Travel

ਸਾਂਝੀਵਾਲਤਾ ਨੂੰ ਕਲਾਵੇ ’ਚ ਲਈ ਬੈਠਾ ਕਾਰਗਿਲ

ਕਸ਼ਮੀਰ ਨੂੰ ਧਰਤੀ ਦਾ ਸਵਰਗ ਕਹਿ ਕੇ ਵਡਿਆਇਆ ਜਾਂਦਾ ਹੈ। ਸਿੱਖਾਂ ਦਾ ਕਸ਼ਮੀਰ ਵਾਦੀ ਨਾਲ ਸਬੰਧ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਉਦਾਸੀ ਤੋਂ ਹੈ। ਇਸ ਦੇ ਨਾਲ ਹੀ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੀ ਪਵਿੱਤਰ ਚਰਨ ਛੋਹ ਇਸ ਧਰਤੀ ਨੂੰ ਪ੍ਰਾਪਤ ਹੈ। ਪਿਛਲੇ ਸਮੇਂ ਦੌਰਾਨ ਜੰਮੂ ਅਤੇ ਕਸ਼ਮੀਰ ਦਾ ਪੂਰਨ ਰਾਜ ਦਾ ਦਰਜਾ ਸਮਾਪਤ ਕਰ ਕੇ ਇਸ ਨੂੰ ਦੋ ਕੇਂਦਰ ਸਾਸ਼ਤ ਪ੍ਰਦੇਸਾਂ ਜੰਮੂ ਕਸ਼ਮੀਰ ਅਤੇ ਲਦਾਖ ਵਿਚ ਵੰਡ ਦਿੱਤਾ ਗਿਆ। ਕਾਰਗਿਲ ਸਰਦੀਆਂ ਵਿਚ ਕੇਂਦਰ ਸਾਸ਼ਤ ਪ੍ਰਦੇਸ਼ ਲੱਦਾਖ ਦੀ ਰਾਜਧਾਨੀ ਹੈ। ਇਹ ਲੇਹ ਤੋਂ ਬਾਅਦ ਲੱਦਾਖ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਕਾਰਗਿਲ ਜੰਮੂ ਅਤੇ ਕਸ਼ਮੀਰ ਵਿਚ ਸ੍ਰੀਨਗਰ ਦੇ ਪੂਰਬ ਵਿਚ 202 ਕਿਲੋਮੀਟਰ ਅਤੇ ਲੇਹ ਦੇ ਪੱਛਮ ਵਿਚ 216 ਕਿਲੋਮੀਟਰ ’ਤੇ ਸਥਿਤ ਹੈ।

ਕਾਰਗਿਲ ਨਾਂ ਸ਼ਬਦ ‘ਖਾਰ’ ਅਤੇ ‘ਆਰਕਿਲ’ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ, ਜਿਨ੍ਹਾਂ ਦਾ ਅਰਥ ਹੈ ਕਿਲ੍ਹਾ ਅਤੇ ਕੇਂਦਰ ਭਾਵ ਕਿਲ੍ਹਿਆਂ ਦਾ ਕੇਂਦਰ। ਸੁਰੂ ਨਦੀਂ ਦੇ ਕੰਢੇ ਉੱਪਰ ਵਸਿਆ ਇਹ ਸ਼ਹਿਰ 1999 ਵਿਚ ਭਾਰਤ-ਪਾਕਿਸਤਾਨ ਵਿਚਕਾਰ ਹੋਏ ਬਹੁ-ਚਰਚਿਤ ਯੁੱਧ ਕਾਰਨ ਸੁਰਖ਼ੀਆਂ ਵਿਚ ਆਇਆ ਸੀ।

ਸਿੱਖ ਸੱਭਿਆਚਾਰ ਵਿਚ ਗੁਰਦੁਆਰਾ ਸੰਸਥਾ ਦੀ ਕੇਂਦਰੀ ਭੂਮਿਕਾ ਹੈ ਜਿੱਥੇ ਗੁਰੂ ਕੇ ਸਿੱਖ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ, ਸੇਵਾ ਅਤੇ ਸੰਗਤ-ਪੰਗਤ ਵਿਚ ਜੁੜਦੇ ਹਨ। ਗੁਰਦੁਆਰੇ ਸਾਡੇ ਅਮੀਰ ਵਿਰਸੇ ਅਤੇ ਵਿਰਾਸਤ ਦੇ ਪ੍ਰਤੀਕ ਹਨ। ਇਹ ਸਾਡੇ ਚਾਨਣ-ਮੁਨਾਰੇ ਹਨ। ਸਿੱਖੀ ਦਾ ਧੁਰਾ ਹਨ। ਸਿੱਖ ਜੀਵਨ ਜਾਚ ਵਿਚ ਗੁਰਦੁਆਰਾ ਸਾਹਿਬਾਨ ਦੀ ਮੁੱਖ ਭੂਮਿਕਾ ਰਹੀ ਹੈ। ਇਹ ਸਾਡੀ ਏਕਤਾ ਅਤੇ ਆਪਸੀ ਸਦਭਾਵਨਾ ਦੇ ਕੇਂਦਰ ਰਹੇ ਹਨ। ਸਿੱਖ ਜਿੱਥੇ ਵੀ ਗਏ ਜਾਂ ਵਸੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਗੁਰੂਧਾਮਾਂ ਦੀ ਉਸਾਰੀ ਕਰਵਾਈ ਇਸ ਹੀ ਸੰਦਰਭ ਤਕਰੀਬਨ 100 ਸਾਲ ਪਹਿਲਾਂ ਗੁਰਦੁਆਰਾ ਸਿਵਲ ਸੰਗਤ, ਬਲਟੀ ਬਜਾਰ ਕਾਰਗਿਲ ਨੂੰ ਮੁਕਾਮੀ ਸਿੱਖਾ ਵਲੋਂ ਅਧਿਆਤਮਕ ਖੁਰਾਕ ਦੀ ਪੂਰਤੀ ਅਤੇ ਸੰਗਤ ਅਤੇ ਪੰਗਤ ਦੇ ਸਿਧਾਂਤ ਨੂੰ ਅਮਲ ਵਿਚ ਲਿਆਉਣ ਲਈ ਸਥਾਪਿਤ ਕੀਤਾ। ਮੌਜੂਦਾ ਸਮੇਂ ਸੇਵਾ ਮੁਕਤ ਪਿ੍ਰੰਸੀਪਲ ਸਰਦਾਰ ਕਰਨ ਸਿੰਘ ਅਤੇ ਉਨ੍ਹਾਂ ਦੇ ਸਾਥੀ ਰੋਜ਼ਾਨਾ ਇਸ ਗੁਰਦੁਆਰਾ ਸਾਹਿਬ ਵਿਖੇ ਪੰਥਕ ਮਰਿਆਦਾ ਅਨੁਸਾਰ ਸੇਵਾਵਾਂ ਨਿਭਾ ਰਹੇ ਹਨ। ਗੁਰਪੁਰਬ ਤੋਂ ਇਲਾਵਾ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਸਭ ਸੰਗਤਾਂ ਪੂਰੀ ਸ਼ਰਧਾ ਭਾਵਨਾ ਨਾਲ ਮਨਾਉਦੀਆਂ ਹਨ। ਮੌਜੂਦਾ ਸਮੇਂ ਇਸ ਗੁਰੂਘਰ ਦੀ ਦੇਖਭਾਲ ਵੱਲ ਵੀ ਵਿਸ਼ੇਸ਼ ਤਵੱਜੋਂ ਦੇਣ ਦੀ ਲੋੜ ਹੈ।

1947 ਵਿਚ ਭਾਰਤ ਦੀ ਵੰਡ ਤੋਂ ਬਹੁਤ ਪਹਿਲਾਂ ਬਹੁਤ ਸਾਰੇ ਸਿੱਖ ਅਤੇ ਹਿੰਦੂ ਗਿਲਗਿਤ ਬਾਲਟਿਸਤਾਨ, ਕਾਰਗਿਲ ਅਤੇ ਲੇਹ ਵਿਚ ਵਸ ਗਏ ਸਨ। ਇਨ੍ਹਾਂ ਦਾ ਪਿਛੋਕੜ ਪੰਜਾਬ ਤੋਂ ਸੀ, ਇਨ੍ਹਾਂ ਨੇ ਇੱਥੇ ਆਪਣੀਆਂ ਵਪਾਰਕ ਦੁਕਾਨਾਂ ਸਥਾਪਿਤ ਕੀਤੀਆਂ ਸਨ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਸਮੇਂ ਦੇ ਬੀਤਣ ਨਾਲ ਆਪਣੇ ਕਾਰੋਬਾਰੀ ਅਦਾਰੇ ਬੰਦ ਕਰ ਦਿੱਤੇ ਕਿਉਕਿ ਉਨ੍ਹਾਂ ਦੇ ਬੱਚੇ ਪੜ੍ਹਾਈ ਤੋਂ ਬਾਅਦ ਇਨ੍ਹਾਂ ਖੇਤਰਾਂ ਤੋਂ ਬਾਹਰ ਨੌਕਰੀਆਂ ਹਾਸਲ ਕਰਨ ਲਈ ਚਲੇ ਗਏ ਸਨ।

ਸਰਦਾਰ ਕਰਨ ਸਿੰਘ ਜੋ ਕਿ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ ਨੇ ਦੱਸਿਆ ਕਿ ਕਾਰਗਿਲ ਯੁੱਧ ਅਤੇ ਜ਼ੀਰੋ ਡਿਗਰੀ ਤੋਂ ਹੇਠਾਂ ਤਾਪਮਾਨ ਵਿਚ ਵੀ ਰੋਜ਼ਾਨਾ ਗੁਰੂ ਮਹਾਰਾਜ ਦੀ ਸਵੇਰੇ-ਸ਼ਾਮ ਸੇਵਾ ਵਿਚ ਕੋਈ ਵਿਘਨ ਨਹੀਂ ਪੈਣ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਹੁਣ ਕਾਰਗਿਲ ਵਿਚ ਸਿਰਫ਼ 12 ਸਿੱਖ ਪਰਿਵਾਰ ਹੀ ਰਹਿ ਗਏ ਹਨ। ਪਹਿਲਾਂ ਗੁਰਦੁਆਰੇ ਵਾਲੀ ਗਲੀ ਵਿਚ ਪੂਰੇ ਸਰਦਾਰਾਂ ਦੇ ਘਰ ਸਨ। ਪ੍ਰੰਤੂ ਸਮੇਂ ਦੇ ਨਾਲ-ਨਾਲ ਚਾਹੇ ਉਹ ਸਮਾਜਿਕ ਕਾਰਨ ਹੋਣ ਜਾਂ ਆਰਥਿਕ ਤੌਰ ’ਤੇ ਹੌਲੀ-ਹੌਲੀ ਬਹੁਤ ਪਰਿਵਾਰ ਕਾਰਗਿਲ ਨੂੰ ਅਲਵਿਦਾ ਆਖ ਗਏ। ਕਾਰਨ ਇਹ ਵੀ ਹਨ ਕਿ ਕਸ਼ਮੀਰ ਘਾਟੀ ਵਿਚ ਸਿੱਖਾਂ ਨੂੰ ਘੱਟਗਿਣਤੀ ਕੌਮ ਵਜੋਂ ਕੋਈ ਵੀ ਸਹੂਲਤ ਨਹੀਂ ਮਿਲਦੀ। ਮੌਜੂਦਾ ਸਮੇਂ ਕਈ ਨੌਜਵਾਨ ਰੋਜ਼ਗਾਰ ਦੀ ਭਾਲ ਵਿਚ ਹਨ। ਉਨ੍ਹਾਂ ਕਿਹਾ, ਸਾਡੀ ਸਮੱਸਿਆ ਸਥਾਨਕ ਮੁਸਲਮਾਨਾਂ ਨਾਲ ਨਹੀਂ, ਸਗੋਂ ਸਰਕਾਰ ਨਾਲ ਹੈ ਜਿਸ ਨੇ ਇੱਥੋਂ ਦੇ ਸਿੱਖ ਭਾਈਚਾਰੇ ਨੂੰ ਕਦੇ ਤਵੱਜੋ ਨਹੀਂ ਦਿੱਤੀ। ਅਸੀਂ ਘੱਟ ਗਿਣਤੀ ਦਾ ਦਰਜਾ ਅਤੇ ਸਰਕਾਰੀ ਨੌਕਰੀਆਂ ਵਿਚ ਰਾਖਵੇਂਕਰਨ ਦੀ ਮੰਗ ਕਰਦੇ ਰਹੇ ਹਾਂ, ਪਰ ਸਾਡੀਆਂ ਸਾਰੀਆਂ ਬੇਨਤੀਆਂ ਨੂੰ ਹਮੇਸ਼ਾ ਅਣਗੌਲਿਆਂ ਹੀ ਕੀਤਾ ਗਿਆ ਹੈ। ਹਾਂ ਪਿਛਲੇ ਸਮੇਂ ਸ਼ਮਸ਼ਾਨ ਘਾਟ ਲਈ ਜ਼ਮੀਨ ਜ਼ਰੂਰ ਪ੍ਰਸ਼ਾਸਨ ਦੁਆਰਾ ਦਿੱਤੀ ਗਈ ਹੈ। ਇਨ੍ਹਾਂ ਮੁਸ਼ਕਿਲਾਂ ਦੇ ਬਾਵਜੂਦ ਕਾਰਗਿਲ ਦੇ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ। ਸਿੱਖ ਕੌਮ ਗਿਣਤੀ ਵਜੋਂ ਨਹੀਂ ਸਗੋਂ ਆਪਣੇ ਗੁਣ ਕਾਰਨ ਦੁਨੀਆ ਉਪਰ ਵਿਲੱਖਣ ਪਛਾਣ ਰੱਖਦੀ ਹੈ। ਔਖੇ ਸਮੇਂ ਮਨੁੱਖਤਾ ਦੇ ਹੱਕ ਵਿਚ ਖੜ੍ਵੇ ਹੋਣ ਦੀ ਗੁੜ੍ਹਤੀ ਸਾਨੂੰ ਗੁਰੂ ਸਾਹਿਬਾਨ ਨੇ ਦਿੱਤੀ ਹੈ। ਇਨ੍ਹਾਂ ਹੀ ਰਾਹਾਂ ਉੱਪਰ ਚੱਲਦਿਆਂ ਕਾਰਗਿਲ ਦੇ ਸਿੱਖ ਪਰਿਵਾਰਾਂ ਨੇ ਪਿਛਲੇ ਸਮੇਂ ਕੋਰੋਨਾ ਵਾਇਰਸ ਦੀ ਲਾਗ ਦਾ ਮੁਕਾਬਲਾ ਕਰਨ ਲਈ 1,28,000 ਰੁਪਏ ਦੀ ਰਾਸ਼ੀ ਜ਼ਿਲ੍ਹਾ ਪ੍ਰਸ਼ਾਸਨ ਫੰਡ ਵਿਚ ਜਮ੍ਹਾਂ ਕਰਵਾ ਕੇ ਆਪਣਾ ਵੱਡਮੁੱਲਾ ਯੋਗਦਾਨ ਵੀ ਪਾਇਆ।

ਵਰਤਮਾਨ ਵਿਚ ਕਾਰਗਿਲ ਵਿਚ 12 ਪਰਿਵਾਰ ਪੱਕੇ ਤੌਰ ’ਤੇ ਰਹਿ ਰਹੇ ਹਨ। ਇਹ ਹਨ : ਸ. ਮਹਿੰਦਰ ਸਿੰਘ ਦਾ ਪਰਿਵਾਰ, .ਸ. ਭਗਵਾਨ ਸਿੰਘ, ਸ. ਕਰਨ ਸਿੰਘ, ਸ. ਗੁਰਚਰਨ ਸਿੰਘ, ਸ. ਮਨਜੀਤ ਸਿੰਘ, ਸ. ਅਵਤਾਰ ਸਿੰਘ, ਸ. ਘਨਸ਼ਿਆਮ ਸਿੰਘ, ਸ. ਗੁਰਪ੍ਰੀਤ ਸਿੰਘ, ਸ. ਅਰਵਿੰਦਰ ਸਿੰਘ, ਬੀਬੀ ਅਮਰਜੀਤ ਕੌਰ (ਸਿੰਗਲ),.ਸ ਜਸਬੀਰ ਸਿੰਘ ਅਤੇ ਬੀਬੀ ਰਮਿੰਦਰ ਕੌਰ। ਗੁਰਦੁਆਰਾ ਸਾਹਿਬ ਵਿਖੇ ਯਾਤਰੀਆਂ ਦੇ ਰਹਿਣ ਲਈ ਸਿਰਫ਼ ਇਕ ਕਮਰਾ ਹੀ ਹੈ, ਲੰਗਰ ਹਾਲ ਅਤੇ ਯਾਤਰੀਆਂ ਦੀ ਰਿਹਾਇਸ਼ ਲਈ ਸਰਾਂ ਦੀ ਮੁੱਖ ਲੋੜ ਹੈ। ਗੁਰਦੁਆਰਾ ਸਾਹਿਬ ਵਿਖੇ ਖਾਲਸਾ ਜੰਤਰੀ ਜਾਂ ਹੋਰ ਧਾਰਮਿਕ ਲਿਟਰੇਚਰ ਵੀ ਕਈ-ਕਈ ਮਹੀਨਿਆਂ ਬਾਅਦ ਉਪਲਬਧ ਹੁੰਦਾ ਹੈ। ਪਿਛਲੇ ਸਮੇਂ ਪੰਜਾਬੀ ਅਖ਼ਬਾਰ ਵੀ ਆਉਦਾ ਸੀ ਲੇਕਿਨ ਹੁਣ ਉਹ ਵੀ ਬੰਦ ਹੈ। ਜੇਕਰ ਸਿੱਖੀ ਵਿਚ ਪ੍ਰਪੱਕ ਇਨ੍ਹਾਂ ਪਰਿਵਾਰਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਬੋਲੀ ਅਤੇ ਵਿਰਸੇ ਨਾਲ ਜੋੜੀ ਰੱਖਣਾ ਚਾਹੁੰਦੇ ਹਾਂ ਤਾਂ ਸਾਡੀਆਂ ਸੰਸਥਾਵਾਂ ਨੂੰ ਪਹਿਲ ਕਰ ਕੇ ਇਨ੍ਹਾਂ ਤਕ ਪਹੁੰਚ ਕਰ ਕੇ ਉਥੋਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਸੁਹਿਰਦ ਕੋਸ਼ਿਸ਼ ਕਰਨੀ ਚਾਹੀਦੀ ਹੈ।

ਗੁਰਦੁਆਰਾ ਸਾਹਿਬ ਦੀ ਮਸਜਿਦ ਨਾਲ ਕੰਧ ਸਾਂਝੀ ਹੈ ਜੋ ਕਿ ਧਾਰਮਿਕ ਸਦਭਾਵਨਾ ਅਤੇ ਆਪਸੀ ਭਾਈਚਾਰੇ ਦੀ ਅਨੋਖੀ ਮਿਸਾਲ ਹੈ ਲੇਕਿਨ ਗੁਰਦੁਆਰੇ ਦੇ ਨਾਲ ਲੱਗਦੀ ਜਗ੍ਹਾ ਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ, ਉਸ ਦੀ ਪੈਰਵੀ ਕਰਨ ਲਈ ਹੋਰ ਸੰਸਥਾਵਾਂ ਨੂੰ ਇਨ੍ਹਾਂ ਮੁਕਾਮੀ ਸਿੱਖਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਕਾਰਗਿਲ ਵਿਖੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਹੈ ਜੋ ਕਿ ਪਹਿਲੇ ਪਾਤਸ਼ਾਹੀ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੀ ਤੀਜੀ ਉਦਾਸੀ ਸਮੇਂ ਨਾਲ ਸਬੰਧਤ ਹੈ ਜਿਸ ਦਾ ਪ੍ਰਬੰਧ ਭਾਰਤੀ ਫ਼ੌਜ ਅਧੀਨ ਹੈ।

ਸ. ਕਰਨ ਸਿੰਘ ਦੇ ਦੱਸਣ ਮੁਤਾਬਕ ਪਿਛਲੇ ਸਮੇਂ ਸਾਲ ਵਿਚ ਗੁਰਪੁਰਬ, ਵਿਸਾਖੀ ਸੰਗਤਾਂ ਬੜੇ ਉਤਸ਼ਾਹ ਸ਼ਰਧਾ ਭਾਵਨਾ ਨਾਲ ਗੁਰਦੁਆਰਾ ਸਿਵਲ ਸੰਗਤ ਤੋਂ ਗੁਰਦੁਆਰਾ ਚਰਨ ਕੰਵਲ ਸਾਹਿਬ ਜਾਂਦੀਆਂ ਸਨ ਪ੍ਰੰਤੂ ਪਿਛਲੇ ਕੁੱਝ ਸਮੇਂ ਤੋਂ ਕੋਰੋਨਾ ਕਾਲ ਤੋਂ ਬਾਅਦ ਗੁਰਪੁਰਬ ਮਨਾਉਣ ਲਈ ਕਾਫੀ ਸ਼ਰਤਾਂ ਹੇਠ ਇਜਾਜ਼ਤ ਦਿੱਤੀ ਜਾਂਦੀ ਹੈ ਇਸ ਸਬੰਧ ਵਿਚ ਵੀ ਸ਼੍ਰੋਮਣੀ ਕਮੇਟੀ ਨੂੰ ਭਾਰਤ ਸਰਕਾਰ ਨਾਲ ਰਾਬਤਾ ਕਰ ਕੇ ਸੰਗਤਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਨਾ ਲੋੜੀਂਦਾ ਹੈ।

ਜਦੋਂ ਪੰਜਾਬ ਤੋਂ ਬਾਹਰ ਜਿੱਥੇ ਸਿੱਖਾਂ ਦੀ ਵਸੋਂ ਨਾਮਾਤਰ ਹੀ ਹੋਵੇ ਉੱਥੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਨੂੰ ਮਿਲਣ ਤਾਂ ਮਨ ਗੁਰੂ ਦੇ ਪ੍ਰੇਮ ਰੰਗ ਵਿਚ ਭਿੱਜ ਜਾਂਦਾ ਹੈ ਅਤੇ ਉਨ੍ਹਾਂ ਸਿਦਕੀ ਸਿੱਖਾਂ ਤੋਂ ਕੁਰਬਾਨ ਜਾਂਦਾ ਹੈ ਜਿਹੜੇ ਸਿੱਖੀ ਦੀ ਆਨ-ਬਾਨ-ਸ਼ਾਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਅਸੀਂ ਰੋਜ਼ਾਨਾ ਅਰਦਾਸ ਕਰਦੇ ਹਾਂ ਕਿ ਪੰਥ ਤੋਂ ਵਿਛੜੇ ਗੁਰਧਾਮਾਂ ਦੀ ਸੇਵਾ-ਸੰਭਾਲ ਦਾ ਦਾਨ ਖ਼ਾਲਸਾ ਪੰਥ ਨੂੰ ਬਖਸ਼ੋ ਪਰੰਤੂ ਕਾਰਗਿਲ ਤਾਂ ਸਾਥੋਂ ਨਹੀਂ ਵਿਛੜਿਆ, ਇਹ ਤਾਂ ਆਪਣੇ ਦੇਸ਼ ਭਾਰਤ ਵਿਚ ਹੀ ਹੈ…ਫਿਰ ਕਿਉ ਅਜਿਹੀ ਅਣਗਹਿਲੀ ?

– ਜਗਜੀਤ ਸਿੰਘ ਗਣੇਸ਼ਪੁਰ

Related posts

ਐਡਵੈਂਚਰ ਟਰਿੱਪ ਦਾ ਆਨੰਦ ਲੈਣ ਲਈ ਇਕ ਵਾਰ ਜ਼ਰੂਰ ਜਾਓ ‘ਸੁਸਾਈਡ ਪੁਆਇੰਟ’ ‘ਤੇ 

editor

ਕਸ਼ਮੀਰ ਦੀਆਂ ਘਾਟੀਆਂ ‘ਚ ਬਿਤਾਓ ਸਤੰਬਰ, ਅਕਤੂਬਰ ਦੀਆਂ ਛੁੱਟੀਆਂ, IRCTC ਲੈ ਕੇ ਆਇਆ ਹੈ ਇੱਕ ਵਧੀਆ ਮੌਕਾ

editor

ਘੱਟ ਬਜਟ ‘ਚ ਜੰਨਤ ਦੀ ਸੈਰ ਕਰਨ ਲਈ ਨੇਪਾਲ ਵਿੱਚ ਇਹਨਾਂ ਸਥਾਨਾਂ ਨੂੰ ਕਰੋ ਐਕਸਪਲੋਰ, ਰੂਹ ਹੋ ਜਾਵੇਗੀ ਖੁਸ਼

editor