Articles

ਰਾਜਨੇਤਾ, ਰਾਜਨੀਤੀ ਤੇ ਮੈਨੀਫੈਸਟੋ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਅੱਜ ਗੱਲ ਕਰਦੇ ਹਾਂ ਰਾਜਨੀਤੀ, ਰਾਜ ਨੇਤਾ ਤੇ ਚੋਣ ਮੈਨੀਫੈਸਟੋ ਦੀ । ਰਾਜਨੀਤੀ, ਕਿਸੇ ਪ੍ਰਭੂਸੱਤਾ ਸੰਪੰਨ ਰਾਜ ਵਿੱਚ ਵਸਦੇ ਲੋਕਾਂ ਦੇ ਹਿੱਤਾਂ ਨਾਲ ਸੰਬੰਧਿਤ ਨੀਤੀਆਂ ਘੜਨ ਤੇ ਉਹਨਾਂ ਨੂੰ ਲਾਗੂ ਕਰਕੇ ਰਾਜ ਦੇ ਲੋਕਾਂ ਦੇ ਜੀਵਨ ਚ ਸੁਧਾਰ ਲਿਆ ਕੇ ਉਹਨਾਂ ਨੂੰ ਸੁੱਖਮਈ ਸਹੂਲਤ ਪਹੁੰਚਾਉਣ ਦਾ ਦੂਜਾ ਨਾਮ ਹੈ । ਰਾਜਨੇਤਾ, ਉਕਤ ਨੀਤੀਆ ਨੂੰ ਘੜਨ ਚ ਅਹਿਮ ਰੋਲ ਅਦਾ ਕਰਦੇ ਹਨ । ਇਹਨਾਂ ਦੇ ਬਿਨਾਂ ਰਾਜਨੀਤੀ ਦੀ ਹੋਂਦ ਹਸਤੀ ਤਸੱਵਰ ਕਰਨਾ ਵੀ ਅਸੰਭਵ ਹੈ । ਸੋ ਸਧਾਰਨ ਸ਼ਬਦਾਂ ਚ ਇੰਜ ਕਹਿ ਸਕਦੇ ਹਾਂ ਕਿ ਰਾਜਨੀਤੀ ਤੇ ਰਾਜਨੇਤਾ ਦੋਹਾਂ ਦਾ ਦਾ ਆਪਸ ਵਿੱਚ ਚੋਲੀ ਦਾਮਨ ਜਾਂ ਨੰਹੁ ਮਾਸ ਦਾ ਅਨਿੱਖੜਵਾਂ ਰਿਸ਼ਤਾ ਹੁੰਦਾ ਹੈ ।ਇਸ ਨੂੰ ਜੇਕਰ ਇੰਜ ਕਹਿ ਲਿਆ ਜਾਵੇ ਤਾਂ ਵਧੇਰੇ ਢੁੱਕਵਾਂ ਹੋਵੇਗਾ ਕਿ ਕਿਸੇ ਰਾਜ ਦੇ ਸੁਲਝੇ ਹੋਏ ਰਾਜ ਨੇਤਾ, ਉਸ ਰਾਜ ਦੀ ਉੱਤਮ ਰਾਜਨੀਤੀ ਘੜ ਕੇ ਤੇ ਉਸ ਨੂੰ ਪੂਰੀ ਤਰਾਂ ਲਾਗੂ ਕਰਕੇ ਸੰਬੰਧਿਤ ਰਾਜ ਦੀ ਖ਼ੁਸ਼ਹਾਲੀ ਦੇ ਜ਼ਾਮਨ ਹੋ ਸਕਦੇ ਹਨ, ਤਕਦੀਰ ਤੇ ਤਦਵੀਰ ਬਦਲ ਸਕਦੇ ਹਨ ਜਦ ਕਿ ਸਵਾਰਥੀ, ਨਾ ਸਮਝ ਤੇ ਨਾਲਾਇਕ ਰਾਜਨੇਤਾ ਉਸ ਰਾਜ ਦੀ ਬਰਬਾਦੀ, ਕੰਗਾਲੀ ਤੇ ਗ਼ੁਰਬਤ ਦਾ ਮੁੱਖ ਕਾਰਨ ਵੀ ਹੋ ਸਕਦੇ ਹਨ ।
ਲੋਕ-ਤੰਤਰ ਵਿੱਚ ਰਾਜਨੇਤਾਵਾਂ ਦੀ ਚੋਣ ਲੋਕ ਆਪਣੀ ਵੋਟ ਤਾਕਤ ਨਾਲ ਕਰਦੇ ਹਨ । ਆਮ ਹਾਲਤਾਂ ਚ ਹਰ ਪੰਜ ਸਾਲ ਬਾਅਦ ਕੇ ਕਈ ਵਾਰ ਪੰਜ ਸਾਲ ਤੋ ਪਹਿਲਾਂ ਵੀ ਲੋਕਾਂ ਨੂੰ ਵੋਟ ਤਾਕਤ ਵਰਤਣ ਦਾ ਮੌਕਾ ਦਿੱਤਾ ਜਾਂਦਾ ਹੈ । ਵੋਟ ਤਾਕਤ ਦਰਅਸਲ ਲੋਕਾਂ ਦੇ ਹੱਥ ਚ ਇਕ ਉਹ ਤਾਕਤਵਰ ਮਿਜਾਇਲ ਹੈ ਜੋ ਜੇਕਰ ਸਹੀ ਨਿਸ਼ਾਨੇ ‘ਤੇ ਸੁੱਟੀ ਜਾਵੇ ਤਾਂ ਮਿਸ਼ਨ ਫ਼ਤਿਹ ਕਰਦੀ ਹੈ ਕੇ ਜੇਕਰ ਬਿਨਾ ਸੋਚੇ ਸਮਝੇ ਲਾਈਲੱਗ, ਫਿਰਕੂ ਜਾਂ ਧੜੇਬੰਦਕ ਬਿਰਤੀ ਨਾਲ ਦਾਗ ਦਿੱਤੀ ਜਾਵੇ ਤਾਂ ਤਬਾਹੀ ਦਾ ਮੰਜਰ ਪੈਦਾ ਕਰਦੀ ਹੈ ।
ਰਾਜਨੀਤੀ ਚ ਵੱਖ ਵੱਖ ਸਿਆਸੀ ਪਾਰਟੀਆਂ ਮੈਨੀਫੈਸਟੋ ਦੇ ਰੂਪ ਚ ਆਪੋ ਆਪਣੇ ਲੋਕ ਭਲਾਈ ਏਜੰਡੇ ਲੋਕਾਂ ਅੱਗੇ ਪੇਸ਼ ਕਰਕੇ ਆਪੋ ਆਪਣੇ ਹੱਕ ਚ ਵੋਟਾਂ ਪਾਉਣ ਦੀ ਲੋਕਾਂ ਨੂੰ ਅਪੀਲ ਕਰਦੀਆਂ ਹਨ, ਪਰ ਬਾਅਦ ਚ ਹੁੰਦਾ ਇਹ ਹੈ ਕਿ ਜੋ ਪਾਰਟੀ ਬਹੁਮਤ ਨਾਲ ਜਿੱਤ ਜਾਂਦੀ ਹੈ, ਉਹ ਮੈਨੀਫੈਸਚੋ ਚ ਕੀਤੇ ਵਾਅਦਿਆ ਨੂੰ ਪਿੱਛੇ ਸੁੱਟਕੇ ਮਨਮਾਨੀ ਦਾ ਰਵੱਈਆ ਅਖਤਿਆਰ ਕਰਕੇ ਲੋਕ-ਤੰਤਰ ਸਰਕਾਰ ਦੇ ਓਹਲੇ ਹੇਠ ਤਾਨਾਸ਼ਾਹੀ ਕਰਨ ਲੱਗ ਪੈਂਦੀ ਹੈ , ਜਦ ਲੋਕ ਵੋਟਾਂ ਤੋਂ ਪਹਿਲਾ ਕੀਤੇ ਵਾਅਦੇ ਯਾਦ ਕਰਾਉਣ ਲਈ ਧਰਨੇ ਤੇ ਮੁਜ਼ਾਹਰੇ ਹੜਤਾਲ਼ਾਂ ਕਰਕੇ ਅਵਾਜ ਬੁਲੰਦ ਕਰਦੇ ਹਨ ਤਾਂ ਉਹਨਾ ਨੂੰ ਗਿੱਦੜ ਕੁੱਟ ਨਾਲ ਚੁੱਪ ਕਰਾਉਣ ਦੀ ਨੀਤੀ ਧਾਰਨ ਕਰ ਲਈ ਜਾਂਦੀ ਹੈ ਤੇ ਇਹ ਸਿਲਸਿਲਾ ਅਗਲੇ ਸਾਢੇ ਕੁ ਚਾਰ ਸਾਲ ਤੱਕ ਚੱਲਦਾ ਰਹਿੰਦਾ ਹੈ ਜੋ ਕਿ ਅਗਲੀਆਂ ਚੋਣਾਂ ਦੇ ਨਜ਼ਦੀਕ ਆਉਣ ‘ਤੇ ਲੋਕਾਂ ਨੂੰ ਦੁਬਾਰਾ ਇਕ ਵਾਰ ਉੱਲੂ ਬਣਾਉਣ ਲਈ, ਮਨ ਲੁਭਾਉਣੇ ਐਲਾਨਾਂ ਚ ਬਦਲ ਜਾਂਦਾ ਹੈ ਤੇ ਇਕ ਹੋਰ ਫਿਕਰਾ ਜੋੜ ਦਿੱਤਾ ਜਾਂਦਾ ਹੈ ਕਿ “ਅਗਲੀਵਾਰ ਸਾਡੀ ਸਰਕਾਰ ਆਉਣ ‘ਤੇ ਪਹਿਲੇ ਰਹਿੰਦੇ ਵਾਅਦਿਆ ਸਮੇਤ ਨਵੇਂ ਕੀਤੇ ਗਏ ਹੋਰ ਸਾਰੇ ਵਾਅਦੇ ਵੀ ਪੂਰੇ ਕੀਤੇ ਜਾਣਗੇ ।”
ਇਹ ਸਿਲਸਿਲਾ ਪੰਜਾਬ ਚ ਬਹੁਤ ਦੇਰ ਬਦਸਤੂਰ ਚੱਲਦਾ ਰਿਹਾ ਤੇ ਇਸ ਨੂੰ ਕਾਰਗਾਰ ਤਰੀਕੇ ਨੇ ਠੱਲ੍ਹ ਪਾਉਣ ਚ ਜੇਕਰ ਕਿਸੇ ਮੀਡੀਏ ਨੇ ਯੋਗਦਾਨ ਪਾਇਆ ਹੈ ਤਾਂ ਉਹ ਹੈ ਸਿਰਫ ਸ਼ੋਸ਼ਲ ਮੀਡੀਆ । ਇਸ ਮੀਡੀਏ ਨੇ ਨੇਤਾਵਾਂ ਦੇ ਐਲਾਨਾਂ, ਬਿਆਨਾਂ, ਮੈਨੀਫੈਸਟੋਜ ਤੇ ਵਾਅਦਿਆ ਦੀ ਪਿੱਛੇ ਇਕ ਦਹਾਕੇ ਤੋਂ ਜੋ ਪੋਲ ਖੋਹਲੀ, ਉਸ ਨੇ ਲੋਕਾਂ ਦੀਆ ਅੱਖਾਂ ਹੀ ਨਹੀਂ ਖੋਹਲੀਆਂ ਬਲਕਿ ਇਕ ਕਰਾਂਤੀਕਾਰੀ ਜਾਗ੍ਰਿਤੀ ਵੀ ਲਿਆਂਦੀ, ਜਿਸ ਨਾਲ ਉਹਨਾ ਨੂੰ ਚੰਗੇ ਮਾੜੇ ਨੇਤਾਵਾਂ ਦੀ ਪਹਿਚਾਣ ਕਰਨ ਦੀ ਸਹੂਲਤ ਮਿਲੀ ਤੇ ਲਕੀਰ ਦੇ ਫ਼ਕੀਰ ਬਣਕੇ ਤੁਰਨ ਦੀ ਬਜਾਏ ਨਵੀਆ ਲੀਹਾਂ ਸਥਾਪਤ ਕਰਨ ਤੇ ਉਹਨਾਂ ‘ਤੇ ਚੱਲਣ ਦੀ ਸੋਝੀ ਵੀ ਮਿਲੀ ਜਿਸ ਨਾਲ ਰਾਜਨੀਤੀ ਚ ਸਿਆਸੀ ਬਦਲੇ ਤੇ ਬਦਲਾਖੋਰੀ ਦੀ ਬਜਾਏ ਬਦਲਾਵ ਦੀਆ ਸੰਭਾਵਨਾਵਾਂ ਪੈਦਾ ਹੋਈਆ ।
ਪਤੇ ਦੀ ਗੱਲ ਇਹ ਹੈ ਕਿ ਪਹਿਲਾ ਜੋ ਰਾਜਨੇਤਾ ਇਕ ਦੂਜੇ ਨੂੰ ਨਿੰਦਕੇ, ਇਕ ਦੂਜੇ ਦੀ ਬੁਰਾਈ ਕਰਕੇ, ਸੌਕਣਾਂ ਵਾਂਗ ਮੋਹਣੇ ਮੇਹਣੀ ਹੋ ਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਚ ਸਫਲ ਹੋ ਜਾਂਦੇ ਸਨ,ਸ਼ੋਸ਼ਲ ਮੀਡੀਏ ਦੀ ਚੇਤਨਾ ਕਾਰਨ ਫ਼ੇਲ੍ਹ ਹੋਣੇ ਸ਼ੁਰੂ ਹੋਏ, ਕਿਉਂਕਿ ਰਾਜ ਦੇ ਲੋਕਾਂ ਨੂੰ ਹੁਣ ਇਸ ਮੀਡੀਏ ਰਾਹੀਂ ਇਹ ਸੋਝੀ ਆ ਗਈ ਕਿ ਇਹ ਕਥਿਤ ਤੇ ਅਖੌਤੀ ਰਾਜਨੇਤਾ ਲੋਕ ਮੁੱਦਿਆਂ ਤੇ ਲੋਕ ਭਲਾਈ ਦੀ ਬਜਾਏ ਸੱਤਾ ਹਥਿਆਉਣ ਲਈ ਅੱਜ ਤੱਕ ਆਪਣੀਆਂ ਨਿੱਜੀ ਦੁਸ਼ਮਣੀਆ ਤੇ ਸਿਆਸੀ ਵਿਰੋਧਾਂ ਨੂੰ ਮੁੱਖ ਰੱਖਕੇ ਲੋਕਾਂ ਚ ਧੜੇਬੰਦੀਆ ਪੈਦਾ ਕਰਕੇ ਸਵਾਰਥ ਸਿੱਧੀ ਹੀ ਕਰਦੇ ਰਹੇ ਹਨ ਜਦ ਕਿ ਇਕ ਚੰਗੇ ਕੇ ਸੁਲਝੇ ਹੋਏ ਰਾਜਨੇਤਾ ਦਾ ਵੱਡਾ ਗੁਣ ਇਹ ਹੁੰਦਾ ਹੈ ਕਿ ਉਹ ਆਪਣੇ ਸਿਆਸੀ ਵਿਰੋਧੀਆਂ ਦੇ ਤਾਅਨੇ ਮਿਹਣੇ ਸੁਣਨ ਵੱਲ ਧਿਆਨ ਕੇਂਦਰਤ ਕਰਨ ਤੇ ਉਹਨਾ ਨਾਲ ਖਾਹਮਖਾਹ ਉਲਝਣ ਦੀ ਬਜਾਏ ਰਾਜ ਦੇ ਲੋਕਾਂ ਦੀ ਅਵਾਜ ਸੁਣਨ ਸੁਣਨ ਨੂੰ ਵਧੇਰੇ ਤਰਜੀਹ ਦਿੰਦਾ ਹੈ ਤੇ ਐਲਾਨਾਂ ਦੇ ਫੋਕੇ ਫੈਂਟਰ ਮਾਰਨ ਦੀ ਬਜਾਏ ਚੁੱਪ ਚੁਪੀਤੇ ਲੋਕ ਹਿਤਾਂ ਚ ਕੰਮ ਕਰਨ ਨੂੰ ਪਹਿਲ ਦਿੰਦਾ ਹੈ, ਵਿਰੋਧੀ ਬਿਆਨਬਾਜੀ ਤੋ ਕਿਨਾਰਾ ਕਰਕੇ ਚੱਲਦਾ ਹੋਇਆ ਲਗਾਤਾਰ ਆਪਣੇ ਮਿੱਥੇ ਹੋਏ ਨਿਸ਼ਾਨੇ ਜਾਂ ਮਿਸ਼ਨ ਵੱਲ ਵਧਦਾ ਹੈ । ਵਿਰੋਧੀਆਂ ਵੱਲੋਂ ਦਿੱਤੇ ਗਏ ਕਿਸੇ ਲੋਕ ਹਿਤੂ ਸੁਝਾਅ ‘ਤੇ ਫੇਰਨ ਅਮਲ ਕਰਦਾ ਹੋਇਆ ਉਹਨਾ ਦਾ ਧੰਨਵਾਦ ਕਰਦਾ ਹੈ ।
ਮੁੱਕਦੀ ਗੱਲ ਇਹ ਕਿ ਕੋਈ ਰਾਜ ਚੰਗੀ ਰਾਜਨੀਤੀ ਬਿਨਾ ਕਦੇ ਵੀ ਨਾ ਹੀ ਚੱਲ ਸਕਦਾ ਤੇ ਨਾ ਹੀ ਕਾਮਯਾਬ ਹੋ ਸਕਦਾ ਹੈ । ਰਾਜ ਨੇਤਾ, ਰਾਜਨੀਤੀ ਦਾ ਧੁਰਾ ਹੁੰਦੇ ਹਨ । ਇਹਨਾਂ ਦੁਆਰਾ ਜਾਰੀ ਕੀਤੇ ਗਏ ਮੈਨੀਫੈਸਟੋ ਚੋਣਾਂ ਤੋ ਬਾਅਦ ਇਹਨਾਂ ਦੀ ਭਰੋਸੇਯੋਗਤਾ ਨਿਰਧਾਰਤ ਕਰਦੇ ਹਨ । ਰਾਜਨੇਤਾਵਾਂ ਦੀ ਚੋਣ ਲੋਕ-ਤੰਤਰ ਅੰਦਰ ਲੋਕ ਕਰਦੇ ਹਨ । ਸੁਲਝੇ ਹੋਏ ਰਾਜਨੇਤਾਵਾਂ ਦੀ ਚੋਣ ਰਾਜ ਦੇ ਲੋਕਾਂ ਦੇ ਭਲੇ ਦੀ ਧੁਰੋਹਰ ਹੁੰਦੀ ਹੈ, ਪਰ ਲੋਕਾਂ ਦੀ ਇਕਪਾਸੜ ਸੋਚ, ਧੜੇਬੰਦੀ ਤੇ ਲਾਈਲੱਗ ਫ਼ਤਵਿਆਂ ਕਾਰਨ ਕਾਰਨ ਰਾਜਨੇਤਾਵਾਂ ਦੀ ਕੀਤੀ ਹੋਈ ਚੋਣ ਦਾ ਨਤੀਜਾ ਅਕਸਰ ਹੀ ਰਾਜ ਦੀ ਬਰਬਾਦੀ ਦੇ ਰੂਪ ਚ ਸਾਹਮਣੇ ਆਉਂਦਾ ਹੈ, ਮਿਸਾਲ ਵਜੋਂ 1947 ਤੋਂ ਬਾਅਦ ਪੰਜਾਬ ਦਾ ਰਾਜਨੀਤਕ ਇਤਿਹਾਸ ਸਾਡੀ ਇਸ ਉਕਤ ਧਾਰਨਾ ਦੀ ਅੱਖਰ ਅੱਖਰ ਗਵਾਹੀ ਭਰਦਾ ਹੈ । ਇਸ ਵਾਰ ਆਮ ਆਦਮੀ ਪਾਰਟੀ ਬਹੁਮੱਤ ਨਾਲ ਪੰਜਾਬ ਦੀ ਰਾਜਨੀਤੀ ‘ਤੇ ਕਾਬਜ ਹੋਈ ਹੈ, ਇਸ ਬਾਰੇ ਅਜੇ ਕੁੱਜ ਵੀ ਕਹਿਣਾ ਸਮੇਂ ਤੋ ਪਹਿਲਾ ਵਾਲੀ ਗੱਲ ਹੈ ਕਿ ਪਾਰਟੀ ਕਿਹੋ ਜਿਹੀ ਰਾਜਨੀਤੀ ਕਰਦੀ ਹੈ, ਪਰ ਰਾਜ ਦੇ ਲੋਕਾਂ ਨੇ ਜਿਸ ਖੁੱਲ੍ਹਦਿਲੀ ਨਾਲ ਫ਼ਤਵਾ ਦਿੱਤਾ ਹੈ, ਭਗਵੰਤ ਮਾਨ ਮੁੱਖ ਮੰਤਰੀ ਬਣੇ ਹਨ, ਲੋਕਾਂ ਨੂੰ ਉਹਨਾ ਤੋ ਵੱਡੀ ਆਸ ਹੈ । ਵਿਰੋਧੀਆਂ ਪਾਰਟੀਆਂ ਨੂੰ ਆਪਣੀ ਨਮੋਸ਼ੀਜਨਕ ਹਾਰ ਅਜੇ ਹਜ਼ਮ ਕਰਨੀ ਬੇਸ਼ੱਕ ਬਹੁਤ ਔਖੀ ਹੈ , ਪਰ ਇਹ ਕੌੜਾ ਸੱਚ ਸਵੀਕਾਰ ਕਰਦੇ ਹੋਏ ਉਹਨਾ ਨੂੰ ਹੁਣ ਬਿਨਾ ਸਿਰ ਪੈਰ ਦੀ ਨਿੰਦਾ ਜਾਂ ਬਿਆਨਬਾਜੀ ਨੂੰ ਬੰਦ ਕਰਦੇ ਹੋਏ, ਨਵੀਂ ਸਰਕਾਰ ਨੂੰ ਆਪਣੇ ਢੰਗ ਨਾਲ ਕੰਮ-ਕਾਰ ਕਰਨ ਦਾ ਨਿਰਵਿਘਨ ਮੌਕਾ ਦੇਣਾ ਚਾਹੀਦਾ ਹੈ ਤਾਂ ਕਿ ਇਸ ਸਰਕਾਰ ਦੇ ਕੰਮ ਕਰਨ ਦੇ ਢੰਗ ਤੋਂ ਚੋਣਾਂ ਤੋ ਪਹਿਲਾਂ ਕੀਤੇ ਗਏ ਵਾਅਦਿਆ ਮੁਤਾਬਿਕ, ਚੁਣੇ ਹੋਏ ਰਾਜਨੇਤਾਵਾਂ ਤੇ ਉਹਨਾ ਵੱਲੋਂ ਧਾਰਨ ਕੀਤੀ ਗਈ ਰਾਜਨੀਤੀ ਰਾਜ ਦੇ ਲੋਕਾਂ ਦੀ ਸਮਝ ਚ ਆ ਸਕੇ ਤੇ ਪਤਾ ਲੱਗ ਸਕੇ ਕਿ ਸਰਕਾਰ ਆਪਣੇ ਚੋਣ ਮੈਨੀਫੈਲਟੇ ‘ਤੇ ਕਿਨਾ ਕੁ ਖਰਾ ਉਤਰਦੀ ਹੈ ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin