Articles

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ . . . !

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਵੈਸੇ ਤਾਂ ਸੰਨ 1996 ਤੋਂ ਮੈਂ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਦੀ ਕਾਵਾਂ ਰੌਲੀ ਦੇਖਦਾ ਆ ਰਿਹਾ ਹਾਂ। ਸੱਚ ਕਹਾਂ ਤਾਂ ਇਹਨਾਂ ਕਾਲਜੀ ਪਾੜ੍ਹਿਆ ਦੀਆਂ ਵੋਟਾਂ ਨਾਲੋਂ ਮੈਨੂੰ ਸੌ ਦਰਜ਼ੇ ਵਧੀਆ ਸਰਪੰਚੀ ਦੀਆਂ ਚੋਣਾਂ ਲੱਗਦੀਆਂ ਹਨ, ਜਿੱਥੇ ਅੱਜ ਵੀ ਬਾਬੇ ਬਚਨ ਸਿਓਂ ਹੁਰਾਂ ਦੀ ਤੀਜੀ ਪੀੜੀ ਹਿੱਕ ਠੋਕ ਕੇ ਵੱਡੀ ਹਵੇਲੀ ਵਾਲੇ ਸਰਪੰਚਾਂ ਦੇ ਲਾਣੇ ਨਾਲ ਖੜੀ ਦੇਖਣ ਨੂੰ ਮਿਲਦੀ ਹੈ।

ਕੋਈ ਦੇਸੀ ਜਿਹਾ ਅਣਜਾਣ, ਕਿਸੇ ਓਪਰੇ ਪਿੰਡ ਦਾ ਬੰਦਾ ਵੀ ਪਿੰਡ ਦੀ ਜੂਹ ਵਿੱਚ ਵੜਦੇ ਸਾਰ ਇਹ ਪਤਾ ਲਗਾ ਲੈਂਦਾ ਹੈ ਕਿ ਕਿਹੜੇ ਉਮੀਵਾਰ ਦੇ ਘਰ ਚੋਣਾਂ ਦੇ ਨਤੀਜੇ ਆਉਣ ਤੇ ਪਹਿਲੇ ਤੋੜ ਦੀ ਦੇਸੀ ਲਾਹਣ ਵਰਤਾਈ ਜਾਵੇਗੀ ਅਤੇ ਸ਼ਰਾਬੀਆਂ ਦਾ ਭੂਤ ਭੰਗੜਾ ਵੇਖਣ ਨੂੰ ਮਿਲੇਗਾ…!!

ਪਿੰਡਾ ਦੀਆਂ ਚੋਣਾਂ ਦਾ ਰੁਝਾਨ ਵੇਖਣ ਲਈ ਬੀਬਾ ਅੰਜਨਾ ਓਮ ਮੋਦੀ….. ਮੁਆਫ਼ ਕਰਨਾ ਅੰਜਨਾ ਓਮ ਕਸ਼ਿਅਪ ਹੁਰਾਂ ਦੇ ਐਗ਼ਜ਼ਿਟ ਪੋਲ ਵੇਖਣ ਦੀ ਉੱਕਾ ਵੀ ਜ਼ਰੂਰਤ ਨਹੀਂ ਪੈਂਦੀ..!

ਪਰ ਮਜ਼ਾਲ ਹੈ… ਇਨ੍ਹਾਂ ਪਾੜ੍ਹਿਆਂ ਦੀਆਂ ਵੋਟਾਂ ਦੇ ਰੁਝਾਨ ਬਾਰੇ ਸਟੀਕ ਟਿੱਪਣੀ ਕਰਨਾ ਕਿਸੇ ਚੋਣ ਮਾਹਿਰ ਦੇ ਵਸ ਦੀ ਗੱਲ ਹੋਵੇ….!! ਏਥੇ ਤਾਂ ਪ੍ਰਸ਼ਾਂਤ ਕਿਸ਼ੋਰ ਵਰਗੇ ਚੋਣ ਨੀਤੀਘਾੜੇ ਵੀ ਰਾਤ ਨੂੰ ਸੈਰੀਡੌਨ ਦੀ ਗੋਲੀ ਖਾਕੇ ਸੌਂਦੇ ਦੇਖੇ ਹਨ…. ਜਿਹਦੇ ਨਾਲ ਵੀ ਗੱਲ ਕਰੋ ਇੰਝ ਜਤਾਉਂਦਾ ਹੈ ਕਿ ਵੋਟ ਛੱਡੋ ਓਹ ਤਾਂ ਆਪਣੀ ਜਿੰਦ ਜਾਨ ਤੁਹਾਡੇ ਨਾਂ ਕਰੀ ਬੈਠਾ ਹੋਵੇ… ਬਾਈ ਸਿਆਂ ਇਨ੍ਹਾਂ ਪੜੇ ਲਿਖਿਆ ਦਾ ਤਾਂ ਇਹ ਹਾਲ ਹੈ ‘ਮੂੰਹ ਮੇਂ ਰਾਮ ਰਾਮ ਬਗਲ ਮੇਂ ਬਾਹੂਬਲੀ ਕੀ ਤਲਵਾਰ’….! ਓਹੀ ਸ਼ੇਰ ਦੇ ਮੁੱਠੇ ਆਲੀ ਤਲਵਾਰ, ਜਿਹੜੀ ਕੱਟਪਾ ਨੇ ਮਹੇਸ਼ਮਤੀ ਸਾਮਰਾਜ ਦੇ ਯੁਵਰਾਜ ਦੀ ਪਿੱਠ ਵਿੱਚ ਖਬੋਈ ਸੀ…!!

ਬਾਕੀ ਛੱਡੋ ਜਦੋਂ ਟੀਚਰ ਕੌਂਸਟੀਚੁਐਂਸੀ ਦੀਆਂ ਵੋਟਾਂ ਹੁੰਦੀਆਂ ਹਨ ਉਦੋਂ ਮੁਰਲੀ ਮਹਿਕਮੇ ਦੇ ਰੰਗ ਵੇਖਣ ਵਾਲੇ ਹੁੰਦੇ ਹਨ…ਜਿਨ੍ਹਾਂ ਨੂੰ ਵੇਖ਼ ਕੇ ਗਿਰਗਿਟ ਵੀ ਸ਼ਰਮਾ ਜਾਵੇ..!! ਮੈਂ ਕਿਹਾ ਜੀ ਐਸਾ ਮਾਈਕੋ ਦਾ ਪੰਪ ਭਰਦੇ ਆ…ਉਮੀਦਵਾਰ ਆਪਣੇ ਆਪ ਨੂੰ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਹੀ ਸਮਝਣ ਲੱਗ ਪੈਂਦਾ… ਅਤੇ ਗਾਉਣ ਲੱਗ ਪੈਂਦਾ ਸਾਰੇ ਜਹਾਂ ਸੇ ਅੱਛਾ ਪੀ. ਯੂ ਕਾ ਡੈਮੋਕਰੇਟਿਕ ਸੈੱਟ ਅਪ ਹਮਾਰਾ’ ਮੈਂ ਕਿਹਾ ਜੀ ਉਸਨੂੰ ਰਾਤ ਨੂੰ ਸੁਪਨਾਂ ਵੀ ਪੀ.ਯੂ ਸਿੰਡੀਕ ਬਣੇ ਬੈਠੇ ਦਾ ਆਉਂਦਾ ਹੈ …!

ਬਾਕੀ ਬਾਈ ਜੀ ਵੋਟ ਚਾਹੇ ਜਿਸਨੂੰ ਮਰਜ਼ੀ ਪਾ ਦਿਓ ਪਰ ਇਹ ਦੇਖ਼ਕੇ ਨਾ ਪਾਇਓ ਬਈ ਯਾਰ ਸੀਨੇਟਰ ਫਲਾਣਾ ਸਿਓਂ ਨੇ ਮੈਨੂੰ ਕਈ ਵਾਰ ਡਿੰਜਲ (ਸ਼ਿਮਲੇ) ਆਲਾ ਗੈਸਟ ਹਾਊਸ ਬੁੱਕ ਕਰਾ ਕੇ ਦਿੱਤਾ…!

ਇਹ ਜ਼ਰੂਰ ਦੇਖ਼ ਲੇਓ ਬਈ ਪਾੜ੍ਹਿਆ ਦੀਆਂ ਇਹਨਾਂ ਵੋਟਾਂ ਵਿੱਚ ਉੱਚ ਦਰਜ਼ੇ ਦੀ ਪੜਾਈ ਲਿਖਾਈ ਅਤੇ ਵਿਦਿਆਰਥੀਆਂ ਦੇ ਨਾਲ ਟੀਚਰਾਂ ਦੇ ਜਮੂਹਰੀ ਅਧਿਕਾਰਾਂ ਉੱਪਰ ਕਿਹੜਾ ਉਮੀਦਵਾਰ ਪਹਿਰਾ ਦਿੰਦਾ ਆ ਰਿਹਾ ਹੈ…. ਬਾਕੀ ਜੇ ਕਮਰਾ ਕੁਮਰਾ ਬੁੱਕ ਕਰਵਾਉਣਾ ਹੋਇਆ ਤਾਂ ਓਸ ਲਈ ਤੁਸੀਂ ਮੈਨੂੰ ਵੀ ਸੰਪਰਕ ਕਰ ਲਿਓ… ਇਨ੍ਹਾਂ ਕੰਮ ਤਾਂ ਮੈਂ ਵੀ ਕਰਵਾ ਦਵਾਂਗਾ… ਆਫ਼੍ਟਰ ਆਲ ਆਈ ਐਮ ਆਲਸੋ ਕੁਆਲੀਫਾਈਡ ਇਨ ਹੌਸਪੀਟੈਲੀਟੀ ਐਂਡ ਹੋਟਲ ਮੈਨੇਜਮੈਂਟ ਫਰੋਮ ਆਸਟ੍ਰੇਲੀਆ.. ਯਾਰ !!

ਕੰਟੈਕਟ ਮੀ ਐਨੀ ਟਾਈਮ..

ਓਹ ਹਾਂ ਸੱਚ…..26 ਨੂੰ ਹੋਣ ਵਾਲੀਆਂ ਚੋਣਾਂ ਲਈ ਅੱਡੀ ਚੋਟੀ ਦਾ ਜ਼ੋਰ ਲਾਈ ਬੈਠੇ ਸਾਰੇ ਉਮੀਦਵਾਰਾਂ ਨੂੰ ਆਲ ਦੀ ਬੈਸਟ …!

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin