Articles

ਆਪਣੀ ਜਿੰਮੇਵਾਰੀ ਆਪ ਚੁੱਕੋ !

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਸਾਡੀ ਮਨੁੱਖਾਂ ਦੀ ਆਦਤ ਹੈ ਕਿ ਅਸੀਂ ਜਿਆਦਾਤਰ ਆਪਣੇ ਅਣਸੁਖਾਵੇਂ ਹਲਾਤਾਂ ਦੇ ਜਿੰਮੇਵਾਰ ਦੂਸਰਿਆਂ ਨੂੰ ਠਹਿਰਾਉਂਦੇ ਹਾਂ। ਜੇਕਰ ਕੋਈ ਨਿਰਾਸ਼ ਹੁੰਦਾ ਹੈ ਤਾਂ ਜਿਆਦਾਤਰ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸਦਾ ਸਿਹਰਾ ਕਿਸ ਸਿਰ ਬੰਨਿਆ ਜਾਵੇ ਤਾਂ ਜੋ ਨਿਰਾਸ਼ਤਾ ਦੇ ਕਾਰਨ ਜੋ ਬਚੈਨੀ ਜਾਂ ਕਰੋਧ ਆ ਰਿਹਾ ਹੈ ਉਹ ਕਿਸੇ ਦੂਸਰੇ ਉੱਪਰ ਕੱਢ ਸਕੀਏ । ਇਸ ਗੱਲ ਨੂੰ ਅਸੀਂ ਦੁਰਕਾਰ ਨਹੀਂ ਸਕਦੇ । ਅੱਜ ਦੀ ਭੱਜਦੌੜ ਵਾਲੀ ਜਿੰਦਗੀ ਵਿੱਚ ਇਹ ਹਰ ਘਰ ਦੀ ਕਹਾਣੀ ਬਣੀ ਹੋਈ ਹੈ। ਅਸੀਂ ਲੋਕ ਹਮੇਸ਼ਾ ਦੂਸਰਿਆਂ ਦੇ ਕੰਨੀ ਝਾਕਦੇ ਰਹਿੰਦੇ ਹਾਂ। ਆਪਣੇ ਹੱਥੀ ਕੁਝ ਕਰਨਾ ਸਾਨੂੰ ਬਹੁਤ ਭਾਰੀ ਲੱਗਦਾ ਹੈ। ਘਰੇਲੂ ਕੰਮਾਂ ਤੋਂ ਲੈਕੇ ਸਾਡੇ ਜੀਵਨ ਨੂੰ ਲੀਹ ਤੇ ਲਿਆਉਣ ਤੱਕ ਦੇ ਫੈਂਸਲਿਆਂ ਤੱਕ ਅਸੀਂ ਲੋਕਾਂ ਉੱਪਰ ਨਿਰਭਰ ਰਹਿੰਦੇ ਹਾਂ। ਦੂਸਰਿਆਂ ਉੱਪਰ ਨਿਰਭਰ ਹੋਣ ਜਾਂ ਹਮੇਸ਼ਾ ਰਿੱਜੀ ਖੀਰ ਭਾਲਣ ਵਾਲਿਆਂ ਦੇ ਸਾਹਮਣੇ ਦੋ ਸਥਿਤੀਆਂ ਹਮੇਸ਼ਾ ਆਉਂਦੀਆਂ ਹਨ। ਇਸ ਵਿੱਚੋਂ ਪਹਿਲੀ ਸਥਿਤੀ ਇਹ ਹੁੰਦੀ ਹੈ ਕਿ ਪਹਿਲਾਂ ਤਾਂ ਅਸੀਂ ਆਪਣੇ ਜੀਵਨ ਦੀ ਜਿੰਮੇਵਾਰੀ ਆਪ ਚੁੱਕਦੇ ਹੀ ਨਹੀਂ ਹਾਂ, ਬੱਚੇ ਜਿਆਦਾਤਰ ਮਾਪਿਆਂ ਉੱਪਰ ਹੀ ਨਿਰਭਰ ਹੋਏ ਰਹਿੰਦੇ ਹਨ, ਜੇਕਰ ਮਾਪਿਆਂ ਨੇ ਬੱਚਿਆਂ ਨੂੰ ਪੜ੍ਹਾ ਲਿਖਾ ਦਿੱਤਾ ਹੈ ਤਾਂ ਹੁਣ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣਾ ਰੁਜ਼ਗਾਰ ਆਪ ਲੱਭਣ। ਖੁਦ ਹਿੰਮਤ ਕਰਨ ਤੇ ਨੌਕਰੀਆਂ ਲੱਭਣ। ਆਪਣੇ ਆਪ ਦੀ ਜਿੰਮੇਵਾਰੀ ਚੁੱਕਦੇ ਹੋਏ ਮਾਪਿਆਂ ਦੇ ਹੱਥਾਂ ਵੱਲ ਨਾ ਵੇਖਣ ਬਲਕਿ ਮਾਪਿਆਂ ਨੂੰ ਕਮਾ ਕੇ ਦੇਣ। ਪਰ ਬਹੁਤ ਸਾਰੇ ਨੌਜਵਾਨ ਅਜਿਹੇ ਹੁੰਦੇ ਹਨ ਜੋ ਪੜਾਈ ਲਿਖਾਈ ਕਰਨ ਉਪਰੰਤ ਵੀ ਮਾਪਿਆਂ ਕੋਲੋਂ ਆਸ ਰੱਖਦੇ ਹਨ ਕਿ ਹੁਣ ਨੌਕਰੀ ਜਾਂ ਕਾਰੋਬਾਰ ਵੀ ਉਹੀਓ ਸ਼ੁਰੂ ਕਰ ਕੇ ਦੇਣ। ਜੋ ਕਿ ਬਿਲਕੁਲ ਗਲਤ ਅਤੇ ਗੈਰ ਜਿੰਮੇਵਾਰੀ ਵਾਲੀ ਹਰਕਤ ਹੈ। ਇਸ ਤੋਂ ਇਲਾਵਾ ਦੂਸਰੀ ਸਥਿਤੀ ਇਹ ਹੁੰਦੀ ਹੈ ਕਿ ਕੁਝ ਮਾਪੇ ਆਪਣੇ ਬੱਚਿਆਂ ਨੂੰ ਜਿੰਮੇਵਾਰੀ ਚੁੱਕਣ ਹੀ ਨਹੀਂ ਦਿੰਦੇ, ਉਹਨਾਂ ਦੇ ਹਰ ਫੈਸਲੇ ਨੂੰ ਨਿਕਾਰ ਦਿੱਤਾ ਜਾਂਦਾ ਹੈ । ਬੱਚਿਆਂ ਦੀ ਪੜਾਈ ਲਿਖਾਈ ਤੋਂ ਲੈਕੇ ਨੌਕਰੀ ਤੱਕ ਮਾਪੇ ਏਨੀ ਜਿਆਦਾ ਸਖਤਾਈ ਰੱਖਦੇ ਹਨ ਕਿ ਬੱਚਿਆਂ ਉਪਰ ਕਈ ਅਜਿਹੇ ਫੈਸਲੇ ਥੋਪ ਦਿੱਤੇ ਜਾਂਦੇ ਹਨ , ਜਿਸ ਵਿੱਚ ਉਹ ਕਦੇ ਵੀ ਖੁਸ਼ ਨਹੀਂ ਹੁੰਦੇ। ਅਜਿਹੀਆਂ ਹਾਲਤਾਂ ਵਿੱਚ ਨਿਰਾਸ਼ਤਾ ਦੇ ਆਲਮ ਲੋਕਾਂ ਦੀਆਂ ਜ਼ਿੰਦਗੀਆਂ ਤੇ ਆ ਚੜਦੇ ਹਨ ਤੇ ਫਿਰ ਸ਼ੁਰੂ ਹੁੰਦਾ ਹੈ ਇੱਕ ਦੂਸਰੇ ਉੱਪਰ ਇਲਜ਼ਾਮ ਲਾਉਣ ਦਾ ਸਿਲਸਿਲਾ, ਜਿਸ ਦਾ ਅੰਤ ਕਲੇਸ਼ ਦੇ ਰੂਪ ਵਿੱਚ ਹੁੰਦਾ ਹੈ।

ਹੁਣ ਇਹਨਾਂ ਦੋਨਾਂ ਸਥਿਤੀਆਂ ਨੂੰ ਜਾਨਣ ਉਪਰੰਤ ਹੁਣ ਦੋ ਚੀਜ਼ਾਂ ਸਾਹਮਣੇ ਆਉਦੀਆਂ ਹਨ , ਇੱਕ ਤਾਂ ਇਹ ਕਿ ਕੁਝ ਬੱਚੇ (ਨੌਜਵਾਨ) ਸਾਰੀ ਉਮਰ ਆਪਣੀ ਜਿੰਮੇਵਾਰੀ ਚੁੱਕਣਾ ਹੀ ਨਹੀਂ ਚਾਉਂਦੇ। ਉਹ ਹਮੇਸ਼ਾ ਚਾਹੰਦੇ ਹਨ ਕਿ ਉਹਨਾਂ ਦੇ ਮਾਪੇ ਹੀ ਉਹਨਾਂ ਦੇ ਸਾਰੇ ਕੰਮ ਕਰਨ ਤੇ ਇੱਕ ਅਜਿਹੇ ਮਾਪੇ ਜੋ ਆਪਣੇ ਬੱਚਿਆਂ ਨੂੰ ਕੋਈ ਜਿੰਮੇਵਾਰੀ ਦੇਣਾ ਹੀ ਨਹੀਂ ਚਾਹੁੰਦੇ ਅਤੇ ਸਾਰੀ ਉਮਰ ਆਪਣੇ ਫੈਂਸਲਿਆਂ ਉੱਤੇ ਹੀ ਨਿਰਭਰ ਰੱਖਣਾ ਚਾਹੁੰਦੇ ਹਨ। ਇਹਨਾਂ ਦਾ ਸਿੱਟਾ ਇਹ ਨਿਕਲਦਾ ਹੈ ਕਿ ਦੋਨਾਂ ਹੀ ਸਥਿਤੀਆਂ ਵਿੱਚ ਇੱਕ ਚੰਗੀ ਸ਼ਖਸੀਅਤ ਦਾ ਨਿਰਮਾਣ ਨਹੀਂ ਹੋ ਸਕਦਾ। ਇੱਕ ਚੰਗੀ ਸ਼ਖਸੀਅਤ ਤਾਂ ਹੀ ਸਿਰਜੀ ਜਾਂ ਸਕਦੀ ਹੈ ਜੇਕਰ ਹਰ ਕੋਈ ਆਪਣੀ ਜਿੰਮੇਵਾਰੀ ਆਪ ਚੁੱਕੇ। ਸਾਨੂੰ ਆਪਣੀ ਜਿੰਦਗੀ ਦੇ ਹਰ ਫੈਸਲਾ ਆਪ ਲੈਣਾ ਚਾਹੀਦਾ ਹੈ ਹਾਂ ਇਹ ਜਰੂਰ ਕਿ ਉਸ ਵਿੱਚ ਤੁਸੀਂ ਆਪਣੇ ਮਾਪਿਆਂ ਅਤੇ ਹੋਰ ਤਜ਼ਰਬੇਕਾਰ ਲੋਕਾਂ ਦੀ ਸਲਾਹ ਜਰੂਰ ਲੈ ਸਕਦੇ ਹੋ ਪਰ ਤੁਹਾਡੀ ਜਿੰਦਗੀ ਦੇ ਫ਼ੈਸਲੇ ਤੁਹਾਡੇ ਦੁਆਰਾ ਲਏ ਹੋਣੇ ਚਾਹੀਦੇ ਹਨ ਤਾਂ ਜੋ ਕੱਲ ਨੂੰ ਜੋ ਵੀ ਨਤੀਜਾ ਆਉਦਾ ਹੈ ਤਾਂ ਉਸਦੇ ਜਿੰਮੇਵਾਰ ਵੀ ਤੁਸੀਂ ਆਪ ਹੋ ਸਕੋ। ਇਸੇ ਤਰ੍ਹਾਂ ਜਦੋਂ ਮਾਪੇ ਆਪਣੇ ਬੱਚਿਆਂ ਨੂੰ ਕੋਈ ਜਿੰਮੇਵਾਰ ਆਪ ਨਹੀਂ ਚੁੱਕਣ ਦਿੰਦੇ ਤਾਂ ਭਵਿੱਖ ਵਿੱਚ ਬੱਚੇ ਦੇ ਅਸਫ਼ਲ ਹੋਣ ਕਾਰਨ ਮਾਪਿਆਂ ਨੂੰ ਬਹੁਤ ਕੁਝ ਸੁਨਣਾ ਪੈਂਦਾ ਹੈ।
ਥੋੜੇ ਸਬਦਾਂ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਨੂੰ ਆਪਣੇ ਆਪ ਦੀ ਜਿੰਮੇਵਾਰੀ ਆਪ ਚੁੱਕਣੀ ਚਾਹੀਦੀ ਹੈ। ਜਿਹੜੇ ਲੋਕ ਹਮੇਸ਼ਾ ਦੂਸਰਿਆਾਂ ਦਾ ਸਹਾਰਾ ਤੱਕਦੇ ਰਹਿੰਦੇ ਹਨ, ਉਹ ਹਮੇਸ਼ਾ ਹੋਰਾਂ ਲਈ ਤੇ ਆਪਣੇ ਆਪ ਲਈ ਵੀ ਬੋਝ ਬਣ ਕੇ ਰਹਿ ਜਾਂਦੇ ਹਨ। ਇੱਕ ਵਧੀਆ, ਬੇਬਾਕ ਸ਼ਖਸੀਅਤ ਲਈ ਜਰੂਰੀ ਹੈ ਕਿ ਤੁਸੀ ਆਪਣੇ ਜੀਵਨ ਦੇ ਨਿਰਮਾਤਾ ਆਪ ਬਣੋ। ਆਪਣੇ ਨਿੱਕੇ ਨਿੱਕੇ ਕੰਮਾਂ ਤੋਂ ਲੈਕੇ ਜਿੰਦਗੀ ਦੇ ਵੱਡੇ ਫੈਸਲਿਆਂ ਤੱਕ ਦੀ ਜਿੰਮੇਵਾਰੀ ਆਪ ਚੁੱਕੋ। ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਛੋਟੇ ਛੋਟੇ ਫੈਸਲੇ ਕਰਨ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਬੱਚੇ ਆਪਣੇ ਜੀਵਨ ਨੂੰ ਵਧੀਆ ਤਰੀਕੇ ਨਾਲ ਤੋਰ ਸਕਣ। ਬਚਪਨ ਤੋਂ ਨਿੱਕੀਆਂ ਨਿੱਕੀਆਂ ਜਿੰਮੇਵਾਰੀਆਂ ਤੇ ਫੈਸਲੇ ਲੈਣ ਦੀ ਆਦਤ ਬੱਚਿਆਂ ਨੂੰ ਭਵਿੱਖ ਦੇ ਸੂਝਵਾਨ ਫੈਂਸਲਾ ਨਿਰਮਾਤਾ ਬਣਾਵੇਗੀ। ਇਸ ਲਈ ਨੌਜਵਾਨ ਬੱਚਿਆਂ ਨੂੰ ਆਪਣੇ ਜੀਵਨ ਦੀ ਜਿੰਮੇਵਾਰੀ ਆਪ ਚੁੱਕਣੀ ਚਾਹੀਦੀ ਹੈ ਅਤੇ ਮਾਪਿਆਂ ਨੂੰ ਇਸ ਵਿੱਚ ਬੱਚਿਆਂ ਨੂੰ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin