Articles

ਜਥੇਦਾਰ ਜੀ,ਪਹਿਲਾਂ ‘ਉਹ ਗੱਲ’ ਕਰੋ !

ਲੇਖਕ: ਤਰਲੋਚਨ ਸਿੰਘ ਦੁਪਾਲਪੁਰ, ਅਮਰੀਕਾ

ਪਤਾ ਨਹੀਂ ਕਿਹੜੀ ਭਾਵਨਾ ਕਰਕੇ ਮੇਰੇ ਇੱਕ ਦੋਸਤ ਨੇ ਵਟਸ-ਐਪ ’ਤੇ ਮੈਨੂੰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਨਾਰੀਅਲ-ਪਾਣੀ ਪੀਂਦਿਆਂ ਦੀ ਇਹ ਫੋਟੋ ਭੇਜੀ ਹੋਵੇਗੀ। ਮੋੜਵੇਂ ਜਵਾਬ ਵਜੋਂ ਉਸ ਦੋਸਤ ਨੂੰ ਤਾਂ ਮੈਂ ਇਹ ਲਿਖ ਕੇ ਭੇਜ ਦਿੱਤਾ ਕਿ ਨਾਰੀਅਲ-ਪਾਣੀ ਪੀਣਾ ਤਾਂ ਮੈਂ ਵੀ ਬਹੁਤ ਪਸੰਦ ਕਰਦਾ ਹਾਂ। ਪਰ ਮਗਰੋਂ ਇਸ ਫੋਟੋ ਵੱਲ੍ਹ ਸਰਸਰੀ ਨਜ਼ਰ ਮਾਰਦਿਆਂ ਮੇਰੇ ਜ਼ਿਹਨ ਵਿੱਚ ਕਈ ਕੁੱਝ ਘੁੰਮਣ ਲੱਗ ਪਿਆ।ਜਿਵੇਂ ਮਾਪਿਆਂ ਪਾਸੋਂ ਸੁਣੀ ਹੋਈ ਆਪਣੇ ਬਚਪਨੇ ਦੀ ਇਕ ਭੋਲ਼ੀ ਜਿਹੀ ਜ਼ਿੱਦ ਅਤੇ ਮਾਂ ਵਲੋਂ ਮੇਰੀ ਉਹ ਜ਼ਿੱਦ ਭੁਲਾਉਣ ਵਜੋਂ ਹੋਰ ਹੋਰ ਗੱਲਾਂ ਕਰਕੇ ਮੈਨੂੰ ਵਰਚਾਉਣ ਵਾਲ਼ੀ ਵਾਰਤਾ। ਇਸ ਬਾਲ਼ੀ-ਭੋਲ਼ੀ ਵਾਰਤਾ ਦੀ ‘ਕਿਸਮ’ ਨਾਲ਼ ਮਿਲ਼ਦੀਆਂ ਜੁਲਦੀਆਂ ਜਥੇਦਾਰ ਅਕਾਲ ਤਖਤ ਸਾਹਿਬ ਦੀਆਂ ਵਰਤਮਾਨ ਜੋਰਦਾਰ ਸਰਗਰਮੀਆਂ ਅਤੇ ਅਜੋਕੀ ਸਿੱਖ ਸਿਾਅਸਤ ਦਾ ਬੁਰੀ ਤਰਾਂ ਉਲ਼ਝਿਆ ਹੋਇਆ ਤਾਣਾ-ਬਾਣਾ ! ਇਸ ਸਾਰੇ ਕੁੱਝ ਦੀ ਮੇਰੇ ਮਨ ਮਸ਼ਤਿਕ ਵਿੱਚ ਜੋਰਦਾਰ ਗੁਣਾ-ਘਟਾਉ-ਤਕਸੀਮ ਹੋਣ ਲੱਗ ਪਈ।

ਪਹਿਲਾਂ ਮੇਰੇ ਬਚਪਨ ਦੀ ਜ਼ਿੱਦੀ ਚਲਾਕੀ ਸੁਣ ਲਉ-ਬੀਬੀ ਦੱਸਦੀ ਹੁੰਦੀ ਸੀ ਕਿ ਰਿੜ੍ਹਨ ਤੋਂ ਬਾਅਦ ਮੈਂ ਤੁਰਨ ਵੀ ਲੱਗ ਪਿਆ ਅਤੇ ਅੱਧੀ-ਪੌਣੀ ਰੋਟੀ ਵੀ ਖਾਣੀ ਸ਼ੁਰੂ ਕਰ ਦਿੱਤੀ ਪਰ ਮੈਂ ਮਾਂ ਦਾ ਦੁੱਧ ਚੁੰਘਣੋ ਨਹੀਂ ਸਾਂ ਹਟਦਾ ! ਕਹਿੰਦੇ ਜਦੋਂ ਵੀ ਮੈਂ ਬੀਬੀ ਦੇ ਕੁੱਛੜ ਜਾਣ ਨੂੰ ਭੱਜਣਾ ਤਾਂ ਬੀਬੀ ਨੇ ਉਦੇ ਈ ਸਾਡੇ ਵਿਹੜੇ ’ਚ ਖੜ੍ਹੀ ਨਿੰਮ ਉੱਤੇ ਬੈਠੇ ਜਨੌਰਾਂ ਵੱਲ੍ਹ ਇਸ਼ਾਰੇ ਕਰ ਕਰ ਕਹਿਣਾ-‘ਔਹ ਦੇਖ ਪੁੱਤ ਕਿੰਨੇਂ ਸੋਹਣੇ ਤੋਤੇ … ਉਹ ਦੇਖ ਇੱਕ ਮੋਰ ਵੀ ਆ ਗਿਆ…. ਹੋਰ ਦੇਖ ਪੁੱਤ ਚਿੜੀਆਂ ਕਿੱਦਾਂ ਚੀਂ…ਚੀਂ ਕਰਦੀਆਂ ਹਨਾਂ ?’ ਮੈਂ ਜ਼ਰਾ ਦੀ ਜ਼ਰਾ ਨਿੰਮ ਵੱਲ੍ਹ ਦੇਖਣ ਤੋਂ ਬਾਅਦ ਫਿਰ ‘ਦੁਧੂ..ਦੁੱਧੂ’ ਕਰਨ ਲੱਗ ਪੈਣਾ। ਫਿਰ ਬੀਬੀ ਨੇ ਘਰੇ ਘੁੰਮਦੀ ਬਿੱਲੀ ਵੱਲ੍ਹ ਇਸ਼ਾਰਾ ਕਰਕੇ ਮੇਰਾ ‘ਦੁੱਧੂ’ ਵਲੋਂ ਧਿਆਨ ਹਟਾਉਣ ਲਈ ਨਵੀਂ ‘ਜੁਗਤਿ’ ਵਰਤਦਿਆਂ ਆਖਣਾ-‘ਲੈ, ਆਹ ਮਾਣੋ ਬਿੱਲੀ ਆ ਗਈ….ਕਹਿੰਦੀ ਆ… ਕਾਕੇ ਦੀ ਰੋਟੀ ਮੈਨੂੰ ਦੇ ਦਿਉ… ਮੈਨੂੰ ਭੁੱਖ ਲੱਗੀ ਆ ! …..ਦੌੜ ਜਾਹ ਬਿੱਲੀਏ,ਰੋਟੀ ਤਾਂ ਸਾਡੇ ਕਾਕੇ ਨੇ ਖਾਣੀ ਆਂ, ਪਤਾ ?’ ਬੀਬੀ ਹੱਸ-ਹੱਸ ਕੇ ਦੱਸਦੀ ਹੁੰਦੀ ਸੀ ਕਿ ਮੈਂ ਪਲ ਦੀ ਪਲ ਬਿੱਲੀ ਵੱਲ੍ਹ ਗੌਰ ਨਾਲ਼ ਦੇਖਣ ਮਗਰੋਂ ਬੀਬੀ ਦੀ ਏਸ ਜੁਗਤਿ ਉੱਤੇ ਵੀ ਪਾਣੀ ਫੇਰਦਿਆਂ ਉਹੀ ਰਟ ਲਾ ਦੇਣੀ- ‘ਮੈਂਅ ਨੀਂ……ਮੈਂਅ ਨੀਂ, ਪਹਿਲਾਂ ਮੇਲੇ ਨਾਲ ‘ਦੁੱਧੂ ਦੀ ਗੱਲ’ ਕਰ ਤੂੰ !’

ਬਾ-ਐਨ੍ਹ ਇਹੋ ਕੁੱਝ ਹੋ ਰਿਹਾ ਹੈ ਪੰਜਾਬ ਦੀ ਸਿੱਖ ਸਿਆਸਤ ਵਿੱਚ ! ਜਦੋਂ ਤੋਂ ਪੰਜਾਬ ਦੀਆਂ ਵਿਧਾਨ ਸਭਾਈ ਚੋਣਾ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਬਣਾ ਦਿੱਤੇ ਗਏ ‘ਬਾਦਲ ਦਲ’ ਨੂੰ ਸਮੁੱਚੇ ਵੋਟਰਾਂ ਨੇ ਨਕਾਰ ਤੇ ਦੁਰਕਾਰ ਦਿੱਤਾ ਹੈ, ਉਦੋਂ ਤੋਂ ਹੀ ਬਾਦਲ ਦਲ ਦੀ ਕਮਾਂਡ ਕਰਨ ਵਾਲ਼ੇ ਆਗੂ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦ ਪਦਵੀ ਰਾਹੀਂ ਆਪਣੇ ਬੁਰੀ ਤਰਾਂ ਉੱਖੜੇ ਹੋਏ ਪੈਰ ਮੁੜ ਜਮਾਉਣ ਲਈ ਤਰਲੋਮੱਛੀ ਹੋ ਰਹੇ ਹਨ। ਬਾਦਲ ਦਲ ਦੇ ਸਮਰਥਕਾਂ ਤੋਂ ਇਲਾਵਾ ਸਾਰਾ ਸਿੱਖ ਜਗਤ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਤਮਤਾ ਮੁਤਾਬਿਕ ਜਥੇਦਾਰ ਸਾਹਿਬ ਤੋਂ ਵਾਰ-ਵਾਰ ਮੰਗ ਕਰ ਰਿਹਾ ਹੈ ਕਿ ਸਿੰਘ ਸਾਹਿਬ ਜੀ, ਬਰਗਾੜੀ ਦੇ ਬਿਅਦਬੀ ਕਾਂਡ ਦੇ ਵੱਡੇ ਕਾਰਨ ਬਣੇ ਸੌਦੇ ਸਾਧ ਨੂੰ ਸ੍ਰੀ ਅਕਾਲ ਤਖਤ ਵਲੋਂ ਮੁਆਫੀਨਾਮਾ ਦੇਣ, ਮੁਆਫੀਨਾਮੇ ਨੂੰ ‘ਹੁਕਮਨਾਮੇ’ ਵਜੋਂ ਪ੍ਰਚਾਰਨ ਲਈ ਗੁਰੂ ਕੀ ਗੋਲ੍ਹਕ ਵਿੱਚੋਂ ਨੱਬੇ ਲੱਖ ਰੁਪਏ ਅਖਬਾਰੀ ਇਸ਼ਤਿਹਾਰਬਾਜੀ ’ਤੇ ਖਰਚਣ ਫਿਰ ਉਸ ਮੁਆਫੀਨਾਮੇ ਨੂੰ ਰੱਦ ਕਰਨ/ਕਰਾਉਣ ਵਾਲ਼ੇ ਸਾਬਕਾ ਜਥੇਦਾਰ ਅਤੇ ਤਤਕਾਲੀ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ‘ਸੁੱਖ ਨਾਲ’ ਸਾਰੇ ਜੀਵਿਤ ਹਨ, ਉਨ੍ਹਾਂ ਸਾਰਿਆਂ ਨੂੰ ਤਖਤ ਸਾਹਿਬ ਵਿਖੇ ਤਲਬ ਕਰਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰ ਦਿੱਤਾ ਜਾਵੇ ! ਇਹਦੇ ਨਾਲ ਹੀ ਦੁਖੀ ਹਿਰਦਿਆਂ ਨਾਲ ਸਿੱਖ ਸੰਗਤ ਅਤੇ ਦੁਨੀਆਂ ਭਰ ਦੀਆਂ ਧਾਰਮਿਕ ਜਥੇਬੰਦੀਆਂ ਜਥੇਦਾਰ ਜੀ ਪਾਸੋਂ ਮੰਗ ਕਰਦੀਆਂ ਹਨ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ ਤਿੰਨ ਸੌ ਅਠਾਈ ਸਰੂਪਾਂ ਦੇ ਗੁਨਾਹਗਾਰਾਂ ਨੂੰ ਨੰਗਿਆਂ ਕਰਨ ਪਰ ਜਥੇਦਾਰ ਸਾਹਿਬ ਜੀ ਬਿਲਕੁਲ ਮੇਰੀ ਮਾਂ ਵਾਂਗ ਸਿੱਖ ਸੰਗਤ ਨੂੰ ਹੋਰ ਦੀਆਂ ਹੋਰ ਗੱਲਾਂ ਕਰ ਕਰ ਕੇ ਟਰਕਾਈ ਜਾ ਰਹੇ ਹਨ !ਕਦੇ ਕਹਿੰਦੇ ਨੇ ਕਿ ਸਿੱਖ, ਸ਼੍ਰੋਮਣੀ ਕਮੇਟੀ ਦੀ ਹਿਫਾਜ਼ਤ ਲਈ ਡਾਂਗਾਂ ਸੋਟੇ ਲੈ ਕੇ ਆ ਜਾਣ….ਕਦੇ ਕਹਿੰਦੇ ਨੇ ਕਿ ਬਾਦਲ ਦਲ ਨੂੰ ਹਰਾ ਕੇ ਪੰਜਾਬ ਨੇ ਬਹੁਤ ‘ਬਦਤਮੀਜ਼ੀ’ ਕੀਤੀ ਹੈ! ਕਦੇ ਉਹ ਹਥਿਆਰਬੰਦ ਹੋਣ ਦੀਆਂ ਅਪੀਲਾਂ ਕਰਦੇ ਹਨ….ਕਦੇ ਪੰਜਾਬ ਦੇ ਮੌਜੂਦਾ ਹਾਲਾਤਾਂ ਲਈ ਭਾਜਪਾਈ ਆਗੂਆਂ ਦੀ ਤਰਜ਼ ’ਤੇ ਜਵਾਹਰ ਲਾਲ ਨਹਿਰੂ ਨੂੰ ਦੋਸ਼ੀ ਠਹਿਰਾਉਂਦੇ ਨੇ। ਇੰਜ ਹੀ ਕਦੇ ਉਹ ਕੌਮ ਨੂੰ ਏਕਤਾ ਕਰਨ ਲਈ ਅਪੀਲਾਂ ਕਰਦੇ ਹਨ, ਜਿਸਦਾ ਸਿੱਧ-ਅਸਿੱਧਾ ਅਰਥ ਇਹੋ ਹੁੰਦਾ ਹੈ ਕਿ ਪੰਜਾਬ ਦੇ ਸਾਰੇ ਸਿੱਖ, ਬਾਦਲ ਪ੍ਰਵਾਰ ਦੀ ਅਧੀਨਗੀ ਸਵੀਕਾਰ ਕਰ ਲੈਣ। ਬਸ,ਹੋ ਗਈ ‘ਪੰਥਕ ਏਕਤਾ’ !

ਜਥੇਦਾਰ ਸਾਹਿਬ ਨੂੰ ਅਜਿਹਾ ਕੁੱਝ ਕਹਿਣ ਫੁਰਮਾਉਣ ਦਾ ਬੇਸ਼ੱਕ ਪੂਰਾ ਹੱਕ ਹੈ ਪਰ ਕੌਮ ਦੇ ਤਰਜਮਾਨ ਹੋਣ ਵਜੋਂ ਉਨ੍ਹਾਂ ਨੂੰ ਸਿੱਖ ਭਾਵਨਾਵਾਂ ਸਮਝਣ ਤੇ ਸਿੱਖ-ਸਵਾਲਾਂ ਦੇ ਸਨਮੁੱਖ ਹੋ ਕੇ ਉਨ੍ਹਾਂ ਦਾ ਸਮਾਧਾਨ ਕਰਨਾ ਵੀ ਪ੍ਰਥਮ ਫਰਜ਼ ਬਣਦਾ ਹੈ । ਜਦ ਤੱਕ ਉਹ ਅਜਿਹਾ ਨਹੀਂ ਕਰਦੇ ਤਦ ਤੱਕ ਸਿੱਖਾਂ ਦਾ ਵੀ ਪੂਰਾ ਹੱਕ ਹੈ ਕਿ ਉਹ ਜਥੇਦਾਰ ਜੀ ਦੀਆਂ ਸਿਆਸੀ ਸਰਗਰਮੀਆਂ-ਅਪੀਲਾਂ, ਸਿੱਖ ਜਗਤ ਨੂੰ ‘ਤੋਤੇ ਮੋਰ ਤੇ ਬਿੱਲੀਆਂ ਦਿਖਾਉਣ’ ਵਾਂਗ ਹੀ ਸਮਝਣ ਅਤੇ ਮੇਰੇ ਬਚਪਨੇ ਦੀ ਮਿਸਾਲ ਵਾਂਗ ਜਦ ਵੀ ਉਹ ਸਿੱਖ ਮੰਗਾਂ ਨੂੰ ਅਣਗੌਲ਼ਿਆ ਕਰਨ ਲਈ ‘ਔਹ ਦੇਖੋ…ਔਹ ਦੇਖੋ’ ਕਹਿਣ ਤਾਂ ਡਟ ਕੇ ਜਵਾਬ ਦੇਈਏ ਕਿ ਜਥੇਦਾਰ ਜੀ,ਪਹਿਲਾਂ ‘ਉਹ ਗੱਲ’ ਕਰੋ … ਬਾਕੀ ਬਾਅਦ ਵਿੱਚ ਦੇਖਾਂਗੇ !

ਭਟਕੇ ਰਹਿਬਰ ਭਟਕਿਆਂ ਦੇ ਦਰ ਭਰਦੇ ਹਾਜਰੀਆਂ

ਭੋਲ਼ੀ ਜਨਤਾ ਐਸਿਆਂ ਤੋਂ ਵੀ ਭਾਲ਼ੇ ਰਹਿਬਰੀਆਂ !

(ਹਰਭਜਨ ਸਿੰਘ ‘ਬੈਂਸ’)

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin