Literature

ਬਾਬੂ ਸਿੰਘ ਰੈਹਲ ਦਾ ”ਹਨ੍ਹੇਰਾ ਪੀਸਦੇ ਲੋਕ”ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ ਪ੍ਰਤੀਕ

ਬਾਬੂ ਸਿੰਘ ਰੈਹਲ ਦਾ ਤੀਜਾ ਕਹਾਣੀ ਸੰਗ੍ਰਿਹ ‘ਹਨ੍ਹੇਰਾ ਪੀਸਦੇ ਲੋਕ’ ਪੰਜਾਬ ਦੇ ਆਰਥਿਕ ਅਸਾਂਵੇਂਪਣ ਦਾ ਪ੍ਰਗਟਾਵਾ ਕਰਨ ਵਾਲੀ ਪੁਸਤਕ ਹੈ। ਪੰਜਾਬ ਜਿਸਨੂੰ ਕਿਸੇ ਸਮੇਂ ਦੇਸ਼ ਦਾ ਸਭ ਤੋਂ ਖ਼ੁਸ਼ਹਾਲ ਸੂਬਾ ਗਿਣਿਆਂ ਜਾਂਦਾ ਸੀ। ਇਸ ਸਮੇਂ ਆਰਥਿਕ ਕੰਗਾਲੀ ਦਾ ਰੂਪ ਧਾਰਨ ਕਰ ਚੁੱਕਾ ਹੈ। ਪੰਜਾਬ ਦੀ ਵਰਤਮਾਨ ਅਤੇ ਪੁਰਾਤਨ ਸਥਿਤੀ ਬਾਰੇ ਬਾਬੂ ਸਿੰਘ ਰਹਿਲ ਨੇ ਆਪਣੇ ਇਸ ਕਹਾਣੀ ਸੰਗ੍ਰਿਹ ਵਿਚ 15 ਕਹਾਣੀਆਂ ਸ਼ਾਮਲ ਕੀਤੀਆਂ ਹਨ, ਜਿਨ੍ਹਾਂ ਵਿਚੋਂ ਬਹੁਤੀਆਂ ਕਹਾਣੀਆਂ ਦਿਹਾਤੀ ਪੰਜਾਬ ਦੀ ਵਰਤਮਾਨ ਆਰਥਿਕ, ਸਮਾਜਿਕ ਅਤੇ ਸਭਿਆਚਾਰਿਕ ਸਥਿਤੀ ਦਾ ਕੱਚਾ ਚਿੱਠਾ ਪੇਸ਼ ਕਰਦੀਆਂ ਹਨ। ਪੰਜਾਬ ਜਿਸਨੂੰ ਵਸਦਾ ਗੁਰਾਂ ਦੇ ਨਾਂ ਕਿਹਾ ਜਾਂਦਾ ਸੀ ਤੇ ਅੱਜ ਕਲ੍ਹ ਉਸਦੇ ਨਿਵਾਸੀ ਆਪਣੇ ਪੁਰਾਤਨ ਵਿਰਸੇ ਅਤੇ ਪ੍ਰੰਪਰਾਵਾਂ ਨੂੰ ਭੁੱਲ ਚੁੱਕੇ ਹਨ। ਉਹ ਉਨ੍ਹਾਂ ਤੇ ਅਮਲ ਤਾਂ ਕਰਦੇ ਹੀ ਨਹੀਂ ਸਗੋਂ ਆਪਣੀਆਂ ਹੀ ਨਵੀਂਆਂ ਪਰੰਪਰਾਵਾਂ ਬਣਾਕੇ ਪੰਜਾਬ ਨੂੰ ਗ਼ਰੀਬੀ ਵਿਚ ਧਕੇਲ ਰਹੇ ਹਨ। ਸਾਡੇ ਗੁਰੂਆਂ ਨੇ ਜਿਹੜੇ ਸਿਧਾਂਤ ਸਾਨੂੰ ਗੁਰਬਾਣੀ ਰਾਹੀਂ ਦਿੱਤੇ ਸਨ, ਪੰਜਾਬੀ ਉਨ੍ਹਾਂ ਦੇ ਉਲਟ ਚਲਕੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੇ ਹਨ। ਬਾਬੂ ਸਿੰਘ ਰੈਹਲ ਦੀਆਂ ਕਹਾਣੀਆਂ ਦਿਹਾਤੀ ਪੰਜਾਬ ਦੇ ਲੋਕਾਂ ਦੀਆਂ ਰਸਮਾ ਰਿਵਾਜਾਂ ਅਤੇ ਪ੍ਰੰਪਰਾਵਾਂ ਤੇ ਪਹਿਰਾ ਦੇਣ ਦਾ ਖਾਕਾ ਖਿਚਦੀਆਂ ਹੋਈਆਂ ਵਰਤਮਾਨ ਆਧੁਨਿਕਤਾ ਦੇ ਦੌਰ ਵਿਚ ਉਨ੍ਹਾਂ ਤੇ ਪੈ ਰਹੇ ਬੁਰੇ ਪ੍ਰਭਾਵਾਂ ਦੇ ਨਤੀਜਿਆਂ ਬਾਰੇ ਵੀ ਆਗਾਹ ਕਰਦੀਆਂ ਹਨ। ਪੁਰਾਤਨ ਸਮੇਂ ਵਿਚ ਲੋਕਾਂ ਵਿਚ ਆਪਸੀ ਪਿਆਰ, ਮੁਹੱਬਤ, ਸਹਿਚਾਰ, ਨੈਤਿਕਤਾ ਅਤੇ ਭਰਾਤਰੀ ਭਾਵ ਸੀ। ਅੱਜ ਪੰਜਾਬੀ ਇਨ੍ਹਾਂ ਕਦਰਾਂ ਕੀਮਤਾਂ ਤੋਂ ਦੂਰ ਜਾ ਰਹੇ ਹਨ। ਲੇਖਕ ਆਪਣੀਆਂ ਕਹਾਣੀਆਂ ਵਿਚ ਦਿਹਾਤੀ ਲੋਕਾਂ ਦੇ ਪਾਤਰਾਂ ਰਾਹੀਂ ਆਪਸੀ ਸੰਵਾਦ ਕਰਵਾਕੇ ਆਉਣ ਵਾਲੇ ਸਮੇਂ ਵਿਚ ਵਰਤਮਾਨ ਸਮਾਜ ਦੀਆਂ ਗ਼ੈਰ ਸਮਾਜਿਕ ਕਾਰਵਾਈਆਂ ਦੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਕੇ ਲੋਕਾਂ ਨੂੰ ਬੁਰੇ ਕੰਮਾ ਤੋਂ ਬਚਣ ਦੀ ਤਾਕੀਦ ਕਰਦਾ ਹੈ। ਲੇਖਕ ਦੀ ਸ਼ੈਲੀ ਅਤੇ ਬੋਲੀ ਬੜੀ ਸਰਲ, ਸਾਦੀ ਅਤੇ ਦਿਹਾਤੀ ਹੈ, ਜਿਹੜੀ ਆਮ ਲੋਕਾਂ ਦੇ ਸਮਝ ਵਿਚ ਆਉਂਦੀ ਹੈ। ਗ਼ਰੀਬ ਦੀ ਗ਼ਰੀਬੀ, ਕਰਜ਼ਾ, ਵਿਆਹਾਂ ਦੇ ਖ਼ਰਚੇ ਅਤੇ ਪਿਤਾ ਪੁਰਖ਼ੀ ਕਿਤਿਆਂ ‘ਚੋਂ ਬਾਹਰ ਨਾ ਆਉਣਾ ਬਾਰੇ ਕਹਾਣੀਆਂ ਚਾਨਣਾ ਪਾਉਂਦੀਆਂ ਹਨ। ਜਿਸ ਕਰਕੇ ਲੋਕਾਂ ਦੀ ਆਰਥਿਕ ਹਾਲਤ ਹੋਰ ਕਮਜ਼ੋਰ ਹੁੰਦੀ ਜਾ ਰਹੀ ਹੈ। ਉਸਦੀਆਂ ਕਹਾਣੀਆਂ ਦੀ ਕਮਾਲ ਇਸ ਵਿਚ ਹੈ ਕਿ ਉਸਨੇ ਲਗਾਤਾਰਤਾ ਨਾਲ ਰੌਚਿਕਤਾ ਪੈਦਾ ਕੀਤੀ ਹੋਈ ਹੈ। ਗੱਲਬਾਤੀ ਢੰਗ ਵਰਤਿਆ ਹੈ ਜਿਸ ਕਰਕੇ ਪਾਠਕ ਜਦੋਂ ਕਹਾਣੀ ਪੜ੍ਹਨ ਲੱਗਦਾ ਹੈ ਤਾਂ ਅੱਧ ਵਿਚਕਾਰ ਨਹੀਂ ਛੱਡਦਾ। ਲੇਖਕ ਸਹਿਜਤਾ ਨਾਲ ਕਹਾਣੀ ਲਿਖਦਾ ਹੈ। ਛੋਟੇ ਛੋਟੇ ਵਾਕ ਕਹਾਣੀ ਦੀ ਸ਼ੈਲੀ ਦਾ ਪ੍ਰਤੀਕ ਹਨ। ਉਸਦੀ ਬੋਲੀ ਦੀ ਇੱਕ ਉਦਾਹਰਣ” ਨਾ ਗਊ ਦੀ ਸਹੁੰ ਹਾਸੀ ਆਲੀ ਗੱਲ ਨੀ ਬਾਈ। ਕਿਵੇਂ ਕਰ ਬੱਸ ਤੂੰ ਤੀਵੀਂ ਲਿਆਕੇ ਦੇਹ” ਸਮੇਂ ਦੀ ਤੇਜੀ ਵਿਚ ਕਿਸੇ ਕੋਲ ਪੜ੍ਹਨ ਦਾ ਸਮਾਂ ਹੀ ਨਹੀਂ, ਇਸ ਲਈ ਇਹ ਕਹਾਣੀਆਂ ਲੰਮੀਆਂ ਵੀ ਨਹੀਂ ਹਨ, ਕੋਈ ਬੇਲੋੜੀ ਗੱਲ ਨਹੀਂ ਲਿਖੀ ਪ੍ਰੰਤੂ ਕਈ ਥਾਵਾਂ ਤੇ ਇੱਕ ਗੱਲ ਨੂੰ ਵਜਨਦਾਰ ਢੰਗ ਲਾਲ ਕਹਿਣ ਲਈ ਦੁਹਰਾਓ ਹੈ। ਪਾਠਕ ਪੜ੍ਹਨ ਲੱਗਿਆਂ ਅੱਕਦਾ ਅਤੇ ਥੱਕਦਾ ਨਹੀਂ। ਦਿਹਾਤੀ ਅਤੇ ਸ਼ਹਿਰੀ ਜੀਵਨ ਨਾਲ ਸੰਬੰਧਤ ਅਜੋਕੇ ਸਮੇਂ ਅਨੁਸਾਰ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ। ਲੇਖਕ ਦੀਆਂ 10 ਕਹਾਣੀਆਂ ਬਾਕਮਾਲ ਹਨ। ‘ ਹਨ੍ਹੇਰਾ ਪੀਸਦੇ ਲੋਕ ‘ ਕਹਾਣੀ ਦਲਿਤ ਸਮਾਜ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਬਾਰੇ ਜਾਣਕਾਰੀ ਦਿੰਦੀ ਹੈ ਕਿ ਕਿਸ ਤਰ੍ਹਾਂ ਇਨ੍ਹਾਂ ਵਰਗਾਂ ਦੇ ਲੋਕ ਰੋਜ਼ੀ ਅਤੇ ਰੋਟੀ ਲਈ ਕਰੜੀ ਮਿਹਨਤ ਕਰਕੇ ਪਰਿਵਾਰਾਂ ਨੂੰ ਪਾਲਦੇ ਹਨ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਦਾ ਵੀ ਪ੍ਰਬੰਧ ਨਹੀਂ ਕਰ ਸਕਦੇ। ਹਾਲਾਂ ਕਿ ਉਨ੍ਹਾਂ ਲੋਕਾਂ ਦੇ ਬੱਚਿਆਂ ਵਿਚ ਲਿਆਕਤ ਹੁੰਦੀ ਹੈ ਪ੍ਰੰਤੂ ਉਨ੍ਹਾਂ ਨੂੰ ਆਪਣੀ ਲਿਆਕਤ ਵਿਖਾਉਣ ਦਾ ਗ਼ਰੀਬੀ ਕਰਕੇ ਮੌਕਾ ਨਹੀਂ ਮਿਲਦਾ। ਪੂਰਨ ਨਾਂ ਦਾ ਦਲਿਤ ਗ਼ਰੀਬੀ ਕਰਕੇ ਅਪੂਰਨ ਹੀ ਰਹਿ ਜਾਂਦਾ ਹੈ। ਪੱਛਵੀਂ ਸਭਿਆਚਾਰ ਦੀ ਅੰਨ੍ਹੇਵਾਹ ਨਕਲ ਵੀ ਪੰਜਾਬੀਆਂ ਦੀਆਂ ਰੀਤੀ ਰਿਵਾਜ਼ਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਵਿਖਾਈਆਂ ਗਈਆਂ ਹਨ। ਪੱਛਮੀ ਸਭਿਅਚਾਰ ਦੀ ਗ਼ੈਰਜ਼ਰੂਰੀ ਨਕਲ ਨਾਲ ਸੰਬੰਧ ਕਹਾਣੀਆਂ ‘ ਅਥਰਾਏ ਅਹਿਸਾਸ’, ‘ਸੰਧੂਰੀ ਸਪਨਿਆਂ ‘ਚ ਉਲਝ ਰਿਸ਼ਤੇ’ ਅਤੇ ‘ਪੱਛਵੀਂ ਧੂੜ ਦੇ ਪ੍ਰਛਾਵੇਂ’ ਹਨ ਜਿਨ੍ਹਾਂ ਵਿਚ ਪੰਜਾਬੀ ਪਰਿਵਾਰਾਂ ਦੇ ਮੈਂਬਰ ਖਾਮਖਾਹ ਫੋਕੀ ਸ਼ੋਹਰਤ ਅਤੇ ਵਿਖਾਵੇ ਦੇ ਚੱਕਰ ਵਿਚ ਨਕਲ ਕਰ ਬੈਠਦੇ ਹਨ, ਜਿਹੜੀ ਉਨ੍ਹਾਂ ਦੇ ਸਮਾਜ ਵਿਚ ਫਿਟ ਨਹੀਂ ਬੈਠਦੀ ਅਤੇ ਨਾ ਹੀ ਚੰਗੀ ਗਿਣੀ ਜਾਂਦੀ ਹੈ। ਉਸ ਨਕਲ ਦੇ ਨਤੀਜੇ ਖ਼ਤਰਨਾਕ ਵਿਖਾਏ ਗਏ ਹਨ, ਜਿਸ ਨਾਲ ਪਰਿਵਾਰ ਜੁੜਦੇ ਨਹੀਂ ਸਗੋਂ ਟੁੱਟਦੇ ਹਨ। ਪ੍ਰੰਤੂ ਜਿਹੜੀਆਂ ਕਹਾਣੀਆਂ ਦਿਹਾਤੀ ਪੰਜਾਬੀ ਪਰਿਵਾਰਾਂ ਨਾਲ ਸੰਬੰਧਤ ਹਨ, ਉਨ੍ਹਾਂ ਵਿਚ ਹੂਬਹੂ ਉਨ੍ਹਾਂ ਦੇ ਪਰਿਵਾਰਾਂ ਵਿਚ ਵਾਪਰ ਰਹੀਆਂ ਘਟਨਾਵਾਂ ਅਤੇ ਰੋਜ ਮਰਰ੍ਹਾ ਦੇ ਜੀਵਨ ਵਿਚ ਕੀਤੀ ਜਾਂਦੀ ਗੱਲਬਾਤ ਅਤੇ ਰਹਿਣ ਸਹਿਣ ਨੂੰ ਦਰਸਾਇਆ ਗਿਆ ਹੈ ਜੋ ਇਸ ਤਰ੍ਹਾਂ ਲੱਗਣ ਲੱਗ ਜਾਂਦਾ ਹੈ ਜਿਵੇਂ ਅਸੀਂ ਕਿਸੇ ਪਿੰਡ ਦੇ ਘਰ ਵਿਚ ਬੈਠੇ ਹੋਈਏ। ਭੱਟਕਦੇ ਰਿਸ਼ਤਿਆਂ ਦੇ ਪੈੜ ਚਿੰਨ੍ਹ ਨਾਂ ਦੀ ਕਹਾਣੀ ਵਿਚ ਪੁੱਤਰ ਦੀ ਖ਼ਾਹਿਸ਼ ਅਤੇ ਲੜਕੀਆਂ ਨੂੰ ਬੋਝ ਸਮਝਣ ਦੇ ਖ਼ਤਰਨਾਕ ਨਤੀਜਿਆਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮਾਵਾਂ ਪੁੱਤਰਾਂ ਨੂੰ ਲਾਡ ਪਿਆਰ ਨਾਲ ਵਿਗਾੜ ਦਿੰਦੀਆਂ ਹਨ। ਲੜਕੀਆਂ ਪੜ੍ਹ ਲਿਖ ਵੀ ਜਾਂਦੀਆਂ ਹਨ ਪ੍ਰੰਤੂ ਸਪੁੱਤਰ ਪੜ੍ਹਦੇ ਵੀ ਨਹੀਂ। ਸਪੁੱਤਰ ਦੀ ਪ੍ਰਾਪਤੀ ਲਈ ਭਰੂਣ ਹੱਤਿਆ ਵੀ ਕਰਵਾਈ ਜਾਂਦੀ ਹੈ। ਪ੍ਰੰਤੂ ਸਪੁੱਤਰ ਨਸ਼ੇ ਦੀ ਲਤ ਵਿਚ ਜਕੜ ਜਾਂਦੇ ਹਨ ਅਤੇ ਅਖ਼ੀਰ ਆਪਣੇ ਪਿਤਾ ਦਾ ਜਾਇਦਾਦ ਪਿਛੇ ਕਤਲ ਕਰ ਦਿੰਦੇ ਨੇ। ਅਜੋਕੇ ਸਮਾਜ ਤੇ ਇਹ ਕਹਾਣੀ ਪੂਰੀ ਢੁਕਦੀ ਹੈ। ਮੋਈ ਸੜਕ ਦਾ ਗੀਤ ਕਹਾਣੀ ਵਿਚ ਪਿਆਰ ਪਾਉਣ ਲਈ ਆਦਰਸ਼ਵਾਦੀ ਗੱਲਾਂ ਕੀਤੀਆਂ ਜਾਂਦੀਆਂ ਹਨ ਪ੍ਰੰਤੂ ਅਖ਼ੀਰ ਵਿਚ ਜਾਤਪਾਤ ਭਾਰੂ ਹੋ ਜਾਂਦੀ ਹੈ ਅਤੇ ਰਿਸ਼ਤੇ ਬਿਖ਼ਰ ਜਾਂਦੇ ਹਨ, ਜੋ ਕਿ ਅਟੱਲ ਸਚਾਈ ਹੈ। ਸਾਡੇ ਸਮਾਜ ਦੀ ਮਾਨਸਿਕਤਾ ਅਜੇ ਜਾਤ ਪਾਤ ਦੇ ਚੁੰਗਲ ‘ਚੋਂ ਬਾਹਰ ਨਹੀਂ ਨਿਕਲ ਸਕੀ। ਇਹ ਕਹਾਣੀ ਔਰਤ ਦੀ ਦਲੇਰੀ ਦਾ ਪ੍ਰਤੀਕ ਵੀ ਕਹੀ ਜਾ ਸਕਦੀ ਹੈ। ਅਤੀਤ ਦੀਆਂ ਗੁਫ਼ਾਵਾਂ ਵਿਚ ਗੁੰਮੀਆਂ ਰੂਹਾਂ ਕਹਾਣੀ ਵਿਚ ਲੇਖਕ ਨੇ ਪੇਂਡੂ ਸਭਿਆਚਾਰ ਦੀ ਤਸਵੀਰ ਹੀ ਖਿਚ ਕੇ ਰੱਖ ਦਿੱਤੀ ਹੈ ਕਿ ਪਿੰਡਾਂ ਵਿਚ ਖੇਤੀਬਾੜੀ ਦਾ ਧੰਦਾ ਕਰਦਿਆਂ ਕਿਵੇਂ ਕਿਸਾਨਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਂਝੇ ਪਰਿਵਾਰਾਂ ਵਿਚ ਜ਼ਮੀਨ ਦੀ ਵੰਡ ਵੰਡਾਈ ਰੋਕਣ ਅਤੇ ਆਰਥਿਕ ਸਮਤੁਲ ਬਣਾਈ ਰੱਖਣ ਲਈ ਸਾਰੇ ਪਰਿਵਾਰ ਦੇ ਮਰਦਾਂ ਵਿਚੋਂ ਇੱਕ ਦਾ ਹੀ ਵਿਆਹ ਕੀਤਾ ਜਾਂਦਾ ਸੀ। ਅੱਜ ਦੇ ਸਮੇਂ ਇਸ ਦੇ ਉਲਟ ਜਿਤਨੇ ਪਰਿਵਾਰ ਵਿਚ ਮਰਦ ਹਨ, ਸਾਰਿਆਂ ਦੇ ਵਿਆਹ ਹੁੰਮ ਹੁਮਾ ਕੇ ਕੀਤੇ ਜਾਂਦੇ ਹਨ ਅਤੇ ਵਿਤ ਤੋਂ ਵੱਧ ਖ਼ਰਚ ਕੀਤੇ ਜਾਂਦੇ ਹਨ, ਜਿਸ ਕਰਕੇ ਕਿਸਾਨ ਦੀ ਆਰਥਿਕ ਹਾਲਤ ਕਮਜ਼ੋਰ ਹੋ ਜਾਂਦੀ ਹੈ। ਸਰਦਲ ‘ਤੇ ਲਿਖਿਆ ਸੱਚ ਕਹਾਣੀ ਵਿਚ ਲੇਖਕ ਨੇ ਦੱਸਿਆ ਹੈ ਕਿ ਭਾਰਤੀ ਸਮਾਜ ਵਿਚ ਭਰੂਣ ਹੱਤਿਆ ਪੁਰਾਤਨ ਹੈ ਜੋ ਕਿ ਵਿਰਸੇ ਵਿਚੋਂ ਹੀ ਮਿਲੀ ਹੈ। ਪਹਿਲੇ ਜ਼ਮਾਨੇ ਵਿਚ ਪ੍ਰਚਾਰ ਦੀ ਘਾਟ ਅਤੇ ਪਰਿਵਾਰ ਦੀਆਂ ਵੱਡੀਆਂ ਇਸਤਰੀਆਂ ਵੱਲੋਂ ਜੰਮਦੀਆਂ ਲੜਕੀਆਂ ਨੂੰ ਮਾਰ ਦੇਣ ਤੇ ਬਹੁਤਾ ਰੌਲਾ ਨਹੀਂ ਪੈਂਦਾ ਸੀ। ਆਦਮੀ ਨੂੰ ਇਸ ਹਰਕਤ ਵਿਚ ਸ਼ਾਮਲ ਹੀ ਨਹੀਂ ਕੀਤਾ ਜਾਂਦਾ ਸੀ। ਅੱਜ ਦੇ ਆਧੁਨਿਕ ਢੰਗਾਂ ਦੇ ਆ ਜਾਣ ਨਾਲ ਆਦਮੀ ਵੀ ਸ਼ਾਮਲ ਕਰ ਲਏ ਜਾਂਦੇ ਹਨ ਅਤੇ ਭਰੂਣ ਹੱਤਿਆ ਗੁਪਤ ਨਹੀਂ ਰਹਿੰਦੀ। ਬਲਾਤਕਾਰਾਂ ਦਾ ਵੱਧ ਜਾਣਾ ਵੀ ਭਰੂਣ ਹੱਤਿਆ ਕਰਕੇ ਹੀ ਹੈ ਕਿਉਂਕਿ ਕੁੜੀਆਂ ਦੀ ਆਬਾਦੀ ਘਟ ਗਈ ਹੈ। ਅੰਤਰ ਜਾਤੀ ਵਿਆਹ ਪਹਿਲਾਂ ਵੀ ਹੁੰਦੇ ਸਨ, ਉਦੋਂ ਪਰਿਵਾਰ ਦੀ ਰਜਾਮੰਦੀ ਨਾਲ ਮੁੱਲ ਦੀ ਤੀਵੀਂਆਂ ਬਾਹਰਲੇ ਸੂਬਿਆਂ ਵਿਚੋਂ ਲਿਆਂਦੀਆਂ ਜਾਂਦੀਆਂ ਸਨ। ਉਦੋਂ ਵੀ ਛੜੇ ਹੁੰਦੇ ਸਨ ਪ੍ਰੰਤੂ ਉਦੋਂ ਨੈਤਿਕ ਕਦਰਾਂ ਕੀਮਤਾਂ ਭਾਰੂ ਸਨ ਜੋ ਕਿ ਹੁਣ ਨਹੀਂ ਹਨ। ਭਰੂਣ ਹੱਤਿਆ ਦਾ ਜ਼ਿਕਰ ਕਰਦਾ ਲੇਖਕ ਆਪਣੀ ਕਹਾਣੀ ‘ਸਰਦਲ ‘ਤੇ ਲਿਖਿਆ ਸੱਚ’ ਵਿਚ ਲਿਖਦਾ ਹੈ ” ਵਹੁਟੀਆਂ ਕਿਥੋਂ ਆਉਣੀਆਂ ਨੇ ਪੁਰਾਣੇ ਬੁੜ੍ਹਿਆਂ ਵਾਂਗੂੰ ਪੂਰਬਣੀਆਂ ਲਿਆਇਆ ਕਰਨਗੇ” ਇਹ ਸਾਰਾ ਕੁਝ ਆਰਥਿਕਤਾ ਨਾਲ ਜੁੜਿਆ ਹੋਇਆ ਹੈ ਕਿਉਂਕਿ ਵਿਆਹਾਂ ਦੀਆਂ ਰਸਮਾਂ ਅਤੇ ਵਿਆਹ ਤੋਂ ਬਾਅਦ ਸੰਧਾਰੇ, ਸ਼ੂਸ਼ਕ, ਤਿਥ ਤਿਓਹਾਰ, ਨਾਨਕ ਛੱਕ, ਸੰਧਾਰੇ, ਨਾਮ ਕਰਨ ਅਤੇ ਸੱਸ ਸਹੁਰੇ ਦੇ ਮਰਨ ਤੇ ਖਰਚੇ ਆਦਿ ਸਮਾਜ ਵਿਚ ਭਾਰੂ ਹਨ। ਇਸ ਲਈ ਲੜਕੀ ਦੇ ਜੰਮਣ ਤੋਂ ਲੋਕ ਘਬਰਾਉਂਦੇ ਹਨ। ਜੇਕਰ ਇਹ ਰਿਵਾਜ ਬੰਦ ਹੋਣ ਤਾਂ ਅਜਿਹਾ ਡਰ ਖ਼ਤਮ ਹੋ ਸਕਦਾ ਹੈ। ਭਾਵੇਂ ਕਾਨੂੰਨ ਤਾਂ ਅੱਜ ਵੀ ਸਮਾਜਿਕ ਬਿਮਾਰੀਆਂ ਤੇ ਕਾਬੂ ਪਾਉਣ ਲਈ ਮੌਜੂਦ ਹਨ ਪ੍ਰੰਤੂ ਇਹ ਮਸਲੇ ਤਾਂ ਇਨਸਾਨ ਦੀ ਸੋਚ ਬਦਲਣ ਨਾਲ ਹੀ ਹੱਲ ਹੋ ਸਕਦੇ ਹਨ। ਭਰੂਣ ਹੱਤਿਆ ਖ਼ਤਮ ਵੀ ਸੋਚ ਬਦਲਣ ਨਾਲ ਹੀ ਹੋਵੇਗੀ। ਸਮਾਜ ਵਿਚ ਹਰ ਤਬਦੀਲੀ  ਇਨਸਾਨੀਅਤ ਦੀ ਮਾਨਸਿਕਤਾ ਨਾਲ ਜੁੜੀ ਹੋਈ ਹੈ। ਕਹਾਣੀਆਂ ਵਿਚ ਇਸਤਰੀ ਪਾਤਰਾਂ ਦੀਆਂ ਗੱਲਾਂਬਾਤਾਂ ਬੜੀਆਂ ਦਿਲਚਸਪ ਹਨ ਜਿਵੇਂ ਪਿੰਡਾਂ ਵਿਚ ਆਮ ਤੌਰ ਤੇ ਇਸਤਰੀਆਂ ਗੱਲਾਂ ਜਾਂ ਚੁੱਗਲੀਆਂ ਕਰਦੀਆਂ ਹਨ ਉਹ ਹੂ-ਬ-ਹੂ ਲਿਖਿਆ ਗਿਆ ਹੈ ਜਿਹੜਾ ਕਹਾਣੀ ਵਿਚ ਰੌਚਕਤਾ ਪੈਦਾ ਕਰਦਾ ਹੈ। ਅਥਰਾਏ ਅਹਿਸਾਸ ਕਹਾਣੀ ਪੰਜਾਬੀ ਸਭਿਆਚਾਰ ਨਾਲ ਮੇਲ ਨਹੀਂ ਖਾਂਦੀ ਕਿਉਂਕਿ ਪੰਜਾਬ ਵਿਚ ਸਮਲਿੰਗਕ ਵਿਆਹਾਂ ਦਾ ਰਿਵਾਜ ਨਹੀਂ ਹੈ। ਫਿਰ ਪਰਤਣਗੇ ਦਿਨ ਕਹਾਣੀ ਵੀ ਜੰਮੂ ਕਸ਼ਮੀਰ ਵਿਚ ਇਸਤਰੀਆਂ ਦੀ ਹਾਲਤ ਬਾਰੇ ਦੱਸਿਆ ਗਿਆ ਹੈ ਕਿ ਵੁਥੇ ਨਾ ਤਾਂ ਲੜਕੀਆਂ ਨੂੰ ਪੜ੍ਹਨੇ ਪਾਇਆ ਜਾਂਦਾ ਹੈ ਅਤੇ ਨਾ ਹੀ ਇਕੱਲੀਆਂ ਨੂੰ ਘਰੋਂ ਬਾਹਰ ਜਾਣ ਦੀ ਇਜਾਜਤ ਹੈ। ਇੱਕ ਕਿਸਮ ਨਾਲ ਔਰਤਾਂ ਕੈਦੀ ਹਨ। ਉਨ੍ਹਾਂ ਨਾਲ ਜੇਕਰ ਬਲਾਤਕਾਰ ਹੁੰਦਾ ਹੈ ਤਾਂ ਕੋਈ ਸੁਣਵਾਈ ਨਹੀਂ ਪ੍ਰੰਤੂ ਲੇਖਕ ਆਸ਼ਾਵਾਦੀ ਹੈ ਕਿ ਇੱਕ ਦਿਨ ਇਹ ਹਾਲਾਤ ਠੀਕ ਹੋ ਜਾਣਗੇ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਬਾਬੂ ਸਿੰਘ ਰੈਹਲ ਦਾ ਇਹ ਕਹਾਣੀ ਸੰਗ੍ਰਿਹ ਪੰਜਾਬੀ ਕਹਾਣੀ ਖੇਤਰ ਵਿਚ ਚੰਗਾ ਉਦਮ ਹੈ। ਇਸ ਦੀਆਂ ਕਹਾਣੀਆਂ ਦੀ ਬੋਲੀ, ਸ਼ੈਲੀ ਅਤੇ ਗਲਬਾਤੀ ਢੰਗ ਆਮ ਲੇਖਕਾਂ ਨਾਲੋਂ ਹੱਟਕੇ ਹਨ। ਪੜ੍ਹਨ ਵਾਲੇ ਪਾਠਕਾਂ ਤੇ ਬੋਝ ਨਹੀਂ ਬਣਦੇ ਅਤੇ ਕਹਾਣੀ ਦਾ ਥੀਮ ਸਮਝਣ ਵਿਚ ਕੋਈ ਮੁਸ਼ਕਲ ਨਹੀਂ ਹੁੰਦੀ। ਭਵਿਖ ਵਿਚ ਲੇਖਕ ਤੋਂ ਹੋਰ ਚੰਗੀਆਂ ਕਹਾਣੀਆਂ ਰਾਹੀਂ ਪੰਜਾਬੀ ਭਾਸ਼ਾ ਦੀ ਸੇਵਾ ਕਰਨ ਦੀ ਉਮੀਦ ਕੀਤੀ ਜਾ ਸਕਦੀ ਹੈ।
– ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin