Literature

ਵੰਨ-ਸੁਵੰਨਤਾ ਵਿਸ਼ਿਆਂ ਦੇ ਨਾਲ਼ ਲਬਰੇਜ਼ ਜਪਾਨੀ ਕਾਵਿ ਤੇ ਰਚਿਤ ਪੁਸਤਕ “ਇੱਕੋ ਰਾਹ ਦੇ ਪਾਂਧੀ”

ਸਟੇਟ ਅਵਾਰਡੀ, ਕਲਾ ਅਤੇ ਸ਼ਿਲਪਕਲਾ ਅਧਿਆਪਕ,
ਸਾਹਿਬਜਾਦਾ ਜੁਝਾਰ ਸਿੰਘ ਨਗਰ, ਬਠਿੰਡਾ

ਪੁਸਤਕ ਦਾ ਨਾਮ : “ਇੱਕੋ ਰਾਹ ਦੇ ਪਾਂਧੀ”
ਵੰਨਗੀ : ਸਾਂਝਾ ਤਾਂਕਾ ਸੰਗ੍ਰਹਿ
ਕੁਲ ਕਲਮਾਂ : 37 (ਸੈਂਤੀ)
ਪੁਸਤਕ ਦੇ ਪੰਨੇ : 224
ਪੁਸਤਕ ਦੀ ਕੀਮਤ : 250 ਰੁਪਏ [ਭਾਰਤ]
ਸੰਪਾਦਕ ਦਾ ਨਾਮ : ਪਰਮ ਜੀਤ ਰਾਮਗੜ੍ਹੀਆ
ਪਬਲੀਸ਼ਰ ਦਾ ਨਾਂ : ਸੂਰਜਾਂ ਦੇ ਵਾਰਿਸ ਪ੍ਰਕਾਸ਼ਨ

ਭੂਮਿਕਾ :
ਸਾਹਿਤ ਅਤੇ ਸਮਾਜ ਦਾ ਨਹੁੰ ਮਾਸ ਵਾਲਾ ਰਿਸ਼ਤਾ ਹੈ। ਸਾਹਿਤ ਅਤੇ ਸਮਾਜ ਦੀ ਇਸ ਨੇੜ੍ਹਤਾ ਦੇ ਕਾਰਨ ਹੀ ਸਾਹਿਤ ਨੂੰ ਸਮਾਜ ਦਾ ਦਰਪਣ ਵੀ ਕਿਹਾ ਜਾਂਦਾ ਹੈ। ਸਾਹਿਤ ਮਹਿਜ਼ ਦਿਲ ਪਰਚਾਵੇ ਦਾ ਸਾਧਨ ਹੀ ਨਹੀਂ ਸਗੋਂ ਮਨੁੱਖੀ ਕਦਰਾਂ ਕੀਮਤਾਂ ਦੀ ਤਰਜ਼ਮਾਨੀ ਕਰਨ ਵਾਲਾ ਚਿਤੇਰਾ ਵੀ ਹੈ । ਇਹ ਚਿਤਰਨ ਲੇਖਕ ਆਪਣੀਆਂ ਅਨੇਕ ਵੰਨਗੀਆਂ ਤੇ ਵਿਧਾਵਾ ਦੇ ਰੂਪ ਵਿੱਚ ਸਮੇਂ ਸਮੇਂ ਆਪਣੇ ਪਾਠਕਾਂ ਦੇ ਰੂਬਰੂ ਕਰਦਾ ਰਹਿੰਦਾ ਹੈ। ਜਿਸ ਵੰਨਗੀ ਨੂੰ ਆਪ ਇਸ ਜਗ੍ਹਾ ਨਿਹਾਰ ਰਹੇ ਹੋ, ਉਹ ਹੈ ਜਪਾਨੀ ਕਾਵਿ ਵੰਨਗੀ ਤਾਂਕਾਂ ਹੈ। ਇਸਦੇ ਨਾਲ਼ ਹੀ ਅੰਤਰ-ਰਾਸ਼ਟਰੀ ਹਾਇਕੂ ਗਰੁੱਪ : ਪੰਜਾਬੀ ਹਾਇਕੂ ਰਿਸ਼ਮਾਂ, ਹਾਇਕੂ, ਤਾਂਕਾ, ਸੇਦੋਕਾ ਸਕੂਲ ਵਲੋਂ ਪ੍ਕਾਸ਼ਿਤ, ਤਾਂਕਾ ਪੁਸਤਕ “ਇੱਕੋ ਰਾਹ ਦੇ ਪਾਂਧੀ” ਵਿਚਲੇ ਮੈਟਰ ਨੂੰ ਆਪਜੀ ਦੀ ਨਜ਼ਰ ਕਰਨ ਦੀ ਕੌਸ਼ਿਸ਼ ਕਰਾਂਗਾ। ਇੱਕ ਵੱਡ-ਆਕਾਰੀ ਪੁਸਤਕ ਮਾਂ ਬੋਲੀ ਪੰਜਾਬੀ ਨੂੰ ਸਮੱਰਪਿਤ ਕਰ 37 ਕਲਮਾਂ ਨੂੰ ਨਾਲ਼ ਲੈ ਕੇ ਚੱਲਣਾ ਕੋਈ ਸੁਖਾਲਾ ਕਾਰਜ ਨਹੀਂ ਹੈ। ਇੱਕ ਟੀਮ ਵਰਕ ਦੇ ਜਰੀਏ ਕੀਤੇ ਗਏ ਏਸ ਕਾਰਜ ਲਈ ਪੁਸਤਕ ਦੀ ਸੰਪਾਦਕੀ ਟੀਮ ਦੀ ਸਲਾਹੁਤਾ ਕਰਨੀ ਬਣਦੀ ਹੈ।

ਕੁਝ ਸ਼ਬਦ ਅੰਤਰਾਸ਼ਟਰੀ ਹਾਇਕੂ ਗਰੁੱਪ ਬਾਰੇ :
ਪੰਜਾਬੀ ਹਾਇਕੂ ਰਿਸ਼ਮਾਂ” ਸ਼ੋਸ਼ਲ ਮੀਡੀਆ ਦੇ ਚਰਚਿਤ ਸਿਲਸਿਲੇ ਫੇਸਬੁੱਕ ਦੇ ਮਾਧਿਅਮ ਜ਼ਰੀਏ ਅੰਤਰਰਾਸ਼ਟਰੀ ਹਾਇਕੂ ਗਰੁੱਪ : “ਪੰਜਾਬੀ ਹਾਇਕੂ ਰਿਸ਼ਮਾਂ” ਹਾਇਕੂ-ਤਾਂਕਾਂ-ਸੇਦੋਕਾ ਸਕੂਲ ਨੇ ਪੰਜਾਬੀ ਮਾਂ ਬੌਲੀ ਦੀ ਸੇਵਾ ਵਿੱਚ “ਜਪਾਨੀ ਵਿਧਾ” ਉਪਰ ਜ਼ਿਕਰਯੋਗ ਕਾਰਜ਼ ਅਰੰਭਿਆ ਹੋਇਆ ਹੈ। ਇਸ ਗਰੁੱਪ ਨੇ ਬਹੁਤ ਹੀ ਥੋੜੇ ਸਮੇਂ ਦੌਰਾਨ ਵਿਸ਼ਵ ਪੱਧਰ ਤੇ ਆਪਣੀ ਇਕ ਪਹਿਚਾਣ ਸਥਾਪਿਤ ਕਰ ਲਈ ਹੈ। ਇਹ ਗਰੁੱਪ ਨਿਰੋਲ ਹਾਇਕੂ ਵਿਧਾ ਨੂੰ ਸਮੱਰਪਿਤ ਹੈ। ਇਸਦਾ ਹਰ ਮੈਂਬਰ ਇਸਦੇ ਸਥਾਪਿਤ ਕੀਤੇ ਨਿਯਮਾਂ ਦਾ ਪੱਕਾ ਧਾਰਨੀ ਤੇ ਸਰਗਰਮ ਵੀ ਹੈ।ਸਾਲ 2015 ਵਿੱਚ ਇਸ ਗਰੁੱਪ ਦੇ ਸੇਵਾਦਾਰਾਂ ਨੇ ਵਿਲੱਖਣ ਕਾਰਜ਼ ਕਰਕੇ ਸ਼ੋਸ਼ਲ ਮੀਡੀਆ ਦੇ ਫੇਸਬੁੱਕ ਪਲੇਟਫਾਰਮ ਉਪਰ “ਪੰਜਾਬੀ ਹਾਇਕੂ ਰਿਸ਼ਮਾਂ” ਗਰੁੱਪ ਇਜ਼ਾਦ ਕੀਤਾ ਤੇ ਸਾਲ 2018 ਵਿੱਚ ਇਸ ਗਰੁੱਪ ਵਲੋਂ ਆਪਣਾ ਪਲੇਠਾ ਸਾਂਝਾ ਕਾਰਜ਼ ਪੁਸਤਕ “ਪੰਜਾਬੀ ਹਾਇਕੂ ਰਿਸ਼ਮਾਂ” (ਹਾਇਕੂ ਸੰਗ੍ਰਹਿ) ਦੇ ਰੂਪ ਵਿੱਚ ਕਰਕੇ ਪੰਜਾਬੀ ਸਾਹਿਤ ਜਗਤ ਵਿੱਚ ਪ੍ਰਵੇਸ਼ ਕੀਤਾ। ਹੁਣ ਤੱਕ ਦੀਆਂ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਗਰੁੱਪ ਦੇ ਐਡਮਿਨ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਹੁਣ ਤੀਕ ਦੇ ਵਿਸ਼ਵ ਪੱਧਰ ਤੇ ਕੀਰਤੀਮਾਨ ਸਥਾਪਿਤ ਕਰਦੀਆਂ ਗਰੁੱਪ ਵਲੋਂ ਸੁੰਦਰ ਦਿੱਖ, ਦੋ “ਹਾਇਕੂ ਪੁਸਤਕਾਂ” ਦੀ ਪ੍ਰਕਾਸ਼ਨਾ ਹੋ ਚੁੱਕੀ ਹੈ। ਦੂਸਰੀ ਹਾਇਕੂ ਪੁਸਤਕ “ਸੰਦਲੀ ਪੈੜਾਂ” “ਨਾਰੀ ਵਿਸ਼ੇਸ਼” ਇਸੇ ਸਾਲ 8 ਮਾਰਚ ਨੂੰ ਵਿਸ਼ਵ ਨਾਰੀ ਦਿਵਸ ਤੇ ਰਲੀਜ਼ ਕੀਤੀ ਗਈ। ਜਿਸ ਵਿੱਚ 13 ਨਾਰੀ ਲੇਖਕਾਂਵਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਇੰਨ੍ਹਾਂ ਦੋਵਾਂ ਪੁਸਤਕਾਂ ਦੀ ਸੰਪਾਦਨਾਂ ਦਾ ਕਾਰਜ ਸਟੇਟ ਅਵਾਰਡੀ ਅਧਿਆਪਕ ਸ. ਪਰਮਜੀਤ ਰਾਮਗੜ੍ਹੀਆ ਦੁਆਰਾ ਬੜੇ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ। ਇੱਥੇ ਇਹ ਵਰਨਣਯੋਗ ਹੈ ਇੰਨਾਂ ਪੁਸਤਕਾਂ ਦੇ ਸਰਵਰਕ ਵੀ ਇੰਨ੍ਹਾਂ ਦੁਆਰਾ ਹੀ ਡਿਜ਼ਾਈਨ ਕੀਤੇ ਹਨ।

ਕੁਝ ਹਰਫ਼ ਤਾਂਕਾ ਵਿਧਾ ਬਾਰੇ : ਤਾਂਕਾ ( Tanka ) ਜਪਾਨ ਤੋਂ ਆਈ ਕਾਵਿ ਵਿਧਾ ਹੈ। ਇਹ ਪੂਰੀ ਦੂਨੀਆਂ ਵਿੱਚ ਲਿਖੀ ਜਾ ਰਹੀ ਹੈ। ਜਪਾਨੀ ਕਾਵਿ ਵਿਧਾ ਤਾਂਕਾ ( Tanka ) ਦਾ ਜੇਕਰ ਇਤਿਹਾਸ ਜਾਣੀਏ ਤਾਂ ਇਹ ਵਿਧਾ ਕਈ ਸੋ ਸਾਲ ਪੁਰਾਣੀ ਕਾਵਿ ਵਿਧਾ ਹੈ। ਇਸ ਕਾਵਿ ਸ਼ੈਲੀ ਨੂੰ ਨੌਵੀਂ ਸ਼ਤਾਬਦੀ ਤੋਂ ਲੈ ਕੇ ਬਾਰ੍ਹਵੀਂ ਸ਼ਤਾਬਦੀ ਤੱਕ ਕਾਫ਼ੀ ਪ੍ਰਸਿੱਧੀ ਮਿਲ਼ੀ ਸੀ। ਦਸਵੀਂ ਸਦੀ ‘ਚ ਇੱਕ ਜਪਾਨੀ ਕਾਵਿ ਵਿਧਾ ਪ੍ਰਚੱਲਤ ਸੀ, ਜਿਸ ਨੂੰ ਜਪਾਨੀ ਭਾਸ਼ਾ ਦੇ ਵਿੱਚ  ‘ਵਾਕਾ’ ਕਿਹਾ ਜਾਂਦਾ ਸੀ । ਵਾਕਾ ਨੂੰ ਦੋ ਵੱਖਰੇ ਰੂਪਾਂ ‘ਚ ਲਿਖਿਆ ਜਾਂਦਾ ਸੀ – ਜਿਸਦਾ ਇੱਕ ਰੂਪ ‘ਤਾਂਕਾ’ (Tanka) ਤੇ ਦੂਸਰਾ ਰੂਪ ‘ਚੋਕਾ’ (Choka) ਕਾਫੀ ਪ੍ਰਚਲਿਤ ਸੀ। ਪਰ ਓਸ ਸਮੇਂ ਇਹਨਾਂ ਰੂਪਾਂ ‘ਚੋਂ ਓਦੋਂ ‘ਤਾਂਕਾ’ ਨੂੰ ਜ਼ਿਆਦਾ ਪ੍ਰਸਿੱਧੀ ਮਿਲ਼ੀ ਤੇ ਚੋਕਾ (Choka) ਬਹੁਤ ਘੱਟ ਲਿਖਿਆ ਗਿਆ। ਓਦੋਂ ਤੋਂ ‘ਵਾਕਾ’ ਨੂੰ ‘ਤਾਂਕਾ’ ਹੀ ਮੰਨਿਆ ਜਾਣ ਲੱਗਾ। ਇੱਥੇ ਆਪਜੀ ਦੀ ਜਾਣਕਾਰੀ ਵਿਚ ਦੱਸਣਾ ਚਾਹਾਂਗਾ ਕਿ 5+7+5 ਜਪਾਨੀ ਕਾਵਿ ਵਿਧਾ “ਹਾਇਕੁ” ਨੇ ਵੀ ਇਸ ਸ਼ੈਲੀ ਵਿੱਚੋਂ ਜਨਮ ਲਿਆ ਹੈ। ਕਾਵਿ ਵਿਧਾ ਤਾਂਕਾ (tanka) 1300 ਸਾਲ ਤੋਂ ਵੀ ਉਪਰ ਪੁਰਾਣੀ ਕਾਵਿ ਸ਼ੈਲੀ ਹੈ। ਜਦ ਕਿ ‘ਹਾਇਕੂ ਵਿਧਾ ਮਹਿਜ 300 ਸਾਲ ਪੁਰਾਣੀ ਕਾਵਿ ਵਿਧਾ ਹੈ।
ਤਾਂਕਾ 5 ਸਤਰਾਂ ‘ਚ ਲਿਖਿਆ ਜਾਂਦਾ ਹੈ, ਜਿਸ ‘ਚ ਕ੍ਰਮਵਾਰ
5 + 7 + 5 + 7 + 7 ਕੁੱਲ ਮਿਲਾ ਕੇ 31 ਧੁਨੀ ਖੰਡ ਹੁੰਦੇ ਹਨ। ਤਾਂਕਾ ਨੂੰ ਦੋ ਭਾਗਾਂ ‘ਚ ਵੰਡਿਆ ਜਾ ਸਕਦਾ ਹੈ। ਪਹਿਲੇ
(5 + 7 + 5) ਭਾਗ ਨੂੰ ‘ਕਾਮਿ-ਨੋ-ਕੂ’ ਜਾਣੀ ਕਿ “ਉੱਚ ਵਾਕ” ਤੇ ਦੂਜੇ ਭਾਗ ( 7 + 7 ) ਨੂੰ ‘ਸ਼ਿਮੋ- ਨੋ- ਕੂ’ ‘ਨਿਮਨ ਵਾਕ” ਕਿਹਾ ਜਾਂਦਾ ਹੈ । ਇਸ ‘ਚ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਕਿ ਪਹਿਲੀਆਂ ਤਿੰਨ ਸਤਰਾਂ ‘ਚ ਕੋਈ ਵੱਖਰਾ ਹਾਇਕੁ ਹੈ ਸਗੋਂ ਤਾਂਕਾ ਦਾ ਮੁੱਖ ਭਾਵ ਪਹਿਲੀ ਤੋਂ ਪੰਜਵੀਂ ਸਤਰ ਤੱਕ ਸਾਹਮਣੇ ਆਉਂਦਾ ਹੈ।  ਤਾਂਕਾ ਵਿਧੀ ਦਾ ਮੁੱਖ ਪੈਟਰਨ > (ਤਾਂਕਾ ਤਕਨੀਕ ) ਹੇਠ ਲਿਖੇ ਅਨੁਸਾਰ ਹੈ ਜੀ

ਤਾਂਕਾ ਵਿਧਾ ਦਾ ਸੰਖੇਪ ਪੈਟਰਨ
ਪਹਿਲੀ ਸਤਰ : ਅੰਤਰਜਾਮੀ = 5 ਅੱਖਰ
ਦੂਸਰੀ ਸਤਰ : ਕਰੇ ਉਦਾਸੀ ਦੂਰ = 7 ਅੱਖਰ
ਤੀਸਰੀ ਸਤਰ : ਜਾਣੇ ਦਿਲ ਦੀ = 5 ਅੱਖ’ਰ
ਚੌਥੀ ਸਤਰ : ਸੋਹਣੇ ਦਿਲ ਵਾਲਾ = 7 ਅੱਖਰ
ਪੰਜਵੀ ਸਤਰ : ਚਿਤ ਲਾ ਉਸ ਸੰਗ = 7 ਅੱਖਰ

ਪੁਸਤਕ ਇੱਕੋ ਰਾਹ ਦੇ ਪਾਂਧੀ ਬਾਰੇ :
ਪੁਸਤਕ “ਇੱਕੋ ਰਾਹ ਦੇ ਪਾਂਧੀ” ਅੰਤਰਰਾਸ਼ਟਰੀ ਹਾਇਕੂ ਗਰੁੱਪ, ‘ਪੰਜਾਬੀ ਹਾਇਕੂ ਰਿਸ਼ਮਾਂ’ – ਹਾਇਕੂ-ਤਾਂਕਾ- ਸੇਦੋਕਾ ਸਕੂਲ ਦੀ ਤੀਸਰੀ ਸਫ਼ਲ ਪ੍ਰਕਾਸ਼ਨਾ ਹੈ। ਜੋ ਕਿ ਮਾਤ-ਭਾਸ਼ਾ ਪੰਜਾਬੀ ਵਿਚ ਜਾਪਾਨੀ ਕਾਵਿ ਵਿਧਾ ਤਹਿਤ ਸਾਹਿਤਕ ਖੇਤਰ ਵਿਚ ਆਪਣੇ ਆਪ ਵਿਚ ਵਿਲੱਖਣ ਪ੍ਰਾਪਤੀ ਹੈ। ਇਸ ਪੁਸਤਕ ਵਿਚਲੇ ਤਮਾਮ ਕਲਮਕਾਰ ਵਧਾਈ ਦੇ ਪਾਤਰ ਹਨ। “ਇਕੋ ਰਾਹ ਦੇ ਪਾਂਧੀ” ਵਿਚ ਪੂਰੇ ਵਿਸ਼ਵ ਭਰ ਤੋਂ ਮਾਤ ਭਾਸ਼ਾ ਪੰਜਾਬੀ ਵਿਚ ਜਪਾਨੀ ਕਾਵਿ “ਤਾਂਕਾ” ਲਿਖਣ ਵਾਲੇ 7 ਜ਼ੋਨਾਂ ਦੇ 37 ਕਲਮਕਾਰਾਂ ਦੇ ਲੱਗਭਗ 1850 ਤਾਂਕੇ ਸ਼ਾਮਿਲ ਕੀਤੇ ਹਨ। ਜੋ ਕਿ ਹੁਣ ਤੱਕ ਦਾ ਇਸ ਵਿਧਾ ਦਾ ਪਲੇਠਾ ਕਾਰਜ਼ ਹੋ ਨਿਬੜਿਆ ਹੈ। ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਏਸ ਪੂਰੇ ਕਾਰਜ਼ ਲਈ ਇਕ ਟੀਮ ਵਰਕ ਵਜੋਂ ਪੁਸਤਕ “ਇੱਕੋ ਰਾਹ ਦੇ ਪਾਂਧੀ” ਨੂੰ ਪਾਠਕਾਂ ਦੀ ਕਚਹਿਰੀ ਵਿੱਚ ਆਪਣੇ ਬਹੁਮੁੱਲੇ ਹਰਫ਼ਾਂ ਸੰਗ ਨਿਵਾਜਣ ਵਿੱਚ ਹਰ ਕਲਮਕਾਰ ਦਾ ਬਰਾਬਰ ਯੋਗਦਾਨ ਰਿਹਾ ਹੈ।

ਪੁਸਤਕ ਵਿਚਲੀਆਂ ਕੁਝ ਤਾਂਕਾ ਵੰਨਗੀਆ :
ਪ੍ਰਕਿਰਤੀ ਚਿਤਰਣ : ਜਪਾਨੀ ਕਾਵਿ ਧਾਰਾ ਦੀ ਹਰ ਇਕ ਵੰਨਗੀ ਕੁਦਰਤ ਦੇ ਗਿਰਦ ਰਹਿ ਕੇ ਕੁਦਰਤ ਨੂੰ ਰੂਪਮਾਨ ਹੋ ਕੇ ਰਚੀ ਜਾਂਦੀ ਹੈ ਉਨ੍ਹਾਂ ਵਿੱਚੋਂ ਵਿਧਾ ਤਾਂਕਾ ਵੀ ਪ੍ਰਮੁੱਖ ਹੈ ਕੁਦਰਤਿ ਨੂੰ ਰੂਪਮਾਨ ਪੁਸਤਕ “ਇੱਕੋ ਰਾਹ ਦੇ ਪਾਂਧੀ” ਵਿੱਚੋਂ ਪੇਸ਼ ਹਨ ਕੁਦਰਤ ਨੂੰ ਰੂਪਮਾਨ ਕੁਝ ਤਾਕਾਂ ਕਿਰਤਾਂ :-

ਬਸੰਤ ਰੁੱਤ
ਮੰਡਰਾਵੇ ਤਿੱਤਲੀ
ਪੀਲੇ ਫੁੱਲ ਤੇ
ਚੌ-ਗਿਰਦਾ ਮਹਿਕੇ
ਖਿੜੀਆਂ ਗੁਲਜ਼ਾਰਾਂ। ਪਰਮਜੀਤ ਰਾਮਗੜ੍ਹੀਆ

ਸਰਦ ਰੁੱਤ
ਸੀਤਲ ਚੰਦਰਮਾਂ
ਚੌਥਾ ਪਹਿਰ
ਚਾਂਦੀ ਵਾਂਗ ਚਮਕੇ
ਸਾਗਰ ਚ ਲਹਿਰ। ਬੁੱਧ ਸਿੰਘ ਚਿੱਤਰਕਾਰ

ਸਾਗਰ ਛੱਲ
ਉੱਠੀ ਆਕਾਸ਼ ਵੱਲ
ਹੰਬਲਾ ਮਾਰ
ਮੱਸਿਆ ਜਿੰਦਗੀ ਚੋ
ਚੰਨ ਨਜ਼ਰ ਆਵੇ। ਲਾਜਵਿੰਦਰ ਕੌਰ

ਪਪੀਹਾ ਕੂਕੇ
ਮੀਂਹ ਲਈ ਤਰਸੇ
ਟਿਕਦਾ ਨਾਹੀਂ
ਮੇਰਾ ਮਨ ਚਾਤ੍ਰਿਕ
ਜਲ ਤ੍ਰਿਪਤੀ ਮੰਗੇ। ਗਿਆਨੀ ਜੋਗਿੰਦਰ ਸਿੰਘ ਆਜ਼ਾਦ

ਬਾਂਸ ਦੇ ਰੁੱਖ
ਆਪਸ ਵਿੱਚ ਖਹਿੰਦੇ
ਸੜੇ ਜੰਗਲ
ਫੈਲਿਆ ਕਾਲਾ ਧੁਆਂ
ਨਫ਼ਰਤ ਦੀ ਅੱਗ। ਫੁਲੇਲ ਸਿੰਘ ਸਿੱਧੂ

ਪ੍ਰੋ ਗੁਰਦੀਪ ਸਿੰਘ ਖਿੰਡਾ ਜੀ ਨੇ ਇੱਕ ਜਗ੍ਹਾ ਬਹੁਤ ਖੂਬਸੂਰਤ ਸ਼ਬਦਾਂ ਦਾ ਇਸਤੇਮਾਲ ਕਰਦਿਆਂ ਤਾਂਕਾ ਵੰਨਗੀ ਨੂੰ ਇਉਂ ਆਪਣੇ ਸ਼ਬਦਾਂ ਵਿੱਚ ਪਰੋਇਆ ਹੈ :-

ਪੌਣ ਪੂਰੇ ਦੀ
ਵਗਦੀ ਤਾਂ ਲਗਦੀ
ਹਾਸੇ ਦੀ ਇੱਕ
ਟੁਣਕਾਰ ਜਿਹੀ ਹੈ
ਗ਼ਮਖਾਰ ਜਿਹੀ ਹੈ। ਪ੍ਰੋ ਗੁਰਦੀਪ ਸਿੰਘ ਖਿੰਡਾ

ਮਾਤ ਭਾਸ਼ਾ ਪੰਜਾਬੀ ਤਹਿਤ ਤਾਂਕਾ ਵਿਧਾ ਦੇ ਲੇਖਕਾਂ ਨੇ ਕਈ ਜਗ੍ਹਾ ਆਪਣੇ ਨਿੱਜ ਦੀ ਪਾਨ ਦੇ ਕੇ ਤਾਂਕੇ ਨੂੰ ਇੱਕ ਵੱਖਰੇ ਲਹਿਜ਼ੇ ਵਿੱਚ ਵੀ ਪੇਸ਼ ਕਰਨ ਦਾ ਯਤਨ ਕੀਤਾ ਹੈ।

ਆਓ ਕਿਸਾਨੋ
ਚੋਣ ਡੰਕਾ ਵੱਜਿਆ
ਸਮਾਂ ਆ ਗਿਆ
ਨੇਤਾ ਖੜ੍ਹਾ ਦੁਆਰੇ
ਚੁਣ ਲੈ ਸਰਕਾਰੇ। ਨਰਿੰਦਰ ਕੌਰ ਗਿੱਲ

ਪੁਸਤਕ ਵਿਚ ਕਈ ਕਾਵਿ ਵੰਨਗੀਆਂ ਐਸੀਆਂ ਹਨ ਉਨ੍ਹਾਂ ਨੂੰ ਜਿਉਂ ਜਿਉਂ ਪੜ੍ਹਦੇ ਜਾਵਾਂਗੇ ਤਿਉਂ ਤਿਉਂ ਉਨ੍ਹਾਂ ਦਾ ਅਕਸ ਤਸਵੀਰ ਓਵੇਂ ਹੀ ਮਨ ਵਿਚ ਉਕਰਦੀ ਜਾਵੇਗੀ, ਦੇਖਣਾ :-

ਜੋਰਾਂ ਦਾ ਮੀਂਹ
ਫਟ ਗਿਆ ਬੱਦਲ
ਵਹਿਗੇ ਘਰ
ਥਾਂ ਥਾਂ ਪਿਆ ਮਲਵਾ
ਕੁਝ ਬੰਦੇ ਲਾਪਤਾ। ਬਲਦੇਵ ਸਿੰਘ ਬੇਦੀ

ਜੱਚਦਾ ਬੜਾ
ਭੰਗੜੇ ਚ ਗੱਭਰੂ
ਗਲ ਚ ਕੈਂਠਾ
ਤੁਰਲੇ ਵਾਲੀ ਪੱਗ
ਪਾਵੇ ਤਰਥੱਲੀਆਂ। ਰਵਿੰਦਰ ਕੌਰ ਰਵੀ

ਪੁਸਤਕ ਇੱਕੋ ਰਾਹ ਦੇ ਪਾਂਧੀ ਦੇ ਵਿੱਚ ਇੱਕ ਜਗਾ ਪੁਆਧੀ ਭਾਸ਼ਾ ਦੇ ਵਿੱਚ ਜਪਾਨੀ ਕਾਵਿ ਦੀ ਝਲਕ ਦੇਖਣ ਨੂੰ ਮਿਲਦੀ ਹੈ ਇਸ ਭਾਸ਼ਾ ਦਾ ਆਪਣੇ ਖਿੱਤੇ ਦੇ ਵਿਚ ਆਪਣਾ ਇੱਕ ਵਿਸ਼ੇਸ਼ ਨਾਮ ਹੈ। ਪੁਆਧੀ ਬੋਲੀ ਦੀ ਆਪਣੀ ਇੱਕ ਖਾਸ ਵਿਲੱਖਣਤਾ ਹੋਣ ਕਾਰਨ ਇਕ ਵੱਖਰਾ ਸੁਸ਼ਾਦ ਦਿੰਦੀ ਹੈ । ਪੁਆਧੀ ਚਰਨ ਦੀ ਕਲਮ ਚੋਂ ਨਿੱਕਲੇ ਹਰਫ਼ ਆਪ ਨਾਲ਼ ਸਾਂਝੇ ਕਰ ਰਿਹਾ ਹਾਂ :-

ਅੱਖਰ ਜਾਣ
ਫੇਰ ਸ਼ਬਦ ਜਾਣ
ਬਾਦ ਮਾਂ ਵਾਕ
ਪੜ੍ਹ ਛੋਡੇ ਫਿਕਰੇ
ਬਸ ਅੱਗੇ ਕਿ ਅੱਗੇ। ਚਰਨ ਪੁਅਧੀ

ਪੁਸਤਕ “ਇੱਕੋ ਰਾਹ ਦੇ ਪਾਂਧੀ” ਦੇ ਨਾਮ ਨੂੰ ਰੂਪਮਾਨ ਤਾਂਕੇ ਵੀ ਪੁਸਤਕ ਵਿਚ ਲਿਖੇ ਮਿਲਦੇ ਹਨ। ਇਸ ਕਾਫ਼ਲੇ ਦੇ ਬਹੁਤ ਹੀ ਜ਼ਹੀਨ ਸਾਥੀ ਤੇ ਬਹੁਤ ਸੰਜੀਦਗੀ ਦੇ ਨਾਲ਼ ਹਰ ਕਾਰਜ਼ ਨੂੰ ਖਿੜੇ ਮੱਥੇ ਸਵੀਕਾਰਨ ਵਾਲੇ ਅਦੀਬ ਸਾਥੀ ਬੜੇ ਅਦਬ ਦੇ ਨਾਲ਼ ਪੁਸਤਕ ਬਾਰੇ ਇੰਝ ਲਿਖਦੇ ਹਨ :-

ਪਾਂਧੀ ਨਿਆਰਾ
ਤੁਰੇ ਔਖੇ ਰਸਤੇ
ਭੀੜ ਤੋਂ ਵੱਖ
ਸਫ਼ਰ ਤੈਅ ਕਰੇ
ਬੀਜ਼ ਤੋਂ ਫੁੱਲ ਤੱਕ। ਜਸਵਿੰਦਰ ਸਿੰਘ ਰੁਪਾਲ

ਪੁਸਤਕ ਵਿਚਲੇ ਤਮਾਮ ਕਲਮਾਂ ਦੇ ਕਾਫ਼ਲੇ ਨੂੰ ਸੰਬੋਧਨ ਕਰਕੇ ਡਾ. ਨਿਤਨੇਮ ਜੀ ਲਿਖਦੇ ਹਨ :-

ਤੁਰਿਆ ਚੱਲ
ਬਣ ਜਾਣਗੇ ਰਾਹ
ਆਪਣੇ ਆਪ
ਪਿੱਛਾ ਕਰੇਗਾ ਤੇਰਾ
ਹਜ਼ਾਰਾਂ ਦਾ ਕਾਫ਼ਲਾ। ਡਾ. ਨਿਤਨੇਮ ਸਿੰਘ

ਅੰਤਿਮ ਭਾਗ :
ਦੋਸਤੋ ਹਥਲੀ ਪੁਸਤਕ ਵਿੱਚ ਹੋਰ ਵੀ ਕਈ ਵਿਸ਼ਿਆਂ ਦੀ ਤਰਜ਼ਮਾਨੀ ਕਰਦੇ ਤਾਂਕੇ ਸ਼ਾਮਿਲ ਹਨ। ਉਨ੍ਹਾਂ ਨੂੰ ਘੋਖਣਾ, ਪੜ੍ਹਨਾ ਤੇ ਵਿਚਾਰਨਾ ਤੇ ਆਪਣੇ ਕੀਮਤੀ ਤੇ ਵਡਮੁੱਲੇ ਵਿਚਾਰ ਵੀ ਜ਼ਰੂਰ ਦੇਣਾਂ ਤਾਂ ਜੋ ਅਗਲੇਰੀ ਕਿਰਤ ਵਿੱਚ ਸੁਧਾਰ ਕਰ ਹੋਰ ਵਧੀਆ ਕਾਰਜ ਕੀਤਾ ਜਾ ਸਕੇ। “ਇੱਕੋ ਰਾਹ ਦੇ ਪਾਂਧੀ” ਪੁਸਤਕ ਦੇ ਸਾਰੇ ਕਾਰਜ਼ ਵਿੱਚ ਸ਼ੋਸ਼ਲ ਮੀਡੀਆ ਤੇ ਬਣੇ ਅੰਤਰ-ਰਾਸ਼ਟਰੀ ਹਾਇਕੂ ਗਰੁੱਪ  “ਪੰਜਾਬੀ ਹਾਇਕੂ ਰਿਸ਼ਮਾਂ”  ਦੇ ਐਡਮਿਨਜ਼/ਕੋ-ਐਡਮਿਨਜ਼ ਪੈਨਲ, ਸਮੁੱਚੀ ਚੋਣ ਕਮੇਟੀ ਅਤੇ ਵਿਸ਼ੇਸ਼ ਕਰਕੇ ਇਸ ਕਿਤਾਬ ਵਿੱਚ ਸ਼ਾਮਿਲ ਸਭਨਾਂ ਕਲਮਾਂ ਦਾ ਯੋਗਦਾਨ ਸਲਾਹੁਣਯੋਗ ਰਿਹਾ ਹੈ, ਜੋ ਕਿ ਇੱਕ ਟੀਮ ਵਰਕ ਬਣਕੇ ਉੱਭਰਿਆ ਹੈ। ਜੇਕਰ ਸਭਨਾਂ ਜ਼ਹੀਨ ਕਲਮਾਂ ਦਾ ਸਹਿਯੋਗ ਤੇ ਸਾਥ ਇਸੇ ਤਰਾਂ ਰਿਹਾ ਤਾਂ ਕੋਸ਼ਿਸ਼ ਹੋਵੇਗੀ ਕਿ ੲਿਸੇ ਸਾਲ ਹੀ ਇਸ ਵਿਧਾ ਨੂੰ ਹੋਰ ਪ੍ਰਫੁੱਲਤ ਕਰਨ ਹਿੱਤ ਅਗਲੇਰੀ ਪੁਸਤਕ ਆਪ ਜੀ ਸਹਿਯੋਗ ਔਰ ਸਾਥ ਦੇ ਨਾਲ਼ ਪ੍ਰਕਾਸ਼ਿਤ ਕੀਤੀ ਜਾਵੇਗੀ ।

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin