Culture

ਪੰਜਾਬੀ ਅਖਾਣਾਂ ਵਿੱਚ ਰਿਸ਼ਤੇ- ਨਾਤੇ

ਅਖਾਣ, ਅਖੌਤਾਂ ਜਾਂ ਕਹਾਵਤਾਂ ਕਿਸੇ ਭਾਸ਼ਾ ਦੀ ਸ਼ਕਤੀ ਅਤੇ ਉਸ ਦਾ ਸੱਭਿਆਚਾਰਕ ਵਿਰਸਾ ਹੁੰਦੀਆਂ ਹਨ। ਇਹ ਲੋਕ ਸੂਝ ਦਾ ਭੰਡਾਰ ਹੁੰਦੀਆਂ ਹਨ ਅਤੇ ਬੀਤੇ ਸਮੇਂ ਦਾ ਸ਼ੀਸ਼ਾ।
ਪੰਜਾਬੀ ਅਖਾਣਾਂ ਵਿੱਚੋਂ ਸਾਡੀ ਘਰੇਲੂ ਜੀਵਨ-ਜਾਚ ਅਤੇ ਰਿਸ਼ਤੇ ਨਾਤਿਆਂ ਦਾ ਜ਼ਿਕਰ ਅਸੀਂ ਸਹਿਜੇ ਹੀ ਵੇਖ ਸਕਦੇ ਹਾਂ। ਸਾਡੇ ਲੋਕ ਜੀਵਨ ਵਿੱਚ ਇਨ੍ਹਾਂ ਅਖਾਣਾਂ ਦੀ ਵਰਤੋਂ ਆਮ ਹੁੰਦੀ ਰਹੀ ਹੈ। ਇਹ ਅਖਾਣ ਪੰਜਾਬੀ ਲੋਕਾਂ ਦੇ ਸੁਭਾਅ ਅਤੇ ਉਨ੍ਹਾਂ ਦੇ ਕਿਰਦਾਰ ਦਾ ਬਾਖ਼ੂਬੀ ਵਰਨਣ ਕਰਦੇ ਹਨ।
ਆਏ ਭਾਬੋ ਦੇ ਸਕੇ, ਘਰ ਖੀਰ ਤੇ ਪੂੜੇ ਪੱਕੇ
ਆਇਆ ਭਾਈਏ ਦਾ ਕੋਈ, ਭਾਬੋ ਰੁੱਸ ਭੜੋਲਾ ਹੋਈ
ਪੰਜਾਬ ਦੇ ਘਰੇਲੂ ਜਨ-ਜੀਵਨ ਵਿੱਚ ਸੱਸ ਤੇ ਨੂੰਹ ਦਾ ਅਹਿਮ ਰੋਲ ਹੈ। ਸਦਾਚਾਰ ਇਹ ਕਹਿੰਦਾ ਹੈ ਕਿ ਨੂੰਹ ਸੱਸ ਦੀ ਸੇਵਾ ਕਰੇ ਤੇ ਉਸ ਨੂੰ ਘਰੇਲੂ ਕੰਮ-ਧੰਦੇ ਤੋਂ ਮੁਕਤ ਕਰੇ, ਪਰ ਜੇਕਰ ਸਥਿਤੀ ਉਲਟ ਹੋਵੇ ਤਾਂ ਫਿਰ ਕੀ ਸਥਿਤੀ ਹੋਵੇਗੀ?
ਨੂੰਹ ਮੰਜੇ, ਸੱਸ ਧੰਦੇ,
ਕੋਈ ਦਿਹਾੜਾ ਸੁੱਖ ਦਾ ਲੰਘੇ।
ਨੂੰਹ-ਸੱਸ ਤੋਂ ਬਿਨਾਂ ਔਰਤ ਅਤੇ ਰਸੋਈ ਨਾਲ ਸਬੰਧਤ ਕੰਮ-ਧੰਦੇ ਅਤੇ ਸਾਜ਼ੋ-ਸਾਮਾਨ ਦਾ ਜ਼ਿਕਰ ਵੀ ਪੰਜਾਬੀ ਅਖਾਣਾਂ ਵਿੱਚੋਂ ਸਹਿਜੇ ਹੀ ਵੇਖ ਸਕਦੇ ਹਾਂ।
ਉਠ ਨੀ ਨੂੰਹੇ ਨਿੱਸਲ ਹੋ
ਚਰਖਾ ਛੱਡ ਤੇ ਚੱਕੀ ਝੋ
ਸਰਫਾ ਕਰਕੇ ਸੁੱਤੀ
ਆਟਾ ਖਾ ਗਈ ਕੁੱਤੀ
ਸੇਰ ਦੁੱਧ ਤੇ ਵੀਹ ਸੇਰ ਪਾਣੀ
ਘੁੰਮਰ-ਘੁੰਮਰ ਫਿਰ ਮਧਾਣੀ
ਘਰੇਲੂ ਜਨ-ਜੀਵਨ ਨਾਲ ਸਬੰਧਿਤ ਨੈਤਿਕ ਕਦਰਾਂ-ਕੀਮਤਾਂ ਅਤੇ ਸਦਾਚਾਰਕ ਸਿੱਖਿਆ ਵੀ ਪੰਜਾਬੀ ਅਖਾਣਾਂ ਦਾ ਅਹਿਮ ਅੰਗ ਹਨ:-
ਘਰ ਵਸਦਿਆਂ ਦੇ
ਸਾਕ ਮਿਲਦਿਆਂ ਦੇ,
ਖੇਤ ਵਾਹੁੰਦਿਆਂ ਦੇ।
ਇੱਕ ਦਿਨ ਪ੍ਰਾਹਣਾ, ਦੂਜੇ ਦਿਨ ਧਰੌਣਾ, ਤੀਜੇ ਦਿਨ ਦਾਦੇ ਮਗਾਉਣਾ
‘ਗਾਗਰ ਵਿੱਚ ਸਾਗਰ, ਜਾਂ ਕੁੱਜੇ ਸਮੁੰਦਰ’ ਵਾਲਾ ਗੁਣ ਇਨ੍ਹਾਂ ਅਖਾਣਾਂ ਦੇ ਕਣ-ਕਣ ਵਿੱਚ ਵਸਿਆ ਹੁੰਦਾ ਹੈ। ਸਾਡੀ ਸਮਾਜਿਕ ਸਥਿਤੀ ’ਤੇ ਦੇਖੋ ਕਿਵੇਂ ਵਿਅੰਗ ਕੀਤਾ ਗਿਆ ਹੈ:-
ਅਮੀਰ ਦੀ ਮਰ ਗਈ ਕੁੱਤੀ,
ਉਸ ਹਰ ਕਿਸੇ ਨੇ ਪੁੱਛੀ।
ਗਰੀਬ ਦੀ ਮਰ ਗਈ ਮਾਂ,
ਉਹਦਾ ਕਿਸੇ ਵੀ ਨਾ ਲਿਆ ਨਾਂ
ਅੰਨ੍ਹੀ, ਪੁੱਛੇ ਕਾਣੀ ਤੋਂ, ਨੀ ਸੂਤ ਵਟਾ ਲੈ ਤਾਣੀ ਤੋਂ
ਜਨਾਨੀ ਮੰਗੇ ਪੇੜੇ, ਉਹਨੂੰ ਦੇਣ ਵਾਲੇ ਬਥੇਰੇ
ਮਰਦ ਮੰਗੇ ਆਟਾ ਉਹ ਨੂੰ ਆਟੇ ਦਾ ਵੀ ਘਾਟਾ
ਆਪਣੀ ਗੱਲ ਨੂੰ ਸਿੱਕੇਬੰਦ ਤੇ ਭਰੋਸੇਯੋਗ ਬਣਾਉਣ ਲਈ ਇਨ੍ਹਾਂ ਅਖਾਣਾਂ ਦੀ ਵਰਤੋਂ ਸਾਡੀ ਬੋਲ-ਚਾਲ ਵਿੱਚ ਆਮ ਹੁੰਦੀ ਹੈ। ਇਸ ਸਦਕਾ ਇਹ ਪੀੜ੍ਹੀ ਦਰ-ਪੀੜ੍ਹੀ ਆਪਣੀ ਡੂੰਘੀ ਛਾਪ ਲੋਕ ਮਨਾਂ ’ਤੇ ਛੱਡ ਦਿੰਦੇ ਹਨ।
ਜੌਂ ਜੰਮੇ, ਕਣਕਾਂ ਨਿੱਸਰੀਆਂ ਧੀਆਂ ਜੰਮੀਆਂ ਤੇ ਭੈਣਾਂ ਵਿਸਰੀਆਂ।
ਸਮੇਂ ਦੇ ਮਸ਼ੀਨੀਕਰਨ ਨੇ ਪੇਂਡੂ ਜੀਵਨ ਜਾਚ ਦਾ ਵੀ ਸ਼ਹਿਰੀਕਰਨ ਕਰ ਦਿੱਤਾ ਹੈ। ਲੋਕ ਸਾਹਿਤ ’ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪਿਆ ਹੈ। ਮੋਬਾਈਲ ਯੁੱਗ ਵਿੱਚ ਲੋਕ ਸਾਹਿਤ ਦਾ ਇਹ ਅਨਮੋਲ ਵਿਰਸਾ ਇਸ ਦੀਆਂ ਹੋਰਨਾਂ ਵੰਨਗੀਆਂ ਵਾਂਗ ਲੋਪ ਹੋ ਰਿਹਾ ਹੈ, ਜਿਸ ਨੂੰ ਸਾਂਭਣ ਦੀ ਬਹੁਤ ਲੋੜ ਹੈ। ਪੰਜਾਬੀ ਦਾ ਸ਼ਿੰਗਾਰ ਇਹ ਅਖਾਣਾਂ ਸਾਡੀ ਬੋਲਚਾਲ ਦਾ ਹਿੱਸਾ ਬਣੇ ਰਹਿਣੀਆਂ ਚਾਹੀਦੀਆਂ ਹਨ।
-ਦਲਜੀਤ ਸਿੰਘ ਬੋਪਾਰਾਏ

Related posts

ਭਰਾ-ਭੈਣ ਦੇ ਅਟੁੱਟ ਰਿਸ਼ਤੇ ਦਾ ਕੀ ਅਰਥ ਹੈ?

admin

ਪੰਜਾਬੀ ਸੱਭਿਆਚਾਰ ਵਿੱਚ ਚਿੱਤਰਕਾਰੀ ਦਾ ਵਿਸ਼ੇਸ਼ ਸਥਾਨ !

admin

ਸਹੇਲੀਆਂ ਤੇ ਹਾਨਣਾਂ ਨੂੰ ਮਿਲਣ ਦੀ ਤਾਂਘ ਦਾ ਪ੍ਰਤੀਕ ‘ਤੀਆਂ ਤੀਜ’ !

admin