Story

ਅੱਧ ਦੀ ਜ਼ਮੀਨ

ਲੇਖਕ: ਬਲਰਾਜ ਸਿੰਘ ਸਿੱਧੂ ਐਸ.ਪੀ., ਪੰਡੋਰੀ ਸਿੱਧਵਾਂ

ਗੁਰਨਾਮ ਸਿੰਘ ਉਰਫ ਗਾਮੀ ਪਿੰਡ ਦਾ ਸਿਰ ਕੱਢ ਜ਼ਿੰਮੀਦਾਰ ਸੀ। ਉਸ ਦਾ ਬਾਪ 1947 ਵਿੱਚ ਪਾਕਿਸਤਾਨ ਤੋਂ ਉੱਜੜ ਕੇ ਏਧਰ ਆਇਆ ਸੀ। ਫੌਜ ਵਿੱਚ ਸੇਵਾ ਕਰਨ ਬਦਲੇ ਅੰਗਰੇਜਾਂ ਨੇ ਉਨ੍ਹਾਂ ਨੂੰ ਸਰਗੋਧੇ ਦੀ ਬਾਰ ਵਿੱਚ 200 ਏਕੜ ਜ਼ਮੀਨ ਅਤੇ ਜ਼ੈਲਦਾਰੀ ਦਾ ਅਹੁਦਾ ਬਖਸ਼ਿਆ ਸੀ। ਪਾਕਿਸਤਾਨ ਬਣਨ ਤੋਂ ਬਾਅਦ ਭਾਰਤੀ ਪੰਜਾਬ ਵਿੱਚ ਜ਼ਮੀਨਾਂ ਘੱਟ ਹੋਣ ਕਾਰਨ ਕੱਟ ਲੱਗ ਕੇ ਕੁੱਲ 75 ਏਕੜ ਜ਼ਮੀਨ ਹੀ ਮਿਲ ਸਕੀ ਸੀ। ਪਿੰਡਾਂ ਵਿੱਚ ਜ਼ਮੀਨ ਨੂੰ ਪੈਲੀ ਤੇ ਏਕੜਾਂ ਨੂੰ ਕਿੱਲੇ ਕਹਿੰਦੇ ਹਨ। 75 ਕਿੱਲੇ ਜ਼ਮੀਨ ਹੋਣ ਕਾਰਨ ਉਸ ਦੀ ਸਰਕਾਰੇ ਦਰਬਾਰੇ ਖੂਬ ਚੱਲਦੀ ਸੀ। ਉਹ ਕਈ ਸਾਲ ਤੋਂ ਪਿੰਡ ਦਾ ਸਰਪੰਚ ਚੱਲਿਆ ਆ ਰਿਹਾ ਸੀ। ਸਰਕਾਰੀ ਦੌਰੇ ‘ਤੇ ਪਿੰਡ ਆਏ ਪਟਵਾਰੀ, ਤਹਿਸੀਲਦਾਰ ਤੇ ਪੁਲਿਸ ਵਾਲਿਆਂ ਦੇ ਚਾਹ-ਪਾਣੀ ਤੇ ਮੁਰਗਾ- ਸ਼ਰਾਬ ਦਾ ਪ੍ਰਬੰਧ ਉਹ ਹੀ ਕਰਦਾ ਸੀ। ਸ਼ਰਾਬ ਦਾ ਡਰੰਮ ਉਸ ਦੇ ਡੇਰੇ ਚੜ੍ਹਿਆ ਹੀ ਰਹਿੰਦਾ ਸੀ। ਆਏ ਗਏ ਬਿਜਲੀ, ਮਾਲ ਅਤੇ ਪੁਲਿਸ ਮਹਿਕਮਿਆਂ ਵਾਲੇ ਰੂੜੀ ਮਾਰਕੇ ਦੀਆਂ ਕੈਨੀਆਂ ਭਰਵਾ ਕੇ ਲੈ ਜਾਂਦੇ ਸਨ। ਵੈਸੇ ਵੀ ਸ਼ਾਮ ਨੂੰ ਉਸ ਦੇ ਬਾਹਰਲੇ ਘਰ ਕੌਲੀ ਚੱਟਾਂ ਮੇਲਾ ਲੱਗਾ ਰਹਿੰਦਾ ਸੀ। ਕਿਸੇ ਨੂੰ ਥਾਣੇ ਫੜਵਾ ਦੇਣਾ ਜਾਂ ਛੁੱਡਵਾ ਦੇਣਾ, ਉਸ ਦੇ ਖੱਬੇ ਹੱਥ ਦਾ ਖੇਡ ਸੀ।
ਉਸ ਦੀ ਇੱਕ ਲੜਕੀ ਤੇ ਇੱਕ 18-20 ਸਾਲ ਦਾ ਮੁੰਡਾ ਹਰਸ਼ਰਨ ਸਿੰਘ ਸੀ। ਲੜਕੀ ਵਿਆਹੀ ਹੋਈ ਸੀ ਤੇ ਲੜਕਾ ਅਜੇ ਪੜ੍ਹਦਾ ਸੀ। ਲਾਡਲਾ ਤੇ ਵਿਹਲਾ ਰਹਿਣ ਕਾਰਨ ਹਰਸ਼ਰਨ ਦੀਆਂ ਲੱਤਾਂ ਤੀਲ੍ਹਾ ਤੇ ਢਿੱਡ ਪਤੀਲਾ ਹੋ ਗਿਆ ਸੀ। ਕਈ ਸਾਲਾਂ ਤੋਂ ਜ਼ੈਲਦਾਰ ਨਾਲ ਇੱਕ ਗਰੀਬ ਵਿਅਕਤੀ ਕਾਲਾ ਨੌਕਰ ਚੱਲਿਆ ਆ ਰਿਹਾ ਸੀ। ਕਾਲੇ ਦਾ ਪਿਉ ਜ਼ੈਲਦਾਰ ਦੇ ਪਿਉ ਨਾਲ ਨੌਕਰ ਸੀ ਤੇ ਮਰਨ ਲੱਗਾ ੧੪ ਸਾਲ ਦੇ ਕਾਲੇ ਦੀ ਬਾਂਹ ਉਸ ਨੂੰ ਫੜਾ ਗਿਆ ਸੀ। ਕਾਲਾ ਜ਼ੈਲਦਾਰ ਦਾ ਹਾਣੀ ਸੀ ਤੇ ਉਸੇ ਨੇ ਉਸ ਨੂੰ ਆਪਣੇ ਸਹੁਰੇ ਪਿੰਡ ਤੋਂ ਰਿਸ਼ਤਾ ਕਰਵਾਇਆ ਸੀ। ਕਾਲੇ ਦੀ ਇੱਕ 16-17 ਸਾਲ ਦੀ ਲੜਕੀ ਰਾਣੋ ਤੇ ਦੋ 18-20 ਸਾਲ ਦੇ ਲੜਕੇ ਦੇਬਾ ਤੇ ਸ਼ਿੰਦਾ ਸਨ। ਅਨਪੜ੍ਹ ਹੋਣ ਕਾਰਨ ਉਹ ਵੀ ਆਪਣੇ ਪਿਉ ਨਾਲ ਜ਼ੈਲਦਾਰ ਦੇ ਖੇਤਾਂ ਵਿੱਚ ਮਿੱਟੀ ਨਾਲ ਘੁਲਦੇ ਸਨ। ਕਾਲੇ ਦੀ ਪਤਨੀ ਕਰਮੀ ਤੇ ਰਾਣੋ ਜ਼ੈਲਦਾਰ ਦੇ ਘਰ ਗੋਹਾ ਕੂੜਾ ਤੇ ਹੋਰ ਛੋਟੇ ਮੋਟੇ ਕੰਮ ਕਰਦੀਆਂ ਸਨ। ਇੱਕ ਦਿਨ ਹਰਸ਼ਰਨ ਨੇ ਝਾੜੂ ਲਗਾਉਂਦੀ ਰਾਣੋ ਨੂੰ ਛੇੜ ਦਿੱਤਾ। ਉਸ ਦੀ ਇਹ ਹਰਕਤ ਡੰਗਰਾਂ ਨੂੰ ਪੱਠੇ ਪਾਉਂਦੇ ਦੇਬੇ ਨੇ ਵੇਖ ਲਈ। ਆਪਣੇ ਮਾਂ ਬਾਪ ਨੂੰ ਦੱਸਣ ਦੀ ਬਜਾਏ ਉਸ ਨੇ ਖੇਤ ਗਏ ਹਰਸ਼ਰਨ ਨੂੰ ਢਾਹ ਲਿਆ ਤੇ ਸਵਾਰ ਕੇ ਉਸ ਦੀ ਭੁਗਤ ਸਵਾਰੀ, ਪਾਣੀ ਤਰੌਂਕ ਤਰੌਂਕ ਕੇ ਕੁੱਟਿਆ। ਵਿਹਲੇ ਰੋਟੀਆਂ ਤੋੜਨ ਵਾਲੇ ਪੋਲੜ ਹਰਸ਼ਰਨ ਨੇ ਆਲ ਸਟੀਲ ਬਾਡੀ ਵਾਲੇ ਦੇਬੇ ਦਾ ਸਵਾਹ ਮੁਕਾਬਲਾ ਕਰਨਾ ਸੀ?
ਜਦੋਂ ਇਸ ਗੱਲ ਦਾ ਜ਼ੈਲਦਾਰ ਨੂੰ ਪਤਾ ਲੱਗਾ ਤਾਂ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਹਰਸ਼ਰਨ ਦੇ ਚਿੱਬ ਖੜਿੱਬੇ ਹੋਏ ਬੂਥੇ ਨੂੰ ਵੇਖ ਕੇ ਉਸ ਦਾ ਖੂਨ ਉਬਾਲੇ ਖਾਣ ਲੱਗਾ, “ਸਾਡੇ ਟੁਕੜਿਆਂ ‘ਤੇ ਪਲਣ ਵਾਲੇ ਇਨ੍ਹਾਂ ਨੰਗ ਲੋਕਾਂ ਦੀ ਇਹ ਜੁੱਰਅਤ ਕਿ ਮੇਰੇ ਇਕਲੌਤੇ ਪੁੱਤਰ ਨੂੰ ਹੱਥ ਪਾਉਣ।” ਉਸ ਨੇ ਕਾਲੇ ਨੂੰ ਬੁਲਾ ਕੇ ਉਸ ਦੀ ਮਾਂ ਭੈਣ ਇੱਕ ਕਰ ਦਿੱਤੀ। ਕਾਲਾ ਸ਼ਰੀਫ ਆਦਮੀ ਸੀ, ਵਿਚਾਰਾ ਸਭ ਕੁਝ ਜਰ ਗਿਆ। ਕਾਲੇ ਨੇ ਜ਼ੈਲਦਾਰ ਦੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਕਿ ਭੈਣ ਨਾਲ ਹੁੰਦੀ ਛੇੜਖਾਨੀ ਵੇਖ ਕੇ ਨਵਾਂ ਖੂਨ ਬਰਦਾਸ਼ਤ ਨਹੀਂ ਕਰ ਸਕਿਆ। ਫਿਰ ਵੀ ਜੇ ਮੇਰੇ ਮੁੰਡੇ ਨੇ ਗਲਤੀ ਕੀਤੀ ਹੈ ਤਾਂ ਮੈਂ ਤੁਹਾਡੇ ਪੈਰਾਂ ‘ਤੇ ਪੱਗ ਰੱਖ ਕੇ ਮਾਫੀ ਮੰਗ ਲੈਂਦਾ ਹਾਂ। ਪਰ ਹੰਕਾਰਿਆ ਗਾਮੀ ‘ਤਾਂਹ ਹੀ ‘ਤਾਂਹ ਚੜ੍ਹੀ ਗਿਆ। ਉਸ ਨੇ ਕਿਹਾ, “ਹੁਣ ਤਾਂ ਫੈਸਲਾ ਪੰਚਾਇਤ ਹੀ ਕਰੇਗੀ। ਤੇਰੇ ਮੁੰਡਿਆਂ ਨੂੰ ਬੰਦੇ ਦੇ ਪੁੱਤ ਨਾ ਬਣਾਇਆ ਤਾਂ ਮੇਰਾ ਨਾਮ ਗੁਰਨਾਮ ਸਿੰਘ ਨਹੀਂ।” ਕਾਲਾ ਵਿਚਾਰਾ ਨਿੰਮੋਝੂਣਾ ਹੋਇਆ ਘਰ ਚਲਾ ਗਿਆ। ਉਸ ਨੇ ਸਾਰੀ ਗੱਲ ਆਪਣੀ ਪਤਨੀ ਕਰਮੀ ਨੂੰ ਜਾ ਦੱਸੀ। ਕਰਮੀ ਬਹੁਤ ਦਲੇਰ ਔਰਤ ਸੀ। ਸੁਣ ਕੇ ਉਸ ਦੇ ਸੱਤੀਂ ਕੱਪੜੀਂ ਅੱਗ ਲੱਗ ਗਈ, “ਬੱਲੇ ਉਏ ਤੇਰੇ ਜ਼ੈਲਦਾਰਾ। ਨਾਲੇ ਚੋਰ ਨਾਲੇ ਚਤਰ। ਇੱਕ ਤਾਂ ਇਹਦੇ ਛੋਕਰੇ ਨੇ ਸਾਡੀ ਲੜਕੀ ਨੂੰ ਹੱਥ ਪਾਇਆ, ਉੱਤੋਂ ਸਾਨੂੰ ਈ ਦੋਸ਼ੀ ਦੱਸਦਾ ਆ। ਤੂੰ ਫਿਕਰ ਨਾ ਕਰ, ਮੈਂ ਜਾਵਾਂਗੀ ਸਵੇਰੇ ਪੰਚਾਇਤ ਵਿੱਚ ਤੇਰੇ ਨਾਲ। ਜੇ ਜ਼ੈਲਦਾਰ ਨੂੰ ਦੁਬਾਰਾ ਪੰਚਾਇਤ ਵਿੱਚ ਵੜਨ ਜੋਗਾ ਛੱਡਿਆ ਤਾਂ ਮੇਰਾ ਨਾਮ ਬਦਲ ਦੇਵੀਂ।” ਕਾਲਾ ਅਸਲ ਵਿੱਚ ਜਾਣਦਾ ਸੀ ਕਿ ਕਰਮੀ ਵਿੱਚ ਕੌਣ ਬੋਲ ਰਿਹਾ ਹੈ, ਪਰ ਉਹ ਕੁਝ ਜਿਆਦਾ ਹੀ ਭਲਾਮਣਸ ਤੇ ਦੱਬੂ ਕਿਸਮ ਦਾ ਇਨਸਾਨ ਸੀ।
ਅਗਲੇ ਦਿਨ ਢਾਬ ਵਾਲੇ ਬੋਹੜ ਦੇ ਥੜ੍ਹੇ ‘ਤੇ ਪੰਚਾਇਤ ‘ਕੱਠੀ ਹੋ ਗਈ। ਜ਼ੈਲਦਾਰ ਦੇ ਹਮਾਇਤੀ, ਵਿਰੋਧੀ  ਅਤੇ ਸਵਾਦ ਲੈਣ ਲਈ ਪਿੰਡ ਦੀ ਮੁੰਡੀਰ੍ਹ ਵੀ ਪਹੁੰਚ ਗਈ। ਜ਼ੈਲਦਾਰ ਦੀ ਵਿਰੋਧੀ ਪਾਰਟੀ ਦਾ ਹੋਣ ਕਾਰਨ ਸਰਪੰਚ ਦਿਲੋਂ ਕਾਲੇ ਦੀ ਮਦਦ ਕਰ ਰਿਹਾ ਸੀ। ਕਾਲਾ, ਉਸ ਦੇ ਦੋਵੇਂ ਮੁੰਡੇ ਤੇ ਕਰਮੀ ਵੀ ਪੰਚਾਇਤ ਵਿੱਚ ਪਹੁੰਚ ਗਏ। ਮੁੰਡੇ ਤੇ ਕਾਲਾ ਡਰੇ ਪਏ ਸਨ ਪਰ ਕਿਸੇ ਸਿਆਣੇ ਦੀ ਸਿਖਾਈ ਪੜ੍ਹਾਈ ਕਰਮੀ ਸ਼ੀਹਣੀ ਵਾਂਗ ਗਾਮੀ ਵੱਲ ਝਾਕ ਰਹੀ ਸੀ। ਗਾਮੀ ਮੁੱਛਾਂ ਨੂੰ ਵੱਟ ਦੇਂਦਾ ਹੋਇਆ ਬੋਲਿਆ, “ਸਰਪੰਚ ਸਾਹਿਬ, ਇਹ ਲੋਕ ਹੁਣ ਸਾਡੇ ਗਲ ਪੈਣ ਲੱਗ ਪਏ ਹਨ। ਅੱਜ ਇਹ ਮੇਰੇ ਲੜਕੇ ਦੇ ਹੱਥੀਂ ਪਏ ਨੇ, ਕਲ੍ਹ ਨੂੰ ਮੇਰੀ ਪੱਗ ਨੂੰ ਪੈਣਗੇ ਤੇ ਪਰਸੋਂ ਤੁਹਾਡੇ ਨੂੰ। ਇਹਨਾਂ ਨੂੰ ਪੰਚਾਇਤੀ ਡੰਨ ਲਗਾਉ। ਸਾਰਿਆਂ ਨੂੰ ਸ਼ਰੇਆਮ 5-5 ਛਿੱਤਰ ਮਾਰੋ ਤਾਂ ਜੋ ਬਾਕੀਆਂ ਦੇ ਵੀ ਦਿਮਾਗ ਸੈਂਟਰ ‘ਚ ਆ ਜਾਣ। ਜੇ ਤੁਸੀਂ ਕੁਝ ਨਾ ਕੀਤਾ ਤਾਂ ਮੈਂ ਦਰਖਾਸਤ ਥਾਣੇ ਜਾ ਦੇਣੀ ਆ।” ਸਰਪੰਚ ਨੇ ਝੂਠਾ ਜਿਹਾ ਖੰਘ ਕੇ ਗਲਾ ਸਾਫ ਕੀਤਾ। ਉਸ ਨੇ ਦੇਬੇ ਤੋਂ ਸਾਰੀ ਗੱਲ ਸੁਣ ਕੇ ਕਿਹਾ, “ਜ਼ੈਲਦਾਰ ਸਾਹਿਬ ਗਲਤੀ ਤੁਹਾਡੇ ਲੜਕੇ ਦੀ ਵੀ ਆ। ਫਿਰ ਵੀ ਮੁੰਡੇ ਤੋਂ ਮਾਫੀ ਮੰਗਵਾ ਦੇਨੇ ਆਂ। ਤੁਸੀਂ ਵੱਡੇ ਉ, ਪਰ੍ਹਾਂ ਮਿੱਟੀ ਪਾਉ ਸਾਰੀ ਗੱਲ ‘ਤੇ।” ਪਰ ਸਾਰੀ ਪੰਚਾਇਤ ਦੇ ਸਮਝਾਉਣ ‘ਤੇ ਵੀ ਜ਼ੈਲਦਾਰ ਛਿੱਤਰ ਮਰਵਾਉਣ ‘ਤੇ ਬਜ਼ਿੱਦ ਸੀ।
ਆਖਰ ਕਰਮੀ ਕੋਲੋਂ ਨਾ ਰਿਹਾ ਗਿਆ। ਉਹ ਕੁੱਦ ਕੇ ਜ਼ੈਲਦਾਰ ਨੂੰ ਪੈ ਗਈ, “ਜਦੋਂ ਦੀ ਮੈਂ ਵਿਆਹੀ ਆਈ ਆਂ, ਮੇਰਾ ਖਸਮ ਕਦੇ ਚਾਰ ਦਿਨ ਘਰ ਨਹੀਂ ਸੁੱਤਾ। ਕਦੇ ਨਹਿਰ ਦੀ ਵਾਰੀ, ਕਦੇ ਰਾਤ ਦੀ ਬਿਜਲੀ, ਕਦੇ ਅਵਾਰਾ ਪਸ਼ੂ ਮੋੜਨ ਲਈ ਸਾਰੀ ਸਾਰੀ ਰਾਤ ਤੇਰੇ ਖੇਤਾਂ ਵਿੱਚ ਮਰਦਾ ਰਹਿੰਦਾ ਆ। ਸਰਪੰਚ ਸਾਹਿਬ ਪੁੱਛੋ ਇਸ ਵੱਡੇ ਜ਼ੈਲਦਾਰ ਨੂੰ ਇਹ ਦਿਨ ਰਾਤ ਮੇਰੇ ਘਰ ਕੀ ਕਰਨ ਵੜਿਆ ਰਹਿੰਦਾ ਸੀ? ਮੇਰੇ ਸਾਰੇ ਨਿਆਣੇ ਜ਼ੈਲਦਾਰ ਦੇ ਆ। ਜੈਲਦਾਰ ਚਾਹੇ ਹਰਸ਼ਰਨ ਦੇ ਛਿੱਤਰ ਮਰਵਾਏ ਚਾਹੇ ਦੇਬੇ ਦੇ, ਦੋਵੇਂ ਇਸੇ ਦੇ ਆ। ਨਾਲੇ ਤੁੰ ਵੀ ਸੁਣ ਲੈ ਵੱਡਿਆ ਜ਼ੈਲਦਾਰਾ। ਮੈਂ ਜਵਾਕਾਂ ਦਾ ਖੂਨ (ਡੀ.ਐਨ.ਏ) ਟੈੱਸਟ ਕਰਵਾ ਕੇ ਅੱਧ ਦੀ ਜ਼ਮੀਨ ਲੈਣੀ ਆ ਤੇਰੀ ਹੁਣ। ਜਾ ਜਿੱਥੇ ਜੋਰ ਲੱਗਦਾ ਈ ਲਾ ਲੈ।”
ਸਾਰੇ ਪਿੰਡ ਨੂੰ ਸੱਪ ਸੁੰਘ ਗਿਆ। 5-7 ਮਿੰਟ ਕੋਈ ਵੀ ਨਾ ਬੋਲਿਆ। ਜ਼ੈਲਦਾਰ ਦਾ ਸਾਰਾ ਖੂਨ ਨੁੱਚੜ ਗਿਆ, ਰੰਗ ਪੀਲਾ ਵਿਸਾਰ ਹੋ ਗਿਆ ਜਿਵੇਂ ਕਈ ਸਾਲਾ ਤੋਂ ਬਿਮਾਰ ਪਿਆ ਹੋਵੇ। ਦੇਬੇ ਨੂੰ ਛਿੱਤਰ ਮਰਵਾਉਣ ਦੀ ਜਿਦ ਕਰਨ ਵਾਲੇ ਜ਼ੈਲਦਾਰ ਨੇ ਵੱਟ ਕੇ ਚਪੇੜ ਹਰਸ਼ਰਨ ਦੇ ਮੂੰਹ ‘ਤੇ ਮਾਰੀ ਤੇ ਡਗਮਗਾਉਂਦੇ ਕਦਮਾਂ ਨਾਲ ਘਰ ਵੱਲ ਨੂੰ ਚੱਲ ਪਿਆ। ਪਿੱਛੇ ਪਿੰਡ ਵਾਲਿਆਂ ਦਾ ਹਾਸੜ ਉਸ ਦੇ ਕੰਨਾਂ ਵਿੱਚ ਜ਼ਹਿਰ ਘੋਲ ਰਿਹਾ ਸੀ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin