Women's World

ਪਰਿਵਾਰਕ ਬਖੇੜੇ ਦੀ ਜੜ ਧੀਆਂ ਤੇ ਨੂੰਹਾਂ ਵਿੱਚ ਅੰਤਰ

ਕੁੜੀਆਂ ਦੀ ਜ਼ਿੰਦਗੀ ਦੀ ਇਹ ਤ੍ਰਾਸਦੀ ਹੈ ਕਿ ਉਹ ਪੇਕੇ ਤੇ ਸਹੁਰੇ ਘਰ ਲਈ ਹਮੇਸ਼ਾਂ ਬੇਗਾਨੀਆਂ ਹੀ ਰਹਿੰਦੀਆਂ ਹਨ। ਮਾਂ, ਸੱਸ, ਨਣਦ, ਭਾਬੀ ਆਦਿ ਸਭ ਰਿਸ਼ਤੇ ਔਰਤ ਦੇ ਹੀ ਹਨ, ਬਸ ਰਿਸ਼ਤਿਆਂ ਦੇ ਨਾਂ ਵੱਖਰੇ ਹੁੰਦੇ ਹਨ। ਆਖਰ ਅਲੱਗ-ਅਲੱਗ ਰਿਸ਼ਤਿਆਂ ਵਿੱਚ ਵੰਡੀ ਔਰਤ ਨੂੰ ਆਪਣਾ ਮਾਣ-ਸਤਿਕਾਰ ਕਿਉਂ ਨਹੀਂ ਮਿਲਦਾ, ਜਿਸ ਦੀ ਉਹ ਹੱਕਦਾਰ ਹੈ। ਕਿਉਂ ਸਹੁਰੇ ਪਰਿਵਾਰ ਦੀ ਆਪਣੀ ਧੀ ਤੇ ਨੂੰਹ ਵਾਰੀ ਸੋਚ ਅਲੱਗ ਹੋ ਜਾਂਦੀ ਹੈ? ਕਿਉਂ ਧੀਆਂ ਦੇ ਦੁੱਖ ਵੱਡੇ ਤੇ ਨੂੰਹਾਂ ਲਈ ਨਜ਼ਰਾਂ ਨਫ਼ਰਤ ਨਾਲ ਭਰੀਆਂ ਹਨ, ਸ਼ਾਇਦ ਇਸ ਦਾ ਉੱਤਰ ਕਿਸੇ ਕੋਲ ਨਾ ਹੋਵੇ। ਇੱਕ ਕੁੜੀ ਜੋ ਸਭ ਕੁਝ ਛੱਡ ਕੇ ਆਪਣੇ ਸਹੁਰੇ ਘਰ ਆਉਂਦੀ ਹੈ, ਉਹਨੂੰ ਕਿਉਂ ਨਹੀਂ ਆਪਣਾ ਸਮਝਿਆ ਜਾਂਦਾ। ਨੂੰਹ ਤੋਂ ਹੀ ਆਸ ਰੱਖੀ ਜਾਂਦੀ ਹੈ ਕਿ ਉਹ ਸਭ ਨੂੰ ਅਪਣਾਵੇ ਤੇ ਅਸੀਂ ਆਪ ਪਹਿਲ ਕਿਉਂ ਨਹੀਂ ਕਰਦੇ। ਜੋ ਸਾਡੀਆਂ ਧੀਆਂ ਹਨ, ਉਹ ਕਿਸੇ ਦੀਆਂ ਨੂੰਹਾਂ ਹਨ ਜਾਂ ਬਣਨਗੀਆਂ ਅਤੇ ਕਿਸੇ ਦੀ ਧੀ ਸਾਡੀ ਨੂੰਹ ਹੈ ਜਾਂ ਬਣੇਗੀ, ਫਿਰ ਕਿਉਂ ਧੀਆਂ ਲਾਡਲੀਆਂ ਤੇ ਨੂੰਹਾਂ ਛੁਰੀਆਂ ਨੇ? ਇੱਕ ਧੀ ਦੀ ਮਾਂ ਨੂੰਹ ਲਈ ਸੱਸ ਹੈ। ਜੇ ਕੋਈ ਮਾਂ ਹੀ ਸੱਸ ਹੈ ਤਾਂ ਫਿਰ ਮਾਵਾਂ ਕਿਉਂ ਚੰਗੀਆਂ ਹਨ ਤੇ ਸੱਸਾਂ ਕਿਉਂ ਬੁਰੀਆਂ ਨੇ। ਸਿਰਫ਼ ਲੋੜ ਹੈ ਸਾਨੂੰ ਸਮਝਣ ਦੀ ਕਿ ਸੱਸਾਂ ਵੀ ਮਾਵਾਂ ਨੇ ਤੇ ਨੂੰਹਾਂ ਵੀ ਧੀਆਂ ਨੇ। ਜੇ ਅਸੀਂ ਥੋੜ੍ਹੀ ਜਿਹੀ ਸਮਝਦਾਰੀ ਨਾਲ ਚੱਲੀਏ ਤਾਂ ਘਰ ਵਿੱਚ ਕਦੇ ਲੜਾਈ-ਝਗੜੇ ਨਾ ਹੋਣ। ਸਹੁਰੇ ਘਰ ਵਿੱਚ ਨਵੀਂ ਵਿਆਹੀ ਨੂੰ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਸਭ ਨੂੰ ਸਮਝੇ, ਉਹਨੂੰ ਅਹਿਸਾਸ ਕਰਾਉਣਾ ਚਾਹੀਦਾ ਹੈ ਕਿ ਇਹ ਘਰ ਉਸ ਦਾ ਆਪਣਾ ਹੈ। ਅੱਜ ਜ਼ਮਾਨਾ ਬਦਲ ਗਿਆ ਹੈ। ਇਸ ਲਈ ਸਾਨੂੰ ਵੀ ਥੋੜ੍ਹਾ-ਬਹੁਤ ਜ਼ਮਾਨੇ ਨਾਲ ਚੱਲਣਾ ਚਾਹੀਦਾ ਹੈ। ਸੱਸ-ਨੂੰਹ ਦੇ ਰਿਸ਼ਤੇ ਵਿੱਚ ਮਿਠਾਸ ਆਉਣੀ ਜ਼ਰੂਰੀ ਹੈ। ਕਈ ਸੱਸਾਂ ਨੂੰ ਹੁੰਦਾ ਹੈ ਕਿ ਜਿਵੇਂ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੀਤਾ, ਨੂੰਹਾਂ ਵੀ ਉਵੇਂ ਹੀ ਕਰਨ ਪਰ ਅੱਜ ਹਾਲਾਤ ਹੋਰ ਹਨ। ਅੱਜ ਦੀ ਪੀੜ੍ਹੀ ਘਰੋਂ ਬਾਹਰ ਜਾਂਦੀ ਹੈ, ਨੌਕਰੀ ਕਰਦੀ ਹੈ, ਪੜ੍ਹੀ-ਲਿਖੀ ਹੈ। ਇਸ ਲਈ ਜੇ ਅਸੀਂ ਨੂੰਹਾਂ ਨੂੰ ਕਹੀਏ ਕਿ ਉਹ ਘਰ ਅੰਦਰ ਹੀ ਰਹਿਣ, ਕਿਤੇ ਜਾਣ-ਆਉਣ ਨਾ ਤਾਂ ਇਹ ਨਹੀਂ ਹੋ ਸਕਦਾ। ਅਜੋਕੇ ਸਮੇਂ ਕਈ ਘਰਾਂ ਵਿੱਚ ਲੜਾਈ ਦੀ ਵਜ੍ਹਾ ਇਹੀ ਹੈ। ਮਾਪਿਆਂ ਲਈ ਆਪਣੀ ਧੀ ਕਿਸੇ ਹੋਰ ਘਰ ਤੋਰਨੀ ਬਹੁਤ ਮੁਸ਼ਕਲ ਕਾਰਜ ਹੁੰਦਾ ਹੈ ਅਤੇ ਜੇ ਉਨ੍ਹਾਂ ਦੀ ਧੀ ਨੂੰ ਸਹੁਰੇ ਘਰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਨ੍ਹਾਂ ਦੇ ਦਿਲ ‘ਤੇ ਕੀ ਬੀਤਦੀ ਹੈ, ਇਹ ਉਹੀ ਸਮਝ ਸਕਦੇ ਹਨ। ਪਤੀ ਨੂੰ ਵੀ ਚਾਹੀਦਾ ਹੈ ਕਿ ਉਹ ਪਤਨੀ ਨੂੰ ਘਰ ਦੇ ਮਾਹੌਲ ਬਾਰੇ ਦੱਸੇ। ਕੁੜੀਆਂ ਨੂੰ ਵੀ ਆਪਣੇ ਸਹੁਰੇ ਪਰਿਵਾਰ ਨੂੰ ਸਤਿਕਾਰ ਦੇਣਾ ਚਾਹੀਦਾ ਹੈ। ਜੇ ਕੋਈ ਗੱਲ ਗ਼ਲਤ ਲੱਗਦੀ ਹੈ ਤਾਂ ਆਪਸ ਵਿੱਚ ਪਿਆਰ ਨਾਲ ਹੱਲ ਕੀਤੀ ਜਾ ਸਕਦੀ ਹੈ। ਜੇ ਸੱਸ-ਨੂੰਹ ਆਪਣੇ ਰਿਸ਼ਤੇ ਨੂੰ ਸਮਝਣ ਤਾਂ ਨੂੰਹਾਂ ਵੀ ਧੀਆਂ ਬਣ ਕੇ ਰਹਿਣਗੀਆਂ ਤੇ ਸੱਸਾਂ ਵੀ ਮਾਵਾਂ। ਸੱਸ-ਨੂੰਹ ਦਾ ਰਿਸ਼ਤਾ ਲੰਮੇ ਸਮੇਂ ਲਈ ਬਣਦਾ ਹੈ। ਇਸ ਲਈ ਇਸ ਰਿਸ਼ਤੇ ਵਿੱਚ ਮਿਠਾਸ ਜ਼ਰੂਰੀ ਹੈ। ਕਿਸੇ ਨੇ ਠੀਕ ਹੀ ਕਿਹਾ ਹੈ: “ਧੀਆਂ ਤੋਰਨੀਆਂ ਨਹੀਂ ਸੌਖਾਲੀਆਂ ਨੇ, ਮਾਪੇ ਫੇਰ ਵੀ ਫ਼ਰਜ਼ ਨਿਭਾ ਜਾਂਦੇ, ਪਾਲ ਪਲੋਸ ਕੇ ਧੀ ਨੂੰ ਆਪ ਹੱਥੀਂ ਡੋਲੀ ਵਿੱਚ ਪਾ ਜਾਂਦੇ, ਸਹੁਰੇ ਘਰ ਨੂੰ ਸਮਝੀਂ ਘਰ ਆਪਣਾ, ਗੱਲ ਆਖਰੀ ਇਹ ਸਮਝਾ ਜਾਂਦੇ।”

– ਇੰਦਰਪ੍ਰੀਤ ਕੌਰ

Related posts

ਔਰਤ ਬੇਚਾਰੀ ਨਹੀਂ

Deepak

ਘਰ ਦੀ ਸਜਾਵਟ ਵਿੱਚ ਰੰਗਾਂ ਦਾ ਮਹੱਤਵ

Deepak

ਮੂੰਹ ਦੇ ਕਿੱਲ ਮੁਹਾਸਿਆਂ ਨੂੰ ਦੂਰ ਕਰਨ ਵਿੱਚ ਆਯੁਰਵੈਦਿਕ ਦਾ ਯੋਗਦਾਨ

Deepak