Poetry Geet Gazal

ਪ੍ਰਿੰ. ਕਰਮਜੀਤ ਸਿੰਘ ‘ਗਠਵਾਲਾ’, ਸੰਗਰੂਰ

ਚਾਂਦਨੀ ਚੌਕ
ਮੈਨੂੰ ਅੱਜ ਵੀ ਯਾਦ ਹੈ ਉਹ ਵੇਲਾ,
ਇਕ ਗ਼ਾਜ਼ੀ ਮਰਦ ਮੈਦਾਨ ਅੰਦਰ।
ਜਿਹਦਾ ਸਿਰ ਉੱਚਾ, ਜਿਹਦੇ ਬੋਲ ਉੱਚੇ,
ਖੜ੍ਹਾ ਦਿੱਸਦਾ ਏ ਨੂਰੀ ਸ਼ਾਨ ਅੰਦਰ।
ਤੇਗ਼ ਜ਼ੁਲਮ ਦੀ ਜ਼ਾਲਮਾਂ ਸਾਣ ਲਾਈ,
ਉਹਦੀ ਧਾਰ ਨੂੰ ਖੁੰਢਿਆਂ ਕਰਨ ਖ਼ਾਤਰ।
ਦੀਵਾ ਧਰਮ ਦਾ ਆਖ਼ਰੀ ਸਾਹ ਗਿਣਦਾ,
ਖ਼ੂਨ ਤੇਲ ਦੀ ਥਾਂ ਤੇ ਭਰਨ ਖ਼ਾਤਰ।
ਸਾਹ-ਹੀਣ ਹਿੰਦ ਜਿਹੜੀ ਹੋ ਰਹੀ ਸੀ,
ਦੇ ਕੇ ਸਾਹ ਅਪਣੇ ਸਾਹ ਪਾ ਗਿਆ ਉਹ।
ਸਿਰਲੱਥ ਯੋਧੇ ਜਿਹਦੇ ਬਣੇ ਰਾਹੀ,
ਐਸਾ ਰਾਹ ਅਨੋਖਾ ਬਣਾ ਗਿਆ ਉਹ ।
ਸਾਰੇ ਦੇਸ਼ ਨੂੰ ਠੰਢੜੀ ਵਾਅ ਆਵੇ,
ਬਣ ਰਹਿਮਤਾਂ ਦਾ ਬੱਦਲ ਵੱਸਿਆ ਉਹ।
ਬੁਲ੍ਹੀਂ ਹਾਸੇ ਮਜ਼ਲੂਮਾਂ ਦੇ ਰਹਿਣ ਸਦਾ,
ਮੌਤ ਵੇਖ ਕੇ ਸਾਹਮਣੇ ਹੱਸਿਆ ਉਹ ।
ਸਿੱਖ ਸਾਮ੍ਹਣੇ ਜਦੋਂ ਸ਼ਹੀਦ ਕੀਤੇ,
ਭਾਣਾ ਮੰਨਿਆਂ ਮੂੰਹੋਂ ਨਾ ਬੋਲਿਆ ਉਹ ।
ਭਾਵੇਂ ਲੱਖਾਂ ਡਰਾਬੇ ਔਰੰਗ ਦਿੱਤੇ,
ਰਿਹਾ ਸ਼ਾਂਤ ਤੇ ਮਨੋਂ ਨਾ ਡੋਲਿਆ ਉਹ ।
ਜਿਸ ਤੋਂ ਲੱਖਾਂ ਪਤੰਗ ਸ਼ਹੀਦ ਹੋਏ,
ਐਸਾ ਦੀਵਾ ਸਤਿਗੁਰੂ ਜੀ ਬਾਲ ਗਏ ।
ਬੂਟਾ ਧਰਮ ਦਾ ਸਦਾ ਹੀ ਟਹਿਕਦਾ ਰਹੇ,
ਸਿੰਜ ਖ਼ੂਨ ਅਪਣਾ ਉਹਨੂੰ ਪਾਲ ਗਏ ।
———————00000———————
ਗੁਰੂ ਤੇਗ ਬਹਾਦੁਰ ਜੀ
ਤੇਗ਼ ਜ਼ੁਲਮ ਦੀ ਹੋਈ ਜਾਂ ਹੋਰ ਤਿੱਖੀ,
ਸਿਰ ਲਟਕੀ ਆ ਪੰਡਿਤ ਕਸ਼ਮੀਰੀਆਂ ਦੇ।
ਦਿਲ ਸੋਚਦਾ ਤੇ ਗੋਤੇ ਖਾਣ ਲਗਦਾ,
ਤਾਰੇ ਘੁੰਮਦੇ ਵਾਂਗ ਭੰਬੀਰੀਆਂ ਦੇ ।
ਰਾਤੀਂ ਨੀਂਦ ਆਵੇ ਸੁਪਨੇ ਵਿੱਚ ਦਿੱਸਣ,
ਦਰਿਆ ਵਹਿਣ ਸਭ ਲਹੂ-ਤਤੀਰੀਆਂ ਦੇ ।
ਧਰਮ ਛੱਡਣਾ ਜਾਪਦਾ ਬਹੁਤ ਔਖਾ,
ਪੈਂਡੇ ਲੱਗਦੇ ਨੇੜੇ ਅਖੀਰੀਆਂ ਦੇ ।
ਕੱਠੇ ਹੋਏ ਸੱਭੇ ਹੁਣ ਕੀ ਕਰੀਏ,
ਹਿੰਦੂ-ਰਾਜਿਆਂ ਵੱਲ ਨਿਗਾਹ ਕੀਤੀ ।
ਜਿਸ ਜਿਸ ਦਾ ਬੁਲ੍ਹਾਂ ਤੇ ਨਾਂ ਆਵੇ,
ਜਾਪੇ ਘੋਲ ਕੇ ਉਸੇ ਨੇ ਸ਼ਰਮ ਪੀਤੀ ।
ਕੋਈ ਸੂਰਮਾ ਕਿਧਰੇ ਦਿਸਦਾ ਨਾ,
ਗੁੜ੍ਹਤੀ ਅਣਖ ਦੀ ਜਿਸਨੇ ਹੋਏ ਲੀਤੀ ।
ਪਾਣੀ ਮਰ ਗਿਆ ਸਭਨਾਂ ਅੱਖੀਆਂ ਦਾ,
ਪਈ ਸਭ ਦੀ ਦਿੱਸੇ ਜ਼ੁਬਾਨ ਸੀਤੀ ।
ਦੂਰ ਦੂਰ ਤੋੜੀ ਸਭਨਾਂ ਨਜ਼ਰ ਮਾਰੀ,
ਜ਼ੁਲਮੀ-ਰਾਤ-ਕਾਲੀ ਦਿੱਸ ਆਂਵਦੀ ਏ ।
ਕੋਈ ਤਾਰਾ ਵੀ ਕਿਧਰੇ ਦਿਸਦਾ ਨਾ,
ਬਦਲੀ ਗ਼ਮਾਂ ਦੀ ਸਭ ਲੁਕਾਂਵਦੀ ਏ ।
ਕੀਹਦੇ ਘਰੋਂ ਜਾ ਰੋਸ਼ਨੀ ਮੰਗ ਲਈਏ,
ਕਿਧਰੇ ਬੱਤੀ ਨਾ ਟਿਮ-ਟਿਮਾਂਵਦੀ ਏ ।
ਬਾਬੇ ਨਾਨਕ ਦੀ ਚਮਕਦੀ ਜੋਤ ਵੱਲੇ,
ਆਸ ਉਂਗਲੀ ਫੜ ਲੈ ਜਾਂਵਦੀ ਏ ।
ਆਖ਼ਿਰ ਸਿਆਣਿਆਂ ਸੋਚ ਵਿਚਾਰ ਕਰਕੇ,
ਕੁਝ ਬੰਦੇ ਆਨੰਦਪੁਰ ਵੱਲ ਘੱਲੇ ।
ਕਿਤੇ ਬੈਠ ਨਾ ਉਨ੍ਹਾਂ ਆਰਾਮ ਕੀਤਾ,
ਵਾਹੋਦਾਹੀ ਉਹ ਪੈਂਡਾ ਮੁਕਾ ਚੱਲੇ ।
ਪਹੁੰਚ ਪੁਰੀ ਆਨੰਦ ਹੀ ਦਮ ਲਿਆ,
ਮਨ ਡਰ ਆਉਂਦਾ ਕਰ ਕਰ ਹੱਲੇ ।
ਨੌਵੇਂ ਨਾਨਕ ਦੇ ਵਿਚ ਦਰਬਾਰ ਆਏ,
ਕਰਨ ਬੇਨਤੀ ਖੜੇ ਉਹ ਅੱਡ ਪੱਲੇ ।
ਸੁਣ ਬੇਨਤੀ ਗੁਰੂ ਗੰਭੀਰ ਹੋਏ,
ਮਨ ਵਿਚ ਖ਼ਿਆਲ ਦੁੜਾਂਵਦੇ ਨੇ ।
ਨੱਥ ਜ਼ੁਲਮ ਨੂੰ ਕਿਸ ਤਰ੍ਹਾਂ ਪਾਈ ਜਾਵੇ,
ਕਈ ਤਰ੍ਹਾਂ ਦੇ ਹੱਲ ਅਜਮਾਂਵਦੇ ਨੇ ।
ਸੰਗਤ ਸੋਚਦੀ, ਗੁਰੂ ਕੀ ਸੋਚਦੇ ਨੇ,
ਆਪੋ ਆਪਣੇ ਕਿਆਸ ਲਗਾਂਵਦੇ ਨੇ ।
ਥੋੜ੍ਹਾ ਸਮਾਂ ਲੰਘਾ ਚਿਹਰਾ ਸ਼ਾਂਤ ਦਿੱਸੇ,
ਗੁਰੂ ਸੰਗਤ ਨੂੰ ਇਉਂ ਫ਼ੁਰਮਾਂਵਦੇ ਨੇ ।
“ਅਸਾਂ ਸੋਚ ਵਿਚਾਰ ਕੇ ਵੇਖ ਲਿਆ,
ਜ਼ੁਲਮੀ-ਨਦੀ ਸਾਹਵੇਂ ਠਾਠਾਂ ਮਾਰ ਰਹੀ ਏ ।
ਕੋਈ ਆਕੇ ਇੱਥੇ ਕੁਰਬਾਨ ਹੋਵੇ,
ਚਿਹਰਾ ਲਾਲ ਕਰ ਮੂੰਹੋਂ ਲਲਕਾਰ ਰਹੀ ਏ ।
ਇਹਨੇ ਸਾਰਾ ਹੀ ਮੁਲਕ ਹੜੱਪ ਜਾਣਾ,
ਨਿੱਤ ਡੈਣ ਜਿਉਂ ਮੂੰਹ ਪਸਾਰ ਰਹੀ ਏ ।
ਦਿੱਲੀ ਜਾ ਕੇ ਅਸਾਂ ਨੇ ਸਿਰ ਦੇਣਾ,
ਸਾਨੂੰ ਦਿੱਸੇ ਸ਼ਹੀਦੀ ਪੁਕਾਰ ਰਹੀ ਏ ।”

Related posts

ਅਰਸ਼ਪ੍ਰੀਤ ਸਿੰਘ ‘ਮਧਰੇ’, ਬਟਾਲਾ

admin

ਡਾ. ਆਤਮਾ ਸਿੰਘ ਗਿੱਲ

admin

ਰਮਨਦੀਪ ਸੰਧੂ – ਵਿੰਟਰ ਵੈਲੀ, ਵਿਕਟੋਰੀਆ

admin