Religion

ਨਨਕਾਣਾ ਤੋਂ ਨਾਂਦੇੜ ਤੱਕ : ਰੂਹਾਨੀ ਇਨਕਲਾਬ

ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਨਕਾਣਾ ਸਾਹਿਬ ਤੋਂ ਨੰਦੇੜ ਸਾਹਿਬ ਤੱਕ ਦੇ ਸਫ਼ਰ ਦੀ ਅਲੌਕਿਕ ਗਾਥਾ ਹੈ। ਇਹ ਬਾਬੇ ਨਾਨਕ ਦੀਆਂ ਪੋਥੀਆਂ ਤੋਂ ‘ਆਦਿ ਗ੍ਰੰਥ’ ਤੇ ਫਿਰ ਸ਼ਬਦ ਗੁਰੂ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਅਨੁਪਮ ਇਲਾਹੀ ਜੋਤ ਦੇ ਰੂਹਾਨੀ ਪ੍ਰਕਾਸ਼ ਦਾ ਨੂਰਾਨੀ ਫੈਲਾਅ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸਕ ਪੱਖੋਂ 1170 ਈ. ਤੋਂ 1675 ਈ. ਤੱਕ ਦੇ ਸਮੇਂ ਦੀ ਬਾਣੀ ਸ਼ਾਮਲ ਹੈ। ਇਹ ਸਮਾਂ ਭਗਤ ਜੈ ਦੇਵ ਤੇ ਸੂਫੀ ਮੱਤ ਦੇ ਬਾਬਾ ਫਰੀਦ ਤੋਂ ਲੈ ਕੇ ਸ੍ਰੀ ਗੁਰੂ ਤੇਗ ਬਹਾਦਰ ਤੱਕ ਦਾ ਬਣਦਾ ਹੈ। ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਾਹਿਬਾਨ, ਸ੍ਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਅੰਕਿਤ ਹੈ। ਸਾਰੇ ਗੁਰੂਆਂ ਨੇ ਆਪਣੇ ਆਪ ਨੂੰ ਇੱਕ ਨਾਨਕ ਜੋਤ ਦੇ ਅਨਿੱਖੜਵੇਂ ਅੰਗ ਵੱਜੋਂ ਆਪਣੀ ਬਾਣੀ ਵਿੱਚ ਆਪਣੇ ਨਾਮ ਦਾ ਪ੍ਰਯੋਗ ਨਾ ਕਰਕੇ ਨਾਨਕ ਦੇ ਨਾਮ ਹੇਠ ਬਾਣੀ ਰਚੀ ਹੈ।
ਬੇਸ਼ੱਕ ਆਪਣੀ ਬਾਣੀ ਦੀ ਤਰਤੀਬ ਦਰਸਾਉਣ ਲਈ ਉਨ੍ਹਾਂ ਨੇ ਮਹਲਾ ਪਹਿਲਾ, ਦੂਜਾ, ਤੀਜਾ, ਚੌਥਾ ਆਦਿ ਦਾ ਵਰਨਣ ਕੀਤਾ ਹੈ। ਇਸ ਵਿੱਚ ਭਗਤ ਜੈ ਦੇਵ, ਫਰੀਦ, ਤ੍ਰਿਲੋਚਨ, ਨਾਮਦੇਵ, ਸਧਨਾ, ਬੇਣੀ, ਰਾਮਾਨੰਦ, ਕਬੀਰ, ਰਵੀਦਾਸ, ਪੀਪਾ, ਸੈਣ, ਧੰਨਾ, ਭੀਖਨ, ਪਰਮਾਨੰਦ ਅਤੇ ਸੂਰਦਾਸ ਭਾਵ ਕੁੱਲ 15 ਭਗਤਾਂ ਦੀ ਬਾਣੀ ਸ਼ਾਮਲ ਹੈ। ਇਸ ਤਰ੍ਹਾਂ ਹੀ ਗੁਰੂ ਘਰ ਦੇ 4 ਨਿਕਟਵਰਤੀਆਂ ਭਾਈ ਮਰਦਾਨਾ, ਬਾਬਾ ਸੁੰਦਰ ਜੀ, ਰਾਇ ਬਲਵੰਡ ਤੇ ਸੱਤਾ ਡੂਮ ਦੇ ਨਾਲ 11 ਭੱਟਾਂ ਕਲਸਹਾਰ, ਜਾਲਪ, ਕੀਰਤ, ਭੀਖਾ, ਸਲ੍ਹ, ਭਲ੍ਹ, ਨਲ੍ਹ, ਗਯੰਦ, ਮਯੁਰਾ, ਬਲ੍ਹ ਤੇ ਹਰਿਬੰਸ ਦੀ ਬਾਣੀ ਸ਼ਾਮਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ 1430 ਅੰਗ ਹਨ। ਇਸ ਵਿੱਚ 36 ਦਰਵੇਸ਼ ਮਹਾਂ-ਪੁਰਖਾਂ ਦੀ ਬਾਣੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਨ 1604 ਈਸਵੀ ਵਿੱਚ ਕੀਤੀ। ਉਨ੍ਹਾਂ ਨੇ ਇਸ ਪਹਿਲੇ ਸਰੂਪ ਦੀ ਲਿਖਤ ਭਾਈ ਗੁਰਦਾਸ ਜੀ ਤੋਂ ਕਰਵਾਈ ਅਤੇ ਇਸ ਆਦਿ ਗ੍ਰੰਥ ਦੀ ਸਥਾਪਨਾ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕਰਕੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਵੱਜੋਂ ਸੇਵਾ ਸੌਂਪੀ। ਸਥਾਪਨਾ ਸਮੇਂ ਜੋ ਸਭ ਤੋਂ ਪਹਿਲਾ ਮੁੱਖ ਵਾਕ ਬਾਬਾ ਬੁੱਢਾ ਜੀ ਨੇ ਲਿਆ, ਉਹ ਇਹ ਸੀ-ਸੂਹੀ ਮੁਹੱਲਾ ਪੰਜਵਾਂ ”ਸੰਤਾਂ ਕੇ ਕਾਰਜਿ ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ£ ਧਰਤਿ ਸੁਹਾਵੀ ਤਾਲੁ ਸੁਹਾਵਾ ਵਿਚਿ ਅੰਮ੍ਰਿਤ ਜਲ ਛਾਇਆ ਰਾਮ£ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ£ ਜੈ ਜੈ ਕਾਰ ਭਇਆ ਜਗ ਅੰਤਰਿ ਲਾਥੇ ਸਗਲ ਵਿਸੂਰੇ।”
ਦਮਦਮਾ ਸਾਹਿਬ ਤਲਵੰਡੀ ਸਾਬੋਂ ਵਿਖੇ ਸੰਨ 1706 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਦਿ ਗ੍ਰੰਥ ਦੀ ਪੁਨਰ-ਸੰਪਾਦਨਾ ਤੇ ਪੁਨਰ ਸਥਾਪਨਾ ਕੀਤੀ। ਇਸ ਦੀ ਜ਼ਰੂਰਤ ਇਸ ਲਈ ਪਈ ਕਿ ਆਨੰਦਪੁਰ ਸਾਹਿਬ ਨੂੰ ਛੱਡਣ ਸਮੇਂ ਦਸੰਬਰ 1705 ਵਿੱਚ ਆਦਿ ਗ੍ਰੰਥ ਹੋਰ ਬਹੁਤ ਸਾਰੇ ਬੇਸ਼ਕੀਮਤੀ ਇਤਿਹਾਸ ਤੇ ਸਾਹਿਤ ਸਮੇਤ ਮੌਜੂਦਾ ਗੁਰਦੁਆਰਾ ਪਰਿਵਾਰ ਵਿਛੋੜਾ ਦੇ ਸਥਾਨ ਤੇ ਸਰਸਾ ਨਦੀ ਵਿੱਚ ਆਏ ਹੜ੍ਹ ਦੀ ਭੇਂਟ ਚੜ੍ਹ ਗਿਆ ਸੀ। ਦੱਸਵੇਂ ਪਾਤਸ਼ਾਹ ਨੇ ਭਾਈ ਮਨੀ ਸਿੰਘ ਨੂੰ ਦੁਬਾਰਾ ਆਦਿ ਗ੍ਰੰਥ ਦੀ ਬਾਣੀ ਲਿਖਵਾਈ ਅਤੇ ਬਾਬਾ ਦੀਪ ਸਿੰਘ ਜੀ ਨੂੰ ਮੁੱਖ ਗੰ੍ਰਥੀ ਥਾਪਿਆ।
ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੱਚਖੰਡ ਹਜ਼ੂਰ ਸਾਹਿਬ ਵਿਖੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸ਼ਬਦ ਗੁਰੂ ਦੇ ਸਵਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦਿੰਦੇ ਹੋਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਸਿੱਖਾਂ ਨੂੰ ਆਦੇਸ਼ ਦਿੱਤਾ ਕਿ ਉਹ ਅੱਗੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਆਪਣੇ ਜੀਵਨ ਵਿੱਚ ਮਾਰਗ ਦਰਸ਼ਨ ਸਬੰਧੀ ਅਗਵਾਈ ਲੈਣ। ਇਸ ਦਿਨ ਤੋਂ ਹੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਆਪਸ ਵਿੱਚ ਇੱਕਮਿੱਕ ਹੋ ਗਏ। ਇਸ ਤਰ੍ਹਾਂ ਦਸਮੇਸ਼ ਪਿਤਾ ਨੇ ਦੇਹਧਾਰੀ ਗੁਰੂ ਦੀ ਰਵਾਇਤ ਨੂੰ ਬੇਲੋੜੀ ਜਾਣ ਕੇ ਸਦਾ ਲਈ ਖਤਮ ਕਰ ਦਿੱਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਇਸ਼ਟ ਗੁਰੂ ਹੈ। ਦੱਸਵੇਂ ਪਾਤਸ਼ਾਹ ਦਾ ਇਹ ਹੁਕਮ ਹੈ ਤੇ ਇਸ ਨੂੰ ਸਿਰ-ਮੱਥੇ ਪ੍ਰਵਾਨ ਕਰ ਲਿਆ ਗਿਆ ਹੈ ਕਿ ਦਸ ਗੁਰੂ ਸਾਹਿਬਾਨਾਂ ਤੋਂ ਬਾਅਦ ਸਿੱਖਾਂ ਲਈ ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ। ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ਸ਼ਬਦ, ਗਿਆਨ, ਰੌਸ਼ਨੀ, ਪ੍ਰਕਾਸ਼ ਹੀ ਗੁਰੂ ਹੈ। ਇਸ ਕਰਕੇ ਗੁਰੂ ਦੇ ਬਰਾਬਰ ਖੜ੍ਹਾ ਹੋਣ ਵਾਲਾ, ਗੁਰਗੱਦੀ ਦਾ ਕੋਈ ਦਾਅਵੇਦਾਰ, ਇਸ ਪੱਖੋਂ ਈਰਖਾ ਜਾਂ ਦੁਸ਼ਮਣੀ ਕਰਨ ਵਾਲਾ ਹੁਣ ਕੋਈ ਨਹੀਂ ਰਹੇਗਾ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਗੁਰੂ ਦੇ ਰੂਪ ਵਿੱਚ ਸਰਵੋਤਮਤਾ ਆਪਣੇ ਆਪ ਹੀ ਸਿੱਧ ਹੋ ਗਈ ਹੈ। ਜਿੱਥੇ ਕਿਤੇ, ਕੋਈ ਥੋੜ੍ਹੀ-ਬਹੁਤ ਇਸ ਪੱਖੋਂ ਗਲਤੀ ਹੋਈ ਹੈ, ਉਹ ਗਲਤੀ ਕਰਨ ਵਾਲੇ ਜਾਂ ਤਾਂ ਸਿੱਖ ਜਗਤ ਵਿੱਚੋਂ ਆਪੇ ਨਿਕਲ ਗਏ ਹਨ ਜਾਂ ਘੱਟੋ-ਘੱਟ ਇਸ ਜਗਤ ਵਿੱਚ ਸਤਿਕਾਰ ਦੇ ਪਾਤਰ ਨਹੀਂ ਰਹੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੂਲ ਮੰਤਰ ਅਤੇ ”ਆਦਿ ਸਚੁ ਜੁਗਾਦਿ ਸਚੁ£ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ£” ਤੋਂ ਅਖੀਰ ਤੱਕ ਅਕਾਲ ਪੁਰਖ ਦੀ ਉਸਤਿਤ ਤੇ ਉਪਮਾ ਹੀ ਇਸਦਾ ਮੂਲ ਆਧਾਰ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਪੁਜੀ ਸਾਹਿਬ ਦੀਆਂ 38 ਪੌੜੀਆਂ ਵਿੱਚ ਮਨੁੱਖ ਨੂੰ ਸਚਿਆਰਾ ਹੋਣ ਤੇ ਸਦਾਚਾਰੀ ਬਣਨ ਦਾ ਉਪਦੇਸ਼ ਦਿੱਤਾ ਹੈ। ਅਸਲ ਵਿੱਚ ਇਹੀ ਵਿਚਾਰ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਗਤੀਮਾਨ ਹੈ। ਇਸ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਦੱਸਿਆ ਜੀਵਨ ਫਲਸਫਾ ਨਾਮ ਜਪਣਾ, ਕਿਰਤ ਕਰਨਾ, ਤੇ ਵੰਡ ਛੱਕਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁੱਝ ਕੁ ਮੂਲ ਆਧਾਰਾਂ ਵਿੱਚੋਂ ਇੱਕ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਂਦਰ ਬਿੰਦੂ ਇੱਕ ਰੱਬ, ਇੱਕ ਮਨੁੱਖ, ਇੱਕ ਧਰਮ, ਇੱਕ ਨਾਮ ਸਿਮਰਨ ਤੇ ਇੱਕ ਨੂਰ ਦੇ ਮਨੁੱਖ ਦੀ ਸਿਰਜਣਾ ਹੈ। ਜਾਤ-ਪਾਤ, ਵਹਿਮ-ਭਰਮ, ਨੀਚ-ਊਚ, ਅਮੀਰ-ਗਰੀਬ, ਰਾਜਾ-ਪਰਜਾ ਇਸਤਰੀ ਪੁਰਸ਼ ਆਦਿ ਦੇ ਭੇਦਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਸਥਾਨ ਨਹੀਂ ਹੈ। ਗੁਰਬਾਣੀ ਵਿੱਚ 2026 ਸ਼ਬਦ, 305 ਅਸ਼ਟਪਦੀਆਂ, 145 ਛੰਦ, 22 ਵਾਰਾਂ ਤੇ 471 ਪੌੜੀਆਂ ਬਨ। ਇਹ ਸਾਰੀ ਬਾਣੀ 31 ਰਾਗਾਂ ਵਿੱਚ ਸੁਰ ਤਾਲ ਕੀਤੀ ਗਈ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਲੇਵਾ ਦੁਨੀਆਂ ਭਰ ਦੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਨ। ਸਮੁੱਚੀ ਮਾਨਵਤਾ ਲਈ ਅਧਿਆਤਮਕ, ਸਦਾਚਾਰਕ ਤੇ ਸਮਾਜਿਕ ਸ਼ਿਸ਼ਟਾਚਾਰ ਦੇ ਪੱਖੋਂ ਆਪਣੀ ਵਿਚਾਰਾਤਮਕ ਬੁਲੰਦੀ ਅਤੇ ਸਰਵ-ਵਿਆਪਕਤਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੋਕਾਂ ਵੱਲੋਂ ਸਿੱਖਾਂ ਦਾ ਗੁਰੂ ਅਤੇ ਸਿੱਖਾਂ ਵੱਲੋਂ ਜ਼ਾਹਰਾ-ਜ਼ਹੂਰ ਜਗਤ ਗੁਰੂ ਮੰਨਿਆ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖ ਧਰਮ ਦਾ ਹੀ ਪਵਿੱਤਰ ਗ੍ਰੰਥ ਨਹੀਂ, ਇਹ ਤਾਂ ਇਸ ਉਪ-ਮਹਾਂਦੀਪ ਦਾ ਇੱਕ ਵਿਸ਼ੇਸ਼ ਤੇ ਵਿਲੱਖਣ ਧਰਮ ਗ੍ਰੰਥ ਵੀ ਹੈ। ਇਸ ਵਿੱਚ ਸੂਫੀ ਮੱਤ ਤੇ ਹੋਰ ਫਿਰਕਿਆਂ ਦੇ ਇਲਾਹੀ ਭਗਤਾਂ ਤੇ ਦਰਵੇਸ਼ ਫਕੀਰਾਂ ਦੀ ਬਾਣੀ ਹੈ। ਸੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਰ ਵਰਗ ਅਤੇ ਜਾਤੀ ਨੂੰ ਬਰਾਬਰੀ ਦਾ ਦਰਜਾ ਦਿੱਤੇ ਜਾਣ ਦਾ ਪ੍ਰਤੱਖ ਸਬੂਤ ਮਿਲਦਾ ਹੈ।
ਸ੍ਰੀ ਗੁਰੂ ਗਰੰਥ ਸਾਹਿਬ ਸਿੱਖਾਂ ਦੇ ਕੇਵਲ ਧਾਰਮਿਕ, ਰਹਿਬਰ ਅਤੇ ਅਧਿਆਤਮਕ ਇਸ਼ਟ ਹੀ ਨਹੀਂ ਹਨ, ਸਗੋਂ ਸਦਾਚਾਰਕ ਆਗੂ, ਸਮਾਜਿਕ ਤੇ ਸੱਭਿਆਚਾਰਕ ਰਹਿਨੁਮਾ ਅਤੇ ਮਨੁੱਖੀ ਸਾਂਝੀਵਾਲਤਾ ਦੇ ਉਪਦੇਸ਼ਕ ਤੇ ਮੁਦੱਈ ਵੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਸ਼ਬਦ ਗੁਰੂ ਦੇ ਸਵਰੂਪ ਵਿੱਚ ਮਾਨਵਤਾ ਲਈ ਅਤਿ ਪਾਵਨ ਤੇ ਮਹਾਨ ਗ੍ਰੰਥ ਹੈ।
ਗੁਰੂ ਨਾਨਕ ਤੋਂ ਬਾਅਦ 9 ਗੁਰੂ ਸਾਹਿਬਾਨ ਨੇ ਨਾਨਕ ਜੋਤ ਦੇ ਹੀ ਸਵਰੂਪ ਹੋ ਕੇ ਇਸ ”ਏਕ ਜੋਤ” ਨੂੰ ਭਾਰਤ ਦੀ ਉੱਤਰ ਦਿਸ਼ਾ ਨਨਕਾਣਾ ਸਾਹਿਬ ਤੋਂ ਦੱਖਣੀ ਸਿਰੇ ਨੰਦੇੜ ਸਾਹਿਬ ਤੱਕ ਪ੍ਰਕਾਸ਼ਮਾਨ ਕੀਤਾ ਹੈ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਕਲਮ ਦੇ ਅਧਿਆਤਮਕ ਸਫਰ ਤੋਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ”ਚੂੰ ਕਾਰ ਅਜ਼ ਹਮਾ ਹੀਲਤੇ ਦਰਗੁਜ਼ਸ਼ਤ। ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਸਤ।” ਭਾਵ ਆਪਣੇ ਹੱਕ-ਸੱਚ ਦੀ ਰਾਖੀ ਲਈ ਤਲਵਾਰ ਦਾ ਸਫਰ ਸ਼ੁਰੂ ਹੋਇਆ। ਬੇਸ਼ੱਕ ਕਲਮ ਤੋਂ ਤਲਵਾਰ ਦੇ ਇਸ ਸਫਰ ਵਿੱਚ ਧਾਰਮਿਕ, ਸਮਾਜਿਕ ਤੇ ਸਦਾਚਾਰਕ ਮਨੁੱਖੀ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਹਮੇਸ਼ਾਂ ਗੁਰਬਾਣੀ ਤੋਂ ਸੇਧ ਪ੍ਰਾਪਤ ਕੀਤੀ ਗਈ।
ਸੋ ਇਸ ਤਰ੍ਹਾਂ ਰੱਬੀ ਨੂਰ ਗੁਰੂ ਨਾਨਕ ਦੇਵ ਜੀ ਤੋਂ ਦੱਸਵਂੇ ਗੁਰੂ, ਸੰਤਾਂ, ਭਗਤਾਂ ਦੀ ਏਕੋ ਜੋਤ ਦੀ ਵੱਡੀ-ਵਡਿਆਈ ਇਹ ਹੈ ਕਿ ਕੌਮ ਨੂੰ ਇਸ ਨੇ ”ਕਿਵ ਸਚਿਆਰਾ ਹੋਈਐ” ਦਾ ਜੀਵਨ ਮਾਰਗ ਦੱਸਿਆ ਹੈ, ਜੋ ਕਿ ਮਨੁੱਖੀ ਸਮਾਜ ਨੂੰ ਇਖਲਾਕੀ ਤੇ ਸਮਾਜਿਕ ਗਿਰਾਵਟ ਦੀ ਰਸਾਤਲੀ ਜਿਲ੍ਹਣ ਵਿੱਚੋਂ ਬਾਹਰ ਕੱਢ ਕੇ, ਪਹਿਲਾਂ ਧਰਾਤਲੀ ਪੱਧਰ ‘ਤੇ ਲਿਆਉਂਦਾ ਹੈ ਅਤੇ ਫਿਰ ਅੱਗੇ ਅਧਿਆਤਮਕ ਮੰਡਲ ਦੀਆਂ ਬੁਲੰਦੀਆਂ ਤੱਕ ਪਹੁੰਚਾਉਂਦਾ ਹੈ। ਇਸ ਤਰ੍ਹਾਂ ਸਾਰੀ ਗੁਰਬਾਣੀ ਦਾ ਮੁਜ਼ੱਸਮਾ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ, ਆਦਮੀ ਨੂੰ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੇ ਹਨ ਅਤੇ ਸਮੁੱਚੀ ਮਨੁੱਖਤਾ ਦਾ ਮਾਨਵਤਾ ਦੀ ਮੰਜ਼ਿਲ ਤੱਕ ਪਹੁੰਚਣ ਲਈ ਇਲਾਹੀ ਮਾਰਗ ਦਰਸ਼ਨ ਕਰਦੇ ਹਨ।
-ਕੁਲਬੀਰ ਸਿੰਘ ਸਿੱਧੂ, ਰਿਟਾਇਰਡ ਆਈ.ਏ.ਐੱਸ.

Related posts

ਅੰਮ੍ਰਿਤਸਰ ਤੋਂ ਸਾਂਝੀਵਾਲਤਾ ਦੇ ਯੁਗ ਦੀ ਸ਼ੁਰੂਆਤ

admin

ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸੱਭ ਦੁਖ ਜਾਇ

admin

ਸ਼ਹੀਦ ਭਾਈ ਤਾਰੂ ਸਿੰਘ ਜੀ: ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨ ਜਾਵੇ’

admin