Articles

ਸੋਚਾਂ ਸੱਚ ਹੋ ਤੁਰਦੀਆਂ  !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਮਨੁੱਖੀ ਮਨ ਦਾ ਦਾਇਰਾ ਬਹੁਤ ਵਿਸ਼ਾਲ ਹੈ। ਮਨੁੱਖ ਦੀਆਂ ਸੌ ਪ੍ਤੀਸ਼ਤ ਵਿਚੋਂ ਅੱਧੇ ਤੋਂ ਜਿਆਦਾ ਕਿਰਿਆਵਾਂ ਮਨ ਦੇ ਪਿੱਛੇ ਲੱਗ ਕੇ ਹੁੰਦੀਆਂ ਹਨ। ਜਦੋਂ ਵੀ ਆਮ ਕਰਕੇ ਲੋਕਾਂ ਨੇ ਇਸ ਤਾਣੇ ਬਾਣੇ ਨੂੰ ਸੁਲਝਾਉਣ ਦਾ ਯਤਨ ਕੀਤਾ, ਉਹ ਇਸ ਦੀ ਡੂੰਘਾਈ ਵਿੱਚ ਹੋਰ ਖੁੱਭਦੇ ਗਏ। ਇੱਕ ਸਾਡਾ ਮਨ ਹੀ ਤਾਂ ਹੈ ਜੋ ਸਾਨੂੰ ਮਿੰਟਾਂ ਸਕਿੰਟਾਂ ਵਿੱਚ ਪਹਾੜਾਂ, ਦੇਸ਼ਾਂ, ਵਿਦੇਸ਼ਾਂ ਦੀ ਸੈਰ ਕਰਵਾ ਦਿੰਦਾ ਹੈ, ਇਸ ਮਨ ਵਿੱਚ ਉੱਪਜਦੀਆਂ ਕਲਪਨਾਵਾਂ ਹੀ ਮਨੁੱਖ ਨੂੰ ਇੱਕ ਮਿੰਟ ਵਿੱਚ ਹਸਾ ਦਿੰਦੀਆਂ ਹਨ ਅਤੇ ਦੂਸਰੇ ਪਲ ਰੁਵਾ ਵੀ ਦਿੰਦੀਆਂ ਹਨ। ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਮਨ ਦੀਆਂ ਕਲਪਨਾਵਾਂ ਕੀ ਹਨ? ਅਸੀਂ ਅਕਸਰ ਦੇਖਦੇ ਹਾਂ ਕਿ ਮਨੁੱਖ ਆਪਣੀਆਂ ਸੋਚਾਂ ਵਿੱਚ ਡੁੱਬਿਆ ਰਹਿੰਦਾ ਹੈ, ਕਦੇ ਸੋਚਾਂ ਸੋਚਦਾ ਹੋਇਆ ਆਪਣੇ ਬੀਤੇ ਸਮੇਂ ਵਿੱਚ ਚਲਾ ਜਾਂਦਾ ਹੈ ਕਦੇ ਸੋਚਾਂ ਸੋਚਦਾ ਕਲਪਨਾ ਕਰਦਾ ਭਵਿੱਖ ਦਾ ਚੱਕਰ ਕੱਟ ਆਉਂਦਾ ਹੈ। ਇਹਨਾਂ ਕਲਪਨਾਵਾਂ ਵਿੱਚ ਉਹ ਜਿੰਦਗੀ ਦੇ ਉਸੇ ਤਰ੍ਹਾਂ ਦੇ ਸੁਪਨੇ ਦੇਖਦਾ ਹੈ ਜਿਵੇਂ ਦੀ ਜਿੰਦਗੀ ਉਹ ਜਿਊਣਾ ਲੋਚਦਾ ਹੈ। ਉਦਹਾਰਣ ਦੇ ਤੌਰ ਤੇ ਜੇਕਰ ਕਿਸੇ ਨੌਜਵਾਨ ਦੀ ਇੱਛਾ ਵਿਦੇਸ਼ ਜਾਣ ਦੀ ਹੈ ਤਾਂ ਉਸਦੀ ਕਲਪਨਾ ਵਿੱਚ ਜਿਆਦਾਤਰ ਜਦੋਂ ਵਿਦੇਸ਼ ਜਾਣਾ ਹੈ, ਉਹ ਸਾਰਾ ਸਮਾਂ ਅੱਖਾਂ ਮੂਹਰੇ ਘੁੰਮ ਜਾਂਦਾ ਹੈ, ਇੱਥੋਂ ਤੱਕ ਕਿ ਕਈ ਵਾਰ ਇਸ ਕਲਪਨਾ ਵਿੱਚ ਗਵਾਚਿਆ ਨੌਜਵਾਨ ਆਪਣੇ ਆਪ ਨੂੰ ਮਾਪਿਆਂ, ਘਰ ਪਰਿਵਾਰ ਤੋਂ ਦੂਰ ਹੁੰਦਾ ਮਹਿਸੂਸ ਕਰ ਭਾਵੁਕ ਵੀ ਹੋ ਜਾਂਦਾ ਹੈ, ਇਹ ਸਾਰੀ ਸਾਡੇ ਮਨ ਦੀ ਕਲਪਨਾ ਸ਼ਕਤੀ ਹੈ, ਜੋ ਸਾਨੂੰ ਭੂਤ, ਭਵਿੱਖ ਦੀ ਸੈਰ ਕਰਵਾ ਦਿੰਦੀ ਹੈ। ਸਾਡੀ ਜਿੰਦਗੀ ਵਿੱਚ ਘਟਨ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਸਾਡੀਆਂ ਇੰਨਾਂ ਸੋਚਾਂ, ਕਲਪਨਾਵਾਂ ਉੱਤੇ ਨਿਰਭਰ ਕਰਦੀਆਂ ਹਨ। ਮਨੁੱਖੀ ਮਨ ਦੀ ਕਲਪਨਾ ਸ਼ਕਤੀ ਵਿੱਚ ਏਨੀ ਤਾਕਤ ਹੈ ਕਿ ਇਹ ਬ੍ਰਹਿਮੰਡ ਨੂੰ ਉਸੇ ਤਰ੍ਹਾਂ ਕੰਮ ਕਰਨ ਲਗਾ ਦਿੰਦੀ ਹੈ ਜਿਸ ਤਰ੍ਹਾਂ ਦੇ ਖਿਆਲ ਸਾਡੇ ਮਨ ਵਿੱਚ ਆਉਂਦੇ ਹਨ। ਇੱਥੇ ਇੱਕ ਉਦਹਾਰਣ ਦੇ ਕੇ ਸਮਝਾਉਣ ਦਾ ਯਤਨ ਕਰਾਂਗੀ ਇੱਕ ਵਿਅਕਤੀ ਜਿਸ ਨੇ ਆਪਣਾ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਹੈ, ਜੇਕਰ ਉਹ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਉਣ ਵਾਲੇ ਜੋਖਮਾਂ , ਘਾਟਿਆ ਦੀ ਕਲਪਨਾ ਕਰੇਗਾ, ਯਕੀਨਨ ਉਸ ਦੇ ਕਾਰੋਬਾਰ ਵਿੱਚ ਮੁਨਾਫ਼ੇ ਨਾਲੋਂ ਘਾਟਾ ਜਿਆਦਾ ਹੋਵੇਗਾ ਕਿਉਂਕਿ ਉਸਦੀ ਕਲਪਨਾ ਵਿਚੋਂ ਨਿਕਲ ਰਹੀਆਂ ਤਰੰਗਾਂ ਬ੍ਰਹਿਮੰਡ ਨੂੰ ਨਕਾਰਾਤਮਕ ਊਰਜਾ ਦੇ ਰਹੀਆਂ ਹਨ, ਇਸਦੇ ਉੱਲਟ ਜੇਕਰ ਇਹੀ ਵਿਅਕਤੀ ਕਾਰੋਬਾਰ ਸ਼ੁਰੂ ਕਰਨ ਸਮੇਂ ਘਾਟੇ ਬਾਰੇ ਸੋਚਣ ਦੀ ਬਜਾਇ ਸਿਰਫ਼ ਮੁਨਾਫ਼ੇ ਬਾਰੇ ਸੋਚ ਰਿਹਾ ਹੈ ਤਾਂ ਉਸਨੂੰ ਕਾਰੋਬਾਰ ਵਿੱਚ ਲਾਭ ਹੀ ਹੋਵੇਗਾ ਕਿਉਂਕਿ ਉਸ ਦੁਆਰਾ ਕੁਦਰਤ ਵਿੱਚ ਬ੍ਰਹਿਮੰਡ ਵਿੱਚ ਸਕਾਰਾਤਮਕ ਤਰੰਗਾਂ ਛੱਡੀਆਂ ਗਈਆਂ ਹਨ। ਸਾਡੇ ਸਾਰੇ ਕੰਮ ਕੁਦਰਤ ਦੇ ਇਰਦ ਗਿਰਦ ਘੁੰਮਦੇ ਹਨ, ਅਸੀਂ ਜੋ ਵੀ ਚਾਹੁੰਦੇ ਹਾਂ ਕੁਦਰਤ ਕੋਲੋਂ ਪ੍ਰਾਪਤ ਕਰ ਸਕਦੇ ਹਾਂ ਪਰ ਇਹ ਨਿਰਭਰ ਕਰਦਾ ਹੈ ਕਿ ਤੁਸੀਂ ਕੁਦਰਤ ਨੂੰ ਆਪਣੀਆਂ ਕਲਪਨਾ ਦੀਆਂ ਤਰੰਗਾਂ ਵਿੱਚ ਕੀ ਪਰੋਸ ਰਹੇ ਹੋ। ਇੱਕ ਆਮ ਜਿਹੀ ਗੱਲ ਹੈ ਕਿ ਬਹੁਤ ਵਾਰ ਕਿਸੇ ਵੀ ਘਟਨਾ ਦੇ ਘਟਨ ਤੇ ਲੋਕਾਂ ਨੂੰ ਆਮ ਹੀ ਕਹਿੰਦਿਆਂ ਸੁਣਿਆ ਜਾਂਦਾ ਹੈ,ਕਿ ਮੇਰੇ ਮਨ ਵਿੱਚ ਤਾਂ ਪਹਿਲਾਂ ਹੀ ਇਹ ਖਿਆਲ ਆਇਆ ਸੀ ਕਿ ਏਦਾਂ ਨਾ ਹੋ ਜਾਵੇ…ਇਸਦਾ ਸਿੱਧਾ ਤੇ ਸਾਫ ਅਰਥ ਇਬ ਹੈ ਕਿ ਤੁਹਾਡੇ ਮਨ ਦੇ ਸ਼ੰਕੇ, ਡਰ, ਸੋਚਾਂ ਤਰੰਗਾਂ ਦਾ ਰੂਪ ਧਾਰਣ ਕਰ ਕੁਦਰਤ ਤੱਕ ਪਹੁੰਚ ਰਹੀਆਂ ਹਨ,ਫਿਰ ਕੁਦਰਤ ਉਨ੍ਹਾਂ ਤਰੰਗਾਂ ਦੇ ਸੰਕੇਤਾਂ ਉੱਪਰ ਹੀ ਕੰਮ ਕਰਨਾ ਸ਼ੁਰੂ ਕਰਦੀ ਹੈ। ਇਹ ਇੱਕ ਮਨੋਵਿਗਿਆਨਕ ਸਿਧਾਂਤ ਹੈ ਸਕਾਰਾਤਮਕ ਨਜ਼ਰੀਏ ਵਾਲਾ ਵਿਅਕਤੀ ਦੂਸਰੇ ਵਿਅਕਤੀਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ। ਬਹੁਤ ਸਾਰੇ ਸਰਵੇਖਣਾਂ ਤੋਂ ਪਤਾ ਲੱਗਦਾ ਹੈ ਕਿ ਮਨੁੱਖੀ ਦਿਮਾਗ ਬਹੁਤ ਅਥਾਹ ਸ਼ਕਤੀ ਦਾ ਭੰਡਾਰ ਹੈ, ਪਰੰਤੂ ਲੱਖਾਂ ਵਿਚੋਂ ਕੋਈ ਇੱਕ ਦੋ ਵਿਅਕਤੀ ਹੀ ਅਜਿਹੇ ਹਨ ਜੋ ਆਪਣੇ ਦਿਮਾਗ਼ ਦਾ ਅੱਧੇ ਤੋਂ ਜਿਆਦਾ ਹਿੱਸਾ ਵਰਤੋਂ ਵਿੱਚ ਲਿਆਉਂਦੇ ਹਨ, ਬਾਕੀ ਮਨੁੱਖ ਆਪਣੀ ਦਿਮਾਗੀ ਸ਼ਕਤੀ ਦਾ 10 ਪ੍ਤੀਸ਼ਤ ਹੀ ਵਰਤਦੇ ਹਨ। ਉਸ ਦਸ ਪ੍ਤੀਸ਼ਤ ਵਿੱਚ ਵੀ ਮਨੁੱਖ ਨਕਾਰਾਤਮਕ ਅਤੇ ਢਹਿੰਦੀਕਲਾ ਵਾਲੀਆਂ ਗੱਲਾਂ ਨੂੰ ਜਹਿਣ ਵਿੱਚ ਲਿਆ ਕੇ ਆਪਣੇ ਜੀਵਨ ਨੂੰ ਹੋਰ ਕਠਿਨਾਈ ਭਰਭੂਰ ਬਣਾ ਲੈਂਦੇ ਹਨ। ਸਕਾਰਾਤਮਕ ਸੋਚ ਤੇ ਚੜਦੀਕਲਾ ਦਾ ਸੁਨੇਹਾ ਦੇਣ ਵਾਲੀਆਂ ਸਖਸੀਅਤਾਂ ਹਮੇਸ਼ਾ ਅਗਾਂਹ ਵਧੂ ਹੁੰਦੀਆਂ ਹਨ। ਇਸ ਲਈ ਹਮੇਸ਼ਾ ਯਤਨ ਕਰੋ ਕਿ ਤੁਹਾਡੇ ਮਨ, ਦਿਮਾਗ ਵਿੱਚ ਚੱਲਣ ਵਾਲੇ ਵਿਚਾਰ ਕਦੇ ਵੀ ਨਕਾਰਾਤਮਕ ਨਾ ਹੋਣ, ਜੇਕਰ ਕਦੇ ਅਣਸੁਖਾਵੇਂ ਹਲਾਤਾਂ ਦੇ ਚੱਲਦਿਆਂ ਮਨ ਵਿੱਚ ਢਹਿੰਦੀਕਲਾ ਵਾਲੀਆਂ ਸੋਚਾਂ ਆਉਣ ਵੀ ਤਾਂ ਉਹਨਾਂ ਨੂੰ ਤਰੁੰਤ ਰੋਕਣ ਦਾ ਯਤਨ ਕਰੋ, ਆਪਣੇ ਦਿਮਾਗ਼ ਨੂੰ ਉਸ ਪਾਸੇ ਤੋਂ ਹਟਾ ਕਿਸੇ ਹੋਰ ਗਤੀਵਿਧੀ ਵਿੱਚ ਵਿਅਸਤ ਕਰੋ। ਇਹ ਨਕਾਰਾਤਮਕ ਸੋਚਾਂ ਦੇ ਵਹਿਣ ਨੂੰ ਰੋਕਣ ਦਾ ਇੱਕ ਕਾਰਗਰ ਤਰੀਕਾ ਹੈ। ਕਈ ਵਾਰ ਅਜਿਹਾ ਵੀ ਹੁੰਦਾ ਕਿ ਅਸੀਂ ਸੋਚਾਂ ਵਿਚੋਂ ਬਾਹਰ ਨਿਕਲਣ ਦਾ ਯਤਨ ਕਰਦੇ ਹਾਂ ਪਰੰਤੂ ਵਾਰ ਵਾਰ ਸੋਚਾਂ ਦਾ ਉਹੀ ਵਹਾਅ ਸਾਨੂੰ ਆਪਣੇ ਨਾਲ ਰੋੜ ਕੇ ਲੈ ਜਾਂਦਾ ਹੈ, ਅਜਿਹੇ ਵਿੱਚ ਤੁਸੀਂ ਉਸ ਗਤੀਵਿਧੀ ਵਿੱਚ ਆਪਣੇ ਆਪ ਨੂੰ ਰੁਝਾ ਸਕਦੇ ਹੋ, ਜਿਸਨੂੰ ਕਰਨ ਵਿੱਚ ਤੁਹਾਨੂੰ ਬਹੁਤ ਆਨੰਦ ਆਉਂਦਾ ਹੈ, ਉਦਹਾਰਣ ਦੇ ਤੌਰ ਤੇ ਫੁੱਲਾਂ, ਬੂਟਿਆਂ ਨੂੰ ਪਾਣੀ ਦੇਣਾ, ਬੱਚਿਆਂ ਨਾਲ ਖੇਡਣਾ ਆਦਿ। ਇਸ ਤਰ੍ਹਾਂ ਸਾਡੇ ਮਨ ਨੂੰ ਸੋਚਾਂ ਤੋਂ ਰਹਾਉ ਮਿਲੇਗਾ ਅਤੇ ਕੁਦਰਤ ਨੂੰ ਨਕਾਰਾਤਮਕ ਤਰੰਗਾਂ ਦੇ ਰੂਪ ਵਿੱਚ ਕੋਈ ਗਲਤ ਸੁਨੇਹਾ ਨਹੀਂ ਜਾਵੇਗਾ ।ਜੇਕਰ ਤੁਸੀਂ ਲੋਚਦੇ ਹੋ ਕਿ ਤੁਹਾਡੇ ਜੀਵਨ ਵਿੱਚ ਹਮੇਸ਼ਾ ਚੜਦੀਕਲਾ ਰਹੇ ਅਤੇ ਜੀਵਨ ਸੋਹਣਾ ਬਣਿਆ ਰਹੇ ਤਾਂ ਫਿਰ ਸੋਹਣਾ ਸੋਚੋ ਕਿਉਂਕਿ ਸੋਚਾਂ ਸੱਚ ਹੋ ਤੁਰਦੀਆਂ ਹਨ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin