਕਾਂ ਦਾ ਕੁਨਬਾ : ਨੱਡਾ

editor

ਚੋਣ ਕਮਿਸ਼ਨ ਦੇ ਸੋਧੇ ਅੰਕੜਿਆਂ ’ਚ 6 ਫ਼ੀਸਦੀ ਵਧੀ ਵੋਟਿੰਗ ਪਰ 2019 ਦੇ ਮੁਕਾਬਲੇ ਘੱਟ

editor