Articles

ਬਰਤਾਨੀਆ ਚ ਛੇਤੀਂ ਤੋ ਛੇਤੀਂ ਸੈਟਲ ਹੋਣ ਦਾ ਢੰਗ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਬਰਤਾਨੀਆ ਦੁਨੀਆ ਦਾ ਇਕ ਬੜਾ ਮਹਿੰਗਾ ਮੁਲਕ ਹੈ । ਇੱਥੋਂ ਦੇ ਬਹੁਤੇ ਸ਼ਹਿਰੀ ਹਫ਼ਤੇ ਵਿਚ ਘੱਟੋ ਘੱਟ ਪੰਜ ਦਿਨ ਕੰਮ ਜ਼ਰੂਰ ਕਰਦੇ ਹਨ ਤੇ ਹਫ਼ਤੇ ਵਿੱਚ ਸਾਢੇ 37 ਘੰਟੇ ਕੰਮ ਕਰਨਾ ਉਹਨਾਂ ਵਾਸਤੇ ਲਾਜ਼ਮੀ ਵੀ ਹੈ, ਉਂਜ ਆਪਣੀ ਮਰਜ਼ੀ ਨਾਲ ਬੇਸ਼ੱਕ ਕੋਈ ਇਸ ਤੋਂ ਜ਼ਿਆਦਾ ਘੰਟੇ ਲਗਾਵੇ ਜਾਂ ਸੱਤੇ ਦਿਨ ਓਵਰ ਟਾਈਮ ਕਰੇ । ਇਸ ਦੇ ਨਾਲ ਹੀ ਇਹ ਗੱਲ ਵੀ ਪੱਕੀ ਹੈ ਕਿ ਆਮਦਨ ਦੇ ਹਿਸਾਬ ਨਾਲ ਟੈਕਸ ਜੋ ਕਿ ਆਮ ਤੌਰ ‘ਤੇ 20-40 ਫੀਸਦੀ ਅਤੇ ਨੈਸ਼ਨਲ ਇੰਸੋਰੈਂਸ 15 ਫੀਸਦੀ ਭਾਵ ਕੁਲ ਆਮਦਨ ਦਾ 55% ਤੱਕ ਕੱਟ ਕੇ ਹਫਤਾਵਰ ਜਾਂ ਮਹੀਨਾਵਾਰ ਤਨਖ਼ਾਹ ਕੰਮਦਾਤਾ ਵੱਲੋਂ ਬੈਂਕ ਖਾਤੇ ਵਿੱਚ ਮਿਥੇ ਦਿਨ ਜਾਂ ਤਰੀਕ ਨੂੰ ਪਾ ਦਿੱਤੀ ਜਾਂਦੀ ਹੈ । ਇੱਥੋਂ ਦੀ ਸਰਕਾਰ ਨੇ ਸਿਸਟਮ ਕੁੱਜ ਇਸ ਤਰਾਂ ਦਾ ਬਣਾਇਆਂ ਹੋਇਆ ਹੈ ਕਿ ਹੇਰਾ ਫੇਰੀ ਕਰਨਾ ਕੋਈ ਅਸਾਨ ਕੰਮ ਨਹੀਂ, ਪਰ ਫੇਰ ਵੀ ਅਜਿਹਾ ਕੰਮ ਕਰਨ ਵਾਲੇ ਨਵੇਂ ਤੋਂ ਨਵੇਂ ਰਸਤੇ ਕੱਢਕੇ ਇਹ ਕੰਮ ਕਰਦੇ ਰਹਿੰਦੇ ਹਨ ਤੇ ਸੌ ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ, ਵਾਲੀ ਕਹਾਵਤ ਮੁਤਾਬਿਕ ਇਕ ਨਾ ਇਕ ਦਿਨ ਫੜੇ ਵੀ ਜਾਂਦੇ ਹਨ, ਜਿਸ ਕਾਰਨ ਹਾਥੀ ਪੂਛੋਂ ਫੜਕੇ ਪਿਛਾਂਹ ਧੂਹਣ ਵਾਲੀ ਗੱਲ ਵੀ ਹੁੰਦੀ ਆਮ ਹੀ ਦੇਖੀ ਜਾਂਦੀ ਹੈ। ਜਿਸ ਕਾਰਨ ਸਰਕਾਰਾਂ, ਹੇਰਾ ਫੇਰੀ ਕਰਨ ਵਾਲਿਆਂ ਤੋਂ ਸਾਰਾ ਕੁੱਜ ਅਗਲਾ ਪਿਛਲਾ ਹਿਸਾਬ ਕਿਤਾਬ ਵਿਆਜ ਸਮੇਤ ਵਸੂਲ ਕਰ ਲੈਂਦੀਆਂ ਹਨ ।
ਇੱਥੋਂ ਦਾ ਸਿਸਟਮ ਇਹੋ ਜਿਹਾ ਹੈ ਕਿ ਹਰ ਵਿਅਕਤੀ ਨਾ ਚਾਹੁੰਦੇ ਹੋਏ ਵੀ ਕੰਮ ਕਰਨ ਵਾਸਤੇ ਮਜਬੂਰ ਹੈ, ਮੀਂਹ ਹੋਵੇ ਜਾਂ ਹਨੇਰੀ, ਬਰਫ਼ ਪੈਂਦੀ ਹੋਵੇ ਜਾਂ ਧੁੰਦ, ਹਰ ਹਾਲਤ ਸਵੇਰੇ ਤੜਕੇ ਉਠ ਕੇ ਕੰਮ ‘ਤੇ ਜਾਣਾ ਪੈਂਦਾ ਹੈ । ਜੇਕਰ ਕੋਈ ਅਜਿਹਾ ਨਹੀਂ ਕਰੇਗਾ ਤਾਂ ਇਸ ਮੁਲਕ ਚ ਉਸ ਵਾਸਤੇ ਰਹਿਣਾ ਬੜਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਰਿਸ਼ਤੇਦਾਰ ਬਾਤ ਨਹੀਂ ਪੁੱਛਦੇ, ਉਹਨਾਂ ਦੀਆਂ ਆਪਣੀਆ ਮਜਬੂਰੀਆ ਹਨ ਜਾਂ ਫਿਰ ਇੰਜ ਕਹਿ ਲਓ ਕਿ ਉਹਨਾਂ ਨੂੰ ਆਪੋ ਆਪਣੇ ਤੋਰੀ ਫੁਲਕੇ ਦੇ ਜੁਗਾੜ ਦੀ ਫਿਕਰ ਹੁੰਦੀ ਹੈ ਤੇ ਸਰਕਾਰ ਨੂੰ ਜੇਕਰ ਕੰਮ ਨਾ ਕਰਨ ਦਾ ਕੋਈ ਠੋਸ ਬਹਾਨਾਂ ਨਾ ਦਿੱਤਾ ਜਾਵੇ ਤਾਂ ਉਹ ਉਨਾ ਚਿਰ ਵਿੱਤੀ ਮੱਦਦ ਤਾਂ ਦੂਰ ਦੀ ਗੱਲ ਹੈ, ਉੰਜ ਹੀ ਪੂਛੇ ਹੱਥ ਨਹੀਂ ਲਾਉਣ ਦੇਂਦੀ ਤੇ ਉਪਰੋਂ ਏਧਰ ਉਪਰਲੀਆਂ ਹੋਰ ਜ਼ੁੰਮੇਵਾਰੀਆਂ ਤੇ ਬਿੱਲਾਂ ਦੇ ਭੁਗਤਾਨਾਂ ਸਮੇਤ ਹਫਤਾਵਰ ਖਰਚਿਆ ਦਾ ਭੁਗਤਾਨ ਸਿਰ ‘ਤੇ ਹਥੌੜੇ ਵਾਂਗ ਵੱਜਦਾ ਰਹਿੰਦਾ ਹੈ ।
ਇਥੇ ਬੰਦਾ ਸਿਸਟਮ ਵਿੱਚ ਕਿਵੇਂ ਬੱਝਦਾ ਹੈ, ਇਸ ਦੀ ਇਕ ਤਾਜਾ ਮਿਸਾਲ ਪੇਸ਼ ਕਰਨੀ ਜ਼ਰੂਰੀ ਜਾਪਦੀ ਹੈ । ਕੁੱਜ ਸਮਾਂ ਪਹਿਲਾਂ ਪੰਜਾਬੋਂ ਵਿਆਹ ਦੇ ਅਧਾਰ ‘ਤੇ ਪੱਕੇ ਤੌਰ ‘ਤੇ ਆਇਆ ਇਕ ਨੌਜਵਾਨ ਗੁਰਦੁਆਰੇ ਮਿਲਿਆ ਜਿਸ ਨੇ ਆਪਣੇ ਬਾਰੇ ਜਾਣ ਪਹਿਚਾਣ ਕਰਾਉੰਦਿਆ, ਇਹ ਸਵਾਲ ਪੁੱਛਿਆ ਕਿ ਉਸ ਨੂੰ ਕੋਈ ਇਸ ਤਰਾਂ ਦਾ ਰਸਤਾ ਦੱਸਿਆ ਜਾਵੇ, ਜਿਸ ਨਾਲ ਉਹ ਛੇਤੀਂ ਤੋ ਛੇਤੀਂ ਇਸ ਮੁਲਕ ਵਿੱਚ ਪੂਰੀ ਤਰਾਂ ਸੈਟਲ ਹੋ ਜਾਵੇ । ਉਸ ਦਾ ਸਵਾਲ ਸੁਣਕੇ ਮੈਂ ਉਸ ਨੂੰ ਪੁੱਛਿਆ ਕਿ ਕੀ ਉਹ ਹੁਣ ਤੱਕ ਕੰਮ ‘ਤੇ ਲੱਗ ਗਿਆ ਹੈ ਕਿ ਨਹੀਂ, ਤਾਂ ਉਸ ਨੌਜਵਾਨ ਨੇ ਬਹੁਤ ਉਤਸ਼ਾਹ ਨਾਲ ਦੱਸਿਆ ਕਿ ਉਹ ਕੰਮ ‘ਤੇ ਲੱਗ ਗਿਆ ਹੈ ਤੇ ਪੈਸੇ ਵੀ ਚੰਗੇ ਕਮਾਅ ਰਿਹਾ ਹੈ ।
ਹੁਣ ਉਸ ਦੇ ਅਸਲ ਸਵਾਲ ਉੱਤਰ ਦੇਣ ਵਜੋਂ ਮੈਂ ਉਸ ਨੂੰ ਸਮਝਾਇਆ ਕਿ ਇਸ ਮੁਲਕ ਵਿੱਚ ਸੈਟਲ ਹੋਣਾ ਕੋਈ ਬਹੁਤਾ ਮੁਸ਼ਕਲ ਕੰਮ ਨਹੀਂ ਹੈ, ਬੱਸ ਲੋੜ ਹੈ ਕਿ ਸਿਸਟਮ ਦਾ ਹਿੱਸਾ ਬਣਿਆ ਜਾਵੇ । 27-28 ਸਾਲ ਦਾ ਉਹ ਨੌਜਵਾਨ ਮੇਰੀ ਗੱਲ ਬਹੁਤ ਧਿਆਨ ਤੇ ਦਿਲਚਸਪੀ ਨਾਲ ਸੁਣ ਰਿਹਾ ਸੀ । ਮੈ ਗੱਲ ਅੱਗੇ ਤੋਰੀ ਤੇ ਉਸ ਨੂੰ ਕਿਹਾ ਕਿ ਦੇਖ ਹੁਣ ਅੱਗੇ ਤੁਹਾਡੇ ਬੱਚੇ ਵੀ ਹੋਣਗੇ, ਜਿੱਥੇ ਤੇ ਜਿਹੜੇ ਰਿਸ਼ਤੇਦਾਰ ਨਾਲ ਇਸ ਸਮੇਂ ਰਹਿੰਦੇ ਹੋ, ਘਰ ਚ ਜੀਆਂ ਦੇ ਵਧਣ ਨਾਲ, ਉਹ ਘਰ ਰਹਿਣ ਵਾਸਤੇ ਛੋਟਾ ਹੋ ਜਾਵੇਗਾ, ਦੂਸਰੀ ਗੱਲ ਇੱਥੇ ਕੋਈ ਕਿਸੇ ਦਾ ਸਕਾ ਜਾਂ ਲਿਹਾਜ਼ੀ ਨਹੀਂ, ਸੋ ਇਹ ਵੀ ਹੋ ਸਕਦਾ ਹੈ ਕਿ ਰਿਸ਼ਤੇਦਾਰ ਤੁਹਾਨੂੰ ਆਪਣਾ ਵੱਖਰਾ ਬੰਦੋਬਸਤ ਕਰਨ ਵਾਸਤੇ ਕਹਿ ਦੇਣ । ਇਸ ਕਰਕੇ ਪਹਿਲਾਂ ਆਪਣੇ ਵਾਸਤੇ ਰਹਿਣ ਦਾ ਪਰਬੰਧ ਕਰੋ, ਦੋ ਚਾਰ ਲੱਖ ਦੀ ਮੌਰਟਗੇਜ/ ਕਰਜਾ ਚੁੱਕੋ ਕੇ ਘਰ ਲਓ, ਜਾਣ ਆਉਣ ਵਾਸਤੇ ਕਾਰ ਜ਼ਰੂਰੀ ਹੈ, ਕਿਸ਼ਤਾਂ ‘ਤੇ ਮਿਲ ਜਾਂਦੀ ਹੈ ਉਹ ਵੀ ਜ਼ਰੂਰ ਲਓ, ਜਦ ਘਰ ਮਿਲ ਜਾਵੇਗਾ ਤਾਂ ਫਿਰ ਉਸ ਅੰਦਰ ਲੋੜ ਮੁਤਾਬਿਕ ਫ਼ਰਨੀਚਰ ਤਾਂ ਪਾਉਣਾ ਹੀ ਪਵੇਗਾ ਤੇ ਇਸ ਦੇ ਨਾਲ ਹੀ ਬਿਜਲੀ, ਪਾਣੀ, ਗੈਸ, ਟੈਲੀਵੀਜ਼ਨ, ਇੰਟਰਨੈੱਟ ਬਰਾਡਬੈਂਡ, ਕੌਂਸਲ ਟੈਕਸ ਵਗੈਰਾ ਦੇ ਬਿੱਲ ਤਾਂ ਆਪੇ ਹੀ ਡਿਗਣੇ ਸ਼ੁਰੂ ਹੋ ਜਾਣਗੇ । ਨੌਜਵਾਨ ਨੇ ਬੜੀ ਦਿਲਚਸਪੀ ਨਾਲ ਹੁੰਗਾਰਾ ਭਰਦਿਆਂ ਪੁੱਛਿਆ, “ਫੇਰ !”
ਫੇਰ ਕੀ ? ਬੱਸ ਤੇਰੀ ਜ਼ਿੰਦਗੀ ਇਸ ਮੁਲਕ ਚ ਪੂਰੀ ਤਰਾਂ ਸੈਟਲ ਸਮਝੋ, ਮੈਂ ਉਸ ਨੂੰ ਪੈਂਦੀ ਸੱਟੇ ਮੋੜਵਾਂ ਜਵਾਬ ਦਿੱਤਾ ।”
ਉਹ ਕਿਵੇਂ, ਗੱਲ ਸਮਝ ਨਹੀਂ ਲੱਗੀ, ਨੌਜਵਾਨ ਨੇ ਪੁੱਛਿਆ ।” ਮੈ ਉਸ ਨੂੰ ਆਪਣੇ ਸੁਝਾਅ ਦਾ ਤੱਤਸਾਰ ਦੱਸਦਿਆਂ ਕਿਹਾ ਕਿ, ਦੇਖ ! ਇਸ ਵੇਲੇ ਤੁਹਾਡੀ ਉਮਰ 27-28 ਹੈ, ਘਰ ਦਾ ਕਰਜ਼ਾ ਅਗਲੇ ਪੰਝੀ ਤੀਹ ਸਾਲ ਤੱਕ ਮੋੜਨ ਵਾਸਤੇ ਮਹੀਨਾਵਾਰ ਕਿਸ਼ਤ ਪੱਕੀ ਹੋ ਜਾਵੇਗੀ ਜਿਸ ਦਾ ਭਾਵ ਹੈ ਕਿ ਉਹ ਕਰਜ਼ਾ ਸੱਠ ਸਾਲ ਦੀ ਉਮਰ ਤੱਕ ਤਿੰਨ ਚਾਰ ਗੁਣਾ ਹੋ ਕੇ ਵਾਪਸ ਮੁੜੇਗਾ । ਇਸੇ ਤਰਾਂ ਕਾਰ ਦੀਆ ਕਿਸ਼ਤਾਂ ਵੀ ਪੰਜ ਦਸ ਸਾਲ ਵਾਸਤੇ ਚੱਲਦੀਆਂ ਰਹਿਣਗੀਆਂ, ਗਰੋਸਰੀ ਦੇ ਬਿੱਲ ਸਮੇਤ ਬਾਕੀ ਦੇ ਉਕਤ ਬਿੱਲ ਤੇ ਹੋਰ ਛੁੱਟ ਫੁੱਟ ਖ਼ਰਚੇ ਵੀ ਲਗਾਤਾਰ ਚੱਲਦੇ ਰਹਿਣਗੇ, ਬੱਚੇ ਹੋ ਜਾਣ ‘ਤੇ ਉਹਨਾਂ ਦਾ ਖ਼ਰਚਾ ਵੀ ਸ਼ੁਰੂ ਹੋ ਜਾਵੇਗਾ ਤੇ ਇਸ ਸਾਰੇ ਕੁੱਜ ਦਾ ਮਤਲਬ ਸਾਫ ਹੈ ਕਿ ਤੂੰ ਹੁਣ ਇਸ ਮੁਲਕ ‘ਚੋਂ ਕਿਧਰੇ ਵੀ ਨਹੀਂ ਜਾ ਸਕੇਂਗਾ । ਦੂਜੇ ਸ਼ਬਦਾਂ ਚ ਤੂੰ ਹੁਣ ਇਸ ਮੁਲਕ ਚ ਪੂਰੀ ਤਰਾਂ ਸੈਟਲ ਹੋ ਗਿਆ, ਹੁਣ ਤੇਰੇ ਦਿਮਾਗ ਵਿੱਚ ਸਿਰਫ ਦੋ ਤਰਾਂ ਦੀਆਂ ਘੰਟੀਆਂ ਹੀ ਵੱਜਣਗੀਆਂ, ਪਹਿਲੀ, ਹਰ ਮਹੀਨੇ ਅਦਾ ਕੀਤੇ ਜਾਣ ਵਾਲੇ ਮਹੀਨਾਵਾਰ ਬਿੱਲਾਂ ਦੀ ਤੇ ਦੂਜੀ ਕੰਮ ‘ਤੇ ਜਾ ਕੇ ਵੇਲੇ ਸਿਰ ਕਲੋਕ ਇਨ ਕਰਨ ਦੀ ਤਾਂ ਕਿ ਉਕਤ ਖ਼ਰਚਿਆਂ ਦੀ ਭਰਪਾਈ ਵਾਸਤੇ ਪੈਸੇ ਦਾ ਇੰਤਜ਼ਾਮ ਕੀਤਾ ਜਾ ਸਕੇ । ਇਹਨਾਂ ਦੋ ਘੰਟੀਆਂ ਦੀ ਟੁਣਕਾਰ ਚ ਜ਼ਿੰਦਗੀ ਦੇ ਸਾਲ, ਮਹੀਨੇ ਤੇ ਮਹੀਨੇ ਹਫ਼ਤੇ ਬਣਕੇ ਸਰਪਟ ਦੋੜਨਗੇ ਤੇ ਸੱਠ ਸਾਲ ਦੀ ਉਮਰ ਤੋ ਉੱਪਰ ਕਦ ਟੱਪ ਗਏ, ਪਤਾ ਵੀ ਨਹੀਂ ਲੱਗੇਗਾ, ਸੱਠਵਿਆ ਤੋ ਬਾਅਦ ਤਾਂ ਬੰਦੇ ਵੈਸੇ ਹੀ ਕੁੱਤੇ ਫ਼ੇਲ੍ਹ ਹੋ ਜਾਂਦੇ ਹਨ, ਬੱਸ ਇਸੇ ਨੂੰ ਹੀ ਇਸ ਮੁਲਕ ਚ ਸੈਟਲ ਹੋਣਾ ਕਹਿੰਦੇ ਹਨ ।
ਉਹ ਨੌਜਵਾਨ ਮੇਰੀ ਗੱਲ ਸੁਣਕੇ ਹੱਕਾ ਬੱਕਾ ਰਹਿ ਗਿਆ ਤੇ ਡੌਰ ਭੌਰ ਹੋ ਕੇ ਮੇਰੇ ਵੱਲ ਟਿਕ ਟਿਕੀ ਲਗਾ ਕੇ ਤੱਕੀ ਜਾ ਰਿਹਾ ਸੀ ਤੇ ਮੈ ਉਸ ਨੂੰ ਕਹਿ ਰਿਹਾ ਸੀ ਹਾਂ ! ਸਾਡੇ ਲੋਕਾਂ ਨੂੰ ਵੱਡੀਆਂ ਵੱਡੀਆਂ ਡੀਂਗਾਂ ਮਾਰਨ ਦੀ ਬਹੁਤ ਬੁਰੀ ਆਦਤ ਹੈ, ਦਿਖਾਵਾ ਕਰਨਾ ਸਾਡੀ ਆਦਤ ਬਣ ਚੁੱਕੀ ਹੈ, ਪਰ ਇਸ ਮੁਲਕ ‘ਚ ਸੈਟਲ ਹੋਣ ਦਾ ਕੌੜਾ ਸੱਚ ਏਹੀ ਹੈ । ਜੋ ਇਸ ਸਿਸਟਮ ਦਾ ਹਿੱਸਾ ਬਣ ਗਿਆ, ਸਮਝੋ ਸੈਟਲ ਹੋ ਗਿਆ । ਥੋੜ੍ਹੇ ਜਿਹੇ ਸਾਲ ਇਹ ਸਿਸਟਮ ਬੜਾ ਔਖਾ ਲਗਦਾ ਹੈ, ਪਰ ਹੌਲੀ ਹੌਲੀ ਕੰਨ੍ਹ ਪੈ ਜਾਂਦੀ ਹੈ ਜਾਂ ਕਹਿ ਲਓ ਬਈ ਬੰਦਾ ਇਸ ਸਿਸਟਮ ਦੇ ਕੋਹਲੂ ਦਾ ਬਲਦ ਬਣ ਜਾਂਦਾ ਹੈ । ਇਸ ਤਰਾਂ ਦੇ ਸਿਸਟਮ ਵਿਚ ਬੱਝਾ ਹੋਇਆ ਬੰਦਾ ਆਪਣੀਆਂ ਖਾਹਿਸ਼ਾਂ ਨੂੰ ਮਾਰਕੇ ਸਿਰਫ ਜ਼ਰੂਰਤਾਂ ਮੁਤਾਬਿਕ ਜੀਊਣਾ ਸਿੱਖ ਜਾਂਦਾ ਹੈ । ਉਸ ਦੇ ਅਰਮਾਨ/ਜਜਬਾਤ ਸ਼ੁਭ ਕਾਫ਼ੂਰ ਹੋ ਜਾਂਦੇ ਹਨ । ਸਿਸਟਮ ਵਿੱਚ ਬੱਝਾ ਬੰਦਾ ਕਿਸੇ ਮਸ਼ੀਨ ਦੇ ਕਲ-ਪੁਰਜ਼ੇ ਵਰਗਾ ਹੁੰਦਾ ਹੈ ਜਿਸ ਦਾ ਕੰਟਰੋਲ ਉਸ ਦੇ ਆਪਣੇ ਹੱਥ ਨਾ ਹੋ ਕੇ ਯਾਂਤਰਿਕ ਹੁੰਦਾ ਹੈ । ਦਰਅਸਲ ਬਰਤਾਨੀਆ ਵਰਗੇ ਮੁਲਕਾਂ ਦਾ ਇਹ ਸਿਸਟਮ ਹੀ ਹੈ ਜੋ ਬੰਦਿਆਂ ਨੂੰ ਕਲ-ਪੁਰਜ਼ੇ ਬਣਾ ਦਿੰਦਾ ਹੈ ਤੇ ਉਹ ਕਲ-ਪੁਰਜ਼ੇ ਫਿਰ ਇਕ ਜਗਾ ‘ਤੇ ਫਿੱਟ ਹੋ ਕੇ ਜ਼ਿੰਦਗੀ ਭਰ ਵਿਧੀਵਤ ਚੱਲਦੇ ਰਹਿੰਦੇ ਹਨ । ਜਦ ਇਹ ਯਾਂਤਰਿਕ ਜ਼ਿੰਦਗੀ ਕਈ ਸਾਲ ਲਗਾਤਾਰ ਚਲਦੀ ਰਹਿੰਦੀ ਹੈ ਤਾਂ ਫਿਰ ਸੰਬੰਧਿਤ ਮਨੁੱਖ ਇਸ ਨੂੰ ਆਪਣੀ ਹੋਣੀ ਮੰਨਕੇ ਆਪਣਾ ਕੰਫਰਟ ਜ਼ੋਨ ਸਵੀਕਾਰ ਲੈਂਦਾ ਹੈ, ਜਿਸ ਕਾਰਨ ਅਜਿਹੀ ਬਿਰਤੀ ਵਾਲਾ ਮਨੁੱਖ ਜ਼ਿੰਦਗੀ ਜੀਊਂਦਾ ਤਾਂ ਜ਼ਰੂਰ ਹੈ, ਪਰ ਅਸਲ ਵਿੱਚ ਜ਼ਿੰਦਗੀ ਮਾਨਣ ਤੋਂ ਵਿਰਵਾ ਰਹਿ ਜਾਂਦਾ ਹੈ, ਵੱਡੇ ਮਕਾਨ, ਵਧੀਆ ਕਾਰਾਂ, ਪਹਿਰਾਵਾ, ਜਿਊਲਰੀ ਤੇ ਫ਼ਰਨੀਚਰ ਦਾ ਦਿਖਾਵਾ ਕਰਕੇ ਕਈ ਵਾਰ ਉਹ ਦਰਅਸਲ ਅਚੇਤ ਜਾਂ ਸੁਚੇਤ ਰੂਪ ਚ ਆਪਣੇ ਸਿਸਟਮ ਚ ਬੱਝੇ ਹੋਏ ਅੰਦਰਲੇ ਯਾਂਤਰਿਕ ਵਰਤਾਰੇ ਦੀ ਗੁਲਾਮੀ ਨੂੰ ਲੁਕੌਣ ਦੀ ਕੋਸ਼ਿਸ਼ ਹੀ ਕਰ ਰਿਹਾ ਹੁੰਦਾ ਹੈ ।
ਇਸ ਵਿੱਚ ਕੋਈ ਰਤਾ ਮਾਤਰ ਵੀ ਸੰਦੇਹ ਨਹੀਂ ਕਿ ਬਰਤਾਨੀਆ ਦੁਨੀਆ ਦਾ ਇਕ ਬਹੁਤ ਹੀ ਅਮੀਰ ਦੇਸ਼ ਹੈ । ਇਹਨਾ ਲੋਕਾਂ ਨੇ ਪੂਰੀ ਦੁਨੀਆ ਦੀਆ ਚੌੰਹ ਕੂੰਟਾਂ ਚ ਰਾਜ ਕੀਤਾ, ਜਿਸ ਕਰਕੇ ਇਹਨਾਂ ਦੇ ਰਾਜ ਸਮੇਂ ਇਹ ਗੱਲ ਆਮ ਹੀ ਕਹੀ ਜਾਂਦੀ ਸੀ ਕਿ ਗੋਰਿਆ ਦੇ ਰਾਜ ਚ ਸੂਰਜ ਨਹੀਂ ਸੀ ਛਿਪਦਾ । ਅੰਗਰੇਜ਼ਾਂ ਨੇ ਆਪਣੀ ਸਮਝ ਭਰੀ ਕੂਟਨੀਤੀ ਨਾਲ ਜਿੱਥੇ ਦੁਨੀਆ ਭਰ ‘ਚ ਰਾਜ ਕੀਤਾ ਉੱਥੇ ਚੰਗੀਆਂ ਤੋਂ ਚੰਗੀਆ ਨੀਤੀਆਂ ਵੀ ਬਣਾ ਕੇ ਲਾਗੂ ਕੀਤੀਆਂ । ਫ਼ਿਲਹਾਲ ਇਸ ਵਿਸ਼ੇ ‘ਤੇ ਗੱਲ ਕਦੇ ਫੇਰ ਕਰਾਂਗੇ, ਹਥਲੀ ਚਰਚਾ ਦਾ ਵਿਸ਼ਾ ਇਹ ਰਹੇਗਾ ਕਿ ਬਾਹਰਲੇ ਮੁਲਕਾਂ ਚੋਂ ਇੱਥੇ ਆ ਕੇ ਵਸਣ ਵਾਲਿਆਂ ਵਾਸਤੇ, ਇੱਥੋਂ ਦੇ ਸਿਸਟਮ ਨੂੰ ਸਮਝਣਾ ਕਿਉਂ ਤੇ ਕਿੰਨਾ ਕੁ ਜ਼ਰੂਰੀ ਹੈ ।
ਚਰਚਾ ਦੇ ਸ਼ੁਰੂ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਬਰਤਾਨੀਆ ਦੁਨੀਆ ਦੇ ਸਭ ਤੋ ਮਹਿੰਗੇ ਮੁਲਕਾਂ ਵਿੱਚੋਂ ਸਿਰਫ ਇਕ ਹੀ ਨਹੀਂ ਸਗੋਂ ਸਿਖਰਲੇ ਡੰਡੇ ਵਾਲਾ ਮੁਲਕ ਹੈ । ਲੰਡਨ ਦੇ ਬਾਰੇ ਇਹ ਗੱਲ ਆਮ ਚਲਦੀ ਹੈ ਕਿ ਜੇਕਰ ਉੱਥੇ ਰਹਿਣ ਵਾਲਿਆ ਦੇ ਘਰੇ ਵੀਕਿੰਡ ‘ਤੇ ਕੋਈ ਮਹਿਮਾਨ ਆ ਜਾਵੇ ਤਾਂ ਉਹਨਾ ਦਾ ਅਗਲੇ ਪੂਰੇ ਵੀਕ ਤੇ ਕਈ ਵਾਰ ਪੂਰੇ ਮਹੀਨੇ ਦਾ ਬਜਟ ਹੀ ਖ਼ਰਾਬ ਹੋ ਜਾਂਦਾ ਹੈ । ਕੰਮ ਕਰਨ ਵਾਲਿਆਂ ਨੂੰ ਤਨਖ਼ਾਹ, ਟੈਕਸ, ਨੈਸ਼ਨਲ ਇੰਸੋਰੈਂਸ ਤੇ ਪੈਨਸ਼ਨ ਕੰਟਰੀਬਿਊਸ਼ਨ ਕੱਟਕੇ ਕੁਲ ਕਮਾਈ ਦਾ ਅੱਧਾ ਕੁ ਹਿੱਸਾ ਮਸਾਂ ਮਿਲਦੀ ਹੈ । ਦੂਜੇ ਸ਼ਬਦਾਂ ਚ ਇੰਜ ਕਹਿ ਲਓ ਕਿ ਮੰਨ ਲਓ ਕੋਈ ਕਾਮਾ ਦਿਨ ‘ਚ ਅੱਠ ਦੱਸ ਘੰਟੇ ਕੰਮ ਕਰਕੇ 100 ਪੌਂਡ ਕਮਾਉੰਦਾ ਤਾਂ ਕੱਟ ਕਟਾ ਕੇ ਉਸ ਦੇ ਪੱਲੇ ਪੰਜਾਹ ਜਾਂ ਪੱਚਵੰਜਾ ਪੌਂਡ ਹੀ ਪੈਂਦੇ ਹਨ ਤੇ ਫਿਰ ਜੇਕਰ ਹਿਸਾਬ ਲਾਇਆ ਜਾਵੇ ਤਾਂ ਇਹ ਹੈਰਾਨੀਜਨਕ ਤੱਥ ਸਾਹਮਣੇ ਆਉਂਦਾ ਹੈ ਕਿ ਉਹਨਾਂ ਪੰਜਾਹ ਜਾਂ ਪੱਚਵੰਜਾ ਪੌਂਡਾਂ ਉੱਤੇ ਫਿਰ ਰੋਜ਼ਾਨਾ ਦੀ ਖਰੀਦਦਾਰੀ ਸਮੇਂ ਵੈਟ ਦੇ ਰੂਪ ‘ਚ ਟੈਕਸ ਲਗਾਇਆ ਜਾਂਦਾ, ਕਾਰ ਦਾ ਪੈਟਰੋਲ/ਡੀਜ਼ਲ ਭਰਨ ਲੱਗਿਆ ਸੱਤਰ ਪ੍ਰਤੀਸ਼ਤ ਟੈਕਸ ਲਗਾ ਕੇ ਕਾਮੇ ਨੂੰ ਚੂੰਡਿਆ ਜਾਂਦਾ ਹੈ । ਇਸ ਤੋ ਵੀ ਅੱਗੇ ਜੇਕਰ ਕੋਈ ਆਪਣਾ ਹੱਥ ਘੁੱਟਕੇ ਜਾਂ ਖ਼ਰਚਾ ਘੱਟ ਕਰਕੇ ਬੱਚਤ ਕਰਦਾ ਹੈ ਤਾਂ ਬੈਂਕ ਵਾਲੇ ਉਸ ਦੀ ਨੈੱਟ ਆਮਦਨ ਉੱਤੇ ਫਿਰ ਵੀਹ ਤੋ ਪੰਝੀ ਫੀਸਦੀ ਟੈਕਸ ਲਗਾ ਦਿੰਦੇ ਹਨ । ਇੱਥੇ ਹੀ ਬੱਸ ਨਹੀਂ ਬਲਕਿ ਬੱਚਤ ‘ਤੇ ਪਾਏ ਵਿਆਜ ਉੱਤੇ ਵੀ ਟੈਕਸ ਠੋਕਿਆ ਜਾਂਦਾ ਹੈ ।
ਕੌਂਸਲ ਟੈਕਸ, ਬਿਜਲੀ, ਗੈਸ ਆਦਿ ਸਭ ਜ਼ਰੂਰੀ ਵਸਤਾਂ ਦੀਆ ਕੀਮਤਾਂ ਹਰ ਸਾਲ ਚੁੱਪ ਚੁਪੀਤੇ ਹੀ ਚਾਰ ਪੰਜ ਪ੍ਰਤੀਸ਼ਤ ਵਧਾ ਦਿੱਤੀਆਂ ਜਾਂਦੀਆਂ ਹਨ । ਘਰਾਂ, ਕਾਰਾਂ ਤੇ ਹੋਰ ਵਪਾਰਕ ਕਾਰਜਾਂ ਵਾਸਤੇ ਚੁੱਕੇ ਕਰਜਿਆਂ ਉੱਤੇ ਪਹਿਲਾ ਹੀ ਮਨਮਰਜ਼ੀ ਦਾ ਵਿਆਜ ਲਗਾਇਆ ਜਾਂਦਾ ਹੈ, ਜੋ ਸਾਲ ਦਰ ਸਾਲ ਰਿਵੀਊ ਕਰਕੇ ਵਧਾਇਆ ਜਾਂਦਾ ਰਹਿੰਦਾ ਹੈ ।
ਮੁੱਕਦੀ ਗੱਲ ਇਹ ਕਿ ਇਸ ਮੁਲਕ ਵਿੱਚ ਅਸਲ ਰੂਪ ਵਿੱਚ ਕੁੱਜ ਵੀ ਮੁਫ਼ਤ ਨਹੀਂ । ਆਮ ਸੁਣਿਆ ਜਾਂਦਾ ਹੈ ਕਿ ਕਈ ਵਾਰ ਇੱਥੋਂ ਦੇ ਵਸ਼ਿੰਦੇ ਇਹ ਕਹਿੰਦੇ ਹਨ ਕਿ ਸਿਹਤ ਸਹੂਲਤਾਂ ਤੇ ਹੋਰ ਲਾਭ ਸਰਕਾਰ ਵੱਲੋਂ ਮੁਫ਼ਤ ਦਿੱਤੇ ਜਾਂਦੇ ਹਨ ਜੋ ਕਿ ਬਿਲਕੁਲ ਗਲਤ ਤੇ ਸਰਾਸਰ ਝੂਠ ਹੈ । ਦਰਅਸਲ ਨੈਸ਼ਨਲ ਇੰਸੋਰੈਂਸ ਦਾ ਸਤਾਰਾਂ ਫੀਸਦੀ ਹਰ ਕਾਮਾ ਆਪਣੀ ਹੱਡ-ਭੰਨਣੀ ਕਮਾਈ ਵਿੱਚੋਂ ਇਸੇ ਕਾਰਜ ਵਾਸਤੇ ਪੂਰੀ ਜ਼ਿੰਦਗੀ ਅਦਾ ਕਰਦਾ ਹੈ ਤਾਂ ਫਿਰ ਇਹ ਸਹੂਲਤਾਂ ਮੁਫ਼ਤ ਕਿਵੇਂ ਹੋਈਆ ।
ਪੁਲਿਸ, ਐੰਬੂਲੈਂਸ, ਫ਼ਾਇਰ ਬਿਰਗੇਡ ਤੇ ਸਾਫ ਸਫਾਈ ਵਾਸਤੇ ਹਰ ਸਾਲ ਕੌਂਸਲ ਟੈਕਸ ਦਾ ਬਿਲ ਅਦਾ ਕਰਨਾ ਪੈਂਦਾ ਹੈ ਜਿਸ ਤੋਂ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਇੱਥੋਂ ਦੇ ਵਾਸੀਆਂ ਨੂੰ ਆਪਣੇ ਘਰਾਂ ਦੀਆ ਟਾਇਲਟਸ ਵਰਤਣ ਵਾਸਤੇ ਵੀ ਕੀਮਤ ਅਦਾ ਕਰਨੀ ਪੈਂਦੀ ਹੈ ।
ਜੋ ਲੋਕ ਆਪੋ ਆਪਣੇ ਕੰਮ-ਕਾਰ ਕਰਦੇ ਹਨ, ਉਹਨਾਂ ਨੂੰ ਵੀ ਉਕਤ ਪ੍ਰਕਾਰ ਦੀਆ ਪਾਬੰਦੀਆ ਤੇ ਦੁਸ਼ਵਾਰੀਆਂ ਵਿੱਚੋਂ ਗੁਜਰ ਕੇ ਹੀ ਜ਼ਿੰਦਗੀ ਜੀਉਣੀ ਪੈਂਦੀ ਹੈ । ਅੱਜ ਦੇ ਜ਼ਮਾਨੇ ਚ ਕਿਸੇ ਨਵੇਂ ਵਾਸਤੇ ਇਸ ਮੁਲਕ ਵਿੱਚ ਆ ਕੇ ਸੈਟਲ ਹੋਣਾ ਉਨਾ ਚਿਰ ਸੰਭਵ ਨਹੀਂ ਜਿੰਨਾ ਚਿਰ ਉਸਦੀ ਚੰਗੀ ਸਾਂਭ ਸੰਭਾਲ਼ ਕਰਨ ਵਾਲਾ ਉਸਦਾ ਕੋਈ ਵੈੱਲ ਸੈਟਲਡ ਰਿਸ਼ਤੇਦਾਰ ਇਸ ਮੁਲਕ ‘ਚ ਨਹੀਂ ।
ਇਸ ਦੇ ਨਾਲ ਹੀ ਇਹ ਗੱਲ ਵੀ ਜ਼ਰੂਰ ਦੱਸਣੀ ਚਾਹਾਂਗਾ ਕਿ ਪੜ੍ਹੇ ਲਿਖੇ ਹੋਣਾ ਤੇ ਕਿਸ ਕਿੱਤੇ ‘ਚ ਮਾਹਿਰ ਹੋਣਾ ਦੋ ਅਲੱਗ ਅਲੱਗ ਪਹਿਲੂ ਹਨ । ਇੱਥੇ ਸਕਿਲ ਦੀ ਕਦਰ ਹੈ । ਜੇਕਰ ਕਿਸੇ ਨਵੇਂ ਆਏ ਕੋਲ ਸਕਿਲ ਹੈ ਤਾਂ ਉਸ ਨੂੰ ਕੰਮ ਜਲਦੀ ਮਿਲ ਜਾਵੇਗਾ । ਜੇਕਰ ਕੋਈ ਬੀ ਏ ਜਾਂ ਐਮ ਏ ਪਾਸ ਹੈ ਤੇ ਬੇਸ਼ੱਕ ਉਸ ਨੇ ਪੀਐਚ ਡੀ ਵੀ ਕੀਤੀ ਹੋਈ ਹੈ ਤੇ ਜੇਕਰ ਤਜਰਬਾ ਜਾਂ ਕੋਈ ਸਕਿਲ ਉਸ ਦੇ ਕੋਲ ਨਹੀਂ ਹੈ ਤਾਂ ਧੱਕੇ ਖਾਣ ਲਈ ਮਜਬੂਰ ਹੋਵੇਗਾ । ਸਕਿਲ ਤੇ ਤਜਰਬਾ ਇਸ ਮੁਲਕ ਵਿੱਚ ਦੋ ਸਭ ਤੋ ਵੱਡੀਆਂ ਡਿਗਰੀਆਂ ਹਨ ।
ਅਗਲੀ ਗੱਲ ਇਹ ਕਿ ਕਾਰ ਤੋ ਬਿਨਾ ਇਸ ਮੁਲਕ ਵਿੱਚ ਕੋਈ ਵੀ ਬੰਦਾ ਅਪਾਹਜ ਹੀ ਮੰਨਿਆ ਜਾਂਦਾ ਹੈ । ਕਾਰ ਦਾ ਡਰਾਇਵਿੰਗ ਲਾਇਸੰਸ ਲੈਣਾ ਬਰਤਾਨੀਆ ‘ਚ ਕਿਸੇ ਵੀ ਤਰਾਂ ਗਰੈਜੂਏਸ਼ਨ ਦੀ ਜਿਗਰੀ ਪ੍ਰਾਪਤ ਕਰਨ ਨਾਲ਼ੋਂ ਘੱਟ ਨਹੀਂ । ਲਾਇਸੰਸ ਪ੍ਰਾਪਤ ਕਰਨ ਵਾਸਤੇ ਪਹਿਲਾ ਲਰਨਿੰਗ ਲੈਸਨ ਤੇ ਫਿਰ ਪ੍ਰੈਕਟੀਕਲ ਟਰੇਨਿੰਗ ਤੋ ਬਾਦ ਟੈਸਟ ਦੇਣਾ ਹੁੰਦਾ ਹੈ ਜਿਸ ‘ਤੇ ਹਜ਼ਾਰਾਂ ਪੌਂਡਾਂ ਦਾ ਖ਼ਰਚਾ ਆਉਂਦਾ ਹੈ । ਇਸ ਟੈਸਟ ਨੂੰ ਪਾਸ ਕਰਨ ਉਪਰੰਤ ਟਰਾਂਸਪੋਰਟ ਮਹਿਕਮੇ ਧੜLੳ ਵਲੋ ਲਾਇਸੰਸ ਜਾਰੀ ਕਰ ਦਿੱਤਾ ਜਾਂਦਾ ਹੈ । ਲਾਇਸੰਸ ਪਰਾਪਤ ਕਰਨ ਤੋ ਬਾਦ ਕਾਰ, ਕਾਰ ਦੀ ਇੰਸੋਰੈਂਸ, ਤੇਲ ਪਾਣੀ ਤੇ ਸਮੇਂ ਸਮੇਂ ਉਸ ਦੀ ਸਰਵਿਸ ਆਦਿ ਦੇ ਖ਼ਰਚੇ ਸ਼ੁਰੂ ਹੋ ਜਾਂਦੇ ਹਨ । ਕਹਿਣ ਦਾ ਭਾਵ ਇਹ ਕਿ ਡਰਾਇਵਿੰਗ ਲਾਇਸੰਸ ਪ੍ਰਾਪਤ ਕਰਨ ਤੋ ਬਾਦ ਖ਼ਰਚੇ ਘਟਦੇ ਨਹੀਂ ਸਗੋਂ ਵਧ ਜਾਂਦੇ ਹਨ ।
ਸੋ ਮੁੱਕਦੀ ਗੱਲ ਇਹ ਕਿ ਇਸ ਮੁਲਕ ਵਿਚ ਸੈਟਲ ਹੋਣ ਇੱਕੀਵੀ ਸਦੀ ‘ਚ ਜੇਕਰ ਅਸੰਭਵ ਨਹੀਂ ਤਾਂ ਬਹੁਤ ਮੁਸ਼ਕਲ ਜ਼ਰੂਰ ਹੈ । ਏਹੀ ਵੱਡਾ ਕਾਰਨ ਹੈ ਕਿ ਮੀਆਂ ਬੀਵੀ ਸਮੇਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਇਥੇ ਆਪਣੇ ਬਹੁਤ ਸਾਰੇ ਅਰਮਾਨਾ ਦਾ ਘਾਤ ਕਰਕੇ ਕੰਮ ਕਰਨਾ ਪੈਂਦਾ ਹੈ, ਘਰਾਂ ਚ ਕੋਈ ਨੌਕਰ ਚਾਕਰ ਨਹੀਂ ਰੱਖਦਾ, ਵਾਹ ਲਗਦੀ ਨੂੰ ਘਰੈਲੂ ਕੰਮਾਂ ਸਮੇਤ ਛੋਟੀ ਮੋਟੀ ਮੁਰੰਮਤ ਆਦਿ ਵੀ ਆਪ ਹੀ ਕਰਨੇ ਪੈਂਦੇ ਹਨ ।
ਇਸ ਲੜੀਵਾਰ ਲੇਖ ਰਾਹੀਂ ਸਿਰਫ ਓਪਰੀ ਝਲਕ ਪੇਸ਼ ਕੀਤੀ ਹੈ, ਗਹਿਰਾਈ ਚ ਜਾ ਦੇਖਿਆ ਜਾਵੇ ਤਾਂ ਬਹੁਤ ਸਾਰੇ ਹੋਰ ਵੀ ਅਜਿਹੇ ਪਹਿਲੂ ਹਨ, ਜਿਹਨਾ ਬਾਰੇ ਇਸ ਮੁਲਕ ‘ਚ ਵਸਣ ਦੇ ਮਕਸਦ ਨਾਲ ਆਏ ਕਿਸੇ ਵੀ ਨਵੇਂ ਵਿਅਕਤੀ ਨੂੰ ਜਾਣਕਾਰੀ ਹੋਣਾ ਲਾਜਮੀ ਹੈ, ਨਹੀਂ ਤਾਂ ਉਸ ਦੀ ਜ਼ਿੰਦਗੀ ਮੰਝਧਾਰ ਵਿੱਚ ਫਸਕੇ ਰਹਿ ਜਾਵੇਗੀ ਤੇ ਉਹ ਨਾ ਏਧਰਲਾ ਤੇ ਨਾ ੳਧਰਲਾ ਰਹੇਗਾ । ਫਰਸਟਰੇਸ਼ਨ ਕਾਰਨ ਉਸਦੀ ਮਾਨਸਿਕਤਾ ਬੁਰੀ ਤਰਾਂ ਪਰਭਾਵਤ ਹੋਵੇਗੀ ਜਿਸ ਦੇ ਨਤੀਜੇ ਕਦੇ ਵੀ ਚੰਗੇ ਨਹੀਂ ਹੋਣਗੇ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin