Religion

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਲ੍ਹਾ ਅਨੰਦਪੁਰ ਛੱਡਿਆ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸਮੁੱਚੀ ਦੁਨੀਆ ਲਈ ਹਰ ਪੱਖੋਂ ਵਿਲੱਖਣ ਹੈ | ਭਾਵੇਂ 9 ਸਾਲ ਦੀ ਉਮਰ ਵਿਚ ਹਿੰਦੂ ਧਰਮ ਦੀ ਰੱਖਿਆ ਲਈ ਬਾਦਸ਼ਾਹ ਔਰੰਗਜ਼ੇਬ ਦਾ ਮਾਣ ਤੋੜਨ ਤੇ ਜਬਰੀ ਧਰਮ ਪਰਿਵਰਤਨ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਨੌਵੇਂ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੁਰਬਾਨੀ ਦੇਣ ਲਈ ਭੇਜਣਾ ਹੋਵੇ ਜਾਂ ਵੱਖ-ਵੱਖ ਧਰਮਾਂ, ਗੋਤਾਂ, ਜਾਤਾਂ ਨੂੰ ਖਤਮ ਕਰਦਿਆਂ ਖੰਡੇ ਬਾਟੇ ਦਾ ਅੰਮਿ੍ਤ ਤਿਆਰ ਕਰਕੇ ਇਕੋ ਬਾਟੇ ਵਿਚ ਛਕਾ ਕੇ ਬਰਾਬਰਤਾ ਦਾ ਉਪਦੇਸ਼ ਦੇਣਾ ਹੋਵੇ ਅਤੇ ਜਬਰ ਜ਼ੁਲਮ ਨੂੰ ਨਾ ਸਹਿਣ ਕਰਦਿਆਂ ਉਸ ਦਾ ਡਟ ਕੇ ਟਾਕਰਾ ਕਰਦਿਆਂ ਆਪਣਾ ਸਰਬੰਸ ਕੌਮ-ਦੇਸ਼ ਲਈ ਵਾਰ ਕੇ ਕੁਰਬਾਨੀ ਦੀ ਅਜਿਹੀ ਮਿਸਾਲ ਪੈਦਾ ਕਰਨੀ ਹੈ, ਜੋ ਦੁਨੀਆ ਵਿਚ ਕਿਧਰੇ ਵੀ ਨਹੀਂ ਮਿਲਦੀ | ਭਾਵੇਂ ਸਿੱਖ ਇਤਿਹਾਸ ਵਿਚ ਬਾਕੀ ਗੁਰੂਆਂ ਦਾ ਜੀਵਨ ਵੀ ਸੰਘਰਸ਼ਮਈ, ਕੁਰਬਾਨੀ ਵਾਲਾ ਰਿਹਾ ਅਤੇ ਲੋਕਾਈ ਲਈ ਮਾਰਗ ਦਰਸ਼ਕ ਹੈ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਬੇਹਿਸਾਬ ਦੁੱਖਾਂ ਨਾਲ ਭਰਿਆ ਹੋਇਆ | ਸੱਚ ਦੀ ਲੜਾਈ ਲੜਦਿਆਂ, ਜਬਰ ਜ਼ੁਲਮ ਖਿਲਾਫ ਆਵਾਜ਼ ਬੁਲੰਦ ਕਰਨ ਕਾਰਨ ਉਨ੍ਹਾਂ ਦੇ ਨਾਲ ਪਹਾੜੀ ਰਾਜਿਆਂ ਜਾਂ ਮੁਗ਼ਲ ਸਲਤਨਤ ਨੇ ਆਪਣੇ ਅੰਦਰਲੇ ਡਰ ਕਾਰਨ ਗੁਰੂ ਜੀ ਨੂੰ ਆਪਣਾ ਦੁਸ਼ਮਣ ਸਮਝਦਿਆਂ ਅਨੇਕਾਂ ਹਮਲੇ ਕੀਤੇ | ਪਰ ਗੁਰੂ ਜੀ ਨੇ ਨਾ ਤਾਂ ਕਿਸੇ ‘ਤੇ ਪਹਿਲਾਂ ਵਾਰ ਕੀਤਾ ਅਤੇ ਨਾ ਹੀ ਉਨ੍ਹਾਂ ਦਾ ਡਰ ਮੰਨਿਆ, ਸਗੋਂ 40 ਸਿੰਘਾਂ ਨਾਲ ਜ਼ਾਲਮਾਂ ਦੀਆਂ ਲੱਖਾਂ ਦੀ ਤਦਾਦ ਵਿਚ ਫੌਜਾਂ ਦਾ ਡਟ ਕੇ ਟਾਕਰਾ ਕੀਤਾ |
ਇਹ ਪੋਹ ਮਹੀਨਾ ਗੁਰੂ ਜੀ ਦੇ ਪਰਿਵਾਰ ਲਈ ਇਕ ਅਜਿਹਾ ਇਮਤਿਹਾਨ ਹੋ ਨਿਬੜਿਆ, ਜਿਸ ਵਿਚ ਉਨ੍ਹਾਂ ‘ਤੇ ਦੁੱਖਾਂ, ਮੁਸੀਬਤਾਂ ਦੇ ਪਹਾੜ ਹੀ ਟੁੱਟ ਪਏ ਅਤੇ ਗੁਰੂ ਜੀ ਨੇ ਇਸ ਨੂੰ ਅਕਾਲ ਪੁਰਖ ਦਾ ਮਿੱਠਾ ਭਾਣਾ ਹੀ ਮੰਨਿਆ, ਪਰ ਦੁਨੀਆ ਲਈ ਕੁਰਬਾਨੀ ਦੀ ਇਕ ਮਿਸਾਲ ਕਾਇਮ ਹੋਈ | ਮੁਗ਼ਲਾਂ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਪਾਏ ਘੇਰੇ ਉਪਰੰਤ ਕਿਲ੍ਹੇ ਅੰਦਰ ਜੋ ਹਾਲਾਤ ਬਣੇ, ਭੁੱਖਣਭਾਣੇ ਸਿੰਘਾਂ ਵਿਚੋਂ 40 ਸਿੰਘਾਂ ਨੇ ‘ਅਸੀਂ ਤੇਰੇ ਸਿੱਖ ਨਹੀਂ, ਤੂੰ ਸਾਡਾ ਗੁਰੂ ਨਹੀਂ’ ਲਿਖ ਕੇ ਦੇ ਜਾਣਾ, ਫੇਰ ਮਾਤਾ ਗੁਜਰੀ ਜੀ ਤੇ ਸਿੰਘਾਂ ਦੇ ਕਹਿਣ ਅਤੇ ਮੁਗ਼ਲਾਂ ਤੇ ਪਹਾੜੀ ਰਾਜਿਆਂ ਵੱਲੋਂ ਆਟੇ ਦੀ ਗਊ ਬਣਾ ਕੇ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਇਹ ਕਹਿਣ ਕਿ ਗੁਰੂ ਜੀ ਜੇਕਰ ਕਿਲ੍ਹਾ ਖਾਲੀ ਕਰਕੇ ਕਿਧਰੇ ਹੋਰ ਚਲੇ ਜਾਂਦੇ ਹਨ ਤਾਂ ਉਹ ਹਮਲਾ ਨਹੀਂ ਕਰਦੇ | ਇਤਿਆਦਿਕ ਬਾਅਦ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਖਾਲੀ ਕਰਕੇ ਸ੍ਰੀ ਅਨੰਦਪੁਰ ਸਾਹਿਬ ਨੂੰ ਸਦਾ ਲਈ ਛੱਡ ਕੇ ਜਾਣਾ, ਪਿੱਛਿਓਾ ਮੁਗ਼ਲ ਫੌਜ ਵੱਲੋਂ ਹਮਲਾ ਕਰਨਾ, ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੋੜਾ ਪੈਣਾ, ਅਨੇਕਾਂ ਸਿੰਘਾਂ ਸਮੇਤ ਕੀਮਤੀ ਗੁਰ ਇਤਿਹਾਸ ਨਦੀ ਵਿਚ ਰੁੜ੍ਹ ਜਾਣਾ, ਚਮਕੌਰ ਸਾਹਿਬ ਦੀ ਗੜ੍ਹੀ ਅੰਦਰ 40 ਸਿੰਘਾਂ ਨੇ ਮੁਗ਼ਲਾਂ ਦਾ ਡਟ ਕੇ ਟਾਕਰਾ ਕਰਦਿਆਂ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸਮੇਤ ਸ਼ਹੀਦ ਹੋਣਾ, ਮਾਤਾ ਗੁਜਰੀ ਜੀ ਸਮੇਤ ਛੋਟੇ ਸ਼ਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਹਿ ਸਿੰਘ ਜੀ ਨੂੰ ਸੂਬਾ ਸਰਹਿੰਦ ਵਜ਼ੀਦ ਖਾਨ ਵੱਲੋਂ ਉਨ੍ਹਾਂ ਨੂੰ ਧਰਮ ਪਰਿਵਰਤਨ ਕਰਨ ਦੇ ਦਿੱਤੇ ਜਬਰੀ ਤੇ ਲਾਲਚ ਦਾ ਮੂੰਹ ਤੋੜ ਜਵਾਬ ਮਿਲਣ ਉਪਰੰਤ ਨੀਂਹਾਂ ਵਿਚ ਚਿਣਵਾ ਕੇ ਸ਼ਹੀਦ ਕਰਨਾ ਆਦਿ ਦੁੱਖਾਂ ਦੀ ਦਾਸਤਾਨ ਸਿੱਖ ਇਤਿਹਾਸ ਦੇ ਅਜਿਹੇ ਸੁਨਹਿਰੀ ਪੰਨੇ ਬਣੇ ਕਿ ਸਿੱਖ ਕੌਮ ਨੇ ਇਸ ਪੋਹ ਮਹੀਨੇ ਆਪਣੇ ਸੁੱਖਾਂ, ਖੁਸ਼ੀਆਂ ਦੇ ਸਮਾਗਮ ਕਰਨੇ ਹੀ ਬੰਦ ਕਰ ਦਿੱਤੇ, ਜਿਸ ਦੀ ਅੱਜ ਵੀ ਮਿਸਾਲ ਕਾਇਮ ਹੈ ਕਿ ਸਿੱਖਾਂ ਦੇ ਘਰਾਂ ਅੰਦਰ ਇਸ ਮਹੀਨੇ ਵਿਆਹ ਆਦਿ ਸਮਾਗਮ ਨਹੀਂ ਕੀਤੇ ਜਾਂਦੇ, ਭਾਵੇਂ ਬਹੁਤੇ ਲੋਕਾਂ ਨੂੰ ਇਸ ਬਾਰੇ ਪਤਾ ਨਾ ਹੋਵੇ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਨੂੰ ਖਾਲੀ ਕਰਨ ਉਪਰੰਤ ਸ੍ਰੀ ਅਨੰਦਪੁਰ ਸਾਹਿਬ ਨੂੰ 6-7 ਪੋਹ ਦੀ ਰਾਤ ਨੂੰ ਛੱਡ ਕੇ ਗਏ ਸਨ | ਉਨ੍ਹਾਂ ਦੇ ਇਸ ਵੈਰਾਗਮਈ ਪਰ ਗੌਰਵਮਈ ਅਮੀਰ ਸਿੱਖ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ ਸੰਸਾਰ ਪ੍ਰਸਿੱਧ ਇਤਿਹਾਸਕ ਗੁਰਦੁਆਰਾ ਮੈਹਦੇਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਜ਼ੋਰਾ ਸਿੰਘ ਲੱਖਾ ਵੱਲੋਂ, ਜੋ ਪਿਛਲੇ 22 ਸਾਲਾਂ ਤੋਂ ਲਗਾਤਾਰ ਇਸ ਇਤਿਹਾਸਕ ਦਿਹਾੜੇ ਨੂੰ ਸ਼ਰਧਾ, ਭਾਵਨਾ ਤੇ ਧੂਮਧਾਮ ਨਾਲ ਮਨਾਉਂਦੇ ਆ ਰਹੇ ਹਨ | ਸ਼ੁਰੂਆਤ ਵਿਚ ਭਾਵੇਂ 6-7 ਪੋਹ (20-21 ਦਸੰਬਰ) ਦੀ ਰਾਤ ਨੂੰ ਸੰਗਤਾਂ ਨਾਮਾਤਰ ਪੁੱਜਦੀਆਂ ਸਨ, ਪਰ ਹੁਣ ਇਸ ਰਾਤ ਹਜ਼ਾਰਾਂ ਦੀ ਤਦਾਦ ਵਿਚ ਸੰਗਤਾਂ ਇਨ੍ਹਾਂ ਸਮਾਗਮਾਂ ਵਿਚ ਸ਼ਾਮਿਲ ਹੀ ਨਹੀਂ ਹੁੰਦੀਆਂ, ਸਗੋਂ ਉਸ ਵੇਲੇ ਨੂੰ ਯਾਦ ਕਰਕੇ ਵੈਰਾਗ ਵਿਚ ਧਾਹੀਂ ਰੋਂਦੀਆਂ ਦੇਖੀਆਂ ਜਾ ਸਕਦੀਆਂ ਹਨ | ਸ਼੍ਰੋਮਣੀ ਕਮੇਟੀ ਵੱਲੋਂ ਵੀ ਹੁਣ ਇਸ ਦਿਹਾੜੇ ਨੂੰ ਵਧ-ਚੜ੍ਹ ਕੇ ਮਨਾਇਆ ਜਾ ਰਿਹਾ ਹੈ | ਇਸ ਤੋਂ ਬਾਆਦ ਗੁਰੂ ਜੀ ਨੇ ਇਥੋਂ ਚੱਲ ਕੇ ਚਮਕੌਰ ਸਾਹਿਬ, ਮਾਛੀਵਾੜਾ ਸਾਹਿਬ, ਆਲਮਗੀਰ, ਹੇਰਾਂ, ਰਾਏਕੋਟ, ਲੰਮਾ ਜੱਟਪੁਰਾ, ਮਾਣੂੰਕੇ, ਮੈਹਦੇਆਣਾ ਸਾਹਿਬ ਹੁੰਦੇ ਚਕਰ, ਰਾਮਾਂ, ਤਖ਼ਤੂਪੁਰਾ, ਦੀਨਾ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਗਏ |
ਉਨ੍ਹਾਂ ਦੇ ਇਸ ਕੜਾਕੇ ਦੀ ਠੰਢ ‘ਚ ਪੋਹ ਮਹੀਨੇ ਦੇ ਜੀਵਨ ਦਾ ਇਕ-ਇਕ ਪਲ ਸਾਨੂੰ ਅਜਿਹੀ ਸੇਧ ਦਿੰਦਾ ਹੈ ਕਿ ਇਨਸਾਨ ਨੂੰ ਨਾ ਤਾਂ ਕਦੇ ਕਿਸੇ ‘ਤੇ ਜ਼ੁਲਮ ਕਰਨਾ ਚਾਹੀਦਾ, ਨਾ ਸਹਿਣਾ ਚਾਹੀਦਾ | ਲੋੜ ਪੈਣ ‘ਤੇ ਜਾਂ ਮੁਸੀਬਤ ਵੇਲੇ ਘਬਰਾਉਣਾ ਨਹੀਂ, ਸਗੋਂ ਮੁਸੀਬਤ ਦਾ ਹਿੰਮਤ ਨਾਲ ਡਟ ਕੇ ਟਾਕਰਾ ਕਰਨਾ ਚਾਹੀਦਾ, ਭਾਵੇਂ ਇਸ ਲਈ ਆਪਣਾ ਕੁਝ ਕੁਰਬਾਨ ਹੀ ਕਿਉਂ ਨਾ ਕਰਨਾ ਪਵੇ | ਸਿੱਖੀ ਸਿਧਾਂਤਾਂ ਅਨੁਸਾਰ ਭਾਣਾ ਮੰਨਣ ਦੀ ਜਾਚ ਵੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਭਾਣਾ ਮੰਨ ਕੇ ਸਾਨੂੰ ਸਿਖਾਈ ਹੈ |
-ਜਸਵਿੰਦਰ ਛਿੰਦਾ ਦੇਹੜਕੇ

Related posts

ਅੰਮ੍ਰਿਤਸਰ ਤੋਂ ਸਾਂਝੀਵਾਲਤਾ ਦੇ ਯੁਗ ਦੀ ਸ਼ੁਰੂਆਤ

admin

ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸੱਭ ਦੁਖ ਜਾਇ

admin

ਸ਼ਹੀਦ ਭਾਈ ਤਾਰੂ ਸਿੰਘ ਜੀ: ‘ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨ ਜਾਵੇ’

admin