Sport

ਰਿਸ਼ਭ ਪੰਤ ’ਤੇ ਰਹਿਣਗੀਆਂ ਨਜ਼ਰਾਂ, ਦੱਖਣੀ ਅਫਰੀਕਾ ਖ਼ਿਲਾਫ਼ ਕੱਲ੍ਹ ਹੋਵੇਗਾ ਚੌਥਾ ਟੀ-20 ਮੈਚ

ਰਾਜਕੋਟ – ਖ਼ਰਾਬ ਲੈਅ ਨਾਲ ਜੂਝ ਰਹੇ ਕਪਤਾਨ ਰਿਸ਼ਭ ਪੰਤ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਸ਼ੁੱਕਰਵਾਰ ਨੂੰ ਕਰੋ ਜਾਂ ਮਰੋ ਦੇ ਚੌਥੇ ਟੀ-20 ਮੈਚ ਵਿਚ ਚੰਗੀ ਪਾਰੀ ਖੇਡਣੀ ਪਵੇਗੀ ਤਾਂਕਿ ਵਿਚਾਲੇ ਦੇ ਓਵਰਾਂ ਵਿਚ ਦਬਾਅ ਤੋਂ ਬਚਿਆ ਜਾ ਸਕੇ।

ਪੰਤ ਦੀ ਖ਼ਰਾਬ ਲੈਅ ਤੋਂ ਇਲਾਵਾ ਸੀਰੀਜ਼ ਦੇ ਤੀਜੇ ਮੈਚ ਵਿਚ ਭਾਰਤ ਨੇ ਆਪਣੀਆਂ ਗ਼ਲਤੀਆਂ ਨਾਲ ਨਜਿੱਠ ਕੇ ਵੱਡੀ ਜਿੱਤ ਦਰਜ ਕੀਤੀ ਸੀ। ਹੁਣ ਉਨ੍ਹਾਂ ਨੂੰ ਪੰਜ ਮੈਚਾਂ ਦੀ ਇਸ ਸੀਰੀਜ਼ ਵਿਚ ਬਣੇ ਰਹਿਣ ਲਈ ਇਕ ਹੋਰ ਜਿੱਤ ਦੀ ਲੋੜ ਹੈ ਤਾਂਕਿ ਸੀਰੀਜ਼ ਦਾ ਫ਼ੈਸਲਾ ਪੰਜਵੇਂ ਮੈਚ ਵਿਚ ਹੋਵੇ। ਪੰਤ ਇੰਨੇ ਸ਼ਾਨਦਾਰ ਬੱਲੇਬਾਜ਼ ਹਨ ਕਿ ਜਦ ਕਿਸੇ ਵੀ ਫਾਰਮੈਟ ਵਿਚ ਉਨ੍ਹਾਂ ਦੀ ਨਿੰਦਾ ਹੁੰਦੀ ਹੈ, ਉਹ ਸ਼ਾਨਦਾਰ ਪਾਰੀ ਖੇਡ ਕੇ ਸਾਰਿਆਂ ਦਾ ਮੂੰਹ ਬੰਦ ਕਰ ਦਿੰਦੇ ਹਨ ਤੇ ਚੌਥੇ ਮੈਚ ਵਿਚ ਉਨ੍ਹਾਂ ਲਈ ਇਹੀ ਮੌਕਾ ਹੈ। ਦੱਖਣੀ ਅਫਰੀਕਾ ਦੇ ਗੇਂਦਬਾਜ਼ ਨੇ ਉਨ੍ਹਾਂ ਦੇ ਬੱਲੇ ’ਤੇ ਰੋਕ ਲਾ ਕੇ ਉਨ੍ਹਾਂ ਨੂੰ ਮਨਚਾਹੇ ਸ਼ਾਟ ਖੇਡਣ ਨਹੀਂ ਦਿੱਤੇ ਤੇ ਅਕਸਰ ਉਹ ਡੀਪ ਵਿਚ ਕੈਚ ਦੇ ਕੇ ਆਊਟ ਹੋਏ। ਉਨ੍ਹਾਂ ਨੂੰ ਇਸ ਕਮੀ ਨੂੰ ਦੂਰ ਕਰਨਾ ਪਵੇਗਾ।

ਰੁਤੂਰਾਜ ਤੇ ਕਿਸ਼ਨ ਤੋਂ ਚੰਗੇ ਪ੍ਰਦਰਸਨ ਦੀ ਉਮੀਦ :

ਪਿਛਲੇ ਮੈਚ ਵਿਚ ਰੁਤੂਰਾਜ ਗਾਇਕਵਾੜ ਤੇ ਇਸ਼ਾਨ ਕਿਸ਼ਨ ਨੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ ਸੀ। ਇਸ਼ਾਨ ਨੇ ਤਜਰਬੇ ਵਾਲੀ ਬੱਲੇਬਾਜ਼ੀ ਕਰ ਕੇ ਰਿਜ਼ਰਵ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਆਪਣਾ ਦਾਅਵਾ ਪੁਖ਼ਤਾ ਕਰ ਦਿੱਤਾ ਤੇ ਇਸ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਚੋਣਕਾਰਾਂ ਦਾ ਧਿਆਨ ਇਸ ’ਤੇ ਜ਼ਰੂਰ ਗਿਆ ਹੋਵੇਗਾ। ਗਾਇਕਵਾੜ ਤੇ ਇਸ਼ਾਨ ਬਾਕੀ ਦੋਵਾਂ ਮੈਚਾਂ ਵਿਚ ਵੀ ਇਸੇ ਲੈਅ ਨੂੰ ਕਾਇਮ ਰੱਖਣਾ ਚਾਹੁਣਗੇ। ਇਸ ਤੋਂ ਬਾਅਦ ਦੋਵੇਂ ਰੈਗੂਲਰ ਸਲਾਮੀ ਬੱਲੇਬਾਜ਼ਾਂ ਦੀ ਵਾਪਸੀ ਤੋਂ ਪਹਿਲਾਂ ਆਇਰਲੈਂਡ ਵਿਰੁਧ ਵੀ ਦੋ ਮੈਚ ਖੇਡਣਗੇ।

ਸ਼੍ਰੇਅਸ ’ਤੇ ਹੋਵੇਗਾ ਦਬਾਅ :

ਸ਼ਾਰਟ ਗੇਂਦ ਦਾ ਸਾਹਮਣਾ ਨਹੀਂ ਕਰ ਪਾ ਰਹੇ ਸ਼੍ਰੇਅਸ ਅਈਅਰ ਅਜੇ ਤਕ ਕੋਈ ਕਮਾਲ ਨਹੀਂ ਕਰ ਸਕੇ ਹਨ ਤੇ ਤੀਜੇ ਨੰਬਰ ’ਤੇ ਉਨ੍ਹਾਂ ਤੋਂ ਚੰਗੀ ਪਾਰੀ ਦੀ ਉਮੀਦ ਹੈ। ਵਿਸ਼ਾਖਾਪਟਨਮ ਵਿਚ ਚੰਗੀ ਸ਼ੁਰੂਆਤ ਤੋਂ ਬਾਅਦ ਵਿਚਾਲੇ ਦੇ ਓਵਰਾਂ ਵਿਚ ਭਾਰਤੀ ਟੀਮ ਜੂਝਦੀ ਨਜ਼ਰ ਆਈ। ਆਖ਼ਰ ਵਿਚ ਹਾਰਦਿਕ ਪਾਂਡਿਆ ਨੇ 21 ਗੇਂਦਾਂ ’ਤੇ ਅਜੇਤੂ 31 ਦੌੜਾਂ ਬਣਾ ਕੇ ਟੀਮ ਨੂੰ 180 ਦੌੜਾਂ ਕੋਲ ਪਹੁੰਚਾਇਆ। ਹੁਣ ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਜ਼ਿੰਮੇਵਾਰੀ ਲੈ ਕੇ ਖੇਡਣਾ ਪਵੇਗਾ।

ਚਹਿਲ ਤੇ ਪਟੇਲ ਨੇ ਕੀਤਾ ਪ੍ਰਭਾਵਿਤ :

ਪਿਛਲੇ ਮੈਚ ਵਿਚ ਵਿਚਾਲੇ ਦੇ ਓਵਰਾਂ ਵਿਚ ਯੁਜਵਿੰਦਰ ਸਿੰਘ ਚਹਿਲ ਤੇ ਅਕਸ਼ਰ ਪਟੇਲ ਵਰਗੇ ਸਪਿੰਨਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਅਕਸ਼ਰ ਨੇ ਕਿਫ਼ਾਇਤੀ ਗੇਂਦਬਾਜ਼ੀ ਕੀਤੀ ਤੇ ਚਹਿਲ ਵਿਕਟਾਂ ਹਾਸਲ ਕਰਨ ਵਿਚ ਕਾਮਯਾਬ ਰਹੇ। ਤੇਜ਼ ਗੇਂਦਬਾਜ਼ਾਂ ਵਿਚ ਭੁਵਨੇਸ਼ਵਰ ਕੁਮਾਰ ਲਗਾਤਾਰ ਚੰਗੀ ਗੇਂਦਬਾਜ਼ੀ ਕਰ ਰਹੇ ਹਨ। ਆਵੇਸ਼ ਖ਼ਾਨ ਕਿਫ਼ਾਇਤੀ ਤਾਂ ਰਹੇ ਪਰ ਵਿਕਟ ਨਹੀਂ ਲੈ ਸਕੇ। ਹਰਸ਼ਲ ਪਟੇਲ ਨੇ ਆਪਣੇ ਵਖਰੇਵੇਂ ਦੇ ਦਮ ’ਤੇ ਚਾਰ ਵਿਕਟਾਂ ਲਈਆਂ।

ਜਿੱਤ ਦੇ ਰਾਹ ’ਤੇ ਮੁੜਨਾ ਚਾਹੇਗਾ ਦੱਖਣੀ ਅਫਰੀਕਾ :

ਦੂਜੇ ਪਾਸੇ ਦੱਖਣੀ ਅਫਰੀਕਾ ਪਿਛਲੀ ਹਾਰ ਨੂੰ ਭੁਲਾ ਕੇ ਜਿੱਤ ਦੇ ਰਾਹ ’ਤੇ ਮੁੜਨਾ ਚਾਹੇਗਾ। ਸੀਰੀਜ਼ ਵਿਚ 2-1 ਨਾਲ ਅੱਗੇ ਚੱਲ ਰਹੀ ਦੱਖਣੀ ਅਫਰੀਕੀ ਟੀਮ ਚਾਹੇਗੀ ਕਿ ਸੀਰੀਜ਼ਦਾ ਫ਼ੈਸਲਾ ਇਸੇ ਮੈਚ ਵਿਚ ਹੋ ਜਾਵੇ। ਸਟਾਰ ਬੱਲੇਬਾਜ਼ ਕਵਿੰਟਨ ਡਿਕਾਕ ਦੀ ਗੁੱਟ ਦੀ ਸੱਟ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਪੂਰੀ ਦੱਖਣੀ ਅਫਰੀਕੀ ਟੀਮ ਕਰ ਰਹੀ ਹੋਵੇਗੀ। ਤੀਜੇ ਮੈਚ ਵਿਚ ਦੱਖਣੀ ਅਫਰੀਕਾ ਦੇ ਸਪਿੰਨਰ ਤਬਰੇਜ਼ ਸ਼ਮਸੀ ਤੇ ਕੇਸ਼ਵ ਮਹਾਰਾਜ ਕਾਫੀ ਮਹਿੰਗੇ ਸਾਬਤ ਹੋਏ। ਤੇਜ਼ ਗੇਂਦਬਾਜ਼ ਕੈਗਿਸੋ ਰਬਾਦਾ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਉਨ੍ਹਾਂ ਨੂੰ ਦੂਜੇ ਪਾਸਿਓਂ ਸਹਿਯੋਗ ਨਹੀਂ ਮਿਲ ਸਕਿਆ ਤੇ ਫੀਲਡਿੰਗ ਵੀ ਖ਼ਰਾਬ ਰਹੀ।

ਦੋਵਾਂ ਟੀਮਾਂ ’ਚ ਸ਼ਾਮਲ ਖਿਡਾਰੀ

ਰਿਸ਼ਭ ਪੰਤ (ਕਪਤਾਨ ਤੇ ਵਿਕਟਕੀਪਰ), ਰੁਤੂਰਾਜ ਗਾਇਕਵਾੜ, ਇਸ਼ਾਨ ਕਿਸ਼ਨ, ਦੀਪਕ ਹੁੱਡਾ, ਸ਼੍ਰੇਅਸ ਅਈਅਰ, ਦਿਨੇਸ਼ ਕਾਰਤਿਕ, ਹਾਰਦਿਕ ਪਾਂਡਿਆ, ਵੈਂਕਟੇਸ਼ ਅਈਅਰ, ਯੁਜਵਿੰਦਰ ਸਿੰਘ ਚਹਿਲ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਆਵੇਸ਼ ਖ਼ਾਨ, ਅਰਸ਼ਦੀਪ ਸਿੰਘ ਤੇ ਉਮਰਾਨ ਮਲਿਕ।

ਦੱਖਣੀ ਅਫਰੀਕਾ :

ਤੇਂਬਾ ਬਾਵੁਮਾ (ਕਪਤਾਨ), ਕਵਿੰਟਨ ਡਿਕਾਕ (ਵਿਕਟਕੀਪਰ), ਰੀਜਾ ਹੈਂਡਰਿਕਸ, ਹੈਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਏਡੇਨ ਮਾਰਕਰੈਮ, ਡੇਵਿਡ ਮਿਲਰ, ਲੁੰਗੀ ਨਗੀਦੀ, ਐਨਰਿਕ ਨਾਰਤਜੇ, ਵੇਨ ਪਾਰਨੇਲ, ਡਵੇਨ ਪਿ੍ਰਟੋਰੀਅਸ, ਕੈਗਿਸੋ ਰਬਾਦਾ, ਤਬਰੇਜ਼ ਸ਼ਮਸੀ, ਟ੍ਰਿਸਟਨ ਸਟਬਜ਼, ਰਾਸੀ ਵੇਨ ਡੇਰ ਡੁਸੇਨ ਤੇ ਮਾਰਕੋ ਜੇਨਸੇਨ।

Related posts

ਮਹਿਲਾ ਹਾਕੀ ਟੀਮ ਦੀ ਕਪਤਾਨੀ ਸਵਿਤਾ ਦੀ ਥਾਂ ਸਲੀਮਾ ਟੇਟੇ ਨੂੰ ਮਿਲੀ

editor

ਇੰਗਲੈਂਡ ਦੇ ਸਾਬਕਾ ਸਪਿਨਰ ਮੌਂਟੀ ਪਨੇਸਰ ਬਰਤਾਨੀਆ ’ਚ ਚੋਣਾਂ ਲੜਨਗੇ

editor

ਪੈਰਿਸ ਓਲੰਪਿਕ ’ਚ ਸਿੰਧੂ ਸਮੇਤ 7 ਭਾਰਤੀ ਬੈਡਮਿੰਟਨ ਖ਼ਿਡਾਰੀ ਹਿੱਸਾ ਲੈਣਗੇ

editor