Articles Health & Fitness

ਭਾਰਤ ਦੀਆਂ ਦੋਵੇਂ ਵੈਕਸੀਨਜ਼ ਅੰਮ੍ਰਿਤ ਦੀਆਂ ਬੂੰਦਾਂ

ਲੇਖਕ: ਪ੍ਰਿੰਸੀਪਲ ਪ੍ਰੇਮਲਤਾ, ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ.ਸੈਕੰ.ਸਕੂਲ ਧੂਰੀ

ਵੈਕਸੀਨੇਸ਼ਨ ਸਿਹਤ ਨਾਲ਼ ਸੰਬੰਧਤ ਇੱਕ ਅਜਿਹੀ ਵਿਧੀ ਹੈ, ਜਿਹੜੀ ਬਿਮਾਰੀ ਹੋਣ ਤੋਂ ਅਗਾਊਂ ਦਿੱਤੀ ਜਾਂਦੀ ਹੈ। ਡਾਕਟਰ, ਧਰਤੀ ਉੱਪਰ ਉਹ ਰੱਬ ਹਨ, ਜਿਹੜੇ ਦਿਖਦੇ ਹਨ ਅਤੇ ਚੱਲਦੇ-ਫਿਰਦੇ ਹਨ। ਚਾਹੇ ਚੇਚਕ ਦੇ ਟੀਕੇ ਦੀ, ਚਾਹੇ ਰੈਬੀਜ਼ ਦੇ ਟੀਕੇ ਦੀ, ਚਾਹੇ ਮਲੇਰੀਏ ਤੋਂ ਛੁਟਕਾਰਾ ਪਾਉਣ ਦੀ, ਚਾਹੇ ਪੋਲਿਓ ਤੋਂ ਛੁਟਕਾਰਾ ਪਾਉਣ ਦੀ, ਚਾਹੇ ਪੈਨਸਲੀਨ ਦੀ ਖੋਜ਼ ਦੀ ਗੱਲ ਹੋਵੇ ਇਹ ਕੰਮ ਕਿਸੇ ਫਰਿਸ਼ਤੇ ਵੱਲੋਂ ਕਰਨ ਤੋਂ ਘੱਟ ਨਹੀਂ ਹਨ। ਜੇਕਰ ਐਡਵਰਡ ਜੈਨਰ ਚੇਚਕ ਤੋਂ ਬਚਾਓ ਲਈ ਪਹਿਲੀ ਵੈਕਸੀਨ ਦੀ ਖੋਜ਼ ਨਾ ਕਰਦੇ ਤਾਂ ਅੱਜ ਧਰਤੀ ਉੱਪਰ ਮਨੁੱਖੀ ਜੀਵਨ ਹੀ ਬੇ-ਸੁਆਦਾ ਅਤੇ ਦੁੱਖ ਭਰਿਆ ਹੋ ਜਾਣਾ ਸੀ। ਵੈਕਟੀਰੀਆ ਨੂੰ ਤਾਂ ਦਵਾਈ ਨਾਲ਼ ਮਾਰਿਆ ਜਾ ਸਕਦਾ ਹੈ, ਪਰ ਵਾਇਰਸ ਤੇ ਕੋਈ ਦਵਾਈ ਅਸਰ ਨਹੀਂ ਕਰਦੀ, ਇਸਦਾ ਮੁਕਾਬਲਾ ਕਰਨ ਲਈ ਕੇਵਲ ਅਗਾਊਂ ਟੀਕਾਕਰਨ (ਵੈਕਸੀਨੇਸ਼ਨ) ਹੀ ਢੁੱਕਵਾਂ ਉਪਾਅ ਹੁੰਦਾ ਹੈ।

ਪਹਿਲੀ ਵੈਕਸੀਨ ਦੀ ਖੋਜ਼ ਇੱਕ ਦਿਲਚਸਪ ਕਹਾਣੀ ਵਾਂਗ ਹੈ, ਜਿਸਦਾ ਨਾਇਕ ਖੁਦ ਐਡਵਰਡ ਜੈਨਰ ਹੈ। ਐਡਵਰਡ ਜੈਨਰ ਇੱਕ ਅੰਗ੍ਰੇਜ਼ ਡਾਕਟਰ ਸਨ। ਉਨ੍ਹਾਂ ਨੂੰ ਚੇਚਕ ਦੀ ਦਵਾਈ ਦੀ ਖੋਜ਼ ਕਰਨ ਦੀ ਬੜੀ ਲਗਨ ਸੀ। ਉਨ੍ਹਾਂ ਕੋਲ ਚੇਚਕ ਦਾ ਕੋਈ ਇਲਾਜ਼ ਨਾ ਹੋਣਾ ਉਸ ਲਈ ਉਹ ਦੁਖੀ ਅਤੇ ਚਿੰਤਾਪੂਰਨ ਰਹਿੰਦੇ ਸਨ। ਇੱਕ ਦਿਨ ਉਨ੍ਹਾਂ ਕੋਲ ਗਊ ਚੇਚਕ ਦਾ ਇੱਕ ਰੋਗੀ ਆਇਆ। ਡਾ. ਜੈਨਰ ਨੇ ਰੋਗੀ ਦੇ ਸ਼ਰੀਰ ਉੱਪਰ ਨਿਕਲੇ ਦਾਣਿਆਂ ਚੋਂ ਥੋੜਾ ਜਿਹਾ ਪਾਣੀ ਕੱਢਿਆ ਅਤੇ ਇੱਕ ਸਵਸਥ ਲੜਕੇ ਦੀ ਬਾਂਹ ਵਿੱਚ ਚੜ੍ਹਾ ਦਿੱਤਾ। ਇਸ ਨਾਲ਼ ਉਸ ਲੜਕੇ ਨੂੰ ਵੀ ਗਊ ਚੇਚਕ ਹੋ ਗਈ। ਕੁਝ ਦਿਨਾਂ ਬਾਅਦ ਉਹ ਲੜਕਾ ਪੂਰੀ ਤਰਾਂ ਠੀਕ ਹੋ ਗਿਆ।

ਹੁਣ ਡਾ. ਜੈਨਰ ਇਹ ਜਾਂਚ ਕਰਨਾ ਚਾਹੁੰਦੇ ਸਨ ਕਿ ਉਸ ਲੜਕੇ ਨੂੰ ਵੱਡੀ ਚੇਚਕ ਨਿਕਲੇਗੀ ਜਾਂ ਨਹੀਂ। ਕੁਝ ਦਿਨਾਂ ਬਾਅਦ ਉਨ੍ਹਾਂ ਨੇ ਇੱਕ ਵੱਡੀ ਚੇਚਕ ਦੇ ਰੋਗੀ ਦੇ ਦਾਣਿਆਂ ਚੋਂ ਪਾਣੀ ਕੱਢਿਆ ਅਤੇ ਉਸ ਲੜਕੇ ਦੀ ਬਾਂਹ ਵਿੱਚ ਚੜ੍ਹਾ ਦਿੱਤਾ, ਜਿਸਨੂੰ ਪਹਿਲਾਂ ਗਊ ਚੇਚਕ ਦਾ ਪਾਣੀ ਚੜ੍ਹਾਇਆ ਸੀ। ਡਾ. ਜੈਨਰ ਬਹੁਤ ਦਿਨਾਂ ਤੱਕ ਇਹ ਦੇਖਦੇ ਰਹੇ ਕਿ ਇਸ ਲੜਕੇ ਨੂੰ ਵੱਡੀ ਚੇਚਕ ਹੁੰਦੀ ਹੈ ਜਾਂ ਨਹੀਂ। ਜਦੋਂ ਬਹੁਤ ਦਿਨ ਲੰਘ ਗਏ ਅਤੇ ਲੜਕੇ ਨੂੰ ਵੱਡੀ ਚੇਚਕ ਨਹੀਂ ਹੋਈ, ਡਾ. ਜੈਨਰ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ। ਉਨ੍ਹਾਂ ਨੇ ਨਤੀਜਾ ਕੱਢਿਆ ਕਿ ਗਊ ਚੇਚਕ ਦਾ ਪਾਣੀ ਚੜ੍ਹਾਉਣ ਨਾਲ਼ ਵੈਕਸੀਨੇਸ਼ਨ (ਅਗਾਊਂ ਟੀਕਾਕਰਨ) ਹੋ ਜਾਂਦਾ ਹੈ। ਫਿਰ ਡਾ. ਜੈਨਰ ਨੇ ਇਸ ਖੋਜ ਨੂੰ ਅੱਗੇ ਵਧਾਉਂਦੇ ਹੋਏ ਇਹ ਪਤਾ ਲਗਾਇਆ, ਜੇਕਰ ਗਊ ਚੇਚਕ ਵਾਲੇ 14 ਦਿਨ ਪੁਰਾਣੇ ਰੋਗੀ ਦੇ ਦਾਣਿਆਂ ਚੋਂ ਕੱਢਿਆ ਪਾਣੀ ਇੱਕ ਬਿਲਕੁਲ ਤੰਦਰੁਸਤ ਬੱਚੇ ਨੂੰ ਚੜ੍ਹਾ ਦਿੱਤਾ ਜਾਵੇ ਤਾਂ ਉਸਨੂੰ ਗਊ ਚੇਚਕ ਵੀ ਨਹੀਂ ਹੁੰਦੀ ਅਤੇ ਵੱਡੀ ਚੇਚਕ ਵੀ ਨਹੀਂ ਹੁੰਦੀ। ਇਸ ਵਿਧੀ ਨੂੰ ਉਨ੍ਹਾਂ ਨੇ ਵੈਕਸੀਨੇਸ਼ਨ ਦਾ ਨਾਂ ਦਿੱਤਾ।

ਅੱਜ ਭਾਰਤ ਦੇਸ਼ ਡਾ. ਐਡਵਰਡ ਜੈਨਰ ਦੀਆਂ ਪੈੜਾਂ ਤੇ ਚੱਲ ਰਿਹਾ ਹੈ। ਡਾ. ਹੈਫਕੀਨ ਨੇ ਭਾਰਤ ਦੀ ਧਰਤੀ ਉੱਪਰ 1897 ਵਿੱਚ ਪਲੇਗ ਦੀ ਵੈਕਸੀਨ ਤਿਆਰ ਕੀਤੀ ਸੀ। ਇਹ ਭਾਰਤ ਦੀ ਪਹਿਲੀ ਵੈਕਸੀਨ ਸੀ। ਲੈਬੋਰੇਟਰੀ ਦਾ ਨਾਮ ਸੀ ਪਲੇਗ ਲੈਬੋਰੇਟਰੀ ਬਾਂਬੇ। ਬਾਦ ਵਿੱਚ ਇਸ ਲੈਬੋਰੇਟਰੀ ਦਾ ਨਾਮ ਹੈਫਕੀਨ ਇੰਸਟੀਚਿਊਟ ਪੈ ਗਿਆ। ਪੋਲਿਓ ਦੀ ਵੈਕਸੀਨ ਦੀ ਖੋਜ ਦਾ ਸਿਹਰਾ ਅਮਰੀਕਾ ਦੇ ਵਾਇਰੋਲੋਜਿਸਟ ਜੋਨਾਸ ਐਡਵਰਡ ਸਾਲਕ ਨੂੰ ਜਾਂਦਾ ਹੈ, ਜਿਸ ਨੇ ਪੋਲਿਓ ਦੇ ਖਾਤਮੇ ਦਾ ਮੁੱਢ ਬੰਨ੍ਹਿਆ।

ਭਾਰਤ ਦੀਆਂ ਸਾਰੀਆਂ ਹੀ ਸਰਕਾਰਾਂ ਨੇ ਦੇਸ਼ ਵਿੱਚ ਵੈਕਸੀਨੇਸ਼ਨ ਪ੍ਰੋਗਰਾਮ ਨੂੰ ਦੇਸ਼ ਵਿੱਚ ਇੱਕ ਧਰਮ ਯੁੱਧ ਵਾਂਗ ਚਲਾਇਆ। ਜਿਸ ਦਾ ਨਤੀਜਾ ਅੱਜ ਸਾਡੇ ਸਾਹਮਣੇ ਹੈ, ਭਾਰਤ ਦੇਸ਼ ਚੇਚਕ ਮੁਕਤ, ਖਸਰਾ ਮੁਕਤ ਅਤੇ ਪੋਲਿਓ ਮੁਕਤ ਹੋ ਚੁੱਕਾ ਹੈ।

2019 ਦੇ ਆਖਰੀ ਦਿਨਾਂ ਵਿੱਚ ਕੋਵਿਡ-19 ਨਾਂ ਦਾ ਵਾਇਰਸ ਚੀਨ ਦੇ ਵੁਹਾਨ ਵਿੱਚ ਫੈਲ ਗਿਆ। ਦੁਨੀਆਂ ਸੁੱਤੀ ਰਹੀ ਅਤੇ ਵੁਹਾਨ ਤੋਂ ਪ੍ਰਭਾਵਿਤ ਲੋਕ ਕੋਵਿਡ-19 ਵਾਇਰਸ ਲੈ ਕੇ ਸਾਰੀ ਦੁਨੀਆਂ ਵਿੱਚ ਫੈਲਦੇ ਰਹੇ। ਜਿਸ ਦਾ ਨਤੀਜਾ ਇਹ ਨਿਕਲਿਆ ਅਪ੍ਰੈਲ 2020 ਤੱਕ ਕੋਵਿਡ-19 ਵਾਇਰਸ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। 7 ਅਪ੍ਰੈਲ 2021 ਤੱਕ ਕੋਵਿਡ-19 ਵਾਇਰਸ ਕਾਰਨ 2889243 ਲੋਕ ਮਾਰੇ ਜਾ ਚੁੱਕੇ ਹਨ। ਅਪ੍ਰੈਲ 2020 ਵਿੱਚ ਹੀ ਵਾਇਰੋਲੋਜੀ ਤਕਨੀਕ ਸੰਪੰਨ ਦੇਸ਼ਾਂ ਵਿੱਚ ਕੋਵਿਡ-19 ਵਾਇਰਸ ਦੇ ਪ੍ਰਭਾਵ ਦੇ ਖਾਤਮੇ ਲਈ ਵੈਕਸੀਨ ਬਣਾਉਣ ਦੀ ਹੋੜ ਲੱਗ ਚੁੱਕੀ ਸੀ। ਜਿਨ੍ਹਾ ਵਿੱਚ ਰੂਸ, ਅਮਰੀਕਾ, ਇੰਗਲੈਂਡ ਅਤੇ ਭਾਰਤ ਮੋਹਰੀ ਰਹੇ।

ਕੋਵਿਡ-19 ਵਾਇਰਸ ਦੀ ਵੈਕਸੀਨ ਦੀ ਖੋਜ ਵਿੱਚ ਭਾਰਤ ਨੇ ਇੱਕ ਲੰਮੀ ਛਾਲ ਲਗਾ ਦਿੱਤੀ ਹੈ। ਸੀਰਮ ਇੰਸਟੀਚਿਊਟ ਪੂਨੇ ਦੇ ਵਿਗਿਆਨੀਆਂ ਨੇ ਆਕਸਫੋਰਡ-ਐਸਟ੍ਰਾਜੇਨੇਕਾ ਇੰਗਲੈਂਡ ਦੇ ਸਹਿਯੋਗ ਨਾਲ਼ ਕੋਵਿਸ਼ੀਲਡ ਨਾਂ ਦੀ ਪ੍ਰਭਾਵਸ਼ਾਲੀ ਵੈਕਸੀਨ ਤਿਆਰ ਕੀਤੀ ਹੈ।ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮ. ਹੈਦਰਾਬਾਦ ਨੇ ਕੋ-ਵੈਕਸੀਨ ਦੀ  ਖੋਜ ਕੀਤੀ ਹੈ। ਦੋਵੇਂ ਵੈਕਸੀਨਜ ਬਹੁਤ ਹੀ ਅਸਾਨੀ ਨਾਲ਼ ਹੈਂਡਲ ਕੀਤੀਆਂ ਜਾ ਸਕਦੀਆਂ ਹਨ। ਸਾਬਿਤ ਹੋ ਚੁੱਕਾ ਹੈ, ਇਨ੍ਹਾਂ ਦੋਵਾਂ ਵੈਕਸੀਨਜ਼ ਦਾ ਸਾਈਡ ਇਫੈਕਟ ਨਾ-ਮਾਤਰ ਵੀ ਨਹੀਂ ਹੈ।

ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ 16 ਜਨਵਰੀ 2021 ਨੂੰ ਦੁਨੀਆਂ ਦੀ ਸਭ ਤੋਂ ਵੱਡੀ ਕੋਵਿਡ-19 ਰੋਕਥਾਮ ਮੁਹਿੰਮ ਦਾ ਆਗਾਜ ਕੀਤਾ ਗਿਆ। ਸਾਰੇ ਭਾਰਤ ਦੇ ਸਰਕਾਰੀ ਹਸਪਤਾਲਾਂ ਵਿੱਚ ਉਮਰ ਦਾ ਪੜਾਵਾਰ ਮੁਫ਼ਤ ਟੀਕਾ ਕਰਨ ਜਾਰੀ ਹੈ। 7 ਅਪ੍ਰੈਲ 2021 ਨੂੰ ਭਾਰਤ ਵਿੱਚ ਟੀਕਾਕਰਣ ਦੀ ਗਿਣਤੀ 8.7 ਕਰੌੜ ਨੂੰ ਪਾਰ ਕਰ ਗਈ ਹੈ। ਇਹ ਵੀ ਪਤਾ ਲੱਗਾ ਹੈ, ਜਲਦੀ ਹੀ ਭਾਰਤ ਦੀ ਕੇਂਦਰੀ ਸਰਕਾਰ ਉਮਰ ਦੇ ਸਾਰੇ ਵਰਗਾਂ ਲਈ ਟੀਕਾਕਰਣ ਖੋਲਣ ਜਾ ਰਹੀ ਹੈ। ਦੋਵਾਂ ਵੈਕਸੀਨਜ਼ ਦੇ ਟੀਕੇ ਦੀਆਂ ਦੋ ਖੁਰਾਕਾਂ ਲੈਣੀਆਂ ਜ਼ਰੂਰੀ ਹਨ।

ਸੀਰਮ ਇੰਸਟੀਚਿਊਟ ਦੇ ਸੀ.ਈ.ਓ ਅਦਾਰ ਪੁੰਨਾਵਾਲ ਅਤੇ ਏਮਜ਼ ਦਿੱਲੀ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਪਹਿਲੇ ਦਿਨ ਹੀ ਟੀਕਾ ਲਗਵਾਕੇ ਇਹ ਸਿੱਧ ਕਰ ਦਿੱਤਾ ਕਿ ਦੋਵੇਂ ਵੇਕਸੀਨਜ ਪੂਰੀ ਤਰਾਂ ਸੁਰੱਖਿਅਤ ਅਤੇ ਅਸਰਦਾਰ ਹਨ। ਜਦੋਂ ਕਿ ਭਾਰਤ ਬਾਇਓਟੈਕ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਡਾ. ਕ੍ਰਿਸ਼ਨਾ ਇਲਾ ਨੇ ਕੋ-ਵੈਕਸੀਨ ਦਾ ਟਰਾਇਲ ਵੇਲੇ ਹੀ ਟੀਕਾ ਲਗਵਾ ਲਿਆ ਸੀ।

ਕੋਵਿਡ-19 ਦੇ ਪ੍ਰਭਾਵ ਦੇ ਖਾਤਮੇ ਲਈ ਭਾਰਤ ਦੀ ਧਰਤੀ ਉੱਪਰ ਹੀ ਸੱਤ ਹੋਰ ਵੈਕਸੀਨਜ਼ ਤਿਆਰ ਹੋ ਰਹੀਆਂ ਹਨ। ਭਾਰਤ ਦੇਸ਼ ਦੇ ਵਿਗਿਆਨੀ ਡਾਕਟਰਜ਼ ਨੇ ਇੰਨੇ ਘੱਟ ਸਮੇਂ ਵਿੱਚ ਵੈਕਸੀਨਜ਼ ਦੀ ਖੋਜ਼ ਕਰਕੇ ਸਾਰੇ ਵਿਸ਼ਵ ਵਿੱਚ ਦੇਸ਼ ਦਾ ਨਾਮ ਉੱਚਾ ਕੀਤਾ ਹੈ। ਭਾਰਤ ਨੇ ਆਪਣੇ ਪੜੌਸੀ ਦੇਸ਼ਾਂ ਨੂੰ ਵੈਕਸੀਨ ਦੇਣ ਦਾ ਐਲਾਨ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਭਾਰਤ ਸਾਰੇ ਵਿਸ਼ਵ ਦਾ ਸਿਹਤ ਰਖਵਾਲਾ ਬਣਨ ਜਾ ਰਿਹਾ ਹੈ। ਇਸ ਤੱਥ ਦਾ ਸਬੂਤ ਭਾਰਤ ਨੇ 2015 ਵਿੱਚ ਹੀ ਦੇ ਦਿੱਤਾ ਸੀ, ਜਦੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਸਲਾਹ ਨੂੰ ਮੰਨਦੇ ਹੋਏ ਯੂ.ਐੱਨ.ਓ ਨੇ ਵਿਸ਼ਵ ਪੱਧਰ ਉੱਪਰ ਯੋਗਾ ਦਾ ਪ੍ਰਸਾਰ ਕਰਨ ਲਈ 21 ਜੂਨ 2015 ਨੂੰ ਪਹਿਲਾ ਯੋਗ ਦਿਵਸ ਮਨਾਉਣ ਦੀ ਘੋਸ਼ਣਾ ਕੀਤੀ। ਸਿਹਤ ਦੇ ਮਸਲੇ ਵਿੱਚ ਇਹ ਇੱਕ ਕ੍ਰਾਂਤੀਕਾਰੀ ਕਦਮ ਸੀ। ਭਾਰਤ ਵਿੱਚ ਬਣੀਆਂ ਵੈਕਸੀਨਜ਼ ਪ੍ਰਾਪਤ ਕਰਨ ਲਈ ਦੁਨੀਆਂ ਭਰ ਦੇ ਦੇਸ਼ ਭਾਰਤ ਵੱਲ ਦੇਖ ਰਹੇ ਹਨ। ਭਾਰਤ ਖੁੱਲ੍ਹੇ ਦਿਲ ਨਾਲ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਕਰੋਨਾ ਵੈਕਸੀਨਜ਼ ਪਹੁੰਚਾ ਰਿਹਾ ਹੈ। ਇਸ ਕਦਮ ਨਾਲ਼ ਵਿਦੇਸ਼ਾਂ ਵਿੱਚ ਵਸਦੇ ਹਰੇਕ ਭਾਰਤੀ ਦਾ ਸਿਰ ਫਖਰ ਨਾਲ਼ ਉੱਚਾ ਹੋਇਆ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin