Articles

ਹੱਸਦਾ ਰਾਵਣ . . . !

ਲੇਖਕ: ਗੁਰਜੀਤ ਕੌਰ “ਮੋਗਾ”

ਮੁੱਢ ਕਦੀਮਾਂ ਤੋਂ ਚੱਲੀ ਆ ਰਹੀ ਪ੍ਰੰਪਰਾ ਜਿਸ ਨੂੰ ਬਦੀ ਤੇ ਨੇਕੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ। ਇਸ ਨੂੰ ਦਸਹਿਰੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਅੱਜ ਵੀ ਰਾਵਣ ਦੇ ਪੁਤਲੇ ਦੀ ਆੜ ਵਿਚ ਲੱਖਾਂ ਰੁਪਇਆ ਫੂਕਿਆ ਜਾਂਦਾ ਹੈ। ਇਸ ਦ੍ਰਿਸ਼ ਨੂੰ ਦੇਖਣ ਲਈ ਲੋਕਾਂ ਦਾ ਭਾਰੀ ਜਮਾਵੜਾ ਹੁੰਦਾ ਹੈ । ਹੱਸਦਾ ਰਾਵਣ ਜਦੋਂ ਸੜਦਾ ਹੈ ਤਾਂ ਪਟਾਕਿਆਂ ਦੀ ਕੰਨ ਪਾੜਵੀਂ ਆਵਾਜ਼ ਤੇ ਧਰਤੀ ਤੇ ਡਿੱਗਦਾ ਹੋਇਆ ਪੁਤਲਾ ਭੀੜ ਲਈ ਮਨੋਰੰਜਨ  ਦਾ ਸਾਧਨ ਬਣਦਾ ਹੈ। ਅੱਜ ਤਕ ਹਰ ਸਾਲ ਲੱਖਾਂ ਰੁਪਏ ਦੀ ਬਰਬਾਦੀ ਕਰਕੇ ਪੁਤਲੇ ਰੂਪੀ ਰਾਵਣ ਨੂੰ ਸਬਕ ਸਿਖਾਇਆ ਜਾਂਦਾ ਹੈ। ਉਸ ਦੇ ਅਪਰਾਧ ਦੀ ਸਜ਼ਾ ਉਸ ਨੂੰ ਸਾੜ ਕੇ ਦਿੱਤੀ ਜਾਂਦੀ ਹੈ। ਪੰਡਾਲ ‘ਚ ਹੱਲਾ-ਹੂ  ਕਰਦੇ ਦਰਸ਼ਕ ਸੜ ਚੁੱਕੇ ਪੁਤਲੇ ਦੀਆਂ ਹੱਡੀਆਂ ਭਾਵ ਬਾਂਸ ਘਰਾਂ ਨੂੰ ਲਿਜਾਣ ਲਈ ਤਤਪਰ ਹੁੰਦੇ ਹਨ, ਪੀੜ੍ਹੀ ਦਰ ਪੀੜ੍ਹੀ ਪਰੰਪਰਾ ਨੂੰ ਜ਼ਿੰਦਾ ਰੱਖਣ ਲਈ।

ਇੱਕ੍ਹੀਵੀਂ ਸਦੀ  ਵਿੱਚ ਵੀ ਇਹ ਅੰਧ ਵਿਸ਼ਵਾਸ ਪ੍ਰਚੱਲਤ ਹੈ ਕਿ ਸੜੇ ਹੋਏ ਬਾਂਸ ਘਰੇ ਰੱਖਣ ਨਾਲ ਬੁਰੀ ਆਤਮਾ ਘਰੇ ਪ੍ਰਵੇਸ਼ ਨਹੀਂ ਕਰਦੀ। ਸੜਦੇ ਰਾਵਣ  ਤੋਂ ਪਹਿਲਾਂ ਵਾਲੀ ਤਸਵੀਰ ਕੀ ਪੇਸ਼ ਕਰਦੀ ਹੈ ਸ਼ਾਇਦ ਉਸ ਤੇ ਹੰਕਾਰੀ ਹਾਸੇ ਦੇ ਅਰਥ ਵਕਤ ਬਦਲਣ ਨਾਲ ਅਜੋਕੇ ਸਮਾਜ ਦੀ ਤਸਵੀਰ ਨੂੰ ਬਿਆਨ ਕਰਦੇ ਹਨ। ਸੜਨ ਤੋਂ ਕੁਝ ਚਿਰ ਪਹਿਲਾਂ ਰਾਵਣ, ਕੁੰਭਕਰਨ ਤੇ ਮੇਘਨਾਥ ਰੱਥਾਂ ਵਿੱਚ ਸਵਾਰ  ਹੋ ਕੇ ਇਕ ਝਾਕੀ ਦੇ ਰਾਹੀਂ ਸਾਰੇ ਸ਼ਹਿਰ ਦਾ ਚੱਕਰ ਕੱਟਦੇ ਹਨ। ਇਹ ਤਿੰਨੇ ਮਹਾਂਬਲੀ ਜਦੋਂ ਉੱਚੀ ਉੱਚੀ ਹਾ-ਹਾ ਕਰਦੇ ਸੜਕਾਂ ਤੋਂ ਗੁਜ਼ਰਦੇ ਹਨ ਤਾਂ ਸਾਰੇ ਛੋਟੇ ਵੱਡੇ ਇਹਨਾਂ ਨੂੰ ਤੱਕਣ ਲਈ ਬਾਹਰ  ਵੱਲ ਦੌੜਦੇ ਹਨ ਪਰ ਕੀ ਅਸੀਂ ਜਾਣਦੇ ਹਾਂ ਇਨ੍ਹਾਂ ਦਾ ਹਾਸਾ ਸਾਡੀ ਬਿਮਾਰ ਮਾਨਸਿਕਤਾ  ਤੇ ਤਨਜ਼ ਕੱਸਦਾ ਹੈ ਕਿਉਂਕਿ ਸਾਡੀ ਹਾਲਤ “ਦੀਵੇ ਥੱਲੇ ਹਨੇਰੇ ਵਾਲੀ ਹੋਈ ਪਈ ਹੈ।”
ਹਰ ਰੋਜ਼ ਸਮਾਜ ਵਿੱਚ ਵਾਪਰ ਰਹੀਆਂ ਹਿਰਦੇ ਵੇਦਕ  ਘਟਨਾਵਾਂ ਨੇ ਰਾਵਣ ਦੀ ਗ਼ਲਤੀ ਨੂੰ ਬੌਣਾ ਕਰ ਦਿੱਤਾ ਹੈ। ਚਾਹੇ ਉਹ ਨਿਰਭੈ ਕਾਂਡ ਹੋਵੇ, ਕਸ਼ਮੀਰ ਦੇ ਕਠੂਆ ਮੰਦਿਰ ਵਿੱਚ ਵਾਪਰਿਆ ਆਸਿਫਾ  ਰੇਪ ਤੇ ਕਤਲ ਕੇਸ ਹੋਵੇ ਜਾਂ ਹਾਥਰਸ ਕਾਂਡ ਹੋਵੇ। ਇਹ ਕਾਂਡ ਰਾਵਣ ਤੋਂ ਵੀ ਭੈੜੇ ਕਿਰਦਾਰਾਂ ਵਾਲੇ ਸ਼ਖ਼ਸਾਂ ਦੀ ਦੇਣ ਹਨ ਜਿਸ ਸਮਾਜ ਵਿੱਚ ਛੋਟੀ ਬੱਚੀ ਤੋਂ ਲੈ ਕੇ ਵੱਡੀ ਉਮਰ ਤੱਕ ਦੀਆਂ ਔਰਤਾਂ ਤਕ ਮਹਿਫੂਜ਼ ਨਹੀਂ ਹਨ ਉੱਥੇ ਕੀ ਮਾਅਨੇ ਰਹਿ ਜਾਂਦੇ ਹਨ ਸਾਡੇ ਦੁਸਹਿਰੇ ਮਨਾਉਣ ਦੇ… ਇਹ ਸਭ ਦ੍ਰਿਸ਼ ਦੇਖ ਤਾਂ ਰਾਵਣ ਵੀ ਹੱਸਦਾ ਹੋਵੇਗਾ…।
ਜੇ ਇੱਕ ਮਿਥਿਹਾਸਕ ਪਾਤਰ ਨੂੰ ਸੀਤਾ ਚਰਾਉਣ ਦੀ ਸਜ਼ਾ ਹਰ ਸਾਲ ਉਸ ਦਾ ਪੁਤਲਾ ਫੂਕ ਕੇ ਜਲੀਲ ਕਰਨ ਨਾਲ ਮਿਲਦੀ ਹੈ ਤਾਂ ਯਥਾਰਥਕ ਰੂਪ ਵਿੱਚ ਜਿਊਂਦੇ ਜਾਗਦੇ ਇਨਸਾਨ ਦਾ ਮਖੌਟਾ ਪਹਿਨ ਕੇ ਫਿਰਦੇ ਪਾਤਰਾਂ ਦਾ ਕੀ ਹਸ਼ਰ ਹੋਣਾ ਚਾਹੀਦਾ ਹੈ?  ਇਹ ਸੋਚਣ ਦਾ ਵਿਸ਼ਾ ਹੈ ?
ਅੱਜ ਸਮਾਜ ਦੇ ਦੂਸਰੇ ਪਾਸੇ ਦੀ ਤਸਵੀਰ ਕੀ ਪੇਸ਼ ਕਰਦੀ ਹੈ ਆਓ ਇਸ ਨੂੰ ਵੀ ਜਾਣੀਏ….।
ਪਿਛਲੇ ਦੱਸ ਮਹੀਨਿਆਂ ਤੋਂ ਦੇਸ਼ ਦਾ ਅੰਨਦਾਤਾ  ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਘਰੋਂ ਬੇਘਰ ਹੋ ਕੇ ਆਪਣੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਤੋਂ ਬਚਾਉਣ ਲਈ ਜੱਦੋ ਜਹਿਦ ਕਰ ਰਿਹਾ ਹੈ। ਸਮਾਜ ਦਾ ਹਰ ਤਬਕਾ ਜੋ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਦੁਖੀ ਹੈ ਇਸ ਅੰਦੋਲਨ ਵਿੱਚ ਸ਼ਮੂਲੀਅਤ ਕਰ ਰਿਹਾ ਹੈ। ਇਨਸਾਫ਼ ਲੈਣ ਲਈ ਸਬਰ ਸਿਦਕ ਦਾ ਪੱਲਾ ਫੜੀ ਬੈਠੇ ਕਿਸਾਨਾਂ ਨੂੰ ਅਣਗੌਲਿਆ ਕਰਨ ਵਾਲੀ ਸਰਕਾਰ ਨੇ ਆਪਣਾ ਹੱਠ ਨਹੀਂ ਛੱਡਿਆ… ਹਾਲ ਹੀ ਵਿੱਚ ਲਖੀਮਪੁਰ ਖੀਰੀ  ਵਾਲੀ ਦਰਿੰਦਗੀ ਭਰੀ ਘਟਨਾ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਆਜ਼ਾਦ ਮੁਲਕ ਵਿੱਚ ਅਜਿਹੀਆਂ ਸੰਵੇਦਨਹੀਣ ਘਟਨਾਵਾਂ ਵਾਪਰਨਾ ਅਨੈਤਿਕਾ  ਦਾ ਜਿਊਂਦਾ ਜਾਗਦਾ ਸਬੂਤ ਹਨ। ਜਿਸ ਸਮਾਜ ਵਿੱਚ ਧੱਕੇਸ਼ਾਹੀ ਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੋਵੇ ਤੇ ਲੋਕ ਰਾਵਣ ਦੇ ਚਰਿੱਤਰ ਤੋਂ ਵੀ ਗਿਰ ਜਾਣ ਉੱਥੇ ਸਾਡਾ ਦੁਸਹਿਰਾ ਮਨਾਉਣਾ ਅਰਥਹੀਣ ਹੋ ਜਾਂਦਾ ਹੈ।
ਸੋ ਆਉ ਅਜਿਹੇ ਤਿਉਹਾਰਾਂ ਤੇ ਇਕੱਠੇ ਹੋ ਕੇ ਮਰ ਚੁੱਕੀ ਇਨਸਾਨੀਅਤ ਨੂੰ ਜਗਾਈਏ ।
ਅੰਨ੍ਹੇ ਬੋਲੇ ਕਾਨੂੰਨ ਲਈ ਆਪਣੀ ਆਵਾਜ਼ ਬੁਲੰਦ ਕਰੀਏ… ਵੇਲਾ ਆ ਗਿਆ ਹੈ ਸੁਚੇਤ ਹੋ ਕੇ ਆਪਣੇ ਹੱਕਾਂ ਲਈ ਇੱਕ ਮੁੱਠ ਹੋ ਕੇ  ਨਵੇਂ ਨਿਰੋਏ ਸਮਾਜ ਦੀ ਸਿਰਜਣਾ ਲਈ ਅੱਗੇ ਵਧਣ ਦਾ.. ਆਪਣੀਆਂ ਜ਼ਮੀਰਾਂ ਜਗਾਈਏ ਤੇ ਸਮਾਜ ਲਈ ਨਵੀਆਂ ਪੈੜਾਂ ਪਾਈਏ…।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin