Punjab

ਪਟਿਆਲਾ ਬਣੀ ਹੌਟ ਸੀਟ, ਸੌਖਾ ਨਹੀਂ ਕੈਪਟਨ ਦੀ ਜਿੱਤ ਦਾ ਰਾਹ

ਪਟਿਆਲਾ – ਪਟਿਆਲਾ ਸ਼ਹਿਰੀ ਹਲਕਾ ਇਸ ਵਾਰ ਚੌਂਕਣੇ ਮੁਕਾਬਲੇ ਕਾਰਨ ਸਿਆਸੀ ਵਿਸ਼ਲੇਸ਼ਕਾਂ ਦੀ ਦਿਲਚਸਪੀ ਦਾ ਕੇਂਦਰ ਬਣ ਗਿਆ ਹੈ। ਮੌਜੂਦਾ ਹਾਲਾਤ ‘ਚ ਸਮੀਕਰਨ ਪੂਰੀ ਤਰ੍ਹਾਂ ਬਦਲ ਚੁੱਕੇ ਹਨ ਤੇ ਪੰਜਾਬ ਵਿਚ ਇਹ ਹਲਕਾ ਸਭ ਤੋਂ ਹੌਟ ਸੀਟ ਬਣ ਗਿਆ ਹੈ। ਚਾਰ ਵਾਰ ਇਸ ਸੀਟ ਨੂੰ ਜਿੱਤਣ ਵਾਲੇ ਕੈਪਟਨ ਅਮਰਿੰਦਰ ਸਿੰਘ ਲਈ ਵੀ ਜਿੱਤ ਦਾ ਰਾਹ ਸੌਖਾ ਨਹੀਂ ਹੋਵੇਗਾ। ਇਸ ਵਾਰ ਚੋਣਾਂ ਵਿੱਚ ਕਾਂਗਰਸ ਦਾ ਰਿਵਾਇਤੀ ਵੋਟ ਬੈਂਕ ਕੈਪਟਨ ਦਾ ਸਾਥ ਛੱਡ ਕੇ ਕਾਂਗਰਸ ਉਮੀਦਵਾਰ ਦੇ ਹੱਕ ਵਿੱਚ ਭੁਗਤੇਗਾ ਜਦਕਿ ਮੋਤੀ ਮਹਿਲ ਦਾ ਰਿਵਾਇਤੀ ਵੋਟਰ ਖ਼ਾਸ ਕਰ ਹਿੰਦੂ ਵੋਟਰ ਹਰਪਾਲ ਜੁਨੇਜਾ ਦੇ ਹੱਕ ਵਿੱਚ ਭੁਗਤਣ ਦੀ ਕਿਆਸਅਰਾਈਆਂ ਹਨ। ਆਮ ਆਦਮੀ ਪਾਰਟੀ ਵੱਲੋਂ ਸਾਬਕਾ ਮੇਅਰ ਅਜੀਤਪਾਲ ਕੋਹਲੀ ਨੂੰ ਚੋਣ ਮੈਦਾਨ ਵਿੱਚ ਉਤਾਰ ਕੇ ਮੁਕਾਬਲੇ ਨੂੰ ਹੋਰ ਦਿਲਚਸਪ ਬਣਾ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ ‘ਚ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਕੈਪਟਨ ਦੇ ਵੋਟ ਕੈਡਰ ਦੀ ਗਿਣਤੀ ‘ਚ ਜ਼ਰੂਰ ਫਰਕ ਪਾਉਣਗੇ। ਕੈਪਟਨ ਦੇ ਪਾਲੇ ਵਿਚ ਪੱਕੀ ਮੰਨੀ ਜਾਣ ਵਾਲੀ ਪਟਿਆਲਾ ਸ਼ਹਿਰੀ ਸੀਟ ’ਤੇ ਹੈਰਾਨ ਕਰਨ ਵਾਲਾ ਨਤੀਜਾ ਵੀ ਸਾਹਮਣੇ ਆ ਸਕਦਾ ਹੈ। ਆਮ ਆਦਮੀ ਪਾਰਟੀ ਨੇ ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ ਨੂੰ ਅਕਾਲੀ ਦਲ ਤੋਂ ਤੋੜ ਕੇ ਆਪਣੇ ਨਾਲ ਤੋਰਦਿਆਂ ਪਟਿਆਲਾ ਸ਼ਹਿਰੀ ਹਲਕੇ ਤੋਂ ਟਿਕਟ ਵੀ ਦਿੱਤੀ ਹੈ। ਕੋਹਲੀ ਪਰਿਵਾਰ ਦੀ ਸ਼ਹਿਰ ਦੇ ਖੱਤਰੀ ਸਿੱਖ ਭਾਈਚਾਰੇ ਵਿਚ ਚੰਗੀ ਪਕੜ ਹੈ। ਪਟਿਆਲਾ ਦਾ ਪਹਿਲਾ ਮੇਅਰ ਬਨਣ ਦਾ ਮਾਣ ਹਾਸਲ ਕਰਨ ਵਾਲੇ ਵਿਸ਼ਨੂੰ ਸ਼ਰਮਾ ਦੀ ਮੁੜ ਕਾਂਗਰਸੀ ਵਿਚ ਸ਼ਮੂਲੀਅਤ ਨਾਲ ਪਾਰਟੀ ਨੂੰ ਜਿਥੇ ਪਾਰਟੀ ਨੂੰ ਮਜਬੂਤੀ ਮਿਲੀ ਹੈ ਉਥੇ ਹੀ ਇਸਦਾ ਨੁਕਸਾਨ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਝੱਲਣਾ ਪਵੇਗਾ। ਪਟਿਆਲਾ ਸ਼ਹਿਰ ਵਿਚ ਹਿੰਦੂ ਭਾਈਚਾਰੇ ’ਤੇ ਵਿਸ਼ਨੂੰ ਸ਼ਰਮਾ ਦਾ ਚੰਗਾ ਪ੍ਰਭਾਵ ਹੋਣ ਕਰਕੇ ਵੱਡੀ ਗਿਣਤੀ ਵੋਟ ਇਨਾ ਦੇ ਖੇਮੇ ਵਿਚ ਆਉਂਦੀ ਹੈ। ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਹਰਪਾਲ ਜੁਨੇਜਾ ਵਲੋਂ ਪਿਛਲੇ 10 ਸਾਲ ਦੌਰਾਨ ਹਲਕੇ ਵਿਚ ਚੰਗਾ ਸਹਿਚਾਰ ਬਣਾਇਆ ਹੈ ਤੇ ਜਿਸ ਨਾਲ ਅਕਾਲੀ ਦਲ ਦੀ ਪੱਕੀ ਵੋਟ ਦੇ ਨਾਲ ਕਾਫੀ ਹੱਦ ਤੱਕ ਸ਼ਹਿਰੀ ਵੋਟਰਾਂ ਨੂੰ ਵੀ ਨਾਲ ਜੋੜਣ ਵਿਚ ਸਫਲ ਰਹੇ ਹਨ। 1992 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਨਾਮ ਦੀ ਵੱਖਰੀ ਪਾਰਟੀ ਦਾ ਗਠਨ ਕੀਤਾ। ਬਾਅਦ ਵਿੱਚ 1998 ਵਿੱਚ ਕਾਂਗਰਸ ਵਿੱਚ ਰਲੇਵਾਂ ਹੋ ਗਿਆ। ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਪਾਰਟੀ ਨੂੰ ਕਰਾਰੀ ਹਾਰ ਮਿਲੀ ਤੇ ਉਹ ਖੁਦ ਆਪਣੇ ਹਲਕੇ ਤੋਂ ਵੀ ਹਾਰ ਗਏ ਸਨ। 1998 ਵਿੱਚ ਪਟਿਆਲਾ ਹਲਕੇ ਤੋਂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ 33,251 ਵੋਟਾਂ ਦੇ ਫਰਕ ਨਾਲ ਹਰਾਇਆ। ਕੈਪਟਨ ਅਮਰਿੰਦਰ ਸਿੰਘ 1985, 2002, 2007, 2012 ਅਤੇ ਫਿਰ 2017 ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਹਾਸਲ ਕਰ ਚੁੱਕੇ ਹਨ। ਕੈਪਟਨ ਤਿੰਨ ਵਾਰ ਪਟਿਆਲਾ ਸ਼ਹਿਰੀ, ਇਕ ਇਕ ਵਾਰ ਸਮਾਣਾ ਅਤੇ ਤਲਵੰਡੀ ਸਾਬੋ ਤੋਂ ਵੀ ਜਿੱਤ ਚੁੱਕੇ ਹਨ। ਇਸ ਵਾਰ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਤੋਂ ਵੱਖ ਹੋਣ ਨਾਲ ਪਾਰਟੀ ਕੈਡਰ ਦੀ ਵੋਟ ਦਾ ਨੁਕਸਾਨ ਵੀ ਝੱਲਣਾ ਪਵੇਗਾ। ਫਿਲਹਾਲ ਬਣ ਰਹੇ ਸਮੀਕਰਨ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਪੱਕੀ ਮੰਨੀ ਜਾਣ ਵਾਲੀ ਜਿੱਤ ’ਤੇ ਸ਼ੰਕੇ ਖਡੇ ਹੋਣ ਲੱਗੇ ਹਨ ਤੇ ਜਿੱਤ ਯਕੀਨੀ ਬਣਾਉਣ ਲਈ ਹਲਕੇ ਵਿਚ ਖੁਦ ਭੱਜ ਦੌੜ ਕਰਨੀ ਪਵੇਗੀ।

Related posts

ਪੰਜਾਬ ’ਚ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 321.51 ਕਰੋੜ ਦੇ ਨਸ਼ੀਲੇ ਪਦਾਰਥ, ਨਕਦੀ ਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

editor

ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ’ਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕਾਬੂ

editor

‘ਆਪ’ ਨੇ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ

editor