Articles

ਹੜਤਾਲਾਂ ਦੀਆਂ ਸਮੱਸਿਆਵਾਂ ਤੇ ਸਮਾਧਾਨ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ। ਲੋਕਤੰਤਰ ਇੱਕ ਅਜਿਹੀ ਵਿਵਸਥਾ ਜਿਸ ਵਿੱਚ ਲੋਕਾਂ ਦੁਆਰਾ ਅਤੇ ਲੋਕਾਂ ਲਈ ਚੁਣੀ ਗਈ ਸਰਕਾਰ ਦੇਸ਼ ਦੀ ਵਾਗਡੋਰ ਸੰਭਾਲਦੀ ਹੈ। ਇਹ ਰਾਜਨੀਤੀ ਦਾ ਇੱਕ ਅਜਿਹਾ ਰੂਪ ਹੈ ਜਿਸ ਵਿੱਚ ਲੋਕਾਂ ਦੇ ਹਿੱਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ । ਪਿਛਲੇ ਇੱਕ ਨਿਰੀਖਣ ਦੇ ਅਨੁਸਾਰ 834 ਮਿਲੀਅਨ ਵੋਟਰਾਂ ਨਾਲ ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ। ਏਸ਼ੀਆ ਦਾ ਚੌਥਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵੀ ਭਾਰਤ ਹੀ ਹੈ । ਜਦੋਂ ਭਾਰਤ ਅਜ਼ਾਦ ਹੋਇਆ ਤਾਂ ਧਰਨੇ ਲਾਕੇ, ਡਾਂਗਾ ਸੋਟੇ ਤੇ ਅੱਤਿਆਚਾਰ ਸਹਿੰਦੇ ਹੋਏ ਲੋਕਾਂ ਨੇ ਦੇਸ਼ ਨੂੰ ਅਜ਼ਾਦ ਕਰਵਾਇਆ। ਸਾਡੇ ਅਜ਼ਾਦੀ ਘੁਲਾਟੀਆਂ ਨੇ ਸ਼ੁਕਰ ਮਨਾਇਆ ਸੀ ਕਿ ਚਲੋ ਕਿਸੇ ਜੱਦੋ ਜਹਿਦ ਮਗਰੋਂ ਹੀ ਸਹੀਂ ਆਖਰਕਾਰ ਹੁਣ ਅਸੀਂ ਅਜ਼ਾਦ ਦੇਸ਼ ਦੇ ਵਾਸੀ ਕਹਿਲਾਵਾਂਗੇ, ਸਾਨੂੰ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਹੱਕਾਂ ਲਈ ਸੜਕਾਂ ਤੇ ਧੱਕੇ ਨਹੀਂ ਖਾਣੇ ਪੈਣਗੇ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਗਰਵ ਨਾਲ ਸਿਰ ਉੱਚਾ ਕਰਕੇ ਜਿਊ ਸਕਣਗੀਆਂ। ਦੇਸ਼ ਦੇ ਸ਼ਾਸਕਾਂ ਉੱਪਰ ਵੀ ਯਕੀਨ ਸੀ ਕਿ ਉਹ ਹਮੇਸ਼ਾ ਲੋਕਾਂ ਦੇ ਹਿੱਤਾਂ ਲਈ ਯਤਨਸ਼ੀਲ ਰਹਿਣਗੇ ਅਤੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਸ਼ਹਾਦਤਾਂ ਵਾਲਿਆਂ ਦੇ ਅੰਸ਼ ਵੰਸ਼ ਅਰਾਮ ਨਾਲ ਜਿੰਦਗੀ ਬਸਰ ਕਰ ਸਕਣਗੇ।

ਪਰ ਜੇਕਰ ਅੱਜ ਦੇ ਹਲਾਤਾਂ ਵੱਲ ਝਾਤ ਮਾਰੀਏ ਤਾਂ ਸਾਡਾ ਦੇਸ਼ ਲੋਕਤੰਤਰੀ ਦੇਸ਼ ਘੱਟ ਤੇ ਤਾਨਾਸ਼ਾਹੀ ਰਾਜ ਜਿਆਦਾ ਲੱਗਦਾ ਹੈ। ਇਹ ਤਾਂ ਭੁੱਲ ਹੀ ਜਾਓ ਕਿ ਭਾਰਤ ਵਿੱਚ ਕਿਸੇ ਵੀ ਵਰਗ ਜਾਂ ਖੇਤਰ ਦੀਆਂ ਮੰਗਾਂ ਮੰਗ ਪੱਤਰ ਸੌਪ ਕੇ ਪੂਰੀਆਂ ਹੋ ਸਕਦੀਆਂ ਹਨ । ਹਰ ਵਰਗ ਦੇ ਅਧਿਕਾਰੀਆਂ ਨੂੰ ਸੜਕ ਉੱਤੇ ਧਰਨੇ ਲਾਏ ਬਿਨਾਂ, ਟੈਂਕੀਆਂ ਤੇ ਚੜ੍ਹੇ ਬਿਨਾਂ, ਡਾਂਗਾ ਸੋਟੀਆਂ ਦੀ ਮਾਰ ਝੱਲੇ ਬਿਨਾਂ, ਪਾਣੀ ਦੀਆਂ ਬੁਛਾੜਾਂ ਸਹੇ ਬਿਨਾਂ ਮੰਤਰੀਆਂ ਸਾਹਮਣੇ ਪੇਸ਼ ਨਹੀਂ ਕੀਤਾ ਜਾਂਦਾ। ਪੰਜਾਬ ਦੇ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਅਧਿਆਪਕਾਂ ਤੋਂ ਬਿਨਾਂ ਸਕੂਲਾਂ ਵਿੱਚ ਸਮਾਂ ਬਤੀਤ ਕਰਕੇ ਆ ਜਾਂਦੇ ਹਨ, ਕਿਉਂਕਿ ਉਹਨਾਂ ਦੇ ਅਧਿਆਪਕ ਧਰਨਿਆਂ ਉੱਤੇ ਬੈਠੇ ਹੁੰਦੇ ਹਨ। ਇੱਕ ਦਿਨ ਸਰਕਾਰੀ ਹਸਪਤਾਲ ਗਈ ਤਾਂ ਲੋਕਾਂ ਨੂੰ ਦਰਦਾਂ ਨਾਲ ਤੜਫਦੇ ਵੇਖ ਮੈਂ ਇੱਕ ਅਧਿਕਾਰੀ ਨੂੰ ਪੁੱਛਿਆ ਕਿ ਡਾਕਟਰ ਕਿੱਥੇ ਨੇ, ਮਰੀਜ਼ ਕਿਵੇਂ ਕੁਰਲਾ ਰਹੇ ਹਨ! ਜਵਾਬ ਮਿਲਿਆ ਕਿ ਅੱਜ ਡਾਕਟਰ ਸਾਬ ਨਹੀਂ ਆਉਣਗੇ, ਡਾਕਟਰਾਂ ਦੀ ਹੜਤਾਲ ਚੱਲਦੀ ਹੈ। ਕਿਸਾਨੀ ਧਰਨਿਆਂ ਬਾਰੇ ਕਿਸ ਨੂੰ ਨਹੀਂ ਪਤਾ। ਖੇਤੀਬਾੜੀ, ਸਿਹਤ ਤੇ ਸਿੱਖਿਆ ਤਿੰਨ ਮੁੱਖ ਖੇਤਰ ਤਿੰਨੇ ਹੀ ਆਪਣੇ ਹੱਕਾਂ ਲਈ ਸੜਕਾਂ ਉੱਤੇ ਰੁਲਦੇ ਫਿਰਦੇ ਹਨ।
ਇਹ ਸਾਡੇ ਦੇਸ਼ ਲਈ ਬਹੁਤ ਮੰਦਭਾਗੀ ਘਟਨਾ ਹੈ ਕਿ ਦੇਸ਼ ਦਾ ਪੜਿਆ ਲਿਖਿਆ ਵਰਗ ਡਾਕਟਰ, ਅਧਿਆਪਕ, ਵਕੀਲ ਆਦਿ ਸਾਰੇ ਹੀ ਉੱਚ ਕੋਟੀ ਦੀ ਸਿੱਖਿਆ ਹਾਸਿਲ ਕਰਕੇ ਆਪਣੇ ਹੀ ਹੱਕਾਂ ਲਈ ਧਰਨੇ ਲਾ ਰਹੇ ਹਨ। ਅਸੀਂ ਕਹਿੰਦੇ ਹਾਂ ਕਿ ਸਾਡੀ ਨੋਜਵਾਨ ਪੀੜੀ ਵਿਦੇਸ਼ਾਂ ਵੱਲ ਕਿਉਂ ਭੱਜ ਰਹੀ ਹੈ, ਇੱਕ ਦਿਨ ਪੜਾਉਂਦੇ ਹੋਏ ਵਿਦਿਆਰਥੀਆਂ ਨੂੰ ਪੁੱਛਿਆ ਕਿ ਬਾਰਵੀਂ ਤੋਂ ਬਾਅਦ ਕੀ ਕਰਨਾ ਹੈ ਤਾਂ ਬਹੁਤਾਤ ਵਿਦਿਆਰਥੀਆਂ ਦਾ ਜਵਾਬ ਸੀ … ” ਜੀ ਆਈਲੈਟਸ ! ਮੇਰਾ ਜਵਾਬ ਸੀ ਭਾਰਤ ਵਿੱਚ ਕਿਉਂ ਨਹੀਂ ? ਜਵਾਬ ਮਿਲਿਆ ਏਥੇ ਰਹਿ ਕੇ ਜੇਕਰ ਪੜ੍ਹ ਲਿਖ ਵੀ ਗਏ ਤਾਂ ਸੋਟੇ ਹੀ ਖਾਣੇ ਪੈਣਗੇ , ਧਰਨੇ ਹੀ ਲਾਉਣੇ ਪੈਣਗੇ। ਬੱਚਿਆਂ ਦਾ ਜਵਾਬ ਸੁਣ ਮੇਰੇ ਕੋਲ ਕੋਈ ਜਵਾਬ ਨਹੀਂ ਸੀ।
ਇਸ ਚਰਚਾ ਤੋਂ ਬਾਅਦ ਮੈਂ ਹੜਤਾਲਾਂ ਦਾ ਆਮ ਜਨਜੀਵਨ ਉੱਤੇ ਪੈਣ ਵਾਲੇ ਪ੍ਰਭਾਵ ਤੇ ਉਸਦੇ ਕੁਝ ਸਮਾਧਾਨ ਬਾਰੇ ਸੰਖੇਪ ਵਿੱਚ ਵਿਚਾਰ ਕਰਨਾ ਚਾਹਾਂਗੀ। ਇਸ ਵਿੱਚ ਕੋਈ ਦੋਰਾਇ ਨਹੀਂ ਕਿ ਜੇਕਰ ਧਰਨੇ ਬਜ਼ਾਰ ਵਿੱਚ ਲੱਗੇ ਹੋਣਗੇ ਤਾਂ ਆਸ ਪਾਸ ਦੇ ਦੁਕਾਨਦਾਰਾਂ ਨੂੰ ਚੋਖਾ ਘਾਟਾ ਖਾਣਾ ਪੈਂਦਾ ਹੈ। ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਬਜ਼ਾਰ ਵਿੱਚ ਜਿਆਦਾਤਰ ਦੁਕਾਨਦਾਰਾਂ ਨੇ ਵੱਡੀ ਰਕਮ ਉੱਤੇ ਦੁਕਾਨਾਂ ਕਿਰਾਏ ਉੱਤੇ ਖਰੀਦੀਆਂ ਹੁੰਦੀਆਂ ਹਨ। ਜੇਕਰ ਉਹਨਾਂ ਵਿਚੋਂ ਕਿਸੇ ਦੀ ਇੱਕ ਦਿਨ ਵੀ ਦੁਕਾਨ ਬੰਦ ਰਹਿੰਦੀ ਹੈ ਤਾਂ ਉਹਨਾਂ ਨੂੰ ਵੱਡਾ ਘਾਟਾ ਪੈਂਦਾ ਹੈ। ਇਸ ਤੋਂ ਇਲਾਵਾ ਦੂਰੋਂ ਨੇੜਿਓਂ ਆਉਣ ਵਾਲੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਕਿਸੇ ਵਿਦਿਆਰਥੀ ਦਾ ਇਮਤਿਹਾਨ ਹੋ ਸਕਦਾ, ਕਿਸੇ ਦੀ ਨੌਕਰੀ ਲਈ ਇੰਟਰਵਿਊ ਹੋ ਸਕਦੀ ਹੈ, ਕੋਈ ਜਿਆਦਾ ਬਿਮਾਰ ਹੋ ਸਕਦਾ ਹੈ, ਕਿਸੇ ਨੇ ਕਿਸੇ ਖਾਸ ਸਮਾਗਮ ਵਿੱਚ ਸ਼ਿਰਕਤ ਕਰਨੀ ਹੋ ਸਕਦੀ ਹੈ।ਕਹਿਣ ਤੋਂ ਭਾਵ ਬਹੁਤ ਵੱਡੇ ਪੱਧਰ ਉੱਤੇ ਆਮ ਲੋਕ ਖੱਜਲ ਖੁਆਰ ਹੁੰਦੇ ਹਨ।
ਇੱਥੇ ਇੱਕ ਗੱਲ ਹੋਰ ਵੀ ਜ਼ਿਕਰਯੋਗ ਹੈ ਕਿ ਭਾਰਤੀ ਜੋ ਖਾਸ ਕਰ ਅੱਜ ਪੱਛਮੀ ਸੱਭਿਅਤਾ ਤੋਂ ਪ੍ਰਭਾਵਿਤ ਹੋ ਰਹੇ ਹਨ, ਪਹਿਰਾਵੇ, ਖਾਣੇ, ਬੋਲੀ, ਰਹਿਣ ਸਹਿਣ ਦੇ ਤੌਰ ਤਰੀਕੇ ਉੱਪਰ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਕਬੂਲਿਆ ਗਿਆ ਹੈ। ਪਰ ਜਦੋਂ ਗੱਲ ਅਨੁਸ਼ਾਸਨ ਦੀ ਆਉਂਦੀ ਹੈ ਤਾਂ ਸ਼ਾਇਦ ਅਸੀਂ ਅੱਖਾ ਬੰਦ ਕਰ ਲੈਂਦੇ ਹਾਂ। ਇੱਥੇ ਦੁਨੀਆਂ ਦੇ ਤਾਕਤਵਰ ਦੇਸ਼ਾਂ ਵਿਚੋਂ ਇੱਕ ਦੇਸ਼ ਜਪਾਨ ਦੀ ਉਦਾਹਰਣ ਜਰੂਰ ਦੇਣਾ ਚਾਹਾਂਗੀ , ਉੱਥੇ ਇੱਕ ਯੋਜਨਾਬੱਧ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ, ਜਿਸਦਾ ਸਮਾਂ ਵੀ ਨਿਸ਼ਚਿਤ ਕੀਤਾ ਜਾਂਦਾ ਹੈ ਜੋ ਕਿ ਕੁਝ ਘੰਟੇ ਜਾਂ ਇੱਕ ਦਿਨ ਲਈ ਹੁੰਦਾ ਹੈ। ਲੋਕ ਕਾਲੀਆਂ ਪੱਟੀਆਂ ਬਾਹਵਾਂ ਤੇ ਬੰਨ੍ਹ, ਬੈਨਰ ਫੜ੍ਹ ਸ਼ਾਤਮਈ ਤਰੀਕੇ ਨਾਲ ਰੋਸ ਜ਼ਾਹਰ ਕਰਦੇ ਹਨ। ਪ੍ਰੰਤੂ ਫਰਵਰੀ 2016 ਨੂੰ ਭਾਰਤ ਦੇ ਸ਼ਹਿਰ ਰੋਹਤਕ ਵਿੱਚ ਹੋਏ ਜਾਟ ਅੰਦੋਲਨ ਨੂੰ ਕੋਈ ਨਹੀਂ ਭੁੱਲ ਸਕਦਾ, ਜਿਸ ਦੇ ਪਹਿਲੇ ਦਸ ਦਿਨ ਸ਼ਾਤਮਈ ਰਹੇ ਪਰ ਉਸਤੋਂ ਬਾਅਦ ਅਜਿਹਾ ਭਿਆਨਕ ਰੂਪ ਦੇਖਣ ਨੂੰ ਮਿਲਿਆ , ਕਿ ਇਸ ਅੰਦੋਲਨ ਵਿੱਚ ਨੌ ਔਰਤਾਂ ਨਾਲ ਜਬਰ ਜਨਾਹ ਕੀਤਾ ਗਿਆ, ਜਾਟ ਸਮੁਦਾਇ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਕਾਲਜ ਹੋਸਟਲਾਂ ਵਿੱਚ ਜਾਕੇ ਬੇਵਜ੍ਹਾ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਾਰ ਕੁੱਟ ਕੀਤੀ ਗਈ।ਇਸ ਹਿੰਸਕ ਧਰਨੇ ਵਿੱਚ 30 ਲੋਕਾਂ ਦੀ ਜਾਨ ਗਈ। ਭਾਰਤ ਦੀ ਅਰਥ ਵਿਵਸਥਾ ਨੂੰ ਬਿਲੀਅਨ ਵਿੱਚ ਘਾਟਾ ਪਿਆ। ਕਿਸਾਨੀ ਮੋਰਚਾ ਇਹਨਾਂ ਧਰਨਿਆਂ ਦੀ ਇੱਕ ਤਾਜ਼ੀ ਉਦਹਾਰਣ ਹੈ ਜਿਸ ਵਿੱਚ 700 ਦੇ ਕਰੀਬ ਲੋਕਾਂ ਨੇ ਜਾਨਾਂ ਗਵਾਈਆਂ।ਜੇਕਰ ਗੱਲ ਸਮਾਧਾਨ ਦੀ ਕੀਤੀ ਜਾਵੇ ਤਾਂ ਇਸ ਦਾ ਹੱਲ ਕਰਨ ਲਈ ਲੋਕਾਂ ਤੇ ਸਰਕਾਰਾਂ ਦੋਨਾ ਨੂੰ ਆਪਣੇ ਵਿੱਚ ਪਰਿਵਰਤਨ ਲਿਆਉਣ ਦੀ ਜਰੂਰਤ ਹੈ। ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਹੁਤ ਹੀ ਸੂਝਬੂਝ ਨਾਲ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਦੁਆਰਾ ਚੁਣੀ ਸਰਕਾਰ ਉਹਨਾਂ ਦੀ ਲੋੜਾਂ ਬਿਨਾਂ ਮੰਗਿਆ ਹੀ ਪੂਰੀਆਂ ਕਰ ਸਕੇ । ਇਸ ਤੋਂ ਇਲਾਵਾ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਜੇਕਰ ਉਹਨਾਂ ਉੱਪਰ ਭਰੋਸਾ ਕਰਕੇ ਲੋਕਾਂ ਨੇ ਉਹਨਾਂ ਨੂੰ ਰਾਜ ਕਰਨ ਦਾ ਮੌਕਾ ਦਿੱਤਾ ਹੈ ਤਾਂ ਉਹ ਲੋਕਾਂ ਦੀਆਂ ਉਮੀਦਾਂ ਉੱਪਰ ਖਰੇ ਉੱਤਰਨ। ਲੋਕਾਂ ਦੀਆਂ ਜਰੂਰੀ ਲੋੜਾਂ ਪੂਰੀਆਂ ਕੀਤੀਆਂ ਜਾਣ। ਇਸ ਗੱਲ ਨੂੰ ਜਹਿਨ ਵਿੱਚ ਰੱਖਿਆ ਜਾਵੇ ਕਿ ਭਾਰਤ ਲੋਕਤੰਤਰੀ ਦੇਸ਼ ਹੈ ਅਤੇ ਲੋਕਾਂ ਦੇ ਹਿੱਤਾਂ ਦੀ ਰਾਖੀ ਕਰਨੀ ਉਹਨਾਂ ਦਾ ਪਹਿਲਾ ਫਰਜ਼ ਹੈ । ਸਰਕਾਰਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਧਰਨੇ, ਹੜਤਾਲਾਂ ਦੇਸ਼ ਦੀ ਵਿਵਸਥਾ ਦਾ ਪੂਰੀ ਤਰ੍ਹਾਂ ਜਨਾਜ਼ਾ ਕੱਢਦੇ ਹਨ। ਪੂਰੀ ਦੁਨੀਆਂ ਨੂੰ ਇਸ ਗੱਲ ਦਾ ਪ੍ਰਤੱਖ ਸਬੂਤ ਮਿਲ ਜਾਂਦਾ ਹੈ ਕਿ ਸਮੇਂ ਦੀ ਸਰਕਾਰ, ਦੇਸ਼ ਦੇ ਪ੍ਰਸ਼ਾਸਕ ਲੋਕਾਂ ਦੀਆਂ ਉਮੀਦਾਂ ਉੱਤੇ ਖਰੇ ਉੱਤਰਨ ਵਿੱਚ ਅਸਫ਼ਲ ਰਹੇ ਹਨ। ਇਸ ਦਾ ਸਬੂਤ ਕਿਸਾਨੀ ਅੰਦੋਲਨ ਦੇ ਚੱਲਦਿਆਂ ਮਿਲ ਹੀ ਗਿਆ ਸੀ,ਜਦੋਂ ਪੂਰੀ ਦੁਨੀਆਂ ਦੇ ਵੱਡੇ ਸਿਆਸਤਦਾਨਾਂ ਤੇ ਮਸ਼ਹੂਰ ਹਸਤੀਆਂ ਦੁਆਰਾ ਸਮੇਂ ਦੀ ਸਰਕਾਰ ਵਿਰੁੱਧ ਬਿਆਨ ਦਿੱਤੇ ਗਏ।
ਧਰਨੇ ਉੱਤੇ ਬੈਠੇ ਮੁਲਾਜ਼ਮਾਂ ਨੂੰ ਵੀ ਆਮ ਜਨਤਾ ਅਤੇ ਕਾਰੋਬਾਰਾਂ ਦਾ ਜਰੂਰ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਵਿੱਚ ਆਮ ਲੋਕਾਂ ਦਾ ਕੋਈ ਕਸੂਰ ਨਹੀਂ । ਹਰ ਕਾਰਵਾਈ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਆਮ ਜਨਜੀਵਨ ਪ੍ਰਭਾਵਿਤ ਨਾ ਹੋਵੇ, ਕੋਈ ਵੀ ਧਰਨਾ ਹਿੰਸਕ ਨਹੀਂ ਹੋਣਾ ਚਾਹੀਦਾ ।ਪਰ ਹਾਂ ਤੁਹਾਡਾ ਤਰੀਕਾ ਐਨਾ ਕੁ ਸੁਲਝਿਆ ਹੋਣਾ ਚਾਹੀਦਾ ਹੈ ਕਿ ਸਰਕਾਰਾਂ ਤੁਹਾਡੀਆਂ ਮੰਗਾਂ ਮੂਹਰੇ ਆਪ ਗੋਡੇ ਟੇਕ ਦੇਣ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin