India

ਅੱਜ ‘ਫਤਿਹ ਮਾਰਚ’ ਰਾਹੀਂ ਹੋ ਰਹੀ ਕਿਸਾਨਾਂ ਦੀ ਘਰ ਵਾਪਸੀ

ਨਵੀਂ ਦਿੱਲੀ – ਸ਼ਨੀਵਾਰ ਇੱਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਕਿਸਾਨ ਅੰਦੋਲਨ ਦਾ ਇਤਿਹਾਸਕ ਦਿਨ ਹੈ ਅਤੇ ਅੰਦੋਲਨ ਜਿੱਤਣ ਤੋਂ ਬਾਅਦ ਅੱਜ ਕਿਸਾਨਾਂ ਵਲੋਂ ਆਪਣੇ ਘਰਾਂ ਨੂੰ ਵਾਪਸੀ ਕੀਤੀ ਜਾ ਰਹੀ ਹੈ। ਕਿਸਾਨਾਂ ਵਲੋਂ ਤਿੰਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਹੋਰ ਮੰਗਾਂ ‘ਤੇ ਸਹਿਮਤੀ ਹੋਣ ਤੋਂ ਬਾਅਦ ਕਿਸਾਨ ਸਿੰਘੂ ਅਤੇ ਟਿੱਕਰੀ ਸਰਹੱਦ ਤੋਂ ਵੱਡੇ ਕਾਫ਼ਲੇ ‘ਫਤਿਹ ਮਾਰਚ’ ਰਾਹੀਂ ਘਰਾਂ ਨੂੰ ਵਾਪਸੀ ਕਰਨਗੇ। ਸਵੇਰੇ 9 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਹੋਵੇਗੀ। ਉਪਰੰਤ ਘੋੜਿਆਂ ‘ਤੇ ਸਵਾਰ ਪੰਜ ਪਿਆਰਿਆਂ ਅਤੇ ਨਿਹੰਗ ਸਿੰਘਾਂ ਦੀ ਅਗਵਾਈ ‘ਚ ‘ਫਤਿਹ ਮਾਰਚ’ ਆਰੰਭ ਹੋਵੇਗਾ| ਕਿਸਾਨਾਂ ਦੇ ਸਨਮਾਨ ‘ਚ ਸੂਬੇ ਭਰ ਦੇ ਟੋਲ ਪਲਾਜ਼ਿਆਂ ‘ਤੇ ਬੈਠੇ ਕਿਸਾਨ ਫੁੱਲਾਂ ਦੀ ਵਰਖਾ ਕਰਨਗੇ| ਇਸ ਦੇ ਨਾਲ ਹੀ ਹਰਿਆਣਾ ਪੁਲਿਸ ਨੇ ਕਿਸਾਨਾਂ ਦੇ ਘਰਾਂ ਨੂੰ ਪਰਤਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ। ਪੰਜਾਬ ਨੂੰ ਜਾਣ ਵਾਲੀਆਂ ਹਰਿਆਣਾ ਦੀਆਂ ਸਾਰੀਆਂ ਸੜਕਾਂ ‘ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸ਼ਨੀਵਾਰ ਸ਼ਾਮ ਤੱਕ ਕੁਝ ਥਾਵਾਂ ‘ਤੇ ਰੂਟ ਵੀ ਮੋੜ ਦਿੱਤਾ ਗਿਆ ਹੈ ਤਾਂ ਜੋ ਬਹਾਦਰਗੜ੍ਹ ਅਤੇ ਸੋਨੀਪਤ ‘ਚ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਿੰਘੂ ਅਤੇ ਟਿੱਕਰੀ ਸਰਹੱਦ ‘ਤੇ 70 ਫੀਸਦੀ ਤੋਂ ਵੱਧ ਖੇਤਰ ‘ਚ ਅੰਦੋਲਨਕਾਰੀ ਕਿਸਾਨਾਂ ਨੇ 2 ਦਿਨਾਂ ‘ਚ ਆਪਣਾ ਮਾਲ ਇਕੱਠਾ ਕਰ ਲਿਆ ਹੈ। ਕੁਝ ਕਿਸਾਨ ਅਜੇ ਵੀ ਮਾਲ ਇਕੱਠਾ ਕਰਨ ਵਿੱਚ ਲੱਗੇ ਹੋਏ ਹਨ। ਸ਼ਨੀਵਾਰ ਸ਼ਾਮ ਤੱਕ ਜ਼ਿਆਦਾਤਰ ਕਿਸਾਨ ਪੰਜਾਬ ਲਈ ਰਵਾਨਾ ਹੋ ਚੁੱਕੇ ਹੋਣਗੇ। ਕੁਝ ਕਿਸਾਨ ਸ਼ੁੱਕਰਵਾਰ ਨੂੰ ਹੀ ਚਲੇ ਗਏ ਹਨ।

ਘਰ ਪਰਤਣ ਵਾਲੇ ਕਿਸਾਨਾਂ ਦੇ ਸ਼ਾਨਦਾਰ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਹਨ। ਕੁਝ ਥਾਵਾਂ ‘ਤੇ ਡਰੋਨਾਂ ਦੁਆਰਾ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਇੰਨਾ ਹੀ ਨਹੀਂ ਟੋਲ ਪਲਾਜ਼ਾ ‘ਤੇ ਕਿਸਾਨਾਂ ਲਈ ਪਕਵਾਨ ਵੀ ਤਿਆਰ ਕੀਤੇ ਜਾ ਰਹੇ ਹਨ। ਜਿਸ ਵਿੱਚ ਖੀਰ, ਹਲਵਾ-ਪੁਰੀ, ਜਲੇਬੀਆਂ ਅਤੇ ਰੋਟੀ ਸਬਜ਼ੀ ਸ਼ਾਮਿਲ ਹੈ। ਇੰਨਾ ਹੀ ਨਹੀਂ ਜਸ਼ਨ ਮਨਾਉਣ ਲਈ ਟੋਲ ਪਲਾਜ਼ਿਆਂ ‘ਤੇ ਡੀਜੇ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਕਿਸਾਨਾਂ ਦੇ ਕਾਫਲੇ ਅੱਗੇ ਲੀਡਰਾਂ ਦੀਆਂ ਗੱਡੀਆਂ ਹੋਣਗੀਆਂ। ਬਹਾਦੁਰਗੜ੍ਹ ਦੇ ਟਿੱਕਰੀ ਸਰਹੱਦ ਤੋਂ ਰਵਾਨਾ ਹੋਣ ਤੋਂ ਪਹਿਲਾਂ ਕਿਸਾਨ ਸਵੇਰੇ ਇੱਥੇ ਨਾਸ਼ਤਾ ਕਰਨਗੇ। ਉਸ ਤੋਂ ਬਾਅਦ ਦੁਪਹਿਰ ਦਾ ਲੰਗਰ ਟੋਲ ਪਲਾਜ਼ਾ ਅਤੇ ਟੋਹਾਣਾ ਦੀਆਂ ਸੜਕਾਂ ‘ਤੇ ਕਰਨਗੇ। ਇਸ ਤੋਂ ਬਾਅਦ ਬਠਿੰਡਾ ਵਿਖੇ ਸ਼ਾਮ ਦੇ ਲੰਗਰ ਛੱਕਕੇ ਕਿਸਾਨ ਆਪੋ-ਆਪਣੇ ਘਰਾਂ ਨੂੰ ਪੁੱਜਣਗੇ। ਇਸ ਵਿਚਕਾਰ ਪੈਂਦੇ ਕਈ ਪਿੰਡਾਂ, ਗੁਰਦੁਆਰਾ ਤਲਵੰਡੀ ਸਾਬੋ ਅਤੇ ਕਈ ਹੋਰ ਥਾਵਾਂ ਉਪਰ ਕਿਸਾਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨ ਟਿੱਕਰੀ ਸਰਹੱਦ ਤੋਂ ਦੋ ਕਾਫਲਿਆਂ ਦੇ ਰੂਪ ਵਿੱਚ ਰਵਾਨਾ ਹੋਣਗੇ। ਇੱਕ ਜੀਂਦ ਤੋਂ ਪਟਿਆਲਾ ਵੱਲ ਅਤੇ ਦੂਸਰੀ ਹਾਂਸੀ-ਹਿਸਾਰ ਤੋਂ ਹੋ ਕੇ ਬਠਿੰਡਾ ਵੱਲ ਰਵਾਨਾ ਹੋਵੇਗਾ।

ਹਰਿਆਣਾ ਪੁਲਿਸ ਨੇ ਕਿਸਾਨਾਂ ਦੀ ਘਰ ਵਾਪਸੀ ਨੂੰ ਲੈ ਕੇ ਪੁਖਤਾ ਤਿਆਰੀਆਂ ਕਰ ਲਈਆਂ ਹਨ। ਖਾਸ ਕਰਕੇ ਪੰਜਾਬ ਨੂੰ ਜਾਣ ਵਾਲੇ ਕੌਮੀ ਮਾਰਗਾਂ ‘ਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ ਤਾਂ ਜੋ ਹਾਈਵੇਅ ‘ਤੇ ਕਿਸੇ ਕਿਸਮ ਦੀ ਦਿੱਕਤ ਨਾ ਆਵੇ| ਕਿਸਾਨ ਲੰਬੇ ਕਾਫਲੇ ਨਾਲ ਨੱਚਦੇ-ਗਾਉਂਦੇ ਪੰਜਾਬ ਪਹੁੰਚਣਗੇ। ਟਿੱਕਰੀ ਬਾਰਡਰ ਤੋਂ ਪੰਜਾਬ ਜਾਣ ਵਾਲੇ ਕਿਸਾਨ ਕਈ ਥਾਵਾਂ ‘ਤੇ ਰੁਕਣਗੇ ਅਤੇ ਉਸ ਤੋਂ ਬਾਅਦ ਆਪੋ-ਆਪਣੇ ਜ਼ਿਲਿ੍ਹਆਂ ਲਈ ਰਵਾਨਾ ਹੋਣਗੇ। ਕਿਸਾਨਾਂ ਦੇ ਕਾਫ਼ਲੇ ਦੇ ਨਾਲ ਇੱਕ ਐਂਬੂਲੈਂਸ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ‘ਤੇ ਉਨ੍ਹਾਂ ਨੂੰ ਤੁਰੰਤ ਰਾਹਤ ਦਿੱਤੀ ਜਾ ਸਕੇ।

ਵਰਨਣਯੋਗ ਹੈ ਕਿ 13 ਦਸੰਬਰ ਨੂੰ ਪੰਜਾਬ ਦੀਆਂ 32 ਜਥੇਬੰਦੀਆਂ ਦੇ ਆਗੂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਣਗੇ। ਉਸ ਤੋਂ ਬਾਅਦ 15 ਦਸੰਬਰ ਨੂੰ ਪੰਜਾਬ ਵਿੱਚ ਕਰੀਬ 113 ਥਾਵਾਂ ’ਤੇ ਮੋਰਚੇ ਖ਼ਤਮ ਕੀਤੇ ਜਾਣਗੇ। ਹਰਿਆਣਾ ਦੀਆਂ 28 ਕਿਸਾਨ ਜਥੇਬੰਦੀਆਂ ਨੇ ਵੀ ਵੱਖਰੀ ਰਣਨੀਤੀ ਬਣਾਈ ਹੈ।

Related posts

ਈ.ਡੀ. ਵੱਲੋਂ ਝਾਰਖੰਡ ’ਚ ਮੰਤਰੀ ਦੇ ਸਕੱਤਰ ਦੇ ਘਰੇਲੂ ਨੌਕਰ ਦੇ ਘਰੋਂ ਕਰੋੜਾਂ ਦੀ ਨਕਦੀ ਬਰਾਮਦ

editor

ਸਾਡਾ ਧਿਆਨ ਕੀ ਸਿੱਖਣੈ ਅਤੇ ਕਿਵੇਂ ਸਿੱਖਣੈ ’ਤੇ ਹੋਣਾ ਚਾਹੀਦਾ: ਦ੍ਰੌਪਦੀ ਮੁਰਮੂ

editor

ਰਾਹੁਲ ਗਾਂਧੀ ਦੀਆਂ ਗੱਲਾਂ ਤੋਂ ਨਾਰਾਜ਼ ਵੀ.ਸੀ., ਕਾਰਵਾਈ ਦੀ ਮੰਗ ਨੂੰ ਲੈ ਕੇ ਲਿਖਿਆ ਖੁੱਲ੍ਹਾ ਪੱਤਰ

editor