Articles Literature

‘ਸੀਤੋ ਫੌਜਨ’ ਕਿਤਾਬ ਉੱਪਰ ਸਾਹਿਤਿਕ ਗੋਸ਼ਟੀ

ਪੰਜਾਬੀ ਸਾਹਿਤ ਸਭਾ ਰਜਿ. ਵੱਲੋਂ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਉੱਘੇ ਨਾਵਲਕਾਰ ਪ੍ਰਗਟ ਸਿੰਘ ਸਿੱਧੂ, ਪ੍ਰਸਿੱਧ ਚਿੰਤਕ ਸਰਕਾਰੀ ਕਾਲਜ ਤਲਵਾੜਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋ. ਅਤੇ ਮੁਖੀ ਪ੍ਰੋ. ਸੁਰਿੰਦਰਪਾਲ ਸਿੰਘ ਮੰਡ ਅਤੇ ਕਹਾਣੀ ਕਾਰ ਬਾਬੂ ਸਿੰਘ ਰੈਹਲ ਸ਼ਾਮਿਲ ਹੋਏ। ਇਸ ਸਮਾਗਮ ਵਿੱਚ ਅਮਰ ਗਰਗ ਕਲਮਦਾਨ ਦੁਆਰਾ ਰਚਿਤ ਪੰਜਾਬੀ ਕਹਾਣੀ ਸੰਗ੍ਰਹਿ ‘ਸੀਤੋ ਫੌਜਣ’ ਅਤੇ ਪ੍ਰਿੰਸੀਪਲ ਪ੍ਰੇਮਲਤਾ ਦੁਆਰਾ ਰਚਿਤ ਹਿੰਦੀ ਕਹਾਣੀ ਸੰਗ੍ਰਹਿ ‘ਸਰਘੀ ਵੇਲਾ’ ਉਪਰ ਆਲੋਚਨਾਤਮਿਕ ਗੋਸ਼ਟੀ ਹੋਈ। ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਵੱਡੀ ਗਿਣਤੀ ਵਿੱਚ ਪੁੱਜੇ ਲੇਖਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਰਜਿ. ਉਸਾਰੂ ਸਾਹਿਤ ਰਚਨਾ ਨੂੰ ਉਤਸ਼ਾਹ ਅਤੇ ਬਲ ਦੇਣ ਲਈ ਬਚਨ ਵੱਧ ਹੈ। ਉਨ੍ਹਾ ਇਹ ਵੀ ਕਿਹਾ ਆਉਣ ਵਾਲੇ ਸਮੇਂ ਵਿਚ ਸਭਾ ਸਰਵ ਭਾਰਤ ਪੱਧਰ ਦੇ ਸਾਹਿਤਕ ਸਮਾਗਮ ਰਚਾਉਣ ਜਾ ਰਹੀ ਹੈ।
ਕਹਾਣੀ ਸੰਗ੍ਰਹਿ ‘ਸੀਤੋ ਫੌਜਣ’ ਉੱਪਰ ਪੇਪਰ ਪੇਸ਼ ਕਰਦਿਆਂ ਪ੍ਰੋ. ਸੁਰਿੰਦਰਪਾਲ ਸਿੰਘ ਮੰਡ ਨੇ ਕਿਹਾ, ਅਮਰ ਗਰਗ ਦੇ ਜੀਵਨ ਨੂੰ ਉਸਨੇ ਨੇੜਿਉਂ ਤੱਕਿਆ ਹੈ ਅਤੇ ਉਸਦੀ ਲੇਖਣੀ ਦਿਲ ਦੇ ਵਧੇਰੇ ਕਰੀਬ ਹੈ। ਉਨ੍ਹਾ ਕਿਹਾ ਪਾਤਰ ਸੀਤੋ ਫੌਜਣ ਦੀ ਜੀਵਨੀ ਸਮੁੱਚੀ ਮਾਨਵਤਾ ਲਈ ਇੱਕ ਰੋਸ਼ਨੀ ਦੀ ਮਸ਼ਾਲ ਹੈ। ਇਸ ਉੱਪਰ ਚਰਚਾ ਕਰਦਿਆਂ ਕੁਲਦੀਪ ਕੌਰ ਭੁੱਲਰ ਨੇ ਕਿਹਾ ਸਮੁੱਚੀ ਕਿਤਾਬ ਦੀਆਂ ਕਹਾਣੀਆਂ ਸਕਾਰਾਤਮਕ ਸੋਚ ਭਰਭੂਰ ਅਤੇ ਪੇਂਡੂ ਜੀਵਨ ਨੂੰ ਦਰਸਾਉਂਦੀਆਂ ਹਨ।
ਪ੍ਰਿੰਸੀਪਲ ਪ੍ਰੇਮਲਤਾ ਦੁਆਰਾ ਰਚਿਤ ਹਿੰਦੀ ਕਹਾਣੀ ਸੰਗ੍ਰਹਿ ‘ਸਰਘੀ ਵੇਲਾ’ ਉੱਪਰ ਬਹੁਤ ਹੀ ਪ੍ਰਭਾਵਸ਼ਾਲੀ ਪੇਪਰ ਪ੍ਰੋ. ਹਰਵਿੰਦਰ ਕੌਰ ਨੇ ਪੜ੍ਹਿਆ ਅਤੇ ਸਾਰਥਕ ਚਰਚਾ ਡਾ. ਪੂਨਮ ਗੁਪਤ ਨੇ ਕੀਤੀ। ਪਰਗਟ ਸਿੰਘ ਸਿੱਧੂ ਨੇ ਦੋਵੇਂ ਕਿਤਾਬਾਂ ਬਾਰੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਸਾਰੀਆਂ ਰਚਨਾਵਾਂ ਯਥਾਰਥ ਉੱਪਰ ਅਧਾਰਿਤ, ਪੜ੍ਹਨ ਵਿੱਚ ਲੈਅ ਵੱਧ ਅਤੇ ਮਾਨਵਤਾ ਨੂੰ ਨਿਗਰ ਸੇਧ ਦਿੰਦੀਆ ਹਨ। ਇਸ ਕਰਕੇ ਇਹ ਰਚਨਾਵਾਂ ਸਦਾ ਅਮਰ ਰਹਿਣਗੀਆਂ। ਸੀਤੋ ਫੌਜਣ ਪਾਤਰ ਸਮੁੱਚੀ ਔਰਤ ਜਾਤੀ ਲਈ ਇੱਕ ਚਾਨਣ ਮੁਨਾਰੇ ਵਾਂਗ ਵਿਚਰਦੀ ਹੈ।
ਅਮਰ ਗਰਗ ਕਰਲਮਦਾਨ ਨੇ ਕਹਾਣੀ ਸੰਗ੍ਰਹਿ ‘ਸੀਤੋ ਫੌਜਣ’ ਦੀ ਸਿਰਜਣਾ ਬਾਰੇ ਦਸਦੇ ਹੋਏ ਕਿਹਾ, ‘ਸੀਤੋ ਫੌਜਣ’ ਕਹਾਣੀ ਦਾ ਵਿਸ਼ਾ ਵਸਤੂ ਪੰਜਾਬ ਵੱਲੋਂ ਹੰਢਾਈ ਪੀੜਾ ਨੂੰ ਯਥਾਰਥ ਰੂਪ ਵਿਚ ਪੇਸ਼ ਕਰਦਾ ਹੈ। ਇਹ ਕਹਾਣੀ ਪੰਜਾਬ ਦੇ ਬੁਰੇ ਦੌਰ ਵਿੱਚ ਪੰਜਾਬ ਦੇ ਇੱਕ ਕਿਸਾਨ ਪਰਿਵਾਰ ਦੀ ਹੋਣੀ ਉੱਪਰ ਅਧਾਰਿਤ ਹੈ। ਉਹ ਸੀਤੋ ਫੌਜਣ ਪਾਤਰ ਦੀ ਸਿਰਜਣਾ ਨੂੰ ਇਕ ਸੰਸਕ੍ਰਿਤਕ ਪ੍ਰਸੰਗ ਨਾਲ ਜੋੜਦੇ ਹੋਏ ਸੁਣਾਉਣ ਲੱਗੇ, ‘ਪ੍ਰਾਚੀਨ ਕਾਲ ਵਿੱਚ ਚਾਰ ਨੌਜਵਾਨ ਆਪਣੇ ਵਪਾਰਿਕ ਨਿਸ਼ਾਨੇ ਦੀ ਪੂਰਤੀ ਲਈ ਕਿਤੇ ਜਾ ਰਹੇ ਸਨ। ਰਾਸਤੇ ਵਿੱਚ ਭਾਰੀ ਜੰਗਲ ਪੈਂਦਾ ਸੀ । ਰਾਤ ਨੂੰ ਵਿਸ਼ਰਾਮ ਕਰਨ ਲਈ ਜੰਗਲ ਵਿੱਚ ਹੀ ਇੱਕ ਥਾਂ ਰੁਕ ਗਏ। ਆਪਣੀ ਸੁਰੱਖਿਆ ਖਾਤਰ ਚਾਰਾਂ ਨੇ ਪਹਿਰਾ ਦੇਣ ਲਈ ਇੱਕ – ਇੱਕ ਪਹਿਰ ਵੰਡ ਲਿਆ। ਜਿਸ ਦੀ ਸਭ ਤੋਂ ਪਹਿਲਾ ਵਾਰੀ ਆਈ ਉਹ ਤਰਖਾਣਾ ਦਾ ਮੁੰਡਾ ਸੀ। ਉਸਨੇ ਜਾਗਦਿਆਂ ਸਮਾਂ ਲੰਗਾਉਂਣ ਲਈ ਆਪਣੇ ਹੁਨਰ ਨੂੰ ਵਰਤਿਆਂ। ਉਸਨੇ ਲੱਕੜ ਦੀ ਇੱਕ ਕੁੜੀ ਬਣਾ ਦਿੱਤੀ। ਦੂੱਜੇ ਪਹਿਰ ਜਿਸ ਨੌਜਵਾਨ ਦੀ ਵਾਰੀ ਆਈ ਉਹ ਦਰਜੀਆਂ ਦਾ ਮੁੰਡਾ ਸੀ, ਉਸਨੇ ਆਪਣਾ ਹੁਨਰ ਵਰਤਿਆ, ਕੁੜੀ ਦੇ ਸੋਹਣੇ ਕੱਪੜੇ ਸੀਅ ਕੇ ਪਾ ਦਿੱਤੇ। ਤੀਜੇ ਪਹਿਰ ਸੁਨਿਆਰਾਂ ਦੇ ਮੁੰਡੇ ਦੀ ਵਾਰੀ ਆਈ, ਉਸਨੇ ਕੁੜੀ ਨੂੰ ਗਹਿਣਿਆਂ ਨਾਲ ਸ਼ਿੰਗਾਰ ਦਿੱਤਾ । ਚੌਥੇ ਪਹਿਰ ਜਿਸ ਨੌਜਵਾਨ ਦੀ ਵਾਰੀ ਆਈ ਉਹ ਉੱਚ ਵਿੱਦਿਆ ਪ੍ਰਾਪਤ ਇੱਕ ਪੰਡਤ ਸੀ, ਉਸ ਨੇ ਮੰਤਰ ਪੜ੍ਹਕੇ ਕੁੜੀ ਵਿੱਚ ਜਾਨ ਪਾ ਦਿੱਤੀ। ਇਹੋ ਕੁੜੀ ਸੀਤੋ ਫੌਜਣ ਹੈ।
ਅਮਰ ਗਰਗ ਕਲਮਦਾਨ ਨੇ ਸੀਤੋ ਫੌਜਣ ਪਾਤਰ ਦੀ ਸਿਰਜਣਾ ਲਈ ਬਹੁਤ ਹੀ ਕਮਾਲ ਦੀ ਉਪਮਾ ਦੀ ਰਚਨਾ ਕੀਤੀ ਹੈ। ਸੀਤੋ ਫੌਜਣ ਦੀ ਇਹ ਸਿਰਜਣਾ ਪੂਰੇ ਉਸਾਰੂ ਸਾਹਿਤ ਸਿਰਜਣਾ ਨੂੰ ਪ੍ਰਤੀਬਿੰਬਤ ਕਰਦੀ ਹੈ, ਜਿਸ ਵਿੱਚ ਪਦਾਰਥ, ਕਲਾ ਅਤੇ ਵਿਚਾਰ ਦਾ ਖੂਬਸੂਰਤ ਸੁਮੇਲ ਹੈ । ਓਹਨਾ ਸਾਹਿਤ ਬਾਰੇ ਆਪਣਾ ਨਜਰੀਆ ਇੰਝ ਪੇਸ਼ ਕੀਤਾ, ਸਾਹਿਤ ਰੋਟੀ ਵਰਗਾ ਹੋਣਾ ਚਾਹੀਦਾ ਹੈ, ਇਸ ਵਿੱਚ ਕੱਛੂ ਵਰਗਾ ਹੌਂਸਲਾ, ਹਿਰਨ ਵਰਗੀ ਤੋਰ, ਮੋਰ ਵਰਗਾ ਸੁਹੱਪਣ, ਬੋਹੜ ਵਰਗਾ ਦਾਨੀ, ਕੋਇਲ ਵਰਗੀ ਤਾਂਘ ਅਤੇ ਧਰਤੀ ਦਾ ਹਾਣੀ ਹੋਣਾ ਚਾਹੀਦਾ ਹੈ। ਸਾਹਿਤ ਦੀ ਵਡਿਆਈ ਦੀ ਕੋਈ ਸੀਮਾ ਨਹੀਂ ਹੈ, ਕਹਾਣੀ ਸੰਗ੍ਰਹਿ ‘ ਸੀਤੋ ਫੌਜਣ’ ਵਿਚ ਦਰਜ ਹੈ: ਅਧਿਆਪਕ ਨੇ ਸਵਾਲ ਪਾਇਆ,ਗੁਪਤਕਾਲ ਨੂੰ ਸੁਨਹਿਰੀ ਕਾਲ ਕਿਉਂ ਕਿਹਾ ਜਾਂਦਾ ਹੈ ? ਇੱਕ ਵਿਦਿਆਰਥੀ ਗੋਗੀ ਲਿਖਦਾ ਹੈ, ਕਿਓਂਕਿ ਗੁਪਤ ਕਾਲ ਵਿੱਚ ਕਾਲੀਦਾਸ ਹੋਏ ਹਨ, ਇਸ ਲਈ ਗੁਪਤਕਾਲ ਨੂੰ ਭਾਰਤ ਦਾ ਸੁਨਹਿਰੀ ਕਾਲ ਮੰਨਿਆ ਜਾਂਦਾ ਹੈ । ਸੱਚਾ ਸਾਹਿਤ ਹੀ ਬ੍ਰਹਮ ਹੈ, ਇਹੋ ਅੰਮ੍ਰਿਤ ਹੈ। ਪ੍ਰਿੰਸੀਪਲ ਪ੍ਰੇਮਲਤਾ ਦੁਆਰਾ ਰਚਿਤ ਕਹਾਣੀ ਸੰਗ੍ਰਹਿ ‘ਸਰਘੀ ਵੇਲਾ’ ਤਾਂ ਨਿੰਮ ਤੋਂ ਬਣੇ ਤੀਰਾਂ ਦਾ ਭਰਿਆ ਇੱਕ ਤਰਕਸ਼ ਹੈ । ਕਹਾਣੀ ਰੂਪੀ ਹਰ ਇੱਕ ਤੀਰ ਡੰਮੀ ਡੇਰਾਵਾਦ ਦੇ ਪਖੰਡਾਂ ਨੂੰ ਬਿੰਨ੍ਹਦਾ ਹੈ ।
ਪੰਜਾਬੀ ਸਾਹਿਤ ਸਭਾ ਪਟਿਆਲਾ (ਰਜਿ.) ਅਗਾਂਹ ਵਧੂ ਸੋਚ ਦੀਆਂ ਧਾਰਨੀ ਅਤੇ ਸਮਾਜ ਨੂੰ ਉਸਾਰੂ ਸੇਧ ਦਿੰਦੀਆਂ ਲਿਖਤਾਂ ਦਾ ਸਦਾ ਸਵਾਗਤ ਕਰਦੀ ਹੈ, ਅਸੀਂ ਪੰਜਾਬੀ ਕਹਾਣੀ ਸੰਗ੍ਰਹਿ “ਸੀਤੋ ਫੌਜਣ” ਅਤੇ ਹਿੰਦੀ ਕਹਾਣੀ ਸੰਗ੍ਰਹਿ ‘ਸਰਘੀ ਵੇਲਾ’ ਉੱਪਰ ਸਭਾ ਦੇ ਮੰਚ ਤੇ ਗੋਸ਼ਟੀ ਦਾ ਸਵਾਗਤ ਕਰਦੇ ਹਾਂ, ਦੋਵੇਂ ਪੁਸਤਕਾਂ ਸਾਹਿਤ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਣਗੀਆਂ ।
– ਵਿਜੇਤਾ ਭਾਰਦਵਾਜ
ਜਨਰਲ ਸਕੱਤਰ : ਪੰਜਾਬੀ ਸਾਹਿਤ ਸਭਾ ਪਟਿਆਲਾ ਰਜਿ.

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin