Culture

ਸਹਿਣਸ਼ੀਲ ਮਾਨਸਿਕਤਾ ਦਾ ਪ੍ਰਤੀਕ ਹਨ ਸਿੱਠਣੀਆਂ

ਸਿੱਠਣੀ ਸ਼ਬਦ ਦਾ ਮੂਲ ਧਾਤੂ ਸਿੱਠ ਹੈ ਜਿਸ ਦਾ ਅਰਥ ਠਿੱਠ, ਮਜ਼ਾਕ, ਭੰਡੀ, ਵਿਅੰਗਾਤਮਕ ਟਕੋਰ ਕਰਨਾ ਹੈ। ਸਿੱਠਣੀ ਵਿਆਹ ਨਾਲ ਸਬੰਧਿਤ ਔਰਤਾਂ ਦਾ ਗੀਤ ਹੈ ਜਿਸ ਰਾਹੀਂ ਲੜਕੀ ਵਾਲਿਆਂ ਵੱਲੋਂ ਲੜਕੇ ਵਾਲਿਆਂ ਦੀਆਂ ਤਰੁਟੀਆਂ, ਊਣਤਾਈਆਂ ਜਾਂ ਖਾਮੀਆਂ ਨੂੰ ਹਾਸਰਸੀ ਢੰਗ ਨਾਲ ਪੇਸ਼ ਕਰਕੇ ਦੋਵੇਂ ਧਿਰਾਂ ਦਾ ਮਨੋਰੰਜਨ ਕੀਤਾ ਜਾਂਦਾ ਹੈ। ਇਹ ਪੰਜਾਬੀ ਲੋਕਾਂ ਦੇ ਖੁੱਲ੍ਹੇ-ਡੁੱਲੇ ਅਤੇ ਮਜ਼ਾਹੀਆ ਸੁਭਾਅ ਦੀ ਤਰਜਮਾਨੀ ਕਰਦੀਆਂ ਹਨ। ਵਿਆਹ ਵਿੱਚ ਕਈ ਮੌਕਿਆਂ ’ਤੇ ਹਾਸੇ ਠੱਠੇ ਦਾ ਵਾਤਾਵਰਣ ਪੈਦਾ ਕਰਨ ਲਈ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ।
ਸਿੱਠਣੀਆਂ ਕਾਵਿ ਰੂਪ ਵਿੱਚ ਕਈ ਵਾਰ ਇੰਨਾ ਡੂੰਘਾ ਕਟਾਖਸ਼ ਕੀਤਾ ਗਿਆ ਹੁੰਦਾ ਹੈ ਕਿ ਇਸ ਦੇ ਅਰਥ ਕੀਤੇ ਜਾਣ ਤਾਂ ਇਸ ਨੂੰ ਸਹਿਣਾ ਮਾੜੇ ਧੀੜੇ ਵਿਅਕਤੀ ਦੇ ਵੱਸੋਂ ਬਾਹਰਾ ਹੋ ਸਕਦਾ ਹੈ। ਵਿਆਹਾਂ ਮੌਕੇ ਹਾਸੇ ਠੱਠੇ ਨਾਲ ਸਬੰਧਿਤ ਅਜਿਹੀਆਂ ਰਸਮਾਂ ਲੋਪ ਹੋਣ ਦਾ ਕਾਰਨ ਲੋਕਾਂ ਵਿੱਚ ਸਹਿਣਸ਼ੀਲਤਾ ਦਾ ਘਟਣਾ ਹੈ। ਸਿੱਠਣੀਆਂ ਸਹਿਣਸ਼ੀਲ ਮਾਨਸਿਕਤਾ ਦਾ ਪ੍ਰਤੀਕ ਹਨ। ਪੁਰਾਣੇ ਲੋਕ ਰੱਜ ਕੇ ਖਾਂਦੇ ਤੇ ਦੱਬ ਕੇ ਵਾਹੁੰਦੇ ਸਨ ਜਿਸ ਨਾਲ ਉਹ ਸਰੀਰਕ ਅਤੇ ਮਾਨਸਿਕ ਤੌਰ ’ਤੇ ਰਿਸ਼ਟ ਪੁਸ਼ਟ ਸਨ।
ਸਿੱਠਣੀਆਂ ਦੇ ਪਾਤਰ ਲਾੜਾ, ਲਾੜੇ ਦਾ ਪਿਤਾ, ਮਾਂ, ਭੈਣ, ਦੋਸਤ-ਮਿੱਤਰ, ਰਿਸ਼ਤੇਦਾਰ ਬਣਦੇ ਹਨ। ਸਿੱਠਣੀਆਂ ਦੇ ਵਿਸ਼ੇ ਸਰੀਰਕ ਦਿੱਖ, ਪਹਿਰਾਵਾ, ਖਾਣ-ਪੀਣ ਦਾ ਢੰਗ, ਰੰਗ-ਰੂਪ, ਚਰਿੱਤਰ, ਖਾਨਦਾਨ, ਕੰਜੂਸੀ ਉੱਤੇ ਚੁਭਵੀਆਂ, ਪਰ ਮਿੱਠੀਆਂ ਵਿਅੰਗਾਤਮਕ ਹੁੰਦੀਆਂ ਹਨ। ਇਹ ਸਭਿਅਕ ਬੰਧੇਜਾਂ ਦੀ ਹੱਦ ਪਾਰ ਕਰਕੇ ਮਿੱਠੀਆਂ ਗਾਲ੍ਹਾਂ ਵਿੱਚ ਰੂਪਾਂਤਰਿਤ ਹੋ ਜਾਂਦੀਆਂ। ਇਹ ਪੇਂਡੂ ਔਰਤਾਂ ਦੀ ਰਚਨਾਤਮਿਕਤਾ ਹੀ ਸੀ ਕਿ ਲਾੜੇ ਦੀ ਦਿੱਖ ਪ੍ਰਭਾਵਸ਼ਾਲੀ ਹੋਣ ਦੇ ਬਾਵਜੂਦ ਉਸ ਦਾ ਮੌਜੂ ਉਡਾਉਣ ਹਿੱਤ ਕੋਈ ਨਾ ਕੋਈ ਟਕੋਰ ਜ਼ਰੂਰ ਘੜ ਲੈਦੀਆਂ ਸਨ। ਮਿਸਾਲ ਵਜੋਂ:
ਅਸਾਂ ਕੀ ਕਰਨੇ ਬੇਬਹਾਰੇ ਕੱਦੂ
ਲਾੜਾ ਬੈਠਾ ਇਉਂ ਜਾਪੇ ਜਿਉਂ ਛੱਪੜ ਕੰਢੇ ਡੱਡੂ।
ਕਿਧਰੇ ਲਾੜਾ ਸੱਚਮੁੱਚ ਹੀ ਸਿੱਠਣੀ ਨਾਲ ਮੇਲ ਖਾਂਦਾ ਹੋਵੇ ਜਾਂ ਜਾਣਬੁੱਝ ਕੇ ਉਸ ਦੇ ਕਿਸੇ ਕੱਜ ਉਪਰ ਵਿਅੰਗ ਕੀਤਾ ਗਿਆ ਹੋਵੇ ਤਾਂ ਇਸ ਨੂੰ ਉਸ ਦੀ ਸਹਿਣਸ਼ੀਲਤਾ ਦਾ ਇਮਤਿਹਾਨ ਮੰਨ ਸਕਦੇ ਹਾਂ। ਆਪਣੀਆਂ ਨਜ਼ਰਾਂ ਵਿੱਚ ਹਰ ਕੋਈ ਖ਼ੂਬਸੂਰਤ ਹੁੰਦਾ ਹੈ। ਇਹ ਕੌਣ ਸਹਿ ਸਕਦਾ ਹੈ ਕਿ ਉਸ ਦੇ ਰੰਗ ਦਾ ਮੁੱਦਾ ਉਛਾਲਿਆ ਜਾਵੇ:
ਬਾਰਾਂ ਮਹੀਨੇ ਅਸੀਂ ਤੱਕਣ ਤੱਕਿਆ,
ਫੇਰ ਵੀ ਲਾੜਾ ਤੁਸੀਂ ਕਾਲਾ ਈ ਰੱਖਿਆ
ਸਾਬਣ ਲਾਣਾ ਸੀ, ਸਾਬਣ ਲਾਣਾ ਸੀ,
ਨਿਲੱਜਿਓ ਲੱਜ ਤੁਹਾਨੂੰ ਨਹੀਂ…।
ਚਿਹਰੇ-ਮੋਹਰੇ ਉੱਤੇ ਦਾੜ੍ਹੀ ਮੁੱਛ ਅਲੱਗ ਤਰ੍ਹਾਂ ਦਾ ਰੂਪ ਦਿੰਦੇ ਹਨ, ਪਰ ਕਈ ਵੇਰਾਂ ਛੋਟੀ ਉਮਰ ਜਾਂ ਕੁਦਰਤੀ ਕਾਰਨ ਲਾੜੇ ਦੇ ਦਾੜ੍ਹੀ ਮੁੱਛ ਚੰਗੀ ਤਰ੍ਹਾਂ ਨਹੀਂ ਫੁੱਟੀ ਹੁੰਦੀ। ਮਸਖਰੀਆਂ ਔਰਤਾਂ ਇਸ ਨੂੰ ਲੈ ਕੇ ਵੀ ਮੱਠੀ-ਮੱਠੀ ਟਕੋਰ ਕਰ ਹੀ ਦਿੰਦੀਆਂ ਸਨ:
ਕੀ ਗੱਲ ਪੁੱਛਾਂ ਲਾੜਿਆ ਵੇ ਕੀ ਗੱਲ ਪੁੱਛਾਂ ਵੇ
ਨਾ ਤੇਰੇ ਦਾੜੀ ਭੋਂਦੂਆ ਵੇ ਨਾ ਤੇਰੇ ਮੁੱਛਾਂ ਵੇ
ਬੋਕ ਦੀ ਲਾ ਲੈ ਦਾੜ੍ਹੀ, ਚੂਹੇ ਦੀਆਂ ਮੁੱਛਾਂ ਵੇ।
ਜਾਂਞੀ ਜਾਂ ਬਰਾਤੀ ਸਾਕ-ਸਬੰਧੀਆਂ, ਦੋਸਤਾਂ-ਮਿੱਤਰਾਂ ਦਾ ਇੱਕ ਸਮੂਹ ਹੁੰਦਾ ਹੈ ਜੋ ਲਾੜੇ ਦੀ ਅਗਵਾਈ ਹੇਠ ਆਉਂਦੇ ਹਨ। ਇੱਕ ਸਮੂਹ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਔਖਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਹਰ ਵਿਅਕਤੀ ਦਾ ਸੋਚਣ-ਸਮਝਣ, ਮਹਿਸੂਸ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਅੱਜ ਦੀ ਗੱਲ ਕਰੀਏ ਤਾਂ ਅਜਿਹੀਆਂ ਸਿੱਠਣੀਆਂ ਸੁਣ ਕੇ ਕਿਸੇ ਨਾ ਕਿਸੇ ਦਾ ਮੂੰਹ ਜ਼ਰੂਰ ਵਿੰਗਾ ਹੋ ਸਕਦਾ ਹੈ:
– ਜਾਂਞੀਓ ਮਾਂਞੀਓ ਕਿਹੜੇ ਵੇਲੇ ਹੋਏ ਨੇ,
ਖਾ ਖਾ ਕੇ ਰੱਜੇ ਨਾ ਢਿੱਡ ਨੇ ਕਿ ਟੋਏ ਨੇ।
– ਨਿੱਕੇ ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ।
ਲਾੜੇ ਦੇ ਪਿਤਾ ਬਾਰੇ ਵੀ ਕਈ ਸਿੱਠਣੀਆਂ ਹਨ ਜੋ ਚਿਹਰੇ ਦੀ ਨਕਸ਼-ਨੁਹਾਰ ਦਾ ਵਰਣਨ ਕਰਦੀਆਂ ਹਨ। ਸੁਜਾਖਾ ਹੋਵੇ ਤਾਂ ਬਾਪੂ ਇਸ ਸਿੱਠਣੀ ਤੋਂ ਬਚ ਗਿਆ, ਪਰ ਸੱਚਮੁਚ ਹੀ ਅੱਖ ਬੁਝੀ ਹੋਵੇ ਤਾਂ ਸੁਣਨ ਵਾਲਾ ਕਿਵੇਂ ਸਹਿੰਦਾ ਹੋਵੇਗਾ, ਇਹ ਤਾਂ ਉਹੀ ਜਾਣਦਾ ਹੈ:
ਸਾਡੇ ਤਾਂ ਵਿਹੜੇ ਤਾਣਾ ਤਣੀਂਦਾ,
ਲਾੜੇ ਦਾ ਪਿਉ ਕਾਣਾ ਸੁਣੀਂਦਾ।
ਐਨਕ ਲਾਉਣੀ ਪਈ,
ਨਿਲੱਜਿਓ ਲੱਜ ਤੁਹਾਨੂੰ ਨਹੀਂ।
ਲੜਕੇ ਦੇ ਪਿਤਾ ਲਈ ਕਈ ਸਿੱਠਣੀਆਂ ਵਿੱਚ ਪਿਉ ਸ਼ਬਦ ਵਰਤਿਆ ਗਿਆ ਹੈ ਅਤੇ ਨਾਲ ਹੀ ਕੁੜਮ ਸ਼ਬਦ ਵਰਤ ਕੇ ਵੀ ਠਿੱਠ ਕੀਤੀ ਗਈ ਹੈ:
ਸਭ ਮਿਰਚਾਂ ਘੋਟੋ ਜੀ, ਸਾਡਾ ਕੁੜਮ ਘੋਟਣੇ ਵਰਗਾ।
ਮਣ ਮੱਕੀ ਪਿਸਾ ਲਉ ਜੀ, ਸਾਡਾ ਕੁੜਮ ਵਹਿੜਕੇ ਵਰਗਾ।
ਲਾੜੇ ਦੀ ਮਾਂ ਜਿੰਨੀ ਮਰਜ਼ੀ ਧਰਮੀ ਕਰਮੀ ਹੋਵੇ, ਪਰ ਸਿੱਠਣੀਆਂ ਵਿੱਚ ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾਂਦਾ:
– ਨੀਂ ਮੈਂ ਅੱਜ ਸੁਣਿਆ ਨੀਂ, ਬਾਰੀ ਦੇ ਓਹਲੇ ਵਜ਼ੀਰ ਖੜ੍ਹਾ।
ਨੀਂ ਮੈ ਅੱਜ ਸੁਣਿਆ, ਲਾੜੇ ਦੀ ਅੰਮਾਂ ਦਾ ਯਾਰ ਖੜ੍ਹਾ।
– ਲਾੜਾ ਲਾਡਲਾ ਨੀਂ ਅੱਧੀ ਰਾਤੀਂ ਮੰਗੇ ਪਿੱਛ
ਲਾੜੇ ਦੀ ਬੇਬੇ ਇਉਂ ਬੈਠੀ ਜਿਉਂ ਕੀਲੇ ਬੰਨ੍ਹਿਆ ਰਿੱਛ।
ਸਭ ਤੋਂ ਵੱਧ ਭੈਣ ਨੂੰ ਆਪਣੇ ਵੀਰ ਦੇ ਵਿਆਹ ਦਾ ਚਾਅ ਹੁੰਦਾ ਹੈ। ਉਹ ਇਸ ਮੌਕੇ ਪੂਰਾ ਹਾਰ ਸ਼ਿੰਗਾਰ ਕਰਦੀ ਹੈ। ਇਸ ਦੇ ਬਾਵਜੂਦ ਸਿੱਠਣੀ ਦਿੱਤੀ ਜਾਂਦੀ ਸੀ:
– ਸਾਡੇ ਵਿਹੜੇ ਮਾਂਦਰੀ ਬਈ ਮਾਂਦਰੀ,
ਲਾੜੇ ਦੀ ਭੈਣ ਬਾਂਦਰੀ ਬਈ ਬਾਂਦਰੀ।
ਚਾਚੇ ਅਤੇ ਚਾਚੀ ਨਾਲ ਸਬੰਧਿਤ ਸਿੱਠਣੀਆਂ ਵਿੱਚ ਚਾਚੇ ਦੀ ਤੁਲਨਾ ਚਾਮਚੜਿੱਕ ਨਾਲ ਕੀਤੀ ਜਾਂਦੀ ਅਤੇ ਚਾਚੀ ਨੂੰ ਵੀ ਬਖ਼ਸ਼ਿਆ ਨਹੀਂ ਸੀ ਜਾਂਦਾ। ਅਜਿਹਾ ਮਜ਼ਾਕ ਲਾੜੇ ਦੇ ਹਰ ਰਿਸ਼ਤੇਦਾਰ ਨੂੰ ਕੀਤਾ ਜਾਂਦਾ ਸੀ।
ਪੁਰਾਤਨ ਸਮੇਂ ਵਿੱਚ ਸਿੱਠਣੀਆਂ ਮਨੋਰੰਜਨ ਦਾ ਸਾਧਨ ਸਨ, ਪਰ ਆਧੁਨਿਕ ਦੌਰ ਵਿੱਚ ਹੋਰ ਮਨੋਰੰਜਕ ਸਾਧਨ ਵਿਕਸਿਤ ਹੋਣ ਨਾਲ ਸਿੱਠਣੀਆਂ ਬਹੁਤ ਘੱਟ ਦਿੱਤੀਆਂ ਜਾਂਦੀਆਂ ਹਨ। ਸਿੱਠਣੀਆਂ ਵੀ ਹੁਣ ਸਿਰਫ਼ ਕਿਤਾਬਾਂ ਦਾ ਸ਼ਿਗਾਰ ਬਣ ਕੇ ਰਹਿ ਗਈਆਂ ਹਨ।
-ਅੰਮ੍ਰਿਤਪਾਲ ਸਿੰਘ ਸੰਧੂ

Related posts

ਭਰਾ-ਭੈਣ ਦੇ ਅਟੁੱਟ ਰਿਸ਼ਤੇ ਦਾ ਕੀ ਅਰਥ ਹੈ?

admin

ਪੰਜਾਬੀ ਸੱਭਿਆਚਾਰ ਵਿੱਚ ਚਿੱਤਰਕਾਰੀ ਦਾ ਵਿਸ਼ੇਸ਼ ਸਥਾਨ !

admin

ਸਹੇਲੀਆਂ ਤੇ ਹਾਨਣਾਂ ਨੂੰ ਮਿਲਣ ਦੀ ਤਾਂਘ ਦਾ ਪ੍ਰਤੀਕ ‘ਤੀਆਂ ਤੀਜ’ !

admin