Culture

ਖੁੱਸੀ ਸਰਦਾਰੀ ਤਿੱਲੇਵਾਲੀ ਜੁੱਤੀ ਦੀ

ਪਟਿਆਲਾ ਦੀ ਵਿਰਾਸਤ ਬਹੁਤ ਅਮੀਰ ਹੈ। ਇੱਥੇ ਬਣਦੀਆਂ ਵਿਰਾਸਤੀ ਵਸਤਾਂ ਵਿੱਚੋਂ ਇੱਕ ਤਿੱਲੇਵਾਲੀ ਜੁੱਤੀ ਪੂਰੀ ਦੁਨੀਆਂ ਵਿੱਚ ਮਸ਼ਹੂਰ ਹੈ। ਅਜੋਕੇ ਸਮੇਂ ਵਿੱਚ ਜੁੱਤੀ ਬਣਾਉਣ ਲਈ ਲੋੜੀਂਦਾ ਸਾਮਾਨ ਕੋਰੀਆ, ਜਪਾਨ, ਤਾਇਵਾਨ ਆਦਿ ਮੁਲਕਾਂ ਤੋਂ ਆਉਣ ਕਰ ਕੇ ਇਹ ਸਿਲਾਈ ਤੋਂ ਬਿਨਾਂ ਕੈਮੀਕਲ ਨਾਲ ਬਣਦੀ ਹੈ ਜਿਸ ’ਤੇ ਤਿੱਲਾ ਨਹੀਂ ਪੈਂਦਾ। ਇਸ ਕਰਕੇ ਤਿੱਲੇ ਵਾਲੀ ਜੁੱਤੀ ਦੀ ਵਿਰਾਸਤ ਲੋਪ ਹੋਣ ਕੰਢੇ ਹੈ ਜਿਸ ਕਾਰਨ ਕਾਰੀਗਰ ਵੀ ਮਾਯੂਸ ਹਨ। ਉਂਜ, ਪਟਿਆਲਾ ਜੁੱਤੀ ਬਣਾਉਣ ਦਾ ਪਿਛੋਕੜ ਬੜਾ ਹੀ ਦਿਲਚਸਪ ਹੈ ਜਿਸ ਨੂੰ ਜੀਨਗਰ ਭਾਈਚਾਰਾ ਬਣਾਉਂਦਾ ਸੀ।
ਜੀਨਗਰ ਭਾਈਚਾਰੇ ਦਾ ਪਿਛੋਕੜ
ਇਸ ਭਾਈਚਾਰੇ ਦਾ ਪਿਛੋਕੜ ਰਾਜਸਥਾਨ ਦਾ ਹੈ। ਇਹ ਭਾਈਚਾਰਾ ਘੋੜਿਆਂ ਦੀਆਂ ਜੀਨਾਂ (ਕਾਠੀਆਂ) ਬਣਾਉਣ ਕਰ ਕੇ ਜੀਨਗਰ ਦੇ ਨਾਂ ਨਾਲ ਪ੍ਰਸਿੱਧ ਹੋਇਆ। ਇਹ ਆਪਣੇ ਆਪ ਨੂੰ ਕਸ਼ੱਤਰੀਆਂ ਦੇ ਵੰਸ਼ਜ ਦੱਸਦੇ ਹਨ। ਚਮੜੇ ਦਾ ਕੰਮ ਕਰਨ ਕਰਕੇ ਇਹ ਭਾਈਚਾਰਾ ਰਵੀਦਾਸੀਆ ਕੌਮ ਨਾਲ ਹੀ ਸਬੰਧਿਤ ਹੋ ਗਿਆ। ਇਹ ਕਾਰੀਗਰ ਰਿਆਸਤਾਂ ਦੀਆਂ ਫ਼ੌਜਾਂ ਲਈ ਜੁੱਤੇ ਬਣਾਉਂਦੇ ਸਨ। ਇਸ ਦੇ ਨਾਲ ਹੀ ਉਹ ਘੋੜਿਆਂ ਦੀਆਂ ਜੀਨਾਂ (ਕਾਠੀਆਂ), ਬੈਲਟਾਂ (ਪੇਟੀਆਂ), ਟੋਪੀਆਂ, ਕੋੜੇ ਆਦਿ ਬਣਾਉਂਦੇ ਸਨ। ਇਸ ਭਾਈਚਾਰੇ ਨੂੰ ਵੀ ਮੋਚੀਆਂ ਦੀ ਇੱਕ ਕਿਸਮ ਵੀ ਕਿਹਾ ਜਾਂਦਾ ਹੈ। ਵੱਖ ਵੱਖ ਰਿਆਸਤਾਂ ਦੇ ਮਹਾਰਾਜਿਆਂ ਵਾਂਗ ਮਹਾਰਾਜਾ ਪਟਿਆਲਾ ਨੇ ਵੀ ਰਾਜਸਥਾਨ ਤੋਂ ਜੀਨਗਰ ਸਮਾਜ ਦੇ ਕਾਰੀਗਰਾਂ ਨੂੰ ਪਟਿਆਲਾ ਦੀ ਫ਼ੌਜ ਵਿੱਚ ਚਮੜੇ ਦਾ ਕੰਮ ਕਰਨ ਲਈ ਭਰਤੀ ਕੀਤਾ। ਇਨ੍ਹਾਂ ਨੂੰ ਪਟਿਆਲਾ ਦੇ ਤੋਪਖ਼ਾਨੇ ਕੋਲ ਹੀ ਰਹਿਣ ਲਈ ਥਾਂ ਦਿੱਤੀ ਗਈ। ਪਹਿਲਾਂ ਇੱਥੇ 10-11 ਪਰਿਵਾਰ ਹੀ ਆਏ ਸਨ ਜਿਨ੍ਹਾਂ ਵਿੱਚੋਂ ਖਿਆਲੀ ਰਾਮ, ਮਥੁਰਾ ਦਾਸ, ਈਸ਼ਰ ਦਾਸ, ਚੰਦੂ ਰਾਮ, ਗੋਬਿੰਦ ਰਾਮ, ਚੇਤ ਰਾਮ, ਸਰਜਾ ਰਾਮ, ਚਮਨ ਲਾਲ, ਹੰਸ ਰਾਜ, ਬੰਸੀ ਲਾਲ ਆਦਿ ਨਾਂ ਜ਼ਿਕਰਯੋਗ ਹਨ। ਫ਼ੌਜ ਦੇ ਕੰਮ ਕਰਨ ਦੇ ਨਾਲ ਨਾਲ ਇਹ ਕਾਰੀਗਰ ਜੁੱਤੀਆਂ ’ਤੇ ਵੀ ਆਪਣਾ ਕਮਾਲ ਦਿਖਾਉਣ ਲੱਗ ਪਏ। ਇੱਥੋਂ ਦੇ ਕਾਰੀਗਰ ਦਾਅਵਾ ਕਰਦੇ ਹਨ ਕਿ ਸਭ ਤੋਂ ਪਹਿਲਾਂ ਤਿੱਲੇ ਵਾਲੀ ਜੁੱਤੀ ਮਹਾਰਾਜਿਆਂ ਲਈ ਉਨ੍ਹਾਂ ਨੇ ਬਣਾਈ ਸੀ। ਉਸ ਤੋਂ ਬਾਅਦ ਹੀ ਮਹਾਰਾਜਿਆਂ ਵਿੱਚ ਤਿੱਲੇ ਵਾਲੀ ਜੁੱਤੀ ਪਾਉਣ ਦਾ ਰਿਵਾਜ ਸ਼ੁਰੂ ਹੋਇਆ। ਇਨ੍ਹਾਂ ਦੀ ਆਬਾਦੀ ਪੂਰੇ ਭਾਰਤ ਵਿੱਚ ਹੈ, ਪਰ ਪੰਜਾਬ ਵਿੱਚ ਇਹ ਲੁਧਿਆਣਾ, ਪਟਿਆਲਾ, ਜਲੰਧਰ, ਮਾਨਸਾ, ਸੁਨਾਮ, ਸੰਗਰੂਰ, ਬਠਿੰਡਾ, ਅੰਮ੍ਰਿਤਸਰ, ਧੂਰੀ ਆਦਿ ਸ਼ਹਿਰਾਂ ਵਿੱਚ ਰਹਿੰਦੇ ਹਨ। ਲਾਹੌਰ ਰਿਆਸਤ ਵਿੱਚ ਵੀ ਇਨ੍ਹਾਂ ਦੀ ਆਬਾਦੀ ਕਾਫ਼ੀ ਸੀ, ਪਰ ਦੇਸ਼ਵੰਡ ਮਗਰੋਂ ਇਹ ਪੰਜਾਬ ਵਿੱਚ ਆ ਗਏ। ਇਹ ਲੋਕ ਆਪਣੇ ਘਰਾਂ ਵਿੱਚ ਮਾਰਵਾੜੀ ਭਾਸ਼ਾ ਹੀ ਬੋਲਦੇ ਹਨ, ਪਰ ਆਮ ਤੌਰ ’ਤੇ ਠੇਠ ਪੰਜਾਬੀ ਹੀ ਬੋਲੀ ਜਾਂਦੀ ਹੈ।
ਜੁੱਤੀ ਕਲਾ
ਪੰਜਾਬ ਦੇ ਪਿੰਡਾਂ ਦੇ ਜੁੱਤੀ ਬਣਾਉਣ ਵਾਲੇ ਕਾਰੀਗਰ ਹੀ ਪੰਜਾਬੀ ਜੁੱਤੀ ਬਣਾਉਂਦੇ ਹਨ। ਪਟਿਆਲਾ ਦੇ ਤੋਪਖ਼ਾਨਾ ਮੋੜ (ਜੇਜੀਆਂ ਮੁਹੱਲਾ) ਵਿੱਚ ਰਹਿਣ ਵਾਲੇ ਜੀਨਗਰ ਪਰਿਵਾਰਾਂ ਦੀਆਂ ਔਰਤਾਂ ਵੀ ਜੁੱਤੀ ਬਣਾਉਣ ਵਿੱਚ ਪੂਰਾ ਸਾਥ ਦਿੰਦੀਆਂ ਸਨ। ਉਹ ਜੁੱਤੀ ’ਤੇ ਤਿੱਲੇ ਨਾਲ ਕਢਾਈ ਕਰਦੀਆਂ ਸਨ। ਉਨ੍ਹਾਂ ਦੇ ਔਜ਼ਾਰ ਕਟਾਰਣੀ ਤੇ ਟੇਕਣੀ ਹੁੰਦੇ ਸਨ ਜੋ ਵੱਖ ਵੱਖ ਤਰ੍ਹਾਂ ਦੇ ਤਿੱਲੇ ਕੱਢ ਕੇ ਜੁੱਤੀ ਨੂੰ ਖ਼ੂਬਸੂਰਤ ਰੰਗਤ ਦਿੰਦੀਆਂ ਸਨ। ਤਿੱਲੇ ਦੀ ਕਢਾਈ ਦੀਆਂ ਕਿਸਮਾਂ ਸਾਟ, ਜੰਜੀਰੀ, ਕੰਠੀ, ਮੋਰਨੀ, ਸਪਾਟ ਆਦਿ ਜ਼ਿਕਰਯੋਗ ਹਨ। ਸਪਾਟ ਕਢਾਈ ਨੂੰ ਪੂਰੀ ਜੁੱਤੀ ’ਤੇ ਕੱਢਿਆ ਜਾਂਦਾ ਹੈ, ਬਾਕੀ ਤਿੱਲੇ ਜੁੱਤੀ ਦੇ ਵੱਖ ਵੱਖ ਹਿੱਸਿਆਂ ਵਿੱਚ ਪਾਏ ਜਾਂਦੇ ਹਨ।
ਜੁੱਤੀਆਂ ਵੱਖ ਵੱਖ ਤਰ੍ਹਾਂ ਦੇ ਚਮੜੇ ਤੋਂ ਬਣਦੀਆਂ ਹਨ ਜਿਵੇਂ ‘ਕਾਫ਼’ ਚਮੜਾ ਗਊ ਦੇ ਚੰਮ ਤੋਂ ਤਿਆਰ ਹੁੰਦਾ ਸੀ, ‘ਕੁਰਮ’ ਨਿੱਕੇ ਕਟਰੂ ਜਾਂ ਵੱਛੇ ਤੋਂ ਤਿਆਰ ਹੁੰਦਾ, ‘ਕਰੋਕੋਡਾਈਲ’ ਮਗਰਮੱਛ ਦੀ ਖੱਲ ਤੋਂ, ‘ਧਉੜੀ’ ਬਲਦ, ਝੋਟਾ, ਮੱਝ ਤੋਂ ਬਣਾਈ ਜਾਂਦੀ ਸੀ। ਬੱਕਰੇ ਤੇ ਨਿੱਕੇ ਵੱਛੜੇ ਜਾਂ ਕੱਟਰੂ ਦੀ ਖੱਲ ਦੀ ਜੁੱਤੀ ਬਹੁਤ ਹੀ ਨਰਮ ਮੰਨੀ ਜਾਂਦੀ ਸੀ। ਪਟਿਆਲਾ ਦੇ ਕਾਰੀਗਰਾਂ ਨੇ ਊਠ ਦੇ ਚਮੜੇ ਦੀ ਜੁੱਤੀ ਵੀ ਬਣਾਈ ਜੋ ਮਜ਼ਬੂਤ ਤੇ ਹੰਢਣਸਾਰ ਹੁੰਦੀ ਸੀ। ਧਉੜੀ ਦੀ ਜੁੱਤੀ ਵੀ ਮਜ਼ਬੂਤ ਹੁੰਦੀ ਸੀ। ਇਸ ਤੋਂ ਇਲਾਵਾ ਦੇਸੀ ਜੁੱਤੀ, ਸਿੱਧੇ ਤਿੱਲੇ ਵਾਲੀ, ਦਿੱਲੀ ਫ਼ੈਸ਼ਨ, ਖੁੱਸਾ ਤਿੱਲੇਦਾਰ, ਮੋਤੀਆਂ ਵਾਲੀ, ਮੌਜਾ, ਨੋਕ ਵਾਲੀ ਜੁੱਤੀ ਆਦਿ ਵੀ ਇੱਥੇ ਬਣਦੀਆਂ ਸਨ।
ਖ਼ਤਮ ਹੋ ਰਹੀ ਜੁੱਤੀ
ਹੁਣ ਪੰਜਾਬ ਵਿੱਚ ਚਮੜੇ ਦੀ ਜੁੱਤੀ ਬਣਾਉਣ ਦਾ ਰਿਵਾਜ ਖ਼ਤਮ ਹੋ ਰਿਹਾ ਹੈ। ਪਟਿਆਲਾ ਦੇ ਜੀਨਗਰ ਭਾਈਚਾਰੇ ਵਿੱਚ ਤਿੱਲੇ ਦੀ ਕਢਾਈ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਮਹਿਜ਼ 15-20 ਰਹਿ ਗਈ ਹੈ। 85 ਸਾਲ ਦੀ ਉਮਰ ਭੋਗ ਚੁੱਕੀ ਬੀਬੀ ਕੇਸਰ ਦੇਵੀ ਨੇ ਕਿਹਾ ਕਿ ਕਦੇ ਉਹ ਇੱਕ, ਦੋ ਜਾਂ ਤਿੰਨ ਆਨੇ ਵਿੱਚ ਇੱਕ ਜੁੱਤੀ ਦੀ ਕਢਾਈ ਕਰਦੀ ਹੁੰਦੀ ਸੀ। ਫ਼ਿਲਮ ‘ਰਜ਼ੀਆ ਸੁਲਤਾਨ’ ਵਿੱਚ ਹੇਮਾ ਮਾਲਿਨੀ ਵੱਲੋਂ ਪਹਿਨੀ ਗਈ ਜੁੱਤੀ ਉਸ ਦੇ ਪਤੀ ਭੰਵਰ ਲਾਲ ਨਿਰਮਾਣ ਨੇ ਬਣਾਈ ਸੀ। ਕੇਸਰ ਦੇਵੀ ਨੂੰ ਜੰਮੂ ਕਸ਼ਮੀਰ ਖਾਦੀ ਬੋਰਡ ਵਿੱਚ ਬੁਲਾਇਆ ਗਿਆ ਸੀ। ਉੱਥੇ ਉਸ ਨੇ 25 ਕੁੜੀਆਂ ਨੂੰ ਤਿੱਲੇ ਦੀ ਕਢਾਈ ਸਿਖਾਈ ਸੀ। ਇਨ੍ਹਾਂ ਨੂੰ ਮਲਾਲ ਹੈ ਕਿ ਪੰਜਾਬ ਸਰਕਾਰ ਨੇ ਇਸ ਅਹਿਮ ਕਾਰੋਬਾਰ ਨੂੰ ਸੰਭਾਲਣ ਲਈ ਕੋਈ ਕਾਰਜ ਨਹੀਂ ਕੀਤਾ। ਇਸ ਕਰਕੇ ਤਿੱਲੇ ਵਾਲੀ ਜੁੱਤੀ ਲੋਪ ਹੋਣ ਕੰਢੇ ਹੈ। ਹੁਣ ਪੰਜਾਬ ਵਿੱਚ ਚਮੜੇ ਦੀ ਜੁੱਤੀ ਵੀ ਕਿਤੇ ਕਿਤੇ ਬਣਦੀ ਹੈ।
ਚਮੜੇ ਦੀ ਜੁੱਤੀ ਦੀ ਥਾਂ ਚੀਨੀ ਮੋਜੜੀ
ਪਟਿਆਲਾ ਦੇ ਜੇਜੀਆਂ ਮੁਹੱਲੇ ਵਿੱਚ 3,000 ਤੋਂ ਵੱਧ ਕਾਰੀਗਰ ਚਮੜੇ ਦੀ ਜੁੱਤੀ ਬਣਾਉਣੀ ਛੱਡ ਗਏ ਹਨ। ਔਰਤਾਂ ਨੇ ਤਿੱਲੇ ਦੀ ਕਢਾਈ ਕਰਨ ਵਾਲੇ ਔਜ਼ਾਰ ਵੀ ਗੁਆ ਲਏ ਹਨ। ਜੁੱਤੀ ਬਣਾਉਣ ਵਾਲੇ ਰੰਬੀ, ਆਰ, ਪੱਥਰ ਦੀ ਸਿੱਲ, ਮੋਗਰੀ (ਲੱਕੜ ਦੀ ਹਥੌੜੀ), ਰੰਬਾ, ਸੂਈ-ਧਾਗਾ, ਅਕਵਾਈ, ਕਲਬੂਤ, ਕੰਡੀ (ਕਟਾਰ), ਖਬੀੜ, ਕਲਾਂਮ (ਦੋ ਫੱਟੀਆਂ ਨੂੰ ਜੋੜ ਕੇ ਬਣਾਈ ਕਢਾਈ ਵਾਲੀ ਸੋਟੀ) ਆਦਿ ਸੰਦ ਬੀਤੇ ਦੀ ਗੱਲ ਬਣ ਗਏ ਹਨ। ਇਹ ਹੁਣ ਕੱਪੜਾ, ਖਾਦੀ, ਕਰੈਪ (ਫੋਮ), ਸਿੰਥੈਟਿਕ ਸ਼ੀਟ ਤੇ ਕੈਮੀਕਲ ਨਾਲ ਜੁੱਤੀਆਂ ਬਣਾਉਣ ਲੱਗੇ ਹਨ।
ਵਿਆਹ ਵਿੱਚ ਲਾੜੇ ਦੇ ਪਾਉਣ ਵਾਲੀ ਅਚਕਨ ਨਾਲ ਜੁੱਤੀ ਖੁਸਾ ਬਣਾਈ ਜਾਂਦੀ ਹੈ। ਇਸ ਖ਼ੂਬਸੂਰਤ ਲੱਗਣ ਵਾਲੇ ਖੁੱਸੇ ਦੀ ਉਮਰ ਬਹੁਤ ਘੱਟ ਹੁੰਦੀ ਹੈ। ਇਸੇ ਤਰ੍ਹਾਂ ਬੱਚਿਆਂ ਲਈ ਬਚਕਾਨਾ, ਔਰਤਾਂ ਲਈ ਲੱਕੀ ਜੁੱਤੀ ਵੀ ਇਸੇ ਸਾਮਾਨ ਦੀ ਬਣਦੀ ਹੈ। ਇਹ ਇਨ੍ਹਾਂ ਨੂੰ ਚਾਇਨੀਜ਼ ਮੋਜੜੀ ਕਹਿੰਦੇ ਹਨ। ਜੁੱਤੀ ਬਣਾਉਣ ਵਾਲਾ ਸਾਮਾਨ ਜਪਾਨ, ਕੋਰੀਆ, ਤਾਇਵਾਨ ਆਦਿ ਤੋਂ ਆਉਂਦਾ ਹੈ ਅਤੇ ਕੁਝ ਸਾਮਾਨ ਭਾਰਤ ਵਿੱਚ ਵੀ ਬਣਦਾ ਹੈ। ਇਸ ਨੂੰ ਬਣਾਉਣ ਲਈ ਵਰਤਿਆ ਜਾਂਦਾ ਕੈਮੀਕਲ ਖ਼ਤਰਨਾਕ ਗੰਧ ਛੱਡਦਾ ਹੈ ਜਿਸ ਕਰਕੇ ਇਨ੍ਹਾਂ ਕਾਰੀਗਰਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਵਪਾਰੀ ਵੱਲੋਂ ਮਿਲੇ ਸਾਮਾਨ ਤੋਂ ਜੁੱਤੀ ਤਿਆਰ ਕਰਨ ਉੱਤੇ ਇਹ 15 ਤੋਂ 25 ਰੁਪਏ ਤਕ ਲੈਂਦੇ ਹਨ। ਇੱਕ ਦਿਨ ਵਿੱਚ ਇੱਕ ਪਰਿਵਾਰ 30 ਤੋਂ 45 ਜੁੱਤੀਆਂ ਤਿਆਰ ਕਰ ਦਿੰਦਾ ਹੈ। ਇਸ ਕਾਰਨ ਤਿੱਲੇ ਦੀ ਕਢਾਈ ਕਰਨ ਵਾਲੇ ਕਾਰੀਗਰ ਵਿਹਲੇ ਹੋ ਗਏ ਹਨ। ਇਨ੍ਹਾਂ ਕਾਰੀਗਰਾਂ ਲਈ ਪ੍ਰਦਰਸ਼ਨੀਆਂ ਵਿੱਚ ਵੀ ਥਾਂ ਨਹੀਂ ਹੈ। ਪ੍ਰਦਰਸ਼ਨੀਆਂ ਦੇ ਕਾਰਡ ਬਣਦੇ ਹਨ, ਪਰ ਕਦੇ ਵੀ ਇਨ੍ਹਾਂ ਨੂੰ ਬੁਲਾਇਆ ਨਹੀਂ ਜਾਂਦਾ ਸਗੋਂ ਕੁਝ ਹੋਰ ਲੋਕ ਹੀ ਕਾਰੀਗਰਾਂ ਦੇ ਨਾਂ ’ਤੇ ਮਿਲਣ ਵਾਲੇ ਲਾਭ ਲੈ ਲੈਂਦੇ ਹਨ।
ਸਰਕਾਰੀ ਯਤਨ
ਕੇਂਦਰ ਸਰਕਾਰ ਨੇ ਫੁਟਵੇਅਰ ਡਿਜ਼ਾਈਨ ਡਿਵੈਲਪਮੈਂਟ ਇੰਸਟੀਚਿਊਟ (ਐੱਫਡੀਡੀਆਈ) ਦੇ ਰਾਜਸਥਾਨ, ਮੱਧ ਪ੍ਰਦੇਸ਼, ਤਾਮਿਲਨਾਡੂ, ਹਰਿਆਣਾ, ਯੂਪੀ ਵਿੱਚ ਛੇ ਕੇਂਦਰ ਖੋਲ੍ਹੇ ਹਨ, ਪਰ ਪੰਜਾਬ ਇਸ ਤੋਂ ਵਿਰਵਾ ਰਿਹਾ ਹੈ। ਐੱਫਡੀਡੀਆਈ ਨੇ ਹੁਣ ਇਸ ਦਾ ਨਾਂ ਫੈਸ਼ਨ ਨਾਲ ਜੋੜ ਦਿੱਤਾ ਹੈ। ਪਟਿਆਲਾ ਵਿੱਚ ਭਾਈਚਾਰੇ ਨੇ ਇੱਕ ਕੇਂਦਰ ਸਥਾਪਿਤ ਕੀਤਾ ਸੀ, ਪਰ ਹੁਣ ਇਹ ਵੀ ਬੰਦ ਹੋ ਗਿਆ ਹੈ। ਹੁਣ ਬਨੂੜ ਕੋਲ ਇਸ ਦਾ ਸੈਂਟਰ ਬਣਨ ਜਾ ਰਿਹਾ ਹੈ, ਪਰ ਇਸ ਕਲਾ ਨੂੰ ਜਿਊਂਦਾ ਰੱਖਣ ਲਈ ਸਰਕਾਰ ਵੱਲੋਂ ਕੋਈ ਯਤਨ ਨਹੀਂ ਕੀਤਾ ਗਿਆ।
-ਗੁਰਨਾਮ ਸਿੰਘ ਅਕੀਦਾ

Related posts

ਭਰਾ-ਭੈਣ ਦੇ ਅਟੁੱਟ ਰਿਸ਼ਤੇ ਦਾ ਕੀ ਅਰਥ ਹੈ?

admin

ਪੰਜਾਬੀ ਸੱਭਿਆਚਾਰ ਵਿੱਚ ਚਿੱਤਰਕਾਰੀ ਦਾ ਵਿਸ਼ੇਸ਼ ਸਥਾਨ !

admin

ਸਹੇਲੀਆਂ ਤੇ ਹਾਨਣਾਂ ਨੂੰ ਮਿਲਣ ਦੀ ਤਾਂਘ ਦਾ ਪ੍ਰਤੀਕ ‘ਤੀਆਂ ਤੀਜ’ !

admin