Articles Culture

‘ਚਾਂਦੀ ਦੀਆਂ ਝਾਂਜਰਾਂ ਘੜਾ ਦੇ ਹਾਣੀਆਂ . . . ‘

ਲੇਖਕ: ਡਾ. ਪ੍ਰਿਤਪਾਲ ਸਿੰਘ ਮਹਿਰੋਕ

ਝਾਂਜਰਾਂ ਔਰਤਾਂ ਵੱਲੋਂ ਗਿੱਟਿਆਂ ’ਤੇ ਪਹਿਨਿਆਂ ਜਾਣ ਵਾਲਾ ਬਹੁਤ ਹਰਮਨ ਪਿਆਰਾ ਗਹਿਣਾ ਹੈ। ਸਮੇਂ ਦੇ ਬਦਲਣ ਨਾਲ ਗਹਿਣਿਆਂ ਦੇ ਰੂਪ ਬਦਲਦੇ ਰਹਿੰਦੇ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਚਾਂਦੀ ਦੀਆਂ ਝਾਂਜਰਾਂ ਦੀ ਛਣ-ਛਣ ਦੇ ਨਾਲ ਕਿਸੇ ਦੇ ਘਰ ਦੀ ਰੌਣਕ ਨੂੰ ਭਾਗ ਲੱਗਦੇ ਸਮਝੇ ਜਾਂਦੇ ਸਨ ਤੇ ਝਾਂਜਰ ਘਰ ਵਿੱਚ ਸੈਂਕੜੇ ਬਰਕਤਾਂ ਦੇ ਨਾਲ-ਨਾਲ ਖ਼ੁਸ਼ੀਆਂ ਖੇੜਿਆਂ ਦਾ ਪ੍ਰਤੀਕ ਸਮਝੀ ਜਾਂਦੀ ਸੀ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ-“ਇਸਤਰੀਆਂ ਦੇ ਪੈਰਾਂ ਦਾ ਇਕ ਗਹਿਣਾ, ਜੋ ਝਣਖਕਾਰ ਪੈਦਾ ਕਰਦਾ ਹੈ।ਗਿੱਧਾ ਨੱਚਣ ਲੱਗਿਆਂ ਮੁਟਿਆਰਾਂ ਪੈਰਾਂ ਵਿੱਚ ਝਾਂਜਰ ਪਾ ਲੈਂਦੀਆਂ ਹਨ ਅਤੇ ਜਦੋਂ ਉਹ ਠੁਮਕਦੀਆਂ ਹਨ ਤੇ ਪੈਰਾਂ ਨਾਲ ਧਮਕ ਦੇਂਦੀਆਂ ਹਨ ਤਾਂ ਛਣ ਛਣ ਦੀ ਧੁਨੀ ਅਨੂਠਾ ਰਸ ਪੈਦਾ ਕਰਦੀ ਹੈ।”(ਪੰਜਾਬੀ ਲੋਕਧਾਰਾ ਵਿਸ਼ਵਕੋਸ਼, ਪੰਨਾ 1428)। ਔਰਤਾਂ ਦੇ ਪੈਰਾਂ ਵਿੱਚ ਪਹਿਨਿਆ ਜਾਣ ਵਾਲਾ ਚਾਂਦੀ ਦਾ ਗਹਿਣਾ ਝਾਂਜਰ ਅਖਵਾਉਂਦਾ ਹੈ। ਪਹਿਨਣ ਵਾਲੀ ਦੇ ਚੱਲਣ ਨਾਲ ਝਾਂਜਰ ਛਣਕਾਰ ਪੈਦਾ ਕਰਦੀ ਹੈ। ਤੁਰਨ ਲੱਗਿਆਂ, ਗਿੱਧੇ ਵਿੱਚ ਨੱਚਣ ਲੱਗਿਆਂ ਕੁੜੀਆਂ ਦੇ ਪੈਰੀਂ ਪਹਿਨੀਆਂ ਝਾਂਜਰਾਂ ਛਣ-ਛਣ ਦੀ ਆਵਾਜ਼ ਪੈਦਾ ਕਰਦੀਆਂ ਹਨ। ਕੋਈ ਸਮਾਂ ਹੁੰਦਾ ਸੀ ਜਦੋਂ ਪੈਰੀਂ ਪਾਈਆਂ ਚਾਂਦੀ ਦੀਆਂ ਝਾਂਜਰਾਂ ਦੀ ਛਣ ਛਣ ਦੇ ਨਾਲ ਕਿਸੇ ਦੇ ਘਰ ਦੀ ਰੌਣਕ ਨੂੰ ਭਾਗ ਲੱਗ ਗਏ ਸਮਝੇ ਜਾਂਦੇ ਸਨ ਤੇ ਝਾਂਜਰ ਘਰ ਵਿੱਚ ਸੈਆਂ ਬਰਕਤਾਂ ਦੇ ਨਾਲ-ਨਾਲ ਖੁਸ਼ੀਆਂ ਤੇ ਖੇੜੇ ਦਾ ਪ੍ਰਤੀਕ ਸਮਝੀ ਜਾਂਦੀ ਸੀ। ਝਾਂਜਰਾਂ ਦੀ ਆਵਾਜ਼ ਸੁਣਨ ਵਾਲੇ ਨੂੰ ਚੰਗੀ ਲੱਗਦੀ ਹੁੰਦੀ ਸੀ। ਕਿਧਰੇ ਕਿਸੇ ਨੂੰ ਝਾਂਜਰ ਪਹਿਨਣ ਲਈ ਸਿਫਾਰਸ਼ ਕੀਤੀ ਜਾਂਦੀ ਸੀ ਤੇ ਕਿਧਰੇ ਮਨਾਹੀ ਵੀ ਕੀਤੀ ਜਾਂਦੀ ਸੀ। ਅਜਿਹਾ ਕੁਝ ਪੰਜਾਬੀ ਦੇ ਲੋਕ ਗੀਤਾਂ ਵਿੱਚ ਦਰਜ ਹੋਇਆ ਮਿਲਦਾ ਹੈ :
ਬੂਹੇ ਤੇਰੇ ‘ਤੇ ਬੈਠਾ ਜੋਗੀ ਧੂਣੀ ਜਰਾ ਤਪਾਵੀਂ
ਹੱਥ ਜੋਗੀ ਦੇ ਕਾਸਾ ਫੜਿਆ ਖੈਰ ਜਰਾ ਕੁ ਪਾਵੀਂ
ਐਧਰ ਜਾਂਦੀ ਔਧਰ ਜਾਂਦੀ ਝੱਟ ਕੁ ਲੰਘਦੀ ਜਾਵੀਂ
ਨੀ ਵਿਚ ਦਰਵਾਜ਼ੇ ਦੇ ਝਾਂਜਰ ਨਾ ਖੜਕਾਵੀਂ…
ਝਾਂਜਰਾਂ ਨੂੰ ਪੰਜੇਬਾਂ ਵੀ ਕਹਿ ਲਿਆ ਜਾਂਦਾ ਹੈ। ਅਜੋਕੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਇਨ੍ਹਾਂ ਨੂੰ ਪਾਇਲ ਵੀ ਕਹਿ ਲੈਂਦੀਆਂ ਹਨ। ਪਾਰਖੂ ਲੋਕ ਸਭ ਨਾਲੋਂ ਬਿਹਤਰ ਤੇ ਫੱਬਵੀਂ ਝਾਂਜਰ ਨੂੰ ਗੁਲਸ਼ਨ ਪੱਟੀ ਕਹਿੰਦੇ ਹਨ। ਇਸ ਵਿੱਚ ਲਗਪਗ ਡੇਢ ਇੰਚ ਚੌੜੀ ਪੱਟੀ ਦੇ ਹੇਠਲੇ ਹਿੱਸੇ ਨਾਲ ਬਹੁਤ ਸੰਘਣੇ ਘੁੰਗਰੂ ਲੱਗੇ ਹੁੰਦੇ ਹਨ। ਇਨ੍ਹਾਂ ਨੂੰ ਬੋਰ ਵੀ ਕਹਿ ਲਿਆ ਜਾਂਦਾ ਹੈ। ਇਨ੍ਹਾਂ ਤੋਂ ਪੈਦਾ ਹੋਣ ਵਾਲੀ ਛਣ-ਛਣ ਦੀ ਆਵਾਜ਼ ਅਤੇ ਦਿੱਖ ਬਾਕੀ ਝਾਂਜਰਾਂ ਦੇ ਮੁਕਾਬਲੇ ਵਧੀਆ ਹੁੰਦੀ ਹੈ। ਝਾਂਜਰ ਦੇ ਉਪਰਲੇ ਹਿੱਸੇ (ਪੱਟੀ) ਵਿੱਚ ਨਕਾਸ਼ੀ ਕੀਤੀ ਗਈ ਹੁੰਦੀ ਹੈ। ਨਕਾਸ਼ੀ ਦੇ ਨਮੂਨਿਆਂ ਦੀ ਕੋਈ ਸੀਮਾ ਨਹੀਂ ਹੁੰਦੀ। ਝਾਂਜਰ ਦੇ ਸਿਰਿਆਂ ’ਤੇ ਲੰਮੀਆਂ ਚੂੜੀਆਂ (ਕਬਜ਼ੇ ਵਾਲੇ ਪੇਚ) ਕੱਸੀਆਂ ਜਾਂਦੀਆਂ ਹਨ।
ਝਾਂਜਰ ਪਹਿਨ ਕੇ ਮੜ੍ਹਕ-ਮੜ੍ਹਕ ਕੇ ਚੱਲਦੀਆਂ ਮੁਟਿਆਰਾਂ ਦੀ ਚਾਲ ਵੇਖਣ ਵਾਲੀ ਤੇ ਝਾਂਜਰਾਂ ਦੀ ਛਣਕਾਰ ਸੁਣਨ ਵਾਲੀ ਹੁੰਦੀ ਸੀ। ਗੁਲਸ਼ਨ ਪੱਟੀ ਨਾਲ ਰਲਦੀਆਂ ਮਿਲਦੀਆਂ ਝਾਂਜਰਾਂ ਨੂੰ ਪਟੜੀਆਂ ਵੀ ਕਹਿ ਲਿਆ ਜਾਂਦਾ ਸੀ। ਉਹ ਬਹੁਤ ਭਾਰੀਆਂ ਹੁੰਦੀਆਂ ਸਨ।
ਗੁਲਸ਼ਨ ਪੱਟੀ ਦੇ ਨਾਲ-ਨਾਲ ਹਜ਼ਾਰ ਦਾਣਾ ਨਾਂ ਦੀ ਝਾਂਜਰ ਨੂੰ ਵੀ ਔਰਤਾਂ ਬੜੇ ਚਾਅ, ਪਿਆਰ ਤੇ ਉਤਸ਼ਾਹ ਨਾਲ ਪਹਿਨਦੀਆਂ ਰਹੀਆਂ ਹਨ। ਹਜ਼ਾਰ ਦਾਣਾ ਝਾਂਜਰ ਦੀ ਪੱਟੀ ਗੁਲਸ਼ਨ ਪੱਟੀ ਦੀ ਪੱਟੀ ਨਾਲੋਂ ਕੁਝ ਘੱਟ ਚੌੜੀ ਹੁੰਦੀ ਸੀ। ਕਹਿੰਦੇ ਹਨ ਉਸ ਨੂੰ ਇੱਕ ਹਜ਼ਾਰ ਘੁੰਗਰੂ ਲਗਾਏ ਗਏ ਹੁੰਦੇ ਸਨ। ਇਸੇ ਕਰਕੇ ਉਸ ਨੂੰ ‘ਹਜ਼ਾਰ ਦਾਣਾ’ ਝਾਂਜਰ ਕਿਹਾ ਜਾਂਦਾ ਸੀ। ਇਸ ਨਾਲ ਲਗਾਏ ਗਏ ਘੁੰਗਰੂਆਂ ’ਤੇ ਬੜੀ ਕਾਰੀਗਰੀ ਨਾਲ ਨਿੱਕੀਆਂ-ਨਿੱਕੀਆਂ ਗੋਲੀਆਂ ਪਾਈਆਂ ਗਈਆਂ ਹੁੰਦੀਆਂ ਸਨ, ਜਿਨ੍ਹਾਂ ਨਾਲ ਘੁੰਗਰੂਆਂ ਦੀ ਛਣਕਾਰ ਵੱਧ ਜਾਂਦੀ ਸੀ। ਇਸ ਝਾਂਜਰ ਨੂੰ ਚੂੜੀਦਾਰ ਪੇਚ ਨਾਲ ਬੀੜਿਆ ਜਾਂਦਾ ਸੀ।
ਝਾਂਜਰ ਦੀ ਤੀਜੀ ਵੰਨਗੀ ਘੱਟ ਚੌੜੀ ਸਾਧਾਰਨ ਝਾਂਜਰ ਦੀ ਹੁੰਦੀ ਹੈ, ਜਿਸ ਨੂੰ ਸ਼ਕੁੰਤਲਾ ਜਾਂ ਸ਼ਕੁੰਤਲਾ ਚੇਨ ਕਹਿ ਲਿਆ ਜਾਂਦਾ ਹੈ। ਇਸ ਨੂੰ ਘੁੰਗਰੂ ਬਹੁਤ ਘੱਟ ਲੱਗੇ ਹੁੰਦੇ ਹਨ। ਇਸ ਨੂੰ ਪਹਿਨਣ ਉਪਰੰਤ ਬੰਦ ਕਰਨ ਲਈ ਚੂੜੀਦਾਰ ਪੇਚਾਂ ਦੀ ਥਾਂ ’ਤੇ ਹੁੱਕ ਲਗਾਈ ਹੁੰਦੀ ਹੈ। ਲਗਪਗ ਪਿਛਲੀ ਅੱਧੀ ਸਦੀ ਦੇ ਸਮੇਂ ਤੋਂ ਲੈ ਕੇ ਹੁਣ ਤਕ ਵਧੇਰੇ ਕਰਕੇ ਇਸ ਤੀਜੀ ਵੰਨਗੀ ਵਿੱਚ ਰੱਖੀ ਜਾਂਦੀ ਰਹੀ ਝਾਂਜਰ (ਸ਼ਕੁੰਤਲਾ) ਨੂੰ ਪਹਿਨਣ ਦਾ ਰਿਵਾਜ ਵਧੇਰੇ ਰਿਹਾ ਹੈ। ਬਹੁਤ ਘੱਟ ਘੁੰਗਰੂਆਂ ਵਾਲੀ ਸ਼ਕੁੰਤਲਾ ਚੇਨ ਨੂੰ ਬਾਲੜੀਆਂ ਵੀ ਬੜੇ ਚਾਅ ਨਾਲ ਪਹਿਨਦੀਆਂ ਹਨ। ਹੁਣ ਕੁੜੀਆਂ ਛਣਕਾਰ ਰਹਿਤ ਤੇ ਘੱਟ ਤੋਂ ਘੱਟ ਭਾਰ ਵਾਲੀ ਸ਼ਕੁੰਤਲਾ ਚੇਨ ਪਹਿਨਣੀ ਪਸੰਦ ਕਰਦੀਆਂ ਹਨ।
ਸੁੰਦਰ ਗਹਿਣਿਆਂ ਨਾਲ ਆਪਣਾ ਸ਼ਿੰਗਾਰ ਕਰਨਾ ਔਰਤ ਦੀ ਯੁੱਗਾਂ ਪੁਰਾਣੀ ਰੀਝ ਹੈ। ਪੈਰਾਂ ਵਿੱਚ ਉਹ ਝਾਂਜਰਾਂ, ਬਾਂਕਾਂ ਤੇ ਪੰਜੇਬਾਂ ਪਹਿਨਦੀ ਆਈ ਹੈ। ਉਨ੍ਹਾਂ ਦੀਆਂ ਵੰਨਗੀਆਂ ਅਨੁਸਾਰ ਉਨ੍ਹਾਂ ਨੂੰ ਨੇਰਾਂ, ਸ਼ਕੁੰਤਲਾ, ਪਟੜੀਆਂ, ਸਿਕੰਦਰੀਆਂ ਆਦਿ ਵੀ ਕਿਹਾ ਜਾਂਦਾ ਰਿਹਾ ਹੈ। ਨੇਰਾਂ ਬਾਰੀਕ ਜ਼ੰਜੀਰ ਵਾਲੀਆਂ ਦੋ ਘੁੰਗਰੂਆਂ ਨਾਲ ਜੜੀਆਂ ਝਾਂਜਰਾਂ ਹੁੰਦੀਆਂ ਹਨ। ਦੋ ਇੰਚ ਦੇ ਕਰੀਬ ਚੌੜੀਆਂ ਜ਼ਿਆਦਾ ਘੁੰਗਰੂਆਂ ਵਾਲੀਆਂ ਝਾਂਜਰਾਂ ਨੂੰ ਪੰਜੇਬਾਂ ਜਾਂ ਪਟੜੀਆਂ ਕਿਹਾ ਜਾਂਦਾ ਹੈ। ਔਰਤਾਂ ਵਿੱਚ ਇਹ ਆਮ ਪਹਿਨਿਆਂ ਜਾਣ ਵਾਲਾ ਗਹਿਣਾ ਹੈ। ਪੁਰਸ਼ ਹਾਸੇ-ਮਜ਼ਾਕ ਵਿੱਚ ਆਪਣੀ ਪਤਨੀ ਨੂੰ ਝਾਂਜਰਾਂ ਵਾਲੀ ਕਹਿ ਦਿੰਦੇ ਸਨ। ਝਾਂਜਰਾਂ ਪਹਿਨਣ ਦਾ ਚਾਅ ਰੱਖਦੀ ਪਤਨੀ ਆਪਣੇ ਮਾਹੀ ਨੂੰ ਕਹਿੰਦੀ ਹੈ:
ਸਾਡੀ ਇੱਕੋ ਇੱਕ ਰੀਝ ਪੁਗਾ ਦੇ ਹਾਣੀਆਂ
ਮੈਨੂੰ ਚਾਂਦੀ ਦੀਆਂ ਝਾਂਜਰਾਂ ਘੜਾ ਦੇ ਹਾਣੀਆਂ…
ਜੇ ਤੂੰ ਸੁਨਿਆਰੇ ਕੋਲੋਂ ਨੱਤੀਆਂ ਘੜਾਉਣੀਆਂ
ਮੇਰੀ ਮੁੰਦਰੀ ‘ਚ ਨਗ ਜੜਵਾ ਦੇ ਹਾਣੀਆਂ
ਮੈਨੂੰ ਚਾਂਦੀ ਦੀਆਂ ਝਾਂਜਰਾਂ ਘੜਾ ਦੇ ਹਾਣੀਆਂ…
ਜਦੋਂ ਉਸ ਦਾ ਮਾਹੀ ਉਸਦੀ ਇੱਛਾ ਪੂਰੀ ਕਰ ਦਿੰਦਾ ਹੈ ਤਾਂ ਉਸ ਕੋਲੋਂ ਆਪਣੀ ਖ਼ੁਸ਼ੀ ਸੰਭਾਲੀ ਨਹੀਂ ਜਾਂਦੀ:
ਮਾਹੀ ਮੇਰੇ ਨੇ ਝਾਂਜਰਾਂ ਭੇਜੀਆਂ, ਮੈਂ ਪਾ ਕੇ ਛਣਕਾਵਾਂ
ਜੇ ਕੋਠੇ ’ਤੇ ਗਿੱਧਾ ਹੋਵੇ, ਬਿਨ ਪੌੜੀ ਚੜ੍ਹ ਜਾਵਾਂ…
ਪੰਜਾਬਣਾਂ ਦਾ ਝਾਂਜਰ ਨਾਲ ਬਹੁਤ ਗੂੜ੍ਹਾ ਸਬੰਧ ਹੈ। ਕਈ ਮੌਕਿਆਂ ’ਤੇ ਝਾਂਜਰਾਂ ਤੋਂ ਸੱਖਣੇ ਪੈਰਾਂ ਨੂੰ ਚੰਗਾ ਨਹੀਂ ਸੀ ਸਮਝਿਆ ਜਾਂਦਾ। ਪੰਜਾਬੀ ਲੋਕ ਗੀਤਾਂ ਵਿੱਚ ਝਾਂਜਰ ਦਾ ਜ਼ਿਕਰ ਕਈ ਤਰ੍ਹਾਂ ਨਾਲ ਕੀਤਾ ਗਿਆ ਹੈ:
ਜੱਟੀ ਅੱਡੀਆਂ ਕੂਚਦੀ ਮਰ ਗੀ
ਬਾਂਕਾਂ ਨਾ ਜੁੜੀਆਂ।
ਕਿਸੇ ਸਮੇਂ ਔਰਤਾਂ ਵੱਧ ਭਾਰ ਵਾਲੀਆਂ ਤੇ ਵੱਧ ਛਣਕਾਰ ਪੈਦਾ ਕਰਨ ਵਾਲੀਆਂ ਝਾਂਜਰਾਂ ਪਹਿਨਣਾ ਪਸੰਦ ਕਰਦੀਆਂ ਸਨ। ਝਾਂਜਰ ਦੀ ਛਣ-ਛਣ ਨੂੰ ਔਰਤ ਦੇ ਇੱਧਰ-ਉੱਧਰ ਜਾਣ ਦੀ ਖ਼ਬਰ ਦੇਣ ਵਾਲੇ ਸੂਹੀਏ ਦੇ ਅਰਥ ਵਜੋਂ ਵੀ ਲਿਆ ਜਾਂਦਾ ਰਿਹਾ ਹੈ। ਅਜਿਹੇ ਅਰਥ ਕੱਢਣੇ ਸਮਾਜਿਕ ਤੌਰ ’ਤੇ ਔਰਤ ਨਾਲ ਵਧੀਕੀ ਸੀ। ਝਾਂਜਰ ਪਹਿਨ ਕੇ ਔਰਤ ਕੋਲੋਂ ਆਪਣੀ ਖ਼ੁਸ਼ੀ ਨਹੀਂ ਸੰਭਾਲੀ ਜਾਂਦੀ ਸੀ :
* ਝਾਂਜਰਾਂ ਘੜਾ ਦੇ ਮਿੱਤਰਾ
ਤੇਰੇ ਦਰਾਂ ਮੂਹਰੇ ਆ ਕੇ ਖੜਕਾਵਾਂ…
* ਪਾਣੀ ਡੋਲ੍ਹ ਗਈ ਝਾਂਜਰਾਂ ਵਾਲੀ
ਕੈਂਠੇ ਵਾਲਾ ਤਿਲਕ ਪਿਆ
* ਦੁੱਧ ਰਿੜ੍ਹਕੇ ਝਾਂਜਰਾਂ ਵਾਲੀ
ਕੈਂਠੇ ਵਾਲਾ ਧਾਰ ਕੱਢਦਾ
* ਅੱਗ ਲਾ ਗਈ ਝਾਂਜਰਾਂ ਵਾਲੀ
ਲੈਣ ਆਈ ਪਾਣੀ ਦਾ ਛੰਨਾ
* ਪੈਰੀਂ ਝਾਂਜਰਾਂ ਗਲੀ ਦੇ ਵਿਚ ਗਾਰਾ
ਘਰ ਤੇਰਾ ਦੂਰ ਮਿੱਤਰਾ…
ਪੰਜਾਬੀ ਲੋਕ ਗੀਤਾਂ ਵਿੱਚ ਝਾਂਜਰਾਂ ਦੇ ਪ੍ਰਸੰਗ ਵਿੱਚ ਕਈ ਤਰ੍ਹਾਂ ਦੀ ਨੋਕ-ਝੋਕ ਹੋਈ ਮਿਲਦੀ ਹੈ, ਜਿਨ੍ਹਾਂ ਦਾ ਜ਼ਿਕਰ ਕਰਨਾ ਇੱਥੇ ਕਠਿਨ ਹੈ। ਝਾਂਜਰਾਂ ਦੇ ਪ੍ਰਸੰਗ ਵਿਚ ਵਿਭਿੰਨ ਮੌਕਿਆਂ ‘ਤੇ ਕੋਈ ਨਾ ਕੋਈ ਸੰਵਾਦ ਰਚਾਇਆ ਜਾਂਦਾ ਰਿਹਾ ਹੈ :
* ਸ਼ਾਮ ਘਟਾ ਚੜ੍ਹ ਆਈ ਮੁੰਡਿਆ
ਬੋਰ ਝਾਂਜਰਾਂ ਦੇ ਪਾਉਂਦੇ ਨੇ ਦੁਹਾਈ ਮੁੰਡਿਆ…
* ਗੋਰਿਆਂ ਪੈਰਾਂ ਦੇ ਵਿਚ ਚਾਂਦੀ ਦੀਆਂ ਝਾਂਜਰਾਂ
ਨੱਚਣ ਲੱਗੀ ਨੇ ਲਈ ਪਾ
ਆਪੇ ਮੁਟਿਆਰੇ ਨੀ ਤੂੰ ਪਾਈ ਜਾਵੇਂ ਬੋਲੀਆਂ
ਐਨਾਂ ਤੈਨੂੰ ਨੱਚਣੇ ਦਾ ਚਾਅ…
ਸਮਾਜਚਾਰੇ ਵਿੱਚ ਝਾਂਜਰ ਨੂੰ ਅਔਰਤ ਦੇ ਪੈਰੀਂ ਪਈ ਬੇੜੀ ਕਹਿ ਕੇ ਤ੍ਰਿਸਕਾਰਿਆ ਵੀ ਜਾਂਦਾ ਰਿਹਾ ਹੈ। ਦੁਹਾਈ ਪਾਉਂਦੇ ਝਾਂਜਰਾਂ ਦੇ ਬੋਲ ਕੰਨਾਂ ਨੂੰ ਚੁਭਦੇ ਹਨ। ਸਮੇਂ ਦੇ ਬਦਲਣ ਨਾਲ ਉਹ ਨਾਰੀ ਮਨ ਨੂੰ ਵੀ ਚੁਭਣ ਲੱਗ ਪਏ। ਨਾਰੀ ਸੂਝ,ਸੋਚ,ਜਾਗਰੂਕਤਾ ਤੇ ਚੇਤਨਾ ਨੇ ਕਰਵਟ ਲਈ ਤਾਂ ਨਾਰੀ ਨੇ ਝਾਂਜਰ ਪਹਿਨਣ ਉੱਪਰ ਪ੍ਰਸ਼ਨ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਵਿਗਿਆਨਕ ਪਹੁੰਚ ਤੇ ਬੌਧਿਕਤਾ ਯੁਕਤ ਸਮੇਂ ਦੇ ਪਾਸਾਰ ਨਾਲ ਕੰਪਿਊਟਰ ਯੁੱਗ ਦੀ ਔਰਤ ਦੇ ਵਿਚਾਰਾਂ ਵਿੱਚ ਵੱਡੀ ਤਬਦੀਲੀ ਆਈ ਹੈ ਤੇ ਸਮੇਂ ਦੀ ਦ੍ਰਿਸ਼ਾਵਲੀ ਵਿੱਚ ਵੀ ਵੱਡਾ ਪਰਿਵਰਤਨ ਵਾਪਰਿਆ ਹੈ। ਔਰਤ ਨੇ ਹੌਲੀ ਹੌਲੀ ਕਲਾਈਆਂ ਵਿੱਚ ਪਹਿਨੀਆਂ ਜਾਣ ਵਾਲੀਆਂ ਚੂੜੀਆਂ ਅਤੇ ਪੈਰਾਂ ਦੀਆਂ ਝਾਂਜਰਾਂ ਨੂੰ ਗ਼ੁਲਾਮ ਸਮਾਜਿਕ ਵਿਵਸਥਾ ਦੇ ਸੰਕੇਤਾਂ ਵਜੋਂ ਸਮਝਣਾ ਸ਼ੁਰੂ ਕਰ ਦਿੱਤਾ ਤੇ ਉਹ ਅਜਿਹੇ ਗਹਿਣੇ ਪਹਿਨਣ ਤੋਂ ਮੁਨਕਰ ਹੋਣ ਲੱਗੀ ਹੈ। ਗਹਿਣੇ ਦੀ ਇਸ ਵੰਨਗੀ ਦਾ ਮਹੱਤਵ ਬੇਸ਼ੱਕ ਬਣਿਆ ਰਹਿਣਾ ਹੈ, ਪਰ ਸਮਕਾਲ ਦੇ ਪ੍ਰਸੰਗ ਵਿੱਚ ਇਹ ਔਰਤ ਵੱਲੋਂ ਲਿਆ ਗਿਆ ਕ੍ਰਾਂਤੀਕਾਰੀ ਫ਼ੈਸਲਾ ਸਮਝਿਆ ਜਾਣਾ ਚਾਹੀਦਾ ਹੈ। ਔਰਤ ਜੇ ਗ਼ੁਲਾਮੀ ਦੇ ਪ੍ਰਤੀਕ ਸਮਝੇ ਜਾਣ ਵਾਲੇ ਇਸ ਗਹਿਣੇ ਨੂੰ ਪਹਿਨਣ ਤੋਂ ਮੁਨਕਰ ਹੋ ਰਹੀ ਹੈ ਤਾਂ ਇਸ ਨੂੰ ਸ਼ੁਭ ਸੰਕੇਤ ਸਮਝਿਆ ਜਾਣਾ ਚਾਹੀਦਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin