Articles Literature

ਪੰਜਾਬੀ ਚ ਦੂਜੀਆ ਬੋਲੀਆਂ ਦੇ ਸ਼ਬਦਾਂ ਦਾ ਪ੍ਰਵੇਸ਼ ਸੱਭਿਆਚਾਰੀਕਰਨ ਦਾ ਕੁਦਰਤੀ ਵਰਤਾਰਾ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਪੰਜਾਬੀ, ਪੰਜਾਬੀਆਂ ਦਾ ਮਾਂ ਬੋਲੀ ਹੈ । ਆਪਣੀ ਮਾਂ ਬੋਲੀ ਨਾਲ ਸੁੱਚਾ ਸੁਨੇਹ ਰੱਖਣ ਵਾਲੇ ਪੰਜਾਬੀ ਬੋਲੀ ਦੀ ਹੋਂਦ ਬਚਾਈ ਰੱਖਣ ਵਾਸਤੇ ਤੇ ਇਸ ਦੀ ਬੇਹਤਰੀ ਵਾਸਤੇ ਚਿੰਤਤ ਹਨ । ਉਹ ਆਪੋ ਆਪਣੇ ਢੰਗਾ ਨਾਲ ਮਾਂ ਬੋਲੀ ਦੇ ਪਾਸਾਰ ਤੇ ਪ੍ਰਚਾਰ ਚ ਲੱਗੇ ਹੋਏ ਹਨ । ਦੂਜੇ ਪਾਸੇ ਇਹ ਵੀ ਸੱਚ ਹੈ ਕਿ 21ਵੀਂ ਸਦੀ ਦੇ ਗਲੋਬਲੀ ਵਰਤਾਰੇ ਨੇ ਪੰਜਾਬੀ ਹੀ ਨਹੀਂ ਬਲਕਿ ਦੁਨੀਆ ਦੀ ਹਰ ਬੋਲੀ ‘ਤੇ ਚੰਗਾ ਜਾਂ ਬੁਰਾ ਪ੍ਰਭਾਵ ਪਾਇਆ ਹੈ । ਸੰਚਾਰ ਸਾਧਨਾਂ ਦੇ ਵਾਧੇ ਤੇ ਉਹਨਾਂ ਦੀ ਗਤੀ ਚ ਹੋਈ ਅੰਤਾਂ ਦੀ ਤੇਜ਼ੀ ਕਾਰਨ ਹੁਣਵਾਂ ਮਨੁੱਖ ਖੂਹ ਦਾ ਡੱਡੂ ਨਹੀਂ , ਉਹ ਦੁਨੀਆ ਦੇ ਹਰ ਕੋਨੇ ਚ ਹੋ ਵਾਪਰ ਰਹੇ ਵਰਤਾਰੇ ਦੀ ਪਲ ਪਲ ਦੀ ਖਬਰ ਰੱਖਦਾ ਹੈ । ਪੂਰਾ ਸੰਸਾਰ ਅਜੋਕੇ ਮਨੁੱਖ ਦੀ ਜੇਬ ਚ ਨਹੀ ਬਲਕਿ ਉਸਦੀਆਂ ਉੰਗਲਾਂ ਦੇ ਪੋਟਿਆਂ ‘ਤੇ ਹੈ । ਅੱਜ ਘਟਨਾਵਾਂ ਜੰਗਲ ਦੀ ਅੱਗ ਵਾਂਗ ਕਿਸੇ ਸੀਮਤ ਦਾਇਰੱ ਚ ਨਹੀ ਸਗੋ ਉਸ ਤੋ ਵੀ ਹਜਾਰਾਂ ਗੁਣਾ ਤੇਜੀ ਨਾਲ ਮਿੰਟਾਂ ਸਕਿੰਟਾਂ ਦੀ ਤੇਜੀ ਨਾਲ ਪੂਰੀ ਦੁਨੀਆਂ ਚ ਫੈਲਦੀਆ ਹਨ । ਇਸ ਕਰਕੇ 21ਵੀਂ ਸਦੀ ਨੂੰ ਜੇਕਰ ਸੰਚਾਰ ਸਾਧਨਾਂ ਦਾ ਤੇਜ਼ ਤਰਾਰ ਯੁੱਗ ਕਹਿ ਲਿਆ ਜਾਵੇ ਤਾ ਕੋਈ ਅਤਿ ਕਥਨੀ ਨਹੀ ਹੋਵੇਗੀ ।
ਇਸ ਹਥਲੀ ਚਰਚਾ ਰਾਹੀਂ ਜਿਹੜੀ ਗੱਲ ਮੈ ਕਹਿਣੀ ਚਾਹੁੰਦਾ ਹਾਂ ਉਹ ਇਹ ਹੈ ਕਿ ਤੇਜ ਰਫਤਾਰ ਸੰਚਾਰ ਦੇ ਯੁੱਗ, ਜਿਸ ਨੇ ਦੁਨੀਆ ਦੀ ਹਰ ਸ਼ੈਅ ਨੂੰ ਬਹੁਤ ਪਰਭਾਵਤ ਕੀਤਾ ਹੈ, ਉਸ ਦਾ ਬੋਲੀ ‘ਤੇ ਪਰਭਾਵ ਪੈਣਾ ਵੀ ਕੁਦਰਤੀ ਹੈ । ਅੱਜ ਦਾ ਮਨੁੱਖ ਇਕ ਤੋ ਵੱਧ ਬੋਲੀਆਂ ਸਿਖਣ ਦੇ ਆਹਰ ਚ ਹੈ ਤਾਂ ਕਿ ਉਹ ਆਪਣੀਆ ਜੀਵਨ ਲੋੜਾੰ ਪੂਰੀਆਂ ਕਰਨ ਵਾਸਤੇ ਅਸਾਨੀ ਨਾਲ ਹੋਰਨਾ ਸੱਭਿਆਚਾਰਾਂ ‘ਚੋਂ ਵਿਚਰ ਸਕੇ, ਪਰ ਹੁੰਦਾ ਇਹ ਹੈ ਕਿ ਉਹ ਇਸ ਤਰਾ ਕਰਦਿਆਂ ਆਚੇਤ ਜਾਂ ਸੁਚੇਤ ਰੂਪ ਚ ਆਪਣੀ ਮਾਂ ਬੋਲੀ ਚ ਦੁਜੀਆਂ ਬੋਲੀਆ ਦੇ ਸ਼ਬਦਾਂ ਦਾ ਤਤਸਮ ਜਾਂ ਤਦਭਵ ਰੂਪ ਚ ਰਲਾ ਕਰ ਜਾਂਦਾ ਹੈ, ਜਿਸ ਨੂੰ ਦੇਖ ਸੁਣਕੇ ਕਈ ਵਾਰ ਸਾਡੇ ਚੋਂ ਬਹੁਤਿਆਂ ਨੂੰ ਏਸ ਤਰਾਂ ਲਗਦਾ ਹੈ ਕਿ ਸਾਡੀ ਮਾਂ ਬੋਲੀ ਦੀ ਹੋਂਦ ਖਤਰੇ ਚ ਹੈ, ਜਦ ਕਿ ਸਮਝਣ ਵਾਲੀ ਗੱਲ ਇਹ ਹੈ ਕਿ ਸੱਭਆਚਾਰੀਕਰਨ ਦੇ ਅਮਲ ਚ ਵਿਚਰਦਿਆ ਅਜਿਹਾ ਹੋਣਾ ਕੋਈ ਗੈਰ ਕੁਦਰਤੀ ਵਰਤਾਰਾ ਨਹੀ ਹੁੰਦਾ ਤੇ ਨਾ ਹੀ ਕਿਸੇ ਗਹਿਰੀ ਵਿਉਂਤਬੱਧ ਸਾਜਿਸ਼ ਦਾ ਹਿੱਸਾ ਹੁੰਦਾ ਹੈ । ਆਪਣੀ ਉਕਤ ਧਾਰਨਾ ਦੀ ਪੁਸ਼ਟੀ ਹਿੱਤ ਬਹੁਤ ਸਾਰੀਆਂ ਉਦਾਹਰਣਾਂ ਪੇਸ਼ ਕਰ ਸਕਦੇ ਹਾਂ । ਮੁਗਲਾ ਦੇ ਰਾਜ ਵੇਲੇ ਪੰਜਾਬੀ ਬੋਲੀ ਉੱਤੇ ਅਰਬੀ ਫਾਰਸੀ ਦਾ ਬਹੁਤ ਪਰਭਾਵ ਪਿਆ, “ਰੱਬ” ਤੇ “ਮਿਹਰ”ਸ਼ਬਦਾਂ ਨੂੰ ਅੱਜ ਸਾਡੇ ਬਹੁਤੇ ਲੋਕ, ਪੰਜਾਬੀ ਦੇ ਸ਼ੁਧ ਸ਼ਬਦ ਸਮਝ ਰਹੇ ਹਨ ਜਦ ਕਿ ਇਹ ਮੂਲ ਰੂਪ ਚ ਫਾਰਸੀ ਦੇ ਹਨ । ਇਸੇ ਤਰਾਂ ਖੰਦਕ, ਹਲਫਨਾਮਾ, ਪਟਵਾਰਖਾਨਾ, ਵਸੀਹਤ, ਇੰਤਕਾਲਨਾਮਾ ਆਦਿ ਬਹੁਤ ਸਾਰੇ ਸ਼ਬਦ ਪੰਜਾਬੀ ਚ ਅਰਬੀ, ਫਾਰਸੀ ਤੇ ਉਰਦੂ ਦੇ ਸ਼ੁਮਾਰ ਹਨ । ਇਸੇ ਤਰਾ ਅੰਗਰੇਜਾਂ ਦੇ ਰਾਜ ਦੌਰਾਨ ਹੋਇਆ । ਕੁੱਜ ਉਦਾਹਰਣਾ ਪੇਸ਼ ਹਨ ।
ਬੇਹਤਰ (Better), ਮਾਤਾ (Mother), ਵਾਂਢੇ (One day), ਲਛਕਰ (Lecture), ਜਰਨੈਲ (Genral), ਕਰਨੈਲ (Colonel), ਗੁੱਡਣਾ, ਗੋਡੀ (Gooding), ਲਾਲਟੈਣ (Lentoren) , ਟਿਗਟਾਂ (Tickets), ਡੋਰਾਂ (Doors), ਵਿੰਡੇ (Windows) ਆਦਿ ਬਹੁਤ ਸਾਰੇ ਸ਼ਬਦ ਹਨ ਜਿਹਨਾ ਨੂੰ ਪੰਜਾਬੀਆ ਨੇ ਆਚੇਤਨ ਹੀ ਆਪਣੀ ਬੋਲੀ ਮੁਤਾਬਕ ਢਾਲਕੇ ਵਰਤਣਾ ਸ਼ੁਰੂ ਕੀਤਾ ਹੋਵੇਗਾ ਤੇ ਹੌਲੀ ਹੌਲੀ ਆਮ ਬੋਲ ਚਾਲ ਚਾਲ ਦਾ ਹਿੱਸਾ ਬਣ ਗਏ ਜਦ ਕਿ ਬਹੁਤ ਸਾਰੇ ਸ਼ਬਦ ਦੂਜੀਆਂ ਬੋਲੀਆਂ ਦੇ ਹੂ ਬ ਹੂ ਰੂਪ ਵਿਚ ਵੀ ਨਿੱਤ ਵਰਤੀਂਦੇ ਹਨ ।
ਹੁਣ ਸਮੱਸਿਆ ਇਹ ਹੈ ਕਿ ਕੀ ਇਸ ਵਰਤਾਰੇ ਨੂੰ ਰੋਕਿਆ ਜਾ ਸਕਦਾ ਹੈ ? ਜਾਂ ਫੇਰ ਕੀ ਇਸ ਦਾ ਕੋਈ ਪੁਖਤਾ ਹੱਲ ਹੈ ? ਤਾਂ ਮੈਂ ਇਹਨਾਂ ਸਵਾਲਾਂ ਦੇ ਉੱਤਰ ਚ ਏਹੀ ਕਹਾਗਾ ਕਿ ਦਰਅਸਲ ਗਲੋਬਲੀ ਵਰਤਾਰੇ ਚ ਵਿਚਰਦਾ ਹੋਇਆ ਇਹ ਇਕ ਕੁਦਰਤੀ ਵਰਤਾਰਾ ਹੈ ਜਿਸ ਨੂੰ ਉਨਾ ਚਿਰ ਰੋਕਿਆ ਨਹੀ ਜਾ ਸਕਦਾ ਜਿੰਨਾ ਚਿਰ ਕਿਸੇ ਮਨੁੱਖ ਨੂੰ ਰੇਸ਼ਮ ਦੇ ਕੀੜੇ ਦੀ ਤਰਾਂ ਡੱਬੀ ਚ ਬੰਦ ਕਰਕੇ ਸੱਭਿਆਚਾਰੀਕਰਨ ਦੇ ਅਮਲ ਤੋ ਅਤੇ ਅਜ ਦੇ ਸਮਾਰਟ ਮੀਡੀਏ ਤੋਂ ਦੂਰ ਨਹੀ ਰੱਖਿਆ ਜਾ ਸਕਦਾ ਜੋ ਕਿ ਬਿਲਕੁਲ ਵੀ ਸੰਭਵ ਨਹੀ ।
ਦੂਜੀ ਗੱਲ ਇਹ ਹੈ ਕਿ ਬਦਲਾਵ ਕੁਦਰਤ ਦਾ ਨਿਯਮ ਹੈ । ਦੁਨੀਆ ਦੀ ਹਰ ਸ਼ੈਅ ਸਮੇ ਦੀ ਮਾਰ ਹੇਠ ਹੈ ਤੇ ਨਿਰੰਤਰ ਬਦਲਦੀ ਰਹਿੰਦੀ ਹੈ । ਬੋਲੀ ਨੂੰ ਵੀ ਇਸੇ ਕੁਦਰਤੀ ਵਰਤਾਰੇ ਦੇ ਪਰਸੰਗ ਚ ਵੇਖੇ ਸਮਝੇ ਜਾਣ ਦੀ ਲੋੜ ਹੈ ।
ਇਹ ਵੀ ਸਪੱਸ਼ਟ ਕਰਦਿਆ ਕਿ ਮੈਂ ਮਾਂ ਬੋਲੀ ਦੀ ਭਲਾਈ ਵਾਸਤੇ ਕੀਤੇ ਜਾ ਰਹੇ ਉਦਮ ਉਪਰਾਲਿਆਂ ਦਾ ਵਿਰੋਧੀ ਨਹੀ ਹਾਂ । ਬਹੁਤ ਚੰਗੀ ਗੱਲ ਹੈ, ਆਪਣੀ ਬੋਲੀ ਦੀ ਬੇਹਤਰੀ ਵਾਸਤੇ ਸਭ ਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ, ਪਰ ਇਹ ਕਾਰਜ ਕਰਦੇ ਸਮੇ ਕੌੜੇ ਸੱਚ ਤੋ ਵੀ ਮੁਨਕਰ ਨਹੀਂ ਹੋਣਾ ਚਾਹੀਦਾ।
ਮੇਰੀ ਜਾਚੇ ਇਸ ਸੱਭਿਆਚਾਰੀਕਰਨ ਦੇ ਅਮਲ ਚ ਬੋਲੀ ਨੂੰ ਨਾ ਹੀ ਪਹਿਲਾ ਖਤਰਾ ਸੀ ਤੇ ਨਾ ਹੀ ਹੁਣ ਹੈ । ਖਤਰਾ ਸਿਰਫ ਬੋਲੀ ਨੂੰ ਲਿਖਤੀ ਰੂਪ ਚ ਸਾਂਭਣ ਵਾਲੀ ਲਿਪੀ ਨੂੰ ਹੈ ਤੇ ਪੰਜਾਬੀ ਬੋਲੀ ਦੋ ਲਿਪੀਆ ਚ ਲਿਖੀ ਜਾਂਦੀ ਹੈ – ਸ਼ਾਹਮੁਖੀ ਤੇ ਗੁਰਮੁਖੀ । ਦੋਹਾ ਚੋ ਗੁਰਮਖੀ ਲਿਪੀ ਦੀ ਹੋਂਦ ਅੱਜ ਵਧੇਰੇ ਖਤਰੇ ਚ ਹੈ ਜਿਸ ਨੂੰ ਬਚਾਉਣ ਵਾਸਤੇ ਇਸ ਦੀ ਪੜਾਈ ਪਰੰਪਰਗਤ ਢੰਗ ਤਰੀਕਿਆ ਦੀ ਬਜਾਏ ਧੁਨੀ ਵਿਗਿਆਨਕ ਤਕਨੀਕ ਰਾਹੀਂ ਕਰਵਾਈ ਜਾਣੀ ਅਤੀ ਜਰੂਰੀ ਹੈ।
ਆਖਿਰ ਚ ਇਹ ਹੀ ਕਹਾਗਾ ਕਿ ਪੰਜਾਬੀ ਇਕ ਬਹੁਤ ਵਿਕਸਤ ਬੋਲੀ ਹੈ । ਦੁਨੀਆਂ ਦੀਆਂ ਹੋਰਨਾਂ ਬੋਲੀਆਂ ਵਾਂਗ ਇਹ ਵੀ ਮਿਸ਼ਰਤ ਬੋਲੀ ਹੈ । ਇਸ ਦੇ ਵਕਤੇ ਆਪਣੀ ਲੋੜ ਤੇ ਸਹੂਲਤ ਮੁਤਾਬਿਕ ਦੁਨੀਆਂ ਦੀਆਂ ਦੂਜੀਆਂ ਬੋਲੀਆਂ ਦੇ ਸ਼ਬਦਾਂ ਨੂੰ ਸਹਿਜ ਹੀ ਅਪਣਾ ਲੈਂਦੇ ਹਨ ਤੇ ਇਹ ਅਮਲ ਹਰ ਬੋਲੀ ਦੀ ਖ਼ਾਸੀਅਤ ਵੀ ਹੁੰਦੀ ਹੈ ਤੇ ਸਹਿਜ ਵਰਤਾਰਾ ਵੀ ਹੁੰਦਾ ਹੈ, ਜਿਸ ਨੂੰ ਕਦਾਚਿਤ ਵੀ ਵੱਡੀ ਚਿੰਤਾ ਦਾ ਵਿਸ਼ਾ ਨਹੀ ਮੰਨਿਆ ਜਾਣਾ ਚਾਹੀਦਾ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin