Culture

ਘੁੰਡ ਵੀ ਗਏ, ਘੁੰਡ ਵਾਲੀਆਂ ਵੀ ਗਈਆਂ

ਸਮੇਂ ਵਿੱਚੋਂ ਪੈਦਾ ਹੋਏ ਸਾਡੇ ਬਹੁਤੇ ਰੀਤੀ ਰਿਵਾਜ ਬਦਲੇ ਜ਼ਮਾਨੇ ਨੇ ਆਪਣੀ ਬੁੱਕਲ ਵਿੱਚ ਛੁਪਾ ਕੇ ਅਤੀਤ ਦੇ ਪਰਛਾਵੇਂ ਬਣਾ ਦਿੱਤੇ ਹਨ। ਜਿਹਨਾਂ ਵਿੱਚੋਂ ਘੁੰਡ ਵੀ ਇੱਕ ਹੈ। ਹੁਣ ਘੁੰਡ ਨੂੰ ਹਕੀਕਤ ਵਿੱਚ ਤਾਂ ਨਹੀਂ, ਪਰ ਸਾਹਿਤ ਦੇ ਘੁੰਡ ਵਿੱਚ ਦੇਖਿਆ ਜਾਂਦਾ ਹੈ। ਸਮੇਂ ਵਿੱਚੋਂ ਘੁੰਡ ਕੱਢਣਾ ਅਤੇ ਕੰਨ ਵਿੰਨਣੇ ਉਤਪੰਨ ਹੋਏ ਸਨ। ਹੌਲੇ-ਹੌਲੇ ਸ਼ਹਿਰੀਕਰਨ ਦੇ ਪ੍ਰਭਾਵ ਨੇ ਘੁੰਡ ਕੱਢਣਾ ਪਿੰਡਾਂ ਤਕ ਸੀਮਿਤ ਕਰ ਦਿੱਤਾ, ਪਰ ਸ਼ਹਿਰੀ ਅਤੇ ਪੇਂਡੂਕਰਨ ਦਾ ਪਾੜਾ ਵਧਣ ਨਾਲ ਫੈਸ਼ਨ ਜ਼ਰੀਏ ਪਿੰਡਾਂ ਦੇ ਲੋਕਾਂ ਨੂੰ ਗਵਾਰ ਦੱਸਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਸ਼ਹਿਰੀਕਰਨ ਦੇ ਪ੍ਰਭਾਵ ਪਿੰਡਾਂ ਵਿੱਚ ਸ਼ੁਰੂ ਹੋ ਗਏ। ਇਸ ਦੀ ਮਿਸਾਲ ਪਿੰਡਾਂ ਵਿੱਚੋਂ ਘੁੰਡ ਅਤੇ ਘੁੰਡ ਕੱਢਣ ਵਾਲੀਆਂ ਅਲੋਪ ਹੋਣ ਲੱਗੀਆਂ।
ਸ਼ਰਮ, ਆਬਰੂ ਅਤੇ ਇੱਜ਼ਤ ਸਭ ਘੁੰਡ ਵਿੱਚ ਲੁਕੇ ਹੁੰਦੇ ਸਨ। ਧੀ ਤੋਂ ਵਹੁਟੀ ਬਣਨ ਦੀ ਬੁਨਿਆਦ ਸੀ ਘੁੰਡ ਕੱਢਣਾ। ਘੁੰਡ ਅਤੇ ਝਾਂਜਰਾਂ ਘਰ ਵਿੱਚ ਵਹੁਟੀ ਹੋਣ ਦਾ ਪ੍ਰਮਾਣ ਸਨ। ਮੁਕਲਾਵੇ ਆਈ ਨੂੰ ਤਾਂ ਨੈਣ ਵੀ ਘੁੰਡ ਚੁੱਕਣ ਨਹੀਂ ਦਿੰਦੀ :
‘‘ਪਰ੍ਹਾਂ ਹੱਟ ਜਾ ਕਪੁੱਤੀਏ ਨੈਣੇ, ਇੱਕ ਵਾਰੀ ਤੱਕ ਲੈਣ ਦੇ,
ਸਹਿਤਕ ਪੱਖ ਵਿੱਚ ਘੁੰਡ ਦੀ ਵੱਖ-ਵੱਖ ਤਰਜ਼ਮਾਨੀ ਮਿਲਦੀ ਹੈ। ਬਾਬਾ ਬੁੱਲ੍ਹੇਸ਼ਾਹ ਨੇ ਘੁੰਡ ਬਾਰੇ ਇਉਂ ਲਿਖਿਆ ਸੀ:
‘ਘੁੰਘਟ ਚੁੱਕ ਓ ਸੱਜਣਾਂ, ਹੁਣ ਸ਼ਰਮਾਂ ਕਾਹਨੂੰ ਰੱਖੀਆ ਵੇ,
ਜ਼ੁਲਫ ਕੁੰਡਲ ਨੇ ਘੇਰਾ ਪਾਇਆ,
ਬਿਸੀਆਰ ਹੋ ਡੰਗ ਚਲਾਇਆ,
ਵੇਖ ਕੇ ਅਸਾਂ ਵੱਲ ਤਰਸ ਨਾ ਆਇਆ,
ਕਰਕੇ ਖੂਨੀ ਅੱਖੀਆਂ ਵੇ,
ਘੁੰਘਟ ਚੁੱਕ ਓ ਸੱਜਣਾਂ, ਹੁਣ ਸ਼ਰਮਾਂ ਕਾਹਤੋਂ ਰੱਖੀਆਂ ਵੇ,
ਘੁੰਡ ਵਿੱਚੋਂ ਹੀ ਅੱਜ ਘੁੰਡ ਚੁਕਾਈ ਦੀ ਰਸਮ ਚਲਦੀ ਹੈ। ਘੁੰਡ ਨਾਲ ਬਹੁਤੀ ਵਾਰੀ ਰਿਸ਼ਤੇ ਦਾ ਨਿੱਘ ਅਤੇ ਮਿਠਾਸ ਝਲਕਦਾ ਰਹਿੰਦਾ ਸੀ। ਘੁੰਡ ਵਿੱਚੋਂ ਬਾਹਰ ਤੱਕਣ ਦੀ ਮੁਹਾਰਤ ਵਹੁਟੀਆਂ ਨੂੰ ਆਮ ਹੁੰਦੀ ਸੀ। ਬਾਪੂ ਵੀ ਵਿਹੜੇ ਵੜਦਾ ਖੰਘੂਰਾ ਮਾਰ ਕੇ ਬਹੂ-ਰਾਣੀ ਨੂੰ ਘੁੰਡ ਕੱਢਣ ਦਾ ਸੁਨੇਹਾ ਦਿੰਦਾ ਸੀ। ਇੱਥੋਂ ਵਹੁਟੀ ਦੀ ਇੱਜ਼ਤ ਅਤੇ ਸਤਿਕਾਰ ਦਾ ਸਮਾਜਿਕ ਅਤੇ ਸੱਭਿਆਚਾਰਕ ਸੁਨੇਹਾ ਵੀ ਮਿਲਦਾ ਹੈ। ਸਮੇਂ ਨਾਲ ਬਦਲਣਾ ਮਾੜੀ ਗੱਲ ਤਾਂ ਨਹੀ ਸਮਝੀ ਜਾ ਸਕਦੀ, ਪਰ ਗਾਇਕ ਸਰਦੂਲ ਸਿਕੰਦਰ ਦੇ ਗੀਤ ਅਨੁਸਾਰ ਵਲਾਇਤੀ ਬਾਣੇ ਸਾਡੇ ਸੱਭਿਆਚਾਰ ਨੂੰ ਪ੍ਰਭਾਵਿਤ ਨਾ ਕਰਨ।
-ਸੁਖਪਾਲ ਸਿੰਘ ਗਿੱਲ

Related posts

ਭਰਾ-ਭੈਣ ਦੇ ਅਟੁੱਟ ਰਿਸ਼ਤੇ ਦਾ ਕੀ ਅਰਥ ਹੈ?

admin

ਪੰਜਾਬੀ ਸੱਭਿਆਚਾਰ ਵਿੱਚ ਚਿੱਤਰਕਾਰੀ ਦਾ ਵਿਸ਼ੇਸ਼ ਸਥਾਨ !

admin

ਸਹੇਲੀਆਂ ਤੇ ਹਾਨਣਾਂ ਨੂੰ ਮਿਲਣ ਦੀ ਤਾਂਘ ਦਾ ਪ੍ਰਤੀਕ ‘ਤੀਆਂ ਤੀਜ’ !

admin