India

ਬਿਲਕਿਸ ਬਾਨੋ ਦੇ ਗੁਨਾਹਗਾਰਾਂ ਦੀ ਰਿਹਾਈ, ਦੇਸ਼ ਦੇ ਮੱਥੇ ’ਤੇ ਬਦਨੁਮਾ ਦਾਗ

ਗੁਜਰਾਤ – ਇਕ ਔਰਤ ਹੋਣ ਦੇ ਨਾਤੇ ਮੈਨੂੰ ਪਹਿਲਾਂ-ਪਹਿਲ ਬਲਾਤਕਾਰ ਦਾ ਮਤਲਬ ਨਹੀਂ ਸੀ ਪਤਾ। ਜਦੋਂ ਮੈਂ 12ਵੀਂ ’ਚ ਆਰਟਸ ਦੇ ਵਿਸ਼ੇ ਲਏ ਤਾਂ ਰਾਜਨੀਤੀ ਸ਼ਾਸਤਰ ਦੇ ਸਾਡੇ ਅਧਿਆਪਕ ਨੇ ਸਾਨੂੰ ਬਲਾਤਕਾਰ ਬਾਰੇ ਡੂੰਘਾਈ ਨਾਲ ਦੱਸਿਆ। ਸੱਚ ਜਾਣਿਓ, ਮੈਂ ਸਾਰਾ ਦਿਨ ਤੇ ਰਾਤ ਨੂੰ ਵੀ ਇਹੀ ਸੋਚਦੀ ਰਹੀ ਕਿ ਕੀ ਸਾਡੇ ਸਮਾਜ ਵਿਚ ਵਿਚਰਦੇ ਮਰਦ ਔਰਤਾਂ ਨਾਲ ਇਸ ਤਰ੍ਹਾਂ ਦਾ ਘਿਨਾਉਣਾ ਕੰਮ ਕਰ ਸਕਦੇ ਹਨ। ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇਸ ਤਰ੍ਹਾਂ ਦਾ ਕੁਝ ਸਾਡੇ ਆਲੇ-ਦੁਆਲੇ ਵਾਪਰ ਰਿਹਾ ਹੈ। ਆਲਾ-ਦੁਆਲਾ ਤਾਂ ਛੱਡੋ, ਘਰਾਂ ਵਿਚ ਵੀ ਔਰਤਾਂ ਮਹਿਫੂਜ਼ ਨਹੀਂ ਹਨ। ਫਿਰ ਉਸ ਤੋਂ ਬਾਅਦ ਇਹੋ ਜਿਹੀਆਂ ਖ਼ਬਰਾਂ ਨੂੰ ਪੜ੍ਹਨਾ-ਸੁਣਨਾ ਆਮ ਹੋ ਗਿਆ ਸੀ। ਨਿਰਭੈਆ ਬਲਾਤਕਾਰ ਮਾਮਲੇ ਨੇ ਤਾਂ ਸਾਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਸੀ। ਜਦੋਂ ਵੀ ਕਿਸੇ ਔਰਤ ਨਾਲ ਬਲਾਤਕਾਰ ਹੁੰਦਾ ਹੈ ਤਾਂ ਮੇਰੇ ਤੇ ਮੇਰੇ ਵਰਗੀਆਂ ਦੇ ਦਿਲੋ-ਦਿਮਾਗ ਵਿਚ ਕਈ ਤਰ੍ਹਾਂ ਦੇ ਸਵਾਲ, ਡਰ ਪੈਦਾ ਹੋ ਜਾਂਦੇ ਹਨ ਕਿਉਂਕਿ ਅਸੀਂ ਆਪਣੇ ਘਰਾਂ, ਮਾਪਿਆਂ ਤੋਂ ਦੂਰ ਰਹਿ ਕੇ ਨੌਕਰੀਆਂ ਕਰ ਰਹੀਆਂ ਹਾਂ, ਪੜ੍ਹਾਈ ਕਰ ਰਹੀਆਂ ਹਾਂ। ਕਦਮ-ਕਦਮ ’ਤੇ ਸਾਨੂੰ ਇੰਜ ਮਹਿਸੂਸ ਹੁੰਦਾ ਹੈ ਕਿ ਪਤਾ ਨਹੀਂ ਕਦੋਂ ਕੀ ਹੋ ਜਾਵੇ। ਗ਼ਲਤੀ ਕੁੜੀ ਦੀ ਹੀ ਕੱਢੀ ਜਾਂਦੀ ਹੈ। ਬਲਾਤਕਾਰੀਆਂ ਬਾਰੇ ਤਾਂ ਇਕ ਸ਼ਬਦ ਵੀ ਨਹੀਂ ਬੋਲਿਆ ਜਾਂਦਾ। ਸਾਡੇ ਵਰਗੀਆਂ ਕੁੜੀਆਂ ਦਾ ਸਹਾਰਾ ਹੁੰਦਾ ਹੈ ਕਾਨੂੰਨ। ਤ੍ਰਾਸਦੀ ਇਹ ਹੈ ਕਿ ਸਾਡਾ ਇਹੀ ਕਾਨੂੰਨ ਬਲਾਤਕਾਰ ਦੇ ਦੋਸ਼ੀਆਂ ਨੂੰ ਰਿਹਾਅ ਕਰ ਦਿੰਦਾ ਹੈ। ਬਿਲਕਿਸ ਬਾਨੋ ਦਾ ਮਾਮਲਾ ਹੁਣ ਫਿਰ ਸੁਰਖੀਆਂ ਵਿਚ ਹੈ। ਸੰਨ 2002 ਵਿਚ ਜਦੋਂ ਗੁਜਰਾਤ ਦੇ ਗੋਧਰਾ ਕਾਂਡ ਦੌਰਾਨ ਦੰਗੇ ਹੋਏ ਸਨ, ਉਦੋਂ 11 ਬੰਦਿਆਂ ਵੱਲੋਂ ਬਿਲਕਿਸ ਬਾਨੋ ਦੇ ਪਰਿਵਾਰ ਦੇ 7 ਜੀਆਂ ਨੂੰ ਮਾਰ ਦਿੱਤਾ ਗਿਆ ਸੀ ਅਤੇ ਉਸ ਨਾਲ ਬਲਾਤਕਾਰ ਕੀਤਾ ਗਿਆ। ਸੰਨ 2008 ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਇਨ੍ਹਾਂ 11 ਮੁਲਜ਼ਮਾਂ ਨੂੰ ਦੋਸ਼ੀ ਮੰਨਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਇਸ ਵਰ੍ਹੇ 15 ਅਗਸਤ ਨੂੰ ਮਾਫ਼ੀ ਦੀ ਨੀਤੀ ਤਹਿਤ ਗੁਜਰਾਤ ਸਰਕਾਰ ਨੇ ਇਨ੍ਹਾਂ 11 ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਹੈ। ਇਸ ਤੋਂ ਬਾਅਦ ਮੁਲਕ ਦੀ ਹਰ ਔਰਤ ਦੇ ਜ਼ਿਹਨ ਵਿਚ ਸਵਾਲ ਹੈ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਲਾਲ ਕਿਲੇ੍ਹ ’ਤੇ ਖੜੇ੍ਹ ਹੋ ਕੇ ਔਰਤਾਂ ਦੀ ਇੱਜ਼ਤ ਕਰਨ ਦੀ ਗੱਲ ਕਹਿ ਰਹੇ ਸਨ ਤੇ ਓਧਰ ਗੁਜਰਾਤ ਦੀ ਸਰਕਾਰ ਬਿਲਕਿਸ ਬਾਨੋ ਨਾਲ ਬਲਾਤਕਾਰ ਕਰਨ ਵਾਲੇ 11 ਦੋਸ਼ੀਆਂ ਨੂੰ ਰਿਹਾਅ ਕਰਨ ਦੀ ਤਿਆਰੀ ਕਰ ਰਹੀ ਸੀ। ਗੁਜਰਾਤ ਸਰਕਾਰ ਦੇ ਇਸ ਫ਼ੈਸਲੇ ਕਾਰਨ ਹਰ ਔਰਤ ਇਹ ਮਹਿਸੂਸ ਕਰ ਰਹੀ ਹੈ ਕਿ ਭਾਰਤ ਵਿਚ ਉਸ ਨੂੰ ਕੋਈ ਨਿਆਂ ਨਹੀਂ ਮਿਲਣਾ। ਔਰਤਾਂ ਕਿੰਨੀਆਂ ਮਹਿਫੂਜ਼ ਹਨ, ਇਸ ਬਾਰੇ ਕੋਈ ਨੇਤਾ ਗੱਲ ਨਹੀਂ ਕਰ ਰਿਹਾ। ਮੇਰੇ ਖ਼ਿਆਲ ਨਾਲ ਬਲਾਤਕਾਰੀਆਂ ਲਈ ਕੋਈ ਮਾਫ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੂੰ ਮਾਫ਼ੀ ਦੇਣ ਦਾ ਹੱਕ ਸਿਰਫ਼ ਸਬੰਧਤ ਪੀੜਤਾ ਕੋਲ ਹੋਣਾ ਚਾਹੀਦਾ ਹੈ।

Related posts

ਕਾਂਗਰਸ ਨੇ ਜੇਪੀ ਨੱਡਾ ਅਤੇ ਅਮਿਤ ਮਾਲਵੀਆ ਖ਼ਿਲਾਫ਼ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ

editor

ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣ ਲੜ ਰਹੇ ਹਨ ਸਪਾ ਅਤੇ ਕਾਂਗਰਸ : ਮੋਦੀ

editor

ਪ੍ਰਧਾਨ ਮੰਤਰੀ ਮੋਦੀ ਤੀਜੇ ਗੇੜ ਤੋਂ ਬਾਅਦ 400 ਸੀਟਾਂ ਦੇ ਅੰਕੜੇ ਵੱਲ ਵਧਣਗੇ: ਅਮਿਤ ਸ਼ਾਹ

editor