Punjab

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਲਈ ਭੱਜਦੌੜ ਤੇਜ਼ !

ਚੰਡੀਗੜ੍ਹ – ਪੰਜਾਬ ‘ਚ ਕਾਂਗਰਸ ਨੂੰ ਇਸੇ ਮਹੀਨੇ ਨਵਾਂ ਪ੍ਰਧਾਨ ਮਿਲ ਸਕਦਾ ਹੈ। ਹਾਲ ਹੀ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਪੰਜਾਬ ਵਿਚ ਕਰਾਰੀ ਹਾਰ ਹੋਈ ਹੈ। ਇਸ ਤੋਂ ਬਾਅਦ ਸੋਨੀਆ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਲੈ ਲਿਆ ਸੀ। ਹੁਣ ਸ਼ਨੀਵਾਰ ਨੂੰ ਦਿੱਲੀ ‘ਚ ਕਾਂਗਰਸ ਦੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿਚ ਸਾਰੇ ਜਨਰਲ ਸੈਕਰੇਟਰੀ ਅਤੇ ਇੰਚਾਰਜ ਬੁਲਾਏ ਗਏ ਹਨ।

ਇਸ ਮੀਟਿੰਗ ‘ਚ ਸੋਨੀਆ ਗਾਂਧੀ ਮੌਜੂਦ ਨਹੀਂ ਹੋਵੇਗੀ ਜਦਕਿ ਇਸ ਦੀ ਅਗਵਾਈ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਕਰਨਗੇ। ਇਸ ਦੌਰਾਨ ਪ੍ਰਿਯੰਕਾ ਗਾਂਧੀ ਵੀ ਮੌਜੂਦ ਰਹੇਗੀ। ਪ੍ਰਿਯੰਕਾ ਦੀ ਚੱਲੀ ਤਾਂ ਸਿੱਧੂ ਨੂੰ ਫਿਰ ਤੋਂ ਪ੍ਰਧਾਨਗੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ, ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡਿਪਟੀ ਸੀ. ਐੱਮ. ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਰੰਧਾਵਾ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਵੀ ਦਾਅਵੇਦਾਰ ਹਨ। ਉਥੇ ਹੀ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਵੀ ਕਾਂਗਰਸ ਦਾਅ ਖੇਡ ਸਕਦੀ ਹੈ।

ਪੰਜਾਬ ‘ਚ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ ਅਜੇ ਤੱਕ ਕਿਸੇ ਨੇ ਨਹੀਂ ਲਈ ਹੈ। ਸੰਗਠਨ ਪ੍ਰਧਾਨ ਹੋਣ ਦੇ ਨਾਤੇ ਨਵਜੋਤ ਸਿੰਘ ਸਿੱਧੂ ਨੇ ਵੀ ਇਸ ਤੋਂ ਇਨਕਾਰ ਕਰ ਦਿੱਤਾ। ਸਿੱਧੂ ਦਾ ਤਰਕ ਹੈ ਕਿ ਇਹ ਚੋਣਾਂ ਉਨ੍ਹਾਂ ਦੀ ਨਹੀਂ ਸਗੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਲੜੀਆਂ ਗਈਆਂ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਵੀ ਭੇਜੇ ਅਸਤੀਫ਼ੇ ‘ਚ ਸਿਰਫ਼ ਸੋਨੀਆ ਗਾਂਧੀ ਦੀ ਇੱਛਾ ਦਾ ਹਵਾਲਾ ਦਿੱਤਾ ਸੀ। ਇਥੇ ਇਹ ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜੀਵਨਜੋਤ ਕੌਰ ਤੋਂ ਹਾਰ ਗਏ ਸਨ।

ਸੂਬੇ ‘ਚ ਕਾਂਗਰਸ ਦੀ ਹਾਰ ਤੋਂ ਬਾਅਦ ਪੰਜਾਬ ਦੇ ਇੰਚਾਰਜ ਹਰੀਸ਼ ਚੌਧਰੀ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ। ਚੌਧਰੀ ਹੀ ਪੰਜਾਬ ‘ਚ ਕਾਂਗਰਸ ਅਤੇ ਹਾਈਕਮਾਨ ਵਿਚਾਲੇ ਦੀ ਲੜੀ ਸਨ। ਉਹ ਇਥੇ ਮਚੀ ਬਗਾਵਤ ਅਤੇ ਵਿਰੋਧੀ ਬਿਆਨਬਾਜ਼ੀ ਨੂੰ ਨਹੀਂ ਰੋਕ ਸਕੇ। ਉਨ੍ਹਾਂ ਨੇ ਚੰਨੀ ਦੇ ਬਾਰੇ ‘ਚ ਹਾਈਕਮਾਨ ਨੂੰ ਕੁਝ ਜ਼ਿਆਦਾ ਹੀ ਪਾਜ਼ੀਟਿਵ ਫੀਡਬੈਕ ਦੇ ਦਿੱਤੀ। ਜਿਸ ਕਾਰਨ ਰਾਹੁਲ ਗਾਂਧੀ ਨੇ ਨਵਜੋਤ ਸਿੰਘ ਸਿੱਧੂ ਨੂੰ ਇਗਨੋਰ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ। ਪੰਜਾਬ ‘ਚ ਹੁਣ ਸੱਤਾ ਨਹੀਂ ਰਹੀ ਤਾਂ ਚੌਧਰੀ ਵੀ ਇਤੇ ਰਹਿਣ ਦੇ ਇੱਛੁਕ ਨਹੀਂ ਹਨ। ਇਸ ਲਈ ਉਹ ਹਾਰ ਦੀ ਜ਼ਿੰਮੇਵਾਰੀ ਲੈ ਰਹੇ ਹਨ।

Related posts

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਲਈ ਚੋਣ ਪ੍ਰੋਗਰਾਮ ਦਾ ਐਲਾਨ

editor

ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ ‘ਆਪ’ ਦੀ ਤਾਕਤ ਕਈ ਗੁਣਾ ਵਧੀ : ਭਗਵੰਤ ਮਾਨ

editor

ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨਾਮ ‘ਚ ਮੀਤ ਹੇਅਰ ਲਈ ਕੀਤਾ ਚੋਣ ਪ੍ਰਚਾਰ, ਭਾਰੀ ਵੋਟਾਂ ਨਾਲ ਜਿਤਾਉਣ ਲਈ ਲੋਕਾਂ ਨੂੰ ਕੀਤੀ ਅਪੀਲ

editor