Articles

ਤੁਸੀਂ ਬਣ ਸਕਦੇ ਹੋ ਲੋਕਾਂ ਲਈ ਰਾਹ ਦਸੇਰਾ 

Harkirat Kaur Sabhara
ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਮਨੁੱਖ ਬਾਹਰ ਦੀਆਂ ਚਣੌਤੀਆਂ ਤੋਂ ਨਹੀਂ ਬਲਕਿ ਅੰਦਰ ਦੀਆਂ ਕਮਜ਼ੋਰੀਆਂ ਤੋਂ ਹਾਰਦਾ ਹੈ। ਇਸ ਗੱਲ ਦੀ ਵਿਆਖਿਆ ਕਰਨੀ ਬਹੁਤ ਅਸਾਨ ਹੈ ਕਿ ਅਸੀਂ ਕੀ ਹਾਂ, ਪਰ ਇਸ ਗੱਲ ਨੂੰ ਜਾਣਨਾ ਬਹੁਤ ਮੁਸ਼ਕਿਲ ਹੈ ਕਿ ਅਸੀਂ ਕੀ ਬਣ ਸਕਦੇ ਹਾਂ? ਤੁਹਾਡੇ ਕੰਮਾਂ ਤੋਂ ਹਰ ਕੋਈ ਅੰਦਾਜ਼ਾ ਲਗਾ ਸਕਦਾ ਹੈ ਕਿ ਤੁਹਾਡਾ ਮਨੋਰਥ ਕੀ ਹੈ? ਭਵਿੱਖ ਲਈ ਤੈਅ ਕੀਤਾ ਮਨੋਰਥ ਤੁਹਾਡੇ ਅੱਜ ਦੇ ਯਤਨਾਂ ਨੂੰ ਤਾਕਤ ਦਿੰਦਾ ਹੈ। ਵਿਖਾਵੇ ਅਤੇ ਝੂਠੇ ਚੰਗੇਪਣ ਵਿੱਚ ਉਹ ਤਾਕਤ ਨਹੀਂ ਹੁੰਦੀ ਕਿ ਉਹ ਕਿਸੇ ਦਾ ਦਿਲ ਜਿੱਤ ਸਕੇ । ਉਸਾਰੂ ਸੋਚ, ਸਖ਼ਤ ਮਿਹਨਤ ਅਤੇ ਇਮਾਨਦਾਰ ਯਤਨਾਂ ਦੀ ਦੌਲਤ ਨਾਲ ਸਫਲਤਾ ਨੂੰ ਖਰੀਦਿਆ ਜਾ ਸਕਦਾ ਹੈ, ਅਤੇ ਇਹੀ ਲੋਕਾਂ ਦੇ ਦਿਲਾਂ ਉੱਪਰ ਰਾਜ ਕਰਨ ਦਾ ਤਰੀਕਾ ਹੈ।

ਤੁਸੀਂ ਦੂਸਰਿਆਂ ਲਈ ਰਾਹ ਦਸੇਰੇ  ਬਣੋ, ਜੇਕਰ ਤੁਹਾਡੀ ਇਹ ਕੋਸ਼ਿਸ਼ ਹੈ ਤਾਂ ਤੁਸੀਂ ਦੁਨੀਆਂ ਦੀ ਭੀੜ ਵਿੱਚ ਕਦੇ ਗਵਾਚ ਨਹੀਂ ਸਕਦੇ। ਦੂਸਰਿਆਂ ਲਈ ਇੱਕ ਪ੍ਰੇਰਨਾ ਸਰੋਤ ਬਣਨ ਲਈ ਜਰੂਰੀ ਹੈ ਕਿ ਤੁਸੀਂ ਸਹੀ ਰਾਹ ਦੀ ਚੋਣ ਕਰੋ, ਹਮੇਸ਼ਾ ਧਿਆਨ ਰੱਖੋ ਕਿ ਜਿਸ ਰਾਹ ਵਿੱਚ ਜਿਆਦਾ ਭੀੜ ਹੋਵੇਗੀ, ਜਰੂਰੀ ਨਹੀਂ ਕਿ ਉਹ ਰਾਹ ਸਹੀ ਹੀ ਹੋਵੇਗਾ, ਹਮੇਸ਼ਾ ਭੀੜ ਤੋਂ ਅਲੱਗ ਕਰਨ ਦਾ ਯਤਨ ਕਰੋ ਤਾਂ ਜੋ ਤੁਸੀਂ ਇੱਕ ਦਿਨ ਵੱਖਰੀ ਪਹਿਚਾਣ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਸਕੋ। ਮੰਜ਼ਿਲ ਤੱਕ ਪਹੁੰਚਣ ਦੇ ਬਹੁਤ ਸਾਰੇ ਰਸਤੇ ਹੁੰਦੇ ਹਨ ਪਰ ਇਰਾਦਾ ਇੱਕ ਹੋਣਾ ਚਾਹੀਦਾ ਹੈ। ਜਿੰਦਗੀ ਦੀ ਕਿਸੇ ਉਚਾਈ ਨੂੰ ਸਬਰ ਨਾਲ ਸਰ ਕਰਨ ਵਾਲੇ ਲੋਕ ਕਦੇ ਵੀ ਇਕੱਲੇ ਨਹੀਂ ਹੁੰਦੇ, ਕਿਉਂਕਿ ਉਹਨਾਂ ਦੇ ਰਾਹ ਤੇ ਚੱਲਣ ਵਾਲਿਆਂ ਦਾ ਕਾਫਲਾ ਉਹਨਾਂ ਪਿੱਛੇ ਤੁਰਿਆ ਹੁੰਦਾ ਹੈ। ਉਹਨਾਂ ਕੋਲ ਜਿੰਦਗੀ ਜਿਊਣ ਦਾ ਹੁਨਰ ਅਤੇ ਸਲੀਕਾ ਹੁੰਦਾ ਹੈ। ਦਰਿਆ ਦਿਲ ਬੰਦੇ ਦੀ ਜਿੰਦਗੀ ਸਮੁੰਦਰ ਵਾਂਗ ਵਿਸ਼ਾਲ ਹੁੰਦੀ ਹੈ।
ਜੇਕਰ ਤੁਸੀ ਕਿਸੇ ਦੇ ਰਾਹ ਦਸੇਰਾ ਬਣਨਾ ਚਾਹੁੰਦੇ ਹੋ ਤਾਂ ਆਪਣੇ ਕਿਰਦਾਰ ਨੂੰ ਐਨਾ ਉੱਚਾ ਚੁੱਕੋ  ਕਿ ਤੁਹਾਨੂੰ ਯਾਦ ਕਰਦਿਆਂ ਹੀ ਕਿਸੇ ਦੀਆਂ ਅੱਖਾਂ ਚਮਕ ਉੱਠਣ। ਸੰਸਕਾਰਾਂ ਨਾਲ ਹੀ ਸਮਾਜ ਨੂੰ ਜਿੱਤਿਆ ਜਾ ਸਕਦਾ ਵਰਨਾ ਹੰਕਾਰ ਨਾਲ ਤਾਂ ਬੰਦਾ ਆਪਣੇ ਆਪ ਤੋਂ ਵੀ ਹਾਰ ਜਾਂਦਾ ਹੈ, ਤੁਹਾਡੀ ਸ਼ਖਸੀਅਤ ਐਨੀ ਪ੍ਰਭਾਵਪੂਰਣ ਹੋਣੀ ਚਾਹੀਦੀ ਹੈ ਕਿ ਤੁਹਾਡੇ ਚਿਹਰੇ ਤੋਂ ਤੁਹਾਡੇ ਕਿਰਦਾਰ ਦਾ ਅੰਦਾਜ਼ਾ ਲਗਾਇਆ ਜਾ ਸਕੇ। ਕਿਸੇ ਦੇ ਰਾਹ ਦਸੇਰੇ ਬਣਨ ਲਈ ਪਹਿਲਾਂ ਤੁਹਾਨੂੰ ਆਪਣੇ ਉੱਪਰ ਕੰਮ ਕਰਨਾ ਪਵੇਗਾ। ਮਿਹਨਤ, ਲਗਨ, ਹੁਨਰ ਦੀ ਮਦਦ ਨਾਲ ਆਪਣੇ ਆਪ ਨੂੰ ਸਾਬਿਤ ਕਰਨਾ ਪਵੇਗਾ। ਚੋਣੋਤੀਆਂ ਦਾ ਸਾਹਮਣਾ ਕਰਨਾ ਪਵੇਗਾ। ਕਿਉਂਕਿ ਜੋ ਲੋਕ ਚੋਣੋਤੀਆਂ ਦਾ ਡਟ ਕੇ ਸਾਹਮਣਾ ਕਰਦੇ ਹਨ, ਇੱਕ ਦਿਨ ਉਹ ਦੁਨੀਆਂ ਦੀ ਭੀੜ ਵਿੱਚੋਂ ਅਲੱਗ ਜਾਣੇ ਜਾਂਦੇ ਹਨ, ਲੋਕ ਉਹਨਾਂ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ, ਤੇ ਉਹਨਾਂ ਦੇ ਦਸਤਖਤ ਆਟੋਗ੍ਰਾਫ਼ ਬਣ ਜਾਂਦੇ ਹਨ। ਇਹੀ ਉਹੀ ਲੋਕ ਹੁੰਦੇ ਹਨ, ਜਿੰਨਾ ਨੇ ਦਿਨ ਰਾਤ ਜਾਗ ਕੇ ਮਿਹਨਤ ਕੀਤੀ ਹੁੰਦੀ ਹੈ, ਜਿੰਨਾ ਨੇ ਆਪਣੇ ਸੁਪਨਿਆਂ ਦੀ ਉਡਾਨ ਭਰੀ ਹੁੰਦੀ ਹੈ। ਇਹ ਲੋਕ ਆਮ ਹੁੰਦਿਆਂ ਵੀ ਆਮ ਨਹੀ ਰਿਹ ਜਾਂਦੇ। ਫਿਰ ਅਜਿਹੇ ਲੋਕ ਹੀ ਬਣਦੇ ਹਨ ਹੋਰਾਂ ਲਈ ਰਾਹ ਦਸੇਰੇ।
ਬੱਚਿਆਂ ਲਈ ਮਾਪੇ ਉਹਨਾਂ ਦੀ ਜਿੰਦਗੀ ਦੇ ਪਹਿਲੇ ਰਾਹ ਦਸੇਰੇ ਹਨ। ਸਾਡੇ ਮਾਰਗ ਦਰਸ਼ਕ ਜਿੰਨੇ ਸੁੱਚੇ ਹੁੰਦੇ ਹਨ ਅਸੀਂ ਉਨੇ ਹੀ ਉੱਚੇ ਹੁੰਦੇ ਹਾਂ। ਵਿਦਿਆਰਥੀਆਂ ਦੀ ਜਿੰਦਗੀ ਵਿੱਚ ਰਾਹ ਦਸੇਰੇ ਉਹਨਾਂ ਦੇ ਅਧਿਆਪਕ ਹਨ ਜਦੋਂ ਅਧਿਆਪਕ ਉਹਨਾਂ ਨੂੰ ਆਪਣੇ ਬੱਚੇ ਸਮਝ ਕੇ ਪੜਾਉਣਗੇ ਤਾਂ ਵਿਦਿਆਰਥੀਆਂ ਦੀ ਕਾਮਯਾਬੀ ਨੂੰ ਕੋਈ  ਰੋਕ ਨਹੀਂ ਸਕਦਾ। ਨਿਰਸੰਦੇਹ ਵਕਤ ਤੁਹਾਡੇ ਦਰਵਾਜ਼ੇ ਤੇ ਦਸਤਕ ਜਰੂਰ ਦੇਵੇਗਾ, ਮਿਹਨਤ ਦੇ ਹੱਥਾਂ ਨਾਲ ਦਰਵਾਜ਼ਾ ਖੋਲੋਗੇ ਤਾਂ ਕਿਸਮਤ ਵੀ ਅੰਦਰ ਲੰਘ ਆਵੇਗੀ। ਦੂਸਰਿਆਂ ਲਈ ਪ੍ਰੇਰਨਾ ਉਹੀ ਬਣਦੇ ਹਨ ਜੋ ਖੁਦ ਕਿਸੇ ਤੋ ਪ੍ਰੇਰਿਤ ਹੋਣ। ਚੰਗੀਆਂ ਪੁਸਤਕਾਂ, ਚੰਗੇ ਵਿਚਾਰ ਦਿੰਦੀਆਂ ਹਨ ਅਤੇ ਚੰਗੇ ਵਿਚਾਰ ਚੰਗੀ ਸੋਚ ਬਣਾਉਂਦੇ ਹਨ। ਇਸ ਲਈ ਜੇਕਰ ਖੁਦ ਕਿਸੇ ਲਈ ਪ੍ਰੇਰਨਾਸਰੋਤ ਬਣਨਾ ਚਾਹੁੰਦੇ ਹੋ ਤਾਂ ਪਹਿਲਾਂ ਆਪਣੇ ਆਪ ਨੂੰ ਇੱਕ ਮਿਸਾਲ ਦੇ ਤੌਰ ਤੇ ਖੜੇ ਕਰਨ ਦੇ ਕਾਬਿਲ ਬਣਾਓ। ਆਪਣੀ ਸਖਸ਼ੀਅਤ ਨੂੰ ਬਾਹਰੋ ਨਹੀਂ ਅੰਦਰੋਂ ਖੂਬਸੂਰਤ ਬਣਾਓ…. ਅਜਿਹਾ ਕਿਰਦਾਰ ਸਿਰਜੋ  ਕਿ ਹਰ ਕੋਈ ਤੁਹਾਡੇ ਵਰਗਾ ਬਣਨਾ ਲੋਚੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin