Articles Culture

ਫੁਲਕਾਰੀ

ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ,
ਕੰਨਾ ਵਿੱਚ ਕੋਕਰੂ ਤੇ ਵਾਲੀਆਂ ਵੀ ਗਈਆਂ,
ਹੁਣ ਚਲ ਪਏ ਵਲਾਇਤੀ ਬਾਣੇ ,
ਕੀ ਬਣੂ ਦੁੰਨੀਆ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਜਾਣੂ।

ਫੁਲਕਾਰੀ ਸ਼ਬਦ “ਫੁੱਲ “ਅਤੇ “ਕਾਰੀ” ਤੋਂ ਬਣਿਆਂ ਹੈ। ਜਿਸ ਦਾ ਅਸਲ ਵਿੱਚ ਮਤਲਬ ਫੁੱਲਾਂ ਦੀ ਕਾਰੀ। ਫੁਲਕਾਰੀ ਇੱਕ ਤਰਾਂ ਦੀ ਕਢਾਈ ਹੁੰਦੀ ਹੈ, ਜੋ ਚੁੰਨੀ, ਦੁਪੱਟਿਆਂ , ਰੁਮਾਲਾਂ, ਚਾਦਰਾਂ ਉਤੇ ਹੱਥਾਂ ਨਾਲ ਕੀਤੀ ਜਾਂਦੀ ਹੈ। ਇਹ ਔਰਤ ਦਾ ਘੁੰਡ , ਸਿਰ ਕੱਜਣ , ਰੀਝਾਂ ਦਾ ਸ਼ਿੰਗਾਰ , ਮੰਨ ਦੇ ਵਲਵਲਿਆਂ , ਸਿਰਜਨ ਸ਼ਕਤੀ ਦਾ ਪ੍ਰਤੀਕ ਤੇ ਸ਼ਰਮ ਹਜਾ ਦਾ ਪਰਦਾ ਹੈ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰਾਂ ਦੀ ਬੁਣਾਈ ਅਤੇ ਕਢਾਈ ਲਈ ਵਰਤਿਆਂ ਜਾਂਦਾ ਸੀ, ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ। ਪੰਜਾਬੀ ਸ਼ਿਲਪ ਕਲਾ ਵਿੱਚ ਇਸ ਦਾ ਅਹਿਮ ਸਥਾਣ ਹੈ। ਫੁਲਕਾਰੀ ਕੱਢਨ ਲਈ ਇੱਕ ਮੋਟੀ ਸੂਈ, ਖੱਦਰ ਦਾ ਕੱਪੜਾ ਜਾਂ ਰੰਗ-ਬਰੰਗਾ ਧਾਗਾ ਹੁੰਦਾ ਸੀ।
ਪੁਰਾਣੇ ਸਮੇ ਵਿੱਚ ਧੀਆਂ ਧਿਆਣੀਆਂ ਨੂੰ ਹੋਸ਼ ਸੰਭਾਲ਼ਦੇ ਹੀ ਜਵਾਨੀ ਦੀ ਦਹਿਲੀਜ਼ ਤੱਕ ਪੁੱਜਦਿਆਂ ਚੌਕੇ ਚੁੱਲੇ ਦੇ ਕੰਮ ਦੇ ਨਾਲ ਨਾਲ ਕੱਢਨ, ਬੁਨਣ, ਕੱਤਨ ਨਾਲ ਕੋਈ ਨਾਂ ਕੋਈ ਹੋਰ ਮੀਨਾਕਾਰੀ ਸਿਖਾ ਦਿੱਤੀ ਜਾਂਦੀ ਸੀ ਜੋ ਉਸ ਦੀਆਂ ਦਾਜ ਦੀਆਂ ਕੁੱਛ ਵਸਤਾਂ ਲਈ ਕੰਮ ਆਉਦੀਆਂ ਸਨ। ਹੋਲੀ ਹੋਲੀ ਸਲਾਈ, ਕਢਾਈ, ਕੱਤਨ, ਕੱਢਨ , ਬੁੰਨਣ ਵਿੱਚ ਕੁੜੀਆਂ ਇੱਕ ਦੂਸਰੀ ਨੂੰ ਦੇਖੋ ਦੇਖੀ ਮੁਹਾਰਤ ਹਾਸਲ ਕਰ ਲੈਂਦੀਆਂ ਸਨ, ਨਾਲੇ ਫੁਲਕਾਰੀ ਕੱਢੀ ਜਾਂਦੀਆਂ ਸਨ ਤੇ ਆਪਣੇ ਦਿੱਲ ਦੀਆ ਗੱਲਾਂ ਇੱਕ ਦੂਸਰੀ ਨਾਲ ਕਰ ਗਭਾਰ ਕੱਢ ਲੈਂਦੀਆਂ ਸਨ। ਇਹ ਉਹਨਾਂ ਦੀ ਕਲਾ ਕੁਸ਼ਲਤਾ ਦਾ ਪ੍ਰਮਾਣ ਹੁੰਦਾ ਸੀ। ਜਿਸ ਵਾਸਤੇ ਉਹਨਾਂ ਨੂੰ ਫ਼ਖ਼ਰ ਮਹਿਸੂਸ ਹੁੰਦਾ ਸੀ। ਆਪਣੇ ਵੱਲੋਂ ਤਿਆਰ ਕੀਤੀ ਫੁਲਕਾਰੀ ਬਾਰੇ ਸੌਹਰੇ ਘਰ ਤੋਂ ਵਡਿਆਈ ਸੁਣ ਕੁੜੀਆਂ ਆਪਣੇ ਆਪ ਤੇ ਫ਼ਖ਼ਰ ਮਹਿਸੂਸ ਕਰਦੀਆਂ ਸਨ, ਬੜੇ ਚਾਅ ਤੇ ਮੀਨਾਕਾਰੀ ਨਾਲ ਵੰਨ ਸਵੰਨੀਆ ਵੰਨਗੀਆ , ਵੰਨ ਸੁਵੰਨੇ ਰੰਗ ਦੇ ਧਾਗਿਆਂ ਨਾਲ ਫੁੱਲ, ਪੰਛੀ , ਹਿਰਨ ਪਾ ਚਾਦਰ, ਰੁਮਾਲ , ਫੁਲਕਾਰੀ ਨੂੰ ਤਿਆਰ ਕਰਦੀਆਂ ਸਨ, ਜੋ ਪਿਆਰ ਦੀ ਭਾਵਨਾਵਾਂ ਨੂੰ ਪ੍ਰਗਟ ਕਰਦੇ ਸਨ। ਇਸ ਦਾ ਪ੍ਰਯੋਗ ਵਿਆਹ , ਸ਼ਾਦੀਆਂ, ਤਿਉਹਾਰਾਂ ਤੇ ਸਮਾਗਮਾਂ ਦੇ ਮੌਕੇ ਤੇ ਕੀਤਾ ਜਾਂਦਾ ਸੀ। ਲੋਕ ਦਾਜ ਵਿੱਚ ਧੀਆਂ ਨੂੰ ਫੁਲਕਾਰੀ ਦਿੰਦੀਆਂ ਸਨ ਜੋ ਨਾਨੀਆੰ, ਦਾਦੀਆਂ ਤੋਂ ਅੱਗੇ ਪੀੜੀ ਦਰ ਪੀੜੀ ਚੱਲਦਾ ਸੀ। ਵਿਆਹ ਦੋ ਮੋਕੇ ਕੁੜੀਆਂ ਸਿਰ ਤੇ ਫੁਲਕਾਰੀ ਲੈਂਦੀਆਂ ਸਨ , ਜੋ ਉਸ ਦੇ ਹੁਸਨ ਨੂੰ ਚਾਰ ਚੰਨ ਲਗਾ ਦਿੰਦੀ ਸੀ। ਫੁਲਕਾਰੀ ਨਾਲ ਸਬੰਧਤ ਅਨੇਕਾਂ ਲੋਕ ਗੀਤ ਗਾਂਏ ਜਾਂਦੇ ਸੀ, ਜੋ ਸਾਡੇ ਸਭਿਆਚਾਰ ਦਾ ਪ੍ਰਤੀਕ ਹੁੰਦੇ ਸੀ। ਗੀਤਕਾਰਾਂ ਨੇ ਅਜੇ ਵੀ ਗੀਤਾ ਰਾਂਹੀ ਫੁਲਕਾਰੀ ਨੂੰ ਸਾਂਭਿਆਂ ਹੋਇਆ ਹੈ:

ਵੀਰ ਮੇਰੇ ਨੇ ਕੁੜਤੀ ਭੇਜੀ ਭਾਬੋ ਨੇ ਫੁਲਕਾਰੀ,
ਨੀ ਜੁੱਗ ਜੁੱਗ ਜੀਅ ਭਾਬੋ ,
ਲੱਗੇ ਵੀਰ ਤੋਂ ਪਿਆਰੀ।

ਮੈਨੂੰ ਤਾਂ ਕਹਿੰਦਾ ਕੱਢਨ ਨਹੀਂ ਜਾਣਦੀ,
ਵੇ ਮੈਂ ਕੱਢ ਲਈ ਫੁਲਕਾਰੀ,
ਜਦੋਂ ਮੈਂ ਉੱਤੇ ਲਈ, ਤੈਂ ਹੂੰਗਰ ਕਿਉਂ ਮਾਰੀ।

ਉਹਨਾਂ ਸਮਿਆਂ ਵਿੱਚ ਕਿਤੇ ਬਜ਼ੁਰਗ ਦਾਦੀਆਂ ਔਰਤਾਂ ਫੁਲਕਾਰੀ ਲਈ ਨਜ਼ਰ ਆਉਦੀਆਂ ਕਿਤੇ ਆਪਣੇ ਸਾਈਂ ਲਈ ਭੱਤਾ ਚੁੱਕੀ ਜਾਂਦੀ ਮੁਟਿਆਰ ਦੀ ਫੁਲਕਾਰੀ ਵਾਂਜਾ ਮਾਰਦੀ।

ਅੱਗੇ ਅੱਗੇ ਮੈਂ ਤੁਰਦੀ, ਮੇਰੇ ਤੁਰਦੇ ਨੇ ਮਗਰ ਸ਼ਿਕਾਰੀ,
ਹਵਾ ਵਿੱਚ ਤੁਰਦੀ ਫਿਰੇ ਮੇਰੀ ਤਿੱਤਰਾਂ ਵਾਲੀ ਫੁਲਕਾਰੀ।

ਫੁਲਕਾਰੀ ਦੀਆਂ ਬਨਾਉਣ ਦੀਆਂ ਅਨੇਕ ਕਿਸਮਾ ਹਨ ਜਿੰਨਾ ਵਿੱਚ ਮੁੱਖ ਬਾਗ਼ ਬੜੀ ਮਿਹਨਤ ਨਾਲ ਤਿਆਰ ਕੀਤੀ ਜਾਣ ਵਾਲੀ ਫੁਲਕਾਰੀ ਹੈ।ਇਸ ਦੀ ਕਢਾਈ ਸੰਘਨੀ ਤੇ ਪੱਟ ਦੇ ਧਾਗੇ ਮਾਲ ਤਿਆਰ ਕੀਤੀ ਜਾਂਦੀ ਹੈ, ਲਾਲ ਜਾਂ ਗੂੜੇ ਵਾਲ ਖੱਦਰ ਦੀ ਫੁਲਕਾਰੀ ਨੂੰ ਚੋਪ ਕਹਿੰਦੇ ਹਨ। ਕੰਨੀਆਂ ਤੋਂ ਕਢਾਈ ਕੱਢੀ ਜਾਂਦੀ ਹੈ। ਇਹ ਨਾਨਕਿਆਂ ਵੱਲੋਂ ਕੁੜੀ ਨੂੰ ਦਿੱਤੀ ਜਾਦੀ ਹੈ। ਸੁੱਭਰ ਵੀ ਲਾਲ ਸੰਗਨਾਂ ਦਾ ਕੱਪੜਾ ਹੁੰਦਾ ਹੈ, ਜਿਸ ਦੇ ਚਾਰੇ ਕੋਨੇ ਕੱਢੇ ਜਾਂਦੇ ਹਨ, ਲਾਲ ਜਾਂ ਗੂੜੇ ਲਾਲ ਖੱਦਰ ਦੀ ਫੁਲਕਾਰੀ ਨੂੰ ਸ਼ਾਲੂ ਵੀ ਕਹਿੰਦੇ ਹਨ। ਕਾਲੇ ਜਾਂ ਨੀਲੇ ਰੰਗ ਦੇ ਖੱਦਰ ਉੱਤੇ ਪੀਲੇ ਤੇ ਲਾਲ ਰੇਸ਼ਮ ਦੀ ਕਢਾਈ ਕੀਤੀ ਜਾਦੀ ਹੈ, ਇਸ ਨੂੰ ਨੀਲ ਕੰਠ ਕਿਹਾ ਜਾਂਦਾ ਹੈ। ਘੁੰਗਟਬਾਟ ਫੁਲਕਾਰੀ ਵਿੱਚ ਸਿਰ ਵਾਲੇ ਪਾਸੇ ਉੱਪਰ ਤਿਕੋਣੀ ਗੋਟੇ ਦੀ ਕਢਾਈ ਕੀਤੀ ਜਾਂਦੀ ਹੈ।

ਜੋ ਹੁਣ ਦੇ ਜ਼ਮਾਨੇ ਨੇ ਕਾਫ਼ੀ ਤਰੱਕੀ ਕਰ ਲਈ ਹੈ, ਲੋਕਾਂ ਕੋਲ ਹੁਣ ਫੁਲਕਾਰੀ ਕੱਢਨ ਦਾ ਵਿਹਲ ਨਹੀਂ ਹੈ ਤੇ ਨਾਂ ਹੀ ਰੁੱਚੀ ਹੈ। ਇਹ ਕਲਾ ਕਿਰਤੀਆਂ ਅਲੋਪ ਹੋ ਗਈਆਂ ਹਨ।ਇਹਨਾ ਦੀ ਜਗਾ ਮਸ਼ੀਨਰੀ ਨਾਲ ਬਣੀਆ ਸ਼ਾਲ, ,ਚਾਦਰਾ ਆ ਗਈਆ ਹਨ, ਜੋ ਫੁਲਕਾਰੀ ਇੱਕ ਅਜਾਇਬ ਘਰ ਵਿਆਹ , ਸ਼ਾਦੀਆਂ, ਸਭਿਆਚਾਰ ਪ੍ਰੋਗਰਾਮ , ਗੀਤਾਂ ਵਿੱਚ ਸਿਮਟ ਕੇ ਬੁਝਾਰਤ ਬਣ ਕੇ ਰਹਿ ਗਈ ਹੈ।, ਲੋੜ ਹੈ ਆਪਣੇ ਵਿਰਸੇ ਕਲਾ ਕਿਰਤੀਆਂ ਨੂੰ ਸਾਂਭਣ ਦੀ ਜਿਸ ਤੋ ਨਵੀਂ ਪੀੜੀ ਬਿਲਕੁਲ ਅਨਜਾਨ ਹੈ।

– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin