Religion

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼

ਸੰਦੇਸ਼ ਨੂੰ ਸਮਕਾਲ ਤਕ ਸੀਮਿਤ ਕਰਕੇ ਵੇਖਣ ਦੀ ਪਹੁੰਚ ਗੁਰੂ ਨਾਨਕ ਦੇਵ ਵਰਗੇ ਧਰਮ-ਸੰਸਥਾਪਕ ਨਾਲ ਨਿਆਂ ਨਹੀਂ ਕਰ ਸਕਦੀ। ਇਸ ਵਿਚ ਤਾਂ ਕੋਈ ਸ਼ੱਕ ਹੀ ਨਹੀਂ ਰਹਿ ਗਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਦੇਸ਼ ਕਿਸੇ ਸਮੇਂ ਦੀ ਸੀਮਾ ਵਿਚ ਜਾਂ ਕਿਸੇ ਇਲਾਕੇ ਦੀ ਸੀਮਾ ਵਿਚ ਬੰਨ੍ਹ ਕੇ ਰਖਣ ਵਾਸਤੇ ਨਹੀਂ ਸੀ। ਉਨ੍ਹਾਂ ਨੇ ਜਿਹੜੀਆਂ ਗੱਲਾਂ ਸੋਲ੍ਹਵੀਂ ਸਦੀ ਵਿਚ ਕਹੀਆਂ, ਉਹ ਅਜ ਵੀ ਓਸੇ ਤਰ੍ਹਾਂ ਰਾਹ ਵਿਖਾਉਣ ਵਿਚ ਸਹਾਇਤਾ ਕਰਦੀਆਂ ਹਨ, ਜਿਵੇਂ ਉਸ ਵੇਲੇ। ਕਾਰਣ ਇਹ ਹੈ ਕਿ ਮਹਾਪੁਰਸ਼ਾਂ ਦੇ ਸੰਦੇਸ਼ ਦਾ ਸਬੰਧ ਸਿਧਾ ਬੰਦੇ ਦੀ ਰੂਹ ਨਾਲ ਪਹਿਲਾਂ ਵੀ ਸੀ ਅਤੇ ਅੱਜ ਵੀ ਹੈ। ਬੰਦਾ ਨਹੀਂ ਬਦਲਦਾ, ਬੰਦੇ ਦੇ ਹਾਲਾਤ ਬਦਲਦੇ ਹਨ। ਸੋ ਗੁਰੂ ਜੀ ਨੇ ਇਹ ਦਸਿਆ ਕਿ ਬੰਦੇ ਨੂੰ ਬਦਲਣ ਲਈ, ਬੰਦੇ ਦੇ ਹਾਲਾਤ ਨੂੰ ਬਦਲਣਾ, ਕਿਸੇ ਵੀ ਧਰਮ ਦੀ ਮੁਢਲੀ ਲੋੜ ਰਹੀ ਹੈ ਅਤੇ ਰਹੇਗੀ। ਹਾਲਾਤ ਨੂੰ ਬਦਲਣ ਦੀ ਪ੍ਰੇਰਨਾ ਨੂੰ ਬਾਣੀ ਵਿਚ ਜੋਤਿ ਕਿਹਾ ਗਿਆ ਹੈ ਅਤੇ ਜੋਤਿ ਨੂੰ ਅਮਲ ਵਿਚ ਲਿਆਉਣ ਦੀ ਵਿਧੀ ਨੂੰ ਜੁਗਤਿ ਕਿਹਾ ਗਿਆ ਹੈ। ਜੋਤਿ ਅਤੇ ਜੁਗਤਿ ਦਾ ਨਿਸਤਾਰਾ ਗੁਰੂ ਨਾਨਕ ਦੇਵ ਜੀ ਨੇ ਕਰ ਦਿਤਾ ਸੀ। ਬਾਕੀ ਨੌਂ ਗੁਰੂ ਸਾਹਿਬਾਨ ਏਸੇ ਜੋਤਿ ਅਤੇ ਜੁਗਤਿ ਨੂੰ ਆਮ ਇਨਸਾਨ ਦੀ ਜਿੰਦਗੀ ਵਿਚ ਉਤਾਰਨ ਦੀ ਜੁੰਮੇਵਾਰੀ ਨਿਭਾਉਦੇ ਰਹੇ। ਇਸ ਗੱਲ ਦੀ ਗਵਾਹੀ ਰਾਇ ਬਲਵੰਡ ਅਤੇ ਸੱਤੇ ਡੂਮ ਨੇ ਰਾਮਕਲੀ ਕੀ ਵਾਰ ਵਿਚ ਭਰੀ ਹੋਈ ਹੈ:
ਲਹਣੇ ਦੀ ਫੇਰਾਈਐ
ਨਾਨਕਾ ਦੋਹੀ ਖਟੀਐ॥
ਜੋਤਿ ਓਹਾ ਜੁਗਤਿ ਸਾਇ ਸਹਿ
ਕਾਇਆ ਫੇਰਿ ਪਲਟੀਐ। (ਪੰਨਾ 966)
ਇਸ ਨਾਲ ਇਹ ਗੱਲ ਸਾਹਮਣੇ ਆ ਜਾਂਦੀ ਹੈ ਕਿ ਗੁਰੂ-ਸੰਦੇਸ਼ ਦੇ ਵਾਰਸਾਂ ਦੀ ਜੁੰਮੇਵਾਰੀ ਬਣਦੀ ਹੈ ਕਿ ਉਹ ਜੋਤਿ ਅਤੇ ਜੁਗਤਿ ਦੀ ਗੁਰੂ-ਦਾਤ ਨੂੰ ਪਹਿਲਾਂ ਆਪ ਹੰਢਾਉਣ ਅਤੇ ਫਿਰ ਦੂਜਿਆਂ ਤਕ ਇਸ ਅਹਿਸਾਸ ਨੂੰ ਪਹੁੰਚਾਉਣ ਲਈ ਸੰਭਵ ਯਤਨ ਕਰਨ। ਏਸੇ ਨੂੰ “ਆਪਿ ਜਪੈ ਅਵਰਾ ਨਾਮ ਜਪਾਵੈ” ਰਾਹੀਂ ਸਮਝਿਆ ਵੀ ਜਾ ਸਕਦਾ ਹੈ ਅਤੇ ਸਮਝਾਇਆ ਵੀ ਜਾ ਸਕਦਾ ਹੈ। ਇਹ ਸਭ ਕੁਝ ਬਾਣੀ ਨਾਲ ਜੁੜਿਆਂ ਹੀ ਸੰਭਵ ਹੋ ਸਕਦਾ ਹੈ। ਸਿੱਖੀ ਦੀ ਜ਼ਬਾਨ ਵਿਚ ਬਾਣੀ ਨਾਲੋਂ ਟੁਟਣ ਨਾਲ ਅਗਿਆਨੀ ਅਤੇ ਵਿਕਾਰੀ ਸੁਭਾ ਦਾ ਬੋਲਬਾਲਾ ਹੋ ਜਾਂਦਾ ਹੈ। ਮੇਰਾ ਤਾਂ ਇਹ ਕਹਿਣ ਨੂੰ ਵੀ ਜੀਅ ਕਰਦਾ ਹੈ ਕਿ ਜਿਹੜੀ ਗੱਲ ਗੁਰੂ ਨਾਨਕ ਦੇਵ ਜੀ ਨੇ ਬਾਬਰਵਾਣੀ ਦੇ ਹਵਾਲੇ ਨਾਲ ਕਹੀ ਹੈ, ਉਹ ਅੱਜ ਸਿੱਖਾਂ ਤੇ ਪੂਰੀ ਉਤਰਦੀ ਲਗਦੀ ਹੈ। ਸਿੱਖ ਕੌਮ ਨੂੰ ਜਿਨ੍ਹਾਂ ਦੁਸ਼ਵਾਰੀਆਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ, ਉਸ ਦੀ ਜੁੰਮੇਵਾਰੀ ਕਿਸੇ ਨ ਕਿਸੇ ਹੱਦ ਤਕ ਸਾਡੇ ਤੇ ਵੀ ਜ਼ਰੂਰ ਆਉਂਦੀ ਹੈ। ਇਹ ਗੱਲ ਮੈਂ “ਪਰਮੇਸਰ ਤੇ ਭੁਲਿਆ ਵਿਆਪਨ ਸਭੈ ਰੋਗ” ਨੂੰ ਧਿਆਨ ਵਿਚ ਰਖ ਕੇ ਕਹਿ ਰਿਹਾ ਹਾਂ। ਤਾਂ ਤੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਸਾਡੇ ਅੰਗ ਸੰਗ ਹਨ। ਜੋ ਬਾਣੀ ਤੋਂ ਦੂਰ ਹੈ ਜਾਂ ਸਿੱਖੀ ਦੇ ਫਖਰ ਤੋਂ ਮਹਿਰੂਮ ਹੈ, ਉਸ ਦੇ ਅੰਗ ਸੰਗ ਰਹਿਣ ਦੀ ਆਸ ਗੁਰੂ ਜੀ ਤੋਂ ਕਿਵੇਂ ਕੀਤੀ ਜਾ ਸਕਦੀ ਹੈ? ਜੋ ਗੁਰੂ ਦੀ ਗੁਲਾਮੀ ਨਹੀਂ ਕਰ ਸਕਦਾ, ਉਸ ਨੂੰ ਹੋਰ ਬਹੁਤ ਸਾਰੀਆਂ ਗੁਲਾਮੀਆਂ ਕਰਨੀਆਂ ਪੈ ਸਕਦੀਆਂ ਹਨ। ਏਸੇ ਨੂੰ ਮੈਂ ਹਾਲਾਤ ਦੀ ਗੁਲਾਮੀ ਕਹਿ ਸਕਦਾ ਹਾਂ ਕਿਉਂਕਿ ਹਾਲਾਤ ਦੀ ਗੁਲਾਮੀ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ। ਇਹ ਗੁਲਾਮੀ ਕਿਸੇ ਵੀ ਬਹਾਨੇ ਬੰਦੇ ਨੂੰ ਘੇਰਨ ਦੀ ਕੋਸ਼ਿਸ਼ ਲਗਾਤਾਰ ਕਰਦੀ ਰਹਿੰਦੀ ਹੈ। ਇਸ ਤੋਂ ਬਚਣ ਦੀ ਜੁਗਤਿ ਨੂੰ ਹੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਰੂਪ ਵਿਚ ਦਸਣ ਦੀ ਕੋਸ਼ਿਸ਼ ਕਰ ਰਿਹਾ ਹਾਂ।
ਉਮਰ ਦੇ ਇਸ ਪੜਾਅ ਤੇ ਬਾਣੀ ਦੇ ਵਿਦਿਆਰਥੀ ਵਜੋਂ ਮੇਰਾ ਇਹ ਵਿਸ਼ਵਾਸ ਪੱਕਾ ਹੋ ਗਿਆ ਹੈ ਕਿ ਧਰਮ ਤੋਂ ਬਿਨਾਂ ਬਾਕੀ ਸਾਰੀਆਂ ਜੁਗਤਾਂ ਗੁਲਾਮੀ ਨੂੰ ਕਿਸੇ ਦੂਸਰੀ ਗੁਲਾਮੀ ਨਾਲ ਬਦਲਣ ਦਾ ਰਾਹ ਤਾਂ ਦਸਦੀਆਂ ਹਨ ਪਰ ਗੁਲਾਮੀ ਤੋਂ ਮੁਕਤੀ ਦਾ ਰਾਹ ਉਸ ਤਰ੍ਹਾਂ ਨਹੀਂ ਦਸਦੀਆਂ, ਜਿਵੇਂ ਗੁਰਮਤਿ ਵਿਚ ਦਸਿਆ ਹੋਇਆ ਹੈ। ਕੁਲ ਲੋਕਾਈ ਲਈ ਸਾਂਝਾ ਸੰਦੇਸ਼ ਹੋਰਨਾਂ ਮਹਾਪੁਰਸ਼ਾਂ ਨੇ ਵੀ ਦਿਤਾ ਹੈ ਪਰ ਜਿਸ ਤਰ੍ਹਾਂ ਨਾਨਕ ਪਾਤਸ਼ਾਹ ਨੇ ਜੋ ਕਿਹਾ ਹੈ ਅਤੇ ਉਸੇ ਨੂੰ ਜਿਵੇਂ ਆਪ ਜੀਵਿਆ ਸੀ ਅਤੇ ਬੰਦੇ ਵਲੋਂ ਜੀਵੇ ਜਾਣ ਨੂੰ ਧਰਮ ਦੀ ਮੁਢਲੀ ਲੋੜ ਮੰਨਿਆ ਹੈ, ਉਹ ਨਾ ਕੇਵਲ ਵਖਰੇ ਧਰਮ ਦੀ ਸਥਾਪਨਾ ਹੈ, ਸਗੋਂ ਸਾਰੇ ਸਮਿਆਂ ਦੀ ਲੋੜ ਵੀ ਬਣ ਗਿਆ ਹੈ। ਕਿਸੇ ਵੀ ਮਹਾਪੁਰਸ਼ ਦਾ ਸੰਦੇਸ਼ ਤਾਂ ਉਸ ਹੱਦ ਤਕ ਠੀਕ ਹੀ ਹੁੰਦਾ ਹੈ, ਜੇ ਉਹ ਧਾਰਮਿਕ-ਕਟੜਤਾ ਵਾਸਤੇ ਨਹੀਂ ਵਰਤਿਆ ਜਾ ਸਕਦਾ। ਪਰ ਕਿਸੇ ਵੀ ਮਹਾਪੁਰਖ ਦੇ ਪੈਰੋਕਾਰ ਜੇ ਉਸ ਸੰਦੇਸ਼ ਨੂੰ, ਅਮਲ ਵਿਚ ਜਿਊਂ ਸਕਣ ਦੀ ਸਮਰਥਾ ਤੋਂ ਵਿਰਵੇ ਰਹਿ ਜਾਣ ਤਾਂ ਉਹ ਸੰਦੇਸ਼ ਦੀ ਖੁਬਸੂਰਤੀ ਨਾਲੋ ਹੀ ਟੁੱਟ ਜਾਂਦੇ ਹਨ। ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤਕ ਇਹੋ ਕੁਝ ਵਾਪਰ ਰਿਹਾ ਸੀ। ਇਸ ਵਿਚੋਂ ਬਾਹਰ ਕਢਣ ਲਈ ਗੁਰੂ ਨਾਨਕ ਦੇਵ ਜੀ ਨੇ ਜੋ ਕੁਝ ਕੀਤਾ, ਉਸੇ ਨੂੰ ਸਿੱਖ ਧਰਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਗੁਰੂ ਕੋਈ ਵਿਅਕਤੀ ਨਹੀਂ ਸੀ, ਸਗੋ ਅਕਾਲ ਪੁਰਖ ਆਪ ਹੀ ਸੀ। ਗੁਰੂ ਨਾਨਕ ਦੇਵ ਜੀ ਜਨਮ ਤੋਂ ਗੁਰੂ ਸਨ। ਅਕਾਲਪੁਰਖ ਵੀ ਗੁਰੂ ਨਾਨਕ ਪਾਤਸ਼ਾਹ ਵਾਸਤੇ ਅਜਿਹੀ ਸ਼ਕਤੀ ਨਹੀਂ ਸੀ, ਜਿਸ ਤਕ ਜਿਊਦੇ ਜੀਅ ਪਹੁੰਚਿਆ ਹੀ ਨਾ ਜਾ ਸਕਦਾ ਹੋਵੇ। ਇਹ ਗੱਲ ਉਨ੍ਹਾਂ ਨੇ ਪਹਿਲਾਂ ਮੂਲ ਮੰਤਰ ਵਿਚ ਹੀ ਸਪਸ਼ਟ ਕਰ ਦਿਤੀ ਹੈ। ਫਿਰ ਇਹ ਵੀ ਕਹਿ ਦਿਤਾ ਹੈ ਕਿ “ਗੁਰੂ ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ ਜੀਉ॥” ਇਹੀ ਗੱਲ ਉਸ ਵੇਲੇ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਜਦੋਂ ਉਨ੍ਹਾਂ ਨੇ ਸਿੱਧ ਗੋਸ਼ਟਿ ਵਿਚ ਸਿਧਾਂ ਜੋਗੀਆਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਆਪ ਹੀ ਕਿਹਾ ਹੈ ਕਿ ਉਨ੍ਹਾਂ ਦਾ ਗੁਰੂ, ਸ਼ਬਦ (ਬਾਣੀ) ਹੈ ਅਤੇ ਇਹ ਰਿਸ਼ਤਾ ਉਨ੍ਹਾਂ ਨੇ ਸ਼ਬਦ ਵਿਚ ਸੁਰਤ ਜੋੜ ਕੇ ਪ੍ਰਾਪਤ ਕੀਤਾ ਹੈ। ਸੋ ਇਸ ਵਿਚੋਂ ਗੁਰੂ-ਸੰਦੇਸ਼ ਉਹੀ ਹੈ, ਜਿਸ ਬਾਰੇ ਅਰਦਾਸ ਕਰਦਿਆਂ, ਹਰ ਸਿੱਖ ਤੋਂ ਇਹ ਚੇਤਾ ਰਖਣ ਦੀ ਆਸ ਕੀਤੀ ਜਾਂਦੀ ਹੈ ਕਿ “ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ” ਦਾ ਧਿਆਨ ਧਰ ਕੇ ਹੀ ਜਿਊਣਾ ਹੈ। ਲੋਕ ਸਿਮਰਤੀ ਵਿਚ ਇਹ ਵੀ ਮੰਨਿਆ ਜਾਂਦਾ ਰਿਹਾ ਹੈ ਕਿ ਗੁਰੂ ਬਿਨਾਂ ਗਤਿ ਨਹੀਂ ਹੈ। ਜੋਗੀਆਂ ਦਾ ਸਾਰਾ ਅਡੰਬਰ ਗੁਰੂ ਧਾਰਨ ਦੀ ਲੋੜ ਨੂੰ ਲੈ ਕੇ ਨਾਨਕ ਹਜ਼ੂਰ ਨੂੰ ਨਿਗੁਰਾ ਦਸਣ ਲਈ ਹੀ ਕੀਤਾ ਜਾ ਰਿਹਾ ਜਾਪਦਾ ਹੈ। ਇਸੇ ਲਈ ਉਨ੍ਹਾਂ ਦਾ ਇਹ ਸਵਾਲ ਸੀ:
ਤੇਰਾ ਕਵਣੁ ਗੁਰੂ ਜਿਸਕਾ ਤੂ ਚੇਲਾ॥
ਦੋਹਾਂ ਹੀ ਸਵਾਲਾਂ ਦਾ ਇਕੱਠਾ ਜਵਾਬ ਦਿੰਦਿਆਂ ਗੁਰੂ ਜੀ ਨੇ ਕਿਹਾ ਹੈ ਕਿ ਸ਼ਬਦ ਉਨ੍ਹਾਂ ਦਾ ਸ਼ਬਦ-ਗੁਰੂ ਹੈ ਅਤੇ ਸ਼ਬਦ ਵਿਚ ਸੁਰਤੀ ਦਾ ਲਗਾਤਾਰ ਟਿਕਣਾ, ਇਹ ਚੇਲਾ ਹੈ:
ਸ਼ਬਦੁ ਗੁਰੂ ਸੁਰਤਿ ਧੁਨਿ ਚੇਲਾ॥ (943)
ਇਸ ਤਰ੍ਹਾਂ ਨਿਰਸੰਦੇਹ ਉਹ ਜਨਮ ਤੋਂ ਗੁਰੂ ਸਨ ਪਰ ਇਸ ਗੱਲ ਦਾ ਐੇਲਾਨ ਉਨ੍ਹਾਂ ਨੇ ਉਨਾ ਚਿਰ ਨਹੀਂ ਕੀਤਾ, ਜਿੰਨਾ ਚਿਰ ਉਹ ਇਸ ਅਵਸਥਾ ਨੂੰ ਵਿਧੀ ਵਿਚ, ਅਮਲ ਰਾਹੀਂ ਪ੍ਰਗਟ ਨਹੀਂ ਕਰ ਸਕੇ ਸਨ। ਉਨ੍ਹਾਂ ਨੇ ਆਪਣੇ ਗੁਰੂ-ਮਿਸ਼ਨ ਦਾ ਐਲਾਨ ਵੀ ਵਖਰੇ ਢੰਗ ਨਾਲ ਕੀਤਾ ਸੀ ਅਤੇ ਇਹ ਵੇਈਂ ਨਦੀ ਪਰਵੇਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਕੇਵਲ ਇੰਨਾ ਹੀ ਕਿਹਾ ਕਿ ਧਰਮ ਜਨਮ ਤੋਂ ਨਹੀਂ ਹੁੰਦਾ:
ਨ ਕੋ ਹਿੰਦੂ ਨ ਕੋ ਮੁਸਲਮਾਨ॥
ਇਸ ਨੂੰ ਖਾਲਸਾ ਪੰਥ ਨੇ ਤੀਸਰੇ ਪੰਥ ਦੇ ਰੂਪ ਵਿਚ ਵੀ ਵੇਖਿਆ ਹੈ ਪਰ ਅੱਜ ਦੇ ਸਮੇਂ ਵਿਚ, ਜਦੋਂ ਖਾਲਸਾ ਪੰਥ ਖਾਸ ਕਰ ਕੇ, ਅਤੇ ਸਿੱਖ ਭਾਈਚਾਰਾ ਆਮ ਕਰ ਕੇ ਪਤਿਤਪੁਣੇ ਦੀ ਸਮਸਿਆ ਵਿਚ ਘਿਰਿਆ ਹੋਇਆ ਹੈ, ਤਾਂ ਇਹੀ ਸੰਦੇਸ਼ ਇਕ ਭਵਿਖਮੁਖੀ ਵੰਗਾਰ ਦੀ ਭੂਮਿਕਾ ਵੀ ਨਿਭਾ ਰਿਹਾ ਪ੍ਰਤੀਤ ਹੁੰਦਾ ਹੈ। ਇਹੋ ਕਹਿਣ ਦਾ ਯਤਨ ਇਥੇ ਕੀਤਾ ਜਾ ਰਿਹਾ ਹੈ ਕਿ ਗੁਰੂ ਜੀ ਦਾ ਸੰਦੇਸ਼ ਸ਼ਬਦ ਰੂਪ ਵਿਚ ਪ੍ਰਾਪਤ ਹੈ ਅਤੇ ਇਸ ਦਾ ਲਾਹਾ ਸੁਰਤਿ ਨੂੰ ਸ਼ਬਦ ਨਾਲ ਜੋੜਿਆਂ ਹੀ ਪ੍ਰਾਪਤ ਹੋ ਸਕਦਾ ਹੈ। ਪਤਿਤਪੁਣੇ ਦੀ ਵਬਾਅ, ਬਾਣੀ (ਸ਼ਬਦ) ਨਾਲੋਂ ਟੁਟਣ ਕਾਰਣ ਹੀ ਫੈਲੀ ਹੈ ਅਤੇ ਇਸ ਤਂੋ ਬਾਣੀ ਨਾਲ ਜੁੜ ਕੇ ਹੀ ਬਚਿਆ ਜਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਜੇ ਇਹ ਸੰਦੇਸ਼ ਦਿਲਾਂ ਵਿਚ ਵਸਾ ਲਿਆ ਜਾਵੇ ਤਾਂ ਸਿੱਖ, ਸਿੱਖ ਹੋਣ ਦੇ ਫਖਰ ਦਾ ਵਾਰਸ ਕਹਾਉਣ ਦਾ ਅਧਿਕਾਰੀ ਵੀ ਹੋ ਸਕਦਾ ਹੈ ਅਤੇ ਗੁਰੂ ਦੇ ਸੰਦੇਸ਼ ਨੂੰ ਲੋੜਵੰਦਾਂ ਤਕ ਲੈ ਕੇ ਜਾਣ ਦੀ ਜੁੰਮੇਵਾਰੀ ਵੀ ਨਿਭਾ ਸਕਦਾ ਹੈ।
ਇਹ ਖੁਸ਼ੀ ਦੀ ਗੱਲ ਹੈ ਕਿ ਸਿੱਖ ਸਾਰੀ ਦੁਨੀਆਂ ਵਿਚ ਫੈਲ ਗਏ ਹਨ ਅਤੇ ਇਸ ਨਾਲ ਸਿੱਖੀ ਦਾ ਸੰਦੇਸ਼ ਸਾਰੀ ਦੁਨੀਆਂ ਵਿਚ ਕਿਸੇ ਨਾ ਕਿਸੇ ਢੰਗ ਨਾਲ ਪਹੁੰਚ ਵੀ ਗਿਆ ਹੈ। ਇਸ ਤਰ੍ਹਾਂ ਵਿਦੇਸ਼ਾਂ ਵਿਚ ਵਸਦਾ ਹਰ ਸਿੱਖ ਸਿੱਖੀ ਦਾ ਰਾਜਦੂਤ ਹੋ ਗਿਆ ਹੈ। ਜਿਥੇ ਰਾਜਦੂਤ ਹੋਵੇਗਾ, ਉਥੇ ਸਿੱਖੀ ਬਾਰੇ ਪੁਛਣ ਵਾਲੇ ਵੀ ਪੈਦਾ ਹੋ ਜਾਣਗੇ। ਤਾਂ ਤੇ ਇਹ ਹੋਰ ਵੀ ਜ਼ਰੂਰੀ ਹੋ ਗਿਆ ਹੈ ਕਿ ਹਰ ਸਿੱਖ ਸਿੱਖੀ ਬਾਰੇ ਦੂਜਿਆਂ ਨੂੰ ਦਸ ਸਕਣ ਦੀ ਸਮਰਥਾ ਵੀ ਹਾਸਲ ਕਰੇ ਅਤੇ ਸਿੱਖੀ ਸਰੂਪ ਨਾਲ ਨਿਭਣ ਲਈ ਲੋੜੀਂਦੀ ਦ੍ਰਿੜ੍ਹਤਾ ਅਤੇ ਆਪਣੇ ਅੰਦਰ ਫਖਰ ਵੀ ਪੈਦਾ ਕਰੇ। ਇਹ ਗੱਲ ਸਾਨੂੰ ਆਪੋ-ਆਪਣੇ ਘਰਾਂ ਤੋਂ ਅਤੇ ਆਪੋ-ਆਪਣੇ ਬੱਚਿਆਂ ਤੋਂ ਸ਼ੁਰੂ ਕਰ ਲੈਣੀ ਚਾਹੀਦੀ ਹੈ। ਅਮਰੀਕਨ ਸਿੰਘਾਂ ਨੂੰ ਵੇਖ ਕੇ ਮੈਨੂੰ ਵਿਸ਼ਵਾਸ਼ ਹੋ ਗਿਆ ਹੈ ਕਿ ਪੱਛਮੀ ਦੇਸ਼ਾਂ ਵਿਚ ਸਿੱਖੀ ਸਰੂਪ ਦੀ ਪਾਲਨਾ ਏਨੀ ਔਖੀ ਨਹੀਂ ਹੈ, ਜਿੰਨੀ ਬਹੁਤੇ ਸਿੱਖਾਂ ਨੇ ਸਮਝ ਲਈ ਹੈ।
ਦੁਨੀਆਂ ਦਿਨੋ-ਦਿਨ ਬਹੁਤ ਛੋਟੀ ਹੁੰਦੀ ਜਾ ਰਹੀ ਹੈ ਅਤੇ ਇਸੇ ਲਈ ਦੁਨੀਆਂ ਨੂੰ ਗਲੋਬਲ ਪਿੰਡ ਕਿਹਾ ਜਾਣ ਲੱਗਾ ਹੈ। ਸੌੜੀ ਬਿਰਤੀ ਵਾਲੇ ਭਾਈਚਾਰਿਆਂ ਨੂੰ ਸ਼ੱਕ ਨਾਲ ਵੇਖਿਆ ਜਾਣ ਲਗ ਪਿਆ ਹੈ। ਜੇ ਇਸ ਸੌੜੀ ਬਿਰਤੀ ਦੀ ਕੋਈ ਧਰਮ ਵਕਾਲਤ ਕਰਦਾ ਹੈ, ਤਾਂ ਉਸ ਨੂੰ ਵੀ ਵਰਤਮਾਨ ਵਿਚ ਬਹੁਤੀ ਇੱਜ਼ਤ ਨਾਲ ਨਹੀਂ ਵੇਖਿਆ ਜਾਂਦਾ। ਇਹ ਖੁਸ਼ੀ ਦੀ ਗੱਲ ਹੈ ਕਿ ਕਿਸੇ ਸਿੱਖ ਨੂੰ ਆਪਣੇ ਧਰਮ ਨੂੰ ਲੈ ਕੇ ਕਸੂਤੇ ਸਵਾਲਾਂ ਦੇ ਜਵਾਬ ਨਹੀਂ ਦੇਣੇ ਪੈਂਦੇ। ਸਿੱਖਾਂ ਦੀ ਸਿੱਖਿਆ ਅਤੇ ਸਿੱਖਾਂ ਦਾ ਇਤਿਹਾਸ, ਗੈਰਸਿੱਖਾਂ ਲਈ ਦਿਲਚਸਪੀ ਦਾ ਵਿਸ਼ਾ ਵੀ ਬਣਦਾ ਜਾ ਰਿਹਾ ਹੈ। ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿਚ ਜੁਲਾਈ 2004 ਵਿਚ ਦੁਨੀਆਂ ਦੇ ਧਰਮਾਂ ਦੀ ਹੋਈ ਪਾਰਲੀਮੈਂਟ ਵਿਚ ਲਿਆ ਗਿਆ ਮੂਲ ਵਿਸ਼ਾ ਜਪੁਜੀ ਸਾਹਿਬ ਦੀਆਂ ‘ਸੁਣੀਐ’ ਅਤੇ ‘ਮੰਨੀਐ’ ਦੀਆਂ ਪੌੜੀਆਂ ਨਾਲ ਬਹੁਤ ਮਿਲਦਾ ਜੁਲਦਾ ਸੀ। ਸਾਡੇ ਸਹਿਯੋਗ ਤੋਂ ਬਿਨਾਂ ਵਾਪਰ ਰਹੀਆਂ ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਕਿਹਾ ਜਾ ਸਕਦਾ ਹੈ ਕਿ ਸਿੱਖੀ ਦਾ ਸੁਪਨਾ ਸਾਕਾਰ ਹੁੰਦਾ ਨਜ਼ਰ ਆ ਰਿਹਾ ਹੈ। ਇਸ ਦੀ ਅਹਿਮੀਅਤ ਉਸ ਵੇਲੇ ਹੋਰ ਵੀ ਵਧ ਲਗਣ ਲਗ ਪੈਂਦੀ ਹੈ, ਜਦੋਂ ਇਹ ਧਿਆਨ ਵਿਚ ਆਉਂਦਾ ਹੈ ਕਿ 2004 ਦਾ ਸਾਲ ਸ਼ਬਦ-ਗੁਰੂ ਦੀ ਸ਼ਤਾਬਦੀ ਦਾ ਸਾਲ ਸੀ। ਇਹ ਕੋਈ ਲੁਕੀ ਛਿਪੀ ਗੱਲ ਨਹੀਂ ਕਿ ਦੁਨੀਆਂ ਦੇ ਧਰਮਾਂ ਦੀ ਪਾਰਲੀਮੈਂਟ ਨੂੰ ਇਹ ਵਿਸ਼ਾ ਕਿਸੇ ਸਿੱਖ ਨੇ ਜਾਂ ਜਪੁਜੀ ਸਾਹਿਬ ਦੇ ਜਾਣਕਾਰ ਨੇ ਨਹੀਂ ਸੁਝਾਇਆ ਸੀ। ਪਾਰਲੀਮੈਂਟ ਦੇ ਪ੍ਰਬੰਧਕ ਤਾਂ ਸੁਣਨ ਦੀ ਸਿਆਣਪ ਅਤੇ ਵਚਨਬਧਤਾ ਦੀ ਸ਼ਕਤੀ ਨੂੰ ਸੰਸਾਰ ਵਿਚ ਅਮਨ ਦੀ ਸਥਾਪਤੀ ਦੇ ਵਸੀਲੇ ਵਜੋਂ ਹੀ ਲੈਂਦੇ ਜਾਪਦੇ ਸਨ ਪਰ ਇਸ ਨਾਲ ਗੁਰੂ ਨਾਨਕ ਦੇਵ ਦੇ ਸੰਦੇਸ਼ ਦੀ ਗੱਲ ਕਰਨ ਦਾ ਮੌਕਾ ਜ਼ਰੂਰ ਪੈਦਾ ਹੋ ਗਿਆ ਸੀ। ਇਸ ਦਾ ਲਾਹਾ ਸਿੱਖੀ ਦੇ ਵਾਰਸਾਂ ਕੋਲੋਂ ਉਨਾ ਨਹੀਂ ਲਿਆ ਗਿਆ ਜਿੰਨਾ ਲਿਆ ਜਾ ਸਕਦਾ ਸੀ। ਇਸ ਲਈ ਗੁਰੂ ਨਾਨਕ ਦੇਵ ਦੇ ਨਾਮਲੇਵਿਆਂ ਦਾ ਫਰਜ਼ ਹੈ ਕਿ ਉਹ ਦੁਨੀਆਂ ਨੂੰ ਦਸਣ ਕਿ ਸਿੱਖੀ ਵਿਚ ਇਹ ਵਿਸ਼ਾ, ਸਿਧਾਂਤ ਰੂਪ ਵਿਚ, ਸਿੱਖਾਂ ਦੇ ਨਿਤ ਨੇਮ ਵਜੋਂ ਪ੍ਰਾਪਤ ਹੈ। ਜਿਹੜੀਆਂ ਕੌਮਾਂ ਮਿਲੇ ਹੋਏ ਮੌਕਿਆਂ ਦਾ ਲਾਭ ਨਹੀਂ ਉਠਾ ਸਕਦੀਆਂ, ਉਹ ਸਮੇਂ ਨਾਲ ਪੈਰ ਮਿਲਾ ਕੇ ਨਹੀਂ ਤੁਰ ਸਕਦੀਆਂ। ਸਮੇਂ ਦੇ ਹਾਣ ਦਾ ਹੋ ਕੇ ਚਲਣ ਲਈ ਸਾਨੂੰ ਗੁਰੂ ਨਾਨਕ ਦੇਵ ਦਾ ਸੰਦੇਸ਼ ਪਹਿਲਾਂ ਆਪਣੇ ਪਰਿਵਾਰ ਨਾਲ ਸਾਂਝਾ ਕਰਨਾ ਚਾਹੀਦਾ ਹੈ। ਫਿਰ ਸਿੱਖ ਭਾਈਚਾਰੇ ਨਾਲ ਸਾਂਝਾ ਕਰਨਾ ਚਾਹੀਦਾ ਹੈ। ਫਿਰ ਜਿਸ ਸਮਾਜ ਵਿਚ ਅਸੀਂ ਰਹਿ ਰਹੇ ਹਾਂ, ਉਸ ਸਮਾਜ ਨਾਲ ਸਾਂਝਾ ਕਰਨ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਇਸੇ ਵਿਚ ਅਸੀਂ ਗੁਰੂ-ਮੁਖ ਹੋ ਕੇ ਤੁਰਨ ਦਾ ਸ਼ਰਫ ਹਾਸਲ ਕਰ ਸਕਾਂਗੇ ਅਤੇ ਪੰਥਕ-ਵਿਰਾਸਤ ਦੇ ਵਾਰਸ ਹੋ ਸਕਣ ਦਾ ਬਿਰਦ ਪਾਲਣ ਦੀ ਕੋਸ਼ਿਸ਼ ਕਰ ਰਹੇ ਹੋਵਾਂਗੇ।
-ਪ੍ਰੋ. ਬਲਕਾਰ ਸਿੰਘ ਪਟਿਆਲਾ

Related posts

ਅੰਮ੍ਰਿਤਸਰ ਤੋਂ ਸਾਂਝੀਵਾਲਤਾ ਦੇ ਯੁਗ ਦੀ ਸ਼ੁਰੂਆਤ

admin

ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸੱਭ ਦੁਖ ਜਾਇ

admin

ਸ਼ਹੀਦ ਭਾਈ ਤਾਰੂ ਸਿੰਘ ਜੀ: ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨ ਜਾਵੇ’

admin