Literature

ਕਮਲਜੀਤ ਕੌਰ ਕਮਲ ਦੀ ਪੁਸਤਕ ”ਫੁੱਲ ਤੇ ਕੁੜੀਆਂ” ਇੱਕ ਸਿੱਕੇ ਦੇ ਦੋ ਪਾਸੇ

ਕਮਲਜੀਤ ਕੌਰ ਕਮਲ ਦੀ ਪੁਸਤਕ ”ਫੁੱਲ ਤੇ ਕੁੜੀਆਂ” ਇੱਕੋ ਸਿੱਕੇ ਦੇ ਦੋ ਪਾਸੇ ਹਨ ਕਿਉਂਕਿ ਫੁੱਲ ਅਤੇ ਕੁੜੀਆਂ ਕੋਮਲ, ਪਵਿਤਰ, ਸੁਹਜ ਸੁਆਦ ਦੀਆਂ ਪ੍ਰਤੀਕ, ਖ਼ੁਸ਼ੀ ਅਤੇ ਖੇੜਿਆਂ ਦਾ ਮੁਜੱਸਮਾ ਹੁੰਦੀਆਂ ਹਨ। ਦੋਹਾਂ ਦੀ ਮਾਨਸਿਕਤਾ ਇਕੋ ਜਹੀ ਹੁੰਦੀ ਹੈ। ਦੋਵੇਂ ਹੱਥ ਲਾਇਆਂ ਕੁਮਲਾ ਜਾਂਦੀਆਂ ਹਨ। ਦੋਹਾਂ ਦੀ ਹੋਂਦ ਇਨਸਾਨੀਅਤ ਦੀਆਂ ਭਾਵਨਾਵਾਂ ਦੀ ਕਠਪੁਤਲੀ ਹੁੰਦੀ ਹੈ। ਫੁੱਲ ਅਤੇ ਕੁੜੀਆਂ ਮਾਲੀ ਰੂਪੀ ਇਨਸਾਨ ਦੀ ਫਿਤਰਤ ਤੇ ਨਿਰਭਰ ਕਰਦੀਆਂ ਹਨ। ਇਹ ਦੋਵੇਂ ਸਬਰ-ਸੰਤੋਖ, ਸ਼ਾਂਤੀ, ਸਦਭਾਵਨਾ ਅਤੇ ਸ਼ਹਿਨਸ਼ੀਲਤਾ ਦਾ ਪ੍ਰਤੀਕ ਹਨ। ਫੁੱਲਾਂ ਅਤੇ ਕੁੜੀਆਂ ਨੂੰ ਇਨਸਾਨ ਆਪਣੀ ਮਾਨਸਿਕ ਤ੍ਰਿਪਤੀ ਦਾ ਸਾਧਨ ਸਮਝਦਾ ਹੈ। ਪ੍ਰੰਤੂ ਭਾਈ ਵੀਰ ਸਿੰਘ ਅਨੁਸਾਰ ਜੇਕਰ ਇਨ੍ਹਾਂ ਫੁੱਲਾਂ ਨੂੰ ਤੋੜ ਦਿੱਤਾ ਜਾਵੇ ਤਾਂ ਇੱਕ ਜੋਗਾ ਹੀ ਰਹਿ ਜਾਂਦੇ ਹਨ। ਜੇਕਰ ਇਨ੍ਹਾਂ ਦੀ ਹੋਂਦ ਦੇ ਅਹਿਸਾਸ ਦਾ ਆਨੰਦ ਮਾਣਿਆਂ ਜਾਵੇ ਤਾਂ ਇਹ ਆਪਣੀਆਂ ਖ਼ੁਸ਼ਬੋਆਂ ਨਾਲ ਸਮੁੱਚੇ ਵਾਤਾਵਰਨ ਅਤੇ ਸੰਸਾਰ ਨੂੰ ਆਪਣੀ ਸੁੰਦਰਤਾ ਨਾਲ ਮਾਲਾਮਾਲ ਕਰ ਦਿੰਦੀਆਂ ਹਨ। ਇਸ ਪੁਸਤਕ ਵਿਚ ਵੀ ਕਮਲਜੀਤ ਕੌਰ ਨੇ ਆਪਣੀਆਂ ਕਵਿਤਾਵਾਂ ਰਾਹੀਂ ਇਨਸਾਨੀਅਤ ਨੂੰ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਫੁੱਲ ਅਤੇ ਕੁੜੀਆਂ ਪਵਿਤਰ ਗਹਿਣੇ ਦੀ ਤਰ੍ਹਾਂ ਸੰਭਾਲਣ ਯੋਗ ਕੁਦਰਤ ਦੀਆਂ ਨਿਹਮਤਾਂ ਹਨ। ਕੋਮਲਤਾ ਇਨ੍ਹਾਂ ਦੀ ਖਾਸੀਅਤ ਹੈ। ਇਹ ਕੱਚੇ ਧਾਗੇ ਦੀ ਤਰ੍ਹਾਂ ਹਨ ਜੇਕਰ ਪਿਆਰ ਨਾਲ ਇਨ੍ਹਾਂ ਨਾਲ ਵਿਵਹਾਰ ਕੀਤਾ ਜਾਵੇ ਤਾਂ ਤੁਹਾਡੀ ਝੋਲੀ ਪਿਆਰ ਅਤੇ ਮੋਹ ਨਾਲ ਭਰ ਦਿੰਦੀਆਂ ਹਨ, ਜੇਕਰ ਇਨ੍ਹਾਂ ਨੂੰ ਮ੍ਰਧੋਲਿਆ ਜਾਂ ਮਸਲਿਆ ਜਾਵੇ ਤਾਂ ਕੁਮਲਾ ਵੀ ਜਾਂਦੀਆਂ ਹਨ ਪ੍ਰੰਤੂ ਇਹ ਕੰਕਰ ਵੀ ਬਣ ਸਕਦੀਆਂ ਹਨ। ਇਨਸਾਨ ਨੂੰ ਫੁੱਲਾਂ ਅਤੇ ਕੁੜੀਆਂ ਦੀ ਕਦਰ ਕਰਨੀ ਸਿੱਖਣੀ ਚਾਹੀਦੀ ਹੈ। ਫੁੱਲ ਤੇ ਕੁੜੀਆਂ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੀ ਤਾਸੀਰ ਵੀ ਇਹੋ ਹੈ। ਕਮਲਜੀਤ ਦਾ ਭਾਵੇਂ ਇਹ ਪਲੇਠਾ ਕਾਵਿ ਸੰਗ੍ਰਹਿ ਹੈ ਪ੍ਰੰਤੂ ਇਸਨੂੰ ਪੜ੍ਹਨ ਤੋਂ ਮਹਿਸੂਸ ਹੁੰਦਾ ਹੈ ਕਿ ਕਵਿਤਰੀ ਦਾ ਦੁਨੀਆਂਦਾਰੀ ਅਤੇ ਇਨਸਾਨੀ ਮਾਨਸਿਕਤਾ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਸਮਝਣ ਦਾ ਅਨੁਭਵ ਬਹੁਤ ਹੀ ਡੂੰਘਾ ਹੈ। ਇਤਨੀ ਛੋਟੀ ਉਮਰ ਵਿਚ ਐਨੀ ਸੰਜੀਦਾ ਜਾਣਕਾਰੀ ਦਾ ਅਨੁਭਵ ਕਰਨਾ ਵਿਲੱਖਣ ਸ਼ਖ਼ਸ਼ੀਅਤ ਦੇ ਵਸ ਦੀ ਗੱਲ ਹੀ ਹੋ ਸਕਦੀ ਹੈ। ਕਮਲਜੀਤ ਨੇ ਭਾਵੇਂ ਨਾਰੀ ਵੇਦਨਾ ਅਤੇ ਚੇਤਨਾ ਦੀ ਗੱਲ ਆਪਣੀਆਂ ਕਵਿਤਾਵਾਂ ਵਿਚ ਕੀਤੀ ਹੈ ਪ੍ਰੰਤੂ ਉਸਨੂੰ ਸਿਰਫ ਇਸਤਰੀਆਂ ਦੀ ਕਵਿਤਰੀ ਕਹਿਣਾ ਉਸ ਨਾਲ ਬੇਇਨਸਾਫੀ ਹੋਵੇਗੀ ਕਿਉਂਕਿ ਉਸਦੀ ਵਿਸ਼ਿਆਂ ਦੀ ਚੋਣ ਬਹੁ ਰੰਗੀ ਅਤੇ ਬਹੁਪਰਤੀ ਹੈ। ਉਸਦੀ ਕਵਿਤਾ ਨੌਜਵਾਨ ਪੀੜ੍ਹੀ ਲਈ ਮਾਰਗ ਦਰਸ਼ਕ ਸਾਬਤ ਹੋ ਸਕਦੀ ਹੈ ਕਿਉਂਕਿ ਉਸਨੇ ਆਪਣੀਆਂ ਕਵਿਤਾਵਾਂ ਵਿਚ ਇਨਸਾਨੀ ਰਿਸ਼ਤਿਆਂ ਵਿਚ ਆਈ ਗਿਰਾਵਟ ਦਾ ਵਿਸ਼ੇਸ਼ ਤੌਰ ਤੇ ਪ੍ਰਗਟਾਵਾ ਕੀਤਾ ਹੈ। ਖਾਸ ਤੌਰ ਤੇ ਮਾਂ ਦੀ ਅਹਿਮੀਅਤ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਕਿਸ ਪ੍ਰਕਾਰ ਨੌਜਵਾਨ ਨਸ਼ਿਆਂ ਦੇ ਵਸ ਪੈ ਕੇ ਆਪਣੇ ਹੀ ਮਾਂ ਬਾਪ, ਭੈਣ-ਭਰਾ ਅਤੇ ਹੋਰ ਨਜ਼ਦੀਕੀਆਂ ਦਾ ਕਤਲ ਕਰ ਦਿੰਦੇ ਹਨ। ਸਮਾਜ ਨਿਰਮੋਹੀ ਹੋ ਗਿਆ ਹੈ। ਕਮਲਜੀਤ ਦੀਆਂ ਕਵਿਤਾਵਾਂ ਇਨਸਾਨੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ। ਉਸ ਦੀਆਂ ਕਵਿਤਾਵਾਂ ਇਨ੍ਹਾਂ ਸਮਾਜਿਕ ਬੁਰਾਈਆਂ ਪ੍ਰਤੀ ਆਗਾਹ ਕਰਦੀਆਂ ਹੋਈਆਂ ਸਿੱਧੇ ਰਸਤੇ ਚਲਣ ਦੀ ਪ੍ਰੇਰਨਾ ਕਰਦੀਆਂ ਹਨ। ਕਵਿਤਰੀ ਦੀ ਸ਼ਬਦਾਵਲੀ ਦਾ ਭੰਡਾਰ ਵੀ ਅਮੀਰ ਅਤੇ ਸਰਲ ਹੈ। ਸ਼ਬਦਾਂ ਦੀ ਚੋਣ ਵੀ ਵਿਲੱਖਣ ਹੈ। ਉਹ ਬਹੁਤ ਹੀ ਸਾਧਾਰਣ ਅਤੇ ਆਮ ਲੋਕਾਂ ਦੇ ਸਮਝ ਵਿਚ ਆਉਣ ਵਾਲੀ ਦਿਹਾਤੀ ਸ਼ਬਦਾਵਲੀ ਵਰਤਦੀ ਹੈ ਜਿਵੇਂ ਕਿ ਬਲਦ, ਟੱਲੀਆਂ, ਪਤਾਸਾ, ਛਣਕਾਰ, ਘੁੰਗਰੂ, ਆਂਦਰਾਂ, ਵੰਗਾਂ, ਸ਼ਹਿਦ, ਝਲਕਾਰਾ, ਆਦਿ। ਕਵਿਤਾਵਾਂ ਦੀ ਸ਼ੈਲੀ ਵਗਦੇ ਦਰਿਆ ਦੇ ਵਹਿਣ ਦੀ ਤਰ੍ਹਾਂ  ਰਵਾਨਗੀ ਵਾਲੀ ਹੈ, ਜਿਹੜੀ ਕਵਿਤਾਵਾਂ ਨੂੰ ਪੜ੍ਹਨ ਲਈ ਉਤਸੁਕਤਾ ਪੈਦਾ ਕਰਦੀ ਹੈ। ਨੌਜਵਾਨ ਕਵਿਤਰੀ ਦੀਆਂ ਕਵਿਤਾਵਾਂ ਵਿਚ ਰੋਮਾਂਸਵਾਦ ਦਾ ਹੋਣਾ ਕੁਦਰਤੀ ਹੈ ਕਿਉਂਕਿ ਇਸਤਰੀਆਂ ਦੇ ਮਨਾਂ ਉਪਰ ਸਮਾਜਿਕ ਘਟਨਾਵਾਂ ਦਾ ਗਹਿਰਾ ਪ੍ਰਭਾਵ ਪੈਂਦਾ ਹੈ ਪ੍ਰੰਤੂ ਕਮਲਜੀਤ ਦੀਆਂ ਕਵਿਤਾਵਾਂ ਰੁਮਾਂਸਵਾਦ ਅਤੇ ਅਧਿਆਤਮਵਾਦ ਦਾ ਸੁਮੇਲ ਕਹੀਆਂ ਜਾ ਸਕਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਪੁਰਾਣੇ ਜ਼ਮਾਨੇ ਅਤੇ ਵਰਤਮਾਨ ਸਮੇਂ ਦੀ ਤੁਲਨਾ ਕਰਦੀ ਹੋਈ ਕਵਿਤਰੀ ਆਪਣੀਆਂ ਕਵਿਤਾਵਾਂ ਵਿਚ ਦੱਸਦੀ ਹੈ ਕਿ ਇਸਤਰੀਆਂ ਤੇ ਜਬਰ ਲਗਾਤਾਰ ਚਲ ਰਿਹਾ ਹੈ। ਪਹਿਲਾਂ ਰਾਜੇ ਮਹਾਰਾਜੇ ਲੜਕੀਆਂ ਨੂੰ ਜਬਰਦਸਤੀ ਚੁੱਕ ਕੇ ਲੈ ਜਾਂਦੇ ਸਨ ਅੱਜ ਕਲ੍ਹ ਵੀ ਇਹੋ ਹੋ ਰਿਹਾ ਹੈ। ਉਸਦੀਆਂ ਕਵਿਤਾਵਾਂ ਵਰਤਮਾਨ ਸ਼ਾਸ਼ਨ ਦੇ ਕੁਸ਼ਾਸ਼ਨ ਤੇ ਚੋਟ ਮਾਰਦੀਆਂ ਹਨ। ਭਰੂਣ ਹੱਤਿਆ ਵਰਗੀ ਸਮਾਜਿਕ ਬਿਮਾਰੀ ਲਈ ਸਮਾਜ ਦੇ ਨਾਲ ਡਾਕਟਰੀ ਦੇ ਪਵਿਤਰ ਕਿੱਤੇ ਨੂੰ ਉਹ ਜ਼ਿੰਮੇਵਾਰ ਮੰਨਦੀ ਹੈ। ਸਮਾਜ ਨੂੰ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਵਿਚ ਕੋਤਾਹੀ ਕਰਨ ਵਾਲਿਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਆੜੇ ਹੱਥੀਂ ਲੈਂਦੀ ਹੈ। ਉਹ ਔਰਤਾਂ ਨੂੰ ਡੇਰਾਵਾਦ ਦੇ ਪਾਸਾਰ ਲਈ ਜ਼ਿੰਮੇਵਾਰ ਸਮਝਦੀ ਹੈ ਕਿਉਂਕਿ ਡੇਰਾਵਾਦ ਨੂੰ ਉਤਸ਼ਾਹਤ ਕਰਨ ਵਿਚ ਉਹੀ ਸਭ ਤੋਂ ਮੋਹਰੀ ਭੂਮਿਕਾ ਨਿਭਾ ਰਹੀਆਂ ਹਨ। ਉਹਦੀਆਂ ਕਵਿਤਾਵਾਂ ਦੱਸ ਰਹੀਆਂ ਹਨ ਕਿ ਗੁਰੂ ਨਾਨਕ ਦੇਵ ਵੱਲੋਂ ਇਸਤਰੀਆਂ ਦੇ ਹੱਕ ਵਿਚ ਉਠਾਈ ਆਵਾਜ਼ ਦਾ ਅੱਜ ਗੁਰੂ ਨਾਨਕ ਦੇ ਪੈਰੋਕਾਰ ਹੀ ਵਿਰੋਧ ਕਰ ਰਹੇ ਹਨ। ”ਤਕਦੀਰ ਦੀ ਲਕੀਰ” ਦੇ ਸਿਰਲੇਖ ਵਾਲੀ ਕਵਿਤਾ ਵਿਚ ਉਹ ਕਹਿੰਦੀ ਹੈ-
ਸ਼ੁਰੂ ਕੀਤਾ ਸੀ ਜੋ, ਬਾਬੇ ਨਾਨਕ ਨੇ।
ਦਿਸ਼ਾ ਦਿੱਤੀ ਸੀ……ਜਿਸਨੂੰ ਅੰਬੇਦਕਰ ਨੇ।
ਬਿਆਨਿਆਂ ਸੀ ਜੋ, ਅੰਮ੍ਰਿਤਾ ਨੇ ਵੀ।
ਅੱਜ ਵੀ ਜਾਰੀ ਹੈ ਉਹੀ ਸ਼ੰਘਰਸ਼।
ਕਿੰਨੀ ਦੇਰ ਲੜਨਾ ਪਊ? ਕਿੰਨੀ ਦੇਰ ਲੱਗੂ?
ਸਮਾਜ ‘ਚ ਮੈਨੂੰ, ਮਰਦ ਦੇ ਬਰਾਬਰ, ਹੱਕ ਮਿਲਣ ਲਈ।
ਔਰਤ ਅਜੇ ਵੀ ਸਮਾਜਿਕਤਾ ਦੇ ਦੁੱਖਾਂ ਦਾ ਭਾਰ ਚੁੱਕੀ ਵਿਚਰਦੀ ਹੈ। ਉਹ ਆਪਣੇ ਦੁੱਖਾਂ ਨੂੰ ਜੱਗ ਜਾਹਰ ਵੀ ਨਹੀਂ ਕਰਦੀ ਜਿਸਨੂੰ ਔਰਤ ਦੀ ਬੇਬਸੀ ਕਹਿੰਦੀ ਹੈ ਪ੍ਰੰਤੂ ਉਨ੍ਹਾਂ ਨੂੰ ਇਹ ਬੰਦਸ਼ਾਂ ਗਲੋਂ ਆਪ ਹੀ ਲਾਹੁਣੀਆਂ ਪੈਣਗੀਆਂ। ਉਹ ਦੁੱਖਾਂ ਤੋਂ ਵਾਰੇ-ਵਾਰੇ ਜਾਵਾਂ ਨਾਂ ਦੀ ਕਵਿਤਾ ਵਿਚ ਲਿਖਦੀ ਹੈ-
ਦੁੱਖਾਂ ਦੀਆਂ ਗਲੀਆਂ ਸੁੱਖ ਮੈਨੂੰ ਲੱਭਦੇ, ਦੁੱਖਾਂ ਨਾਲ ਚਿੱਤ ਮੈਂ ਪ੍ਰਚਾਵਾਂ।
ਜ਼ਿੰਦਗੀ ਦੀ ਇਹ ਵਾਟ ਲੰਮੇਰੀ, ਦੁੱਖਾਂ ਨਾਲ ਮੈਂ ਹੱਸ ਹੱਸ ਲੰਘਾਵਾਂ।
ਸਮਾਜਿਕ ਰਿਸ਼ਤਿਆਂ ਵਿਚ ਆਈ ਗਿਰਾਵਟ ਵੀ ਉਸਨੂੰ ਰੜਕਦੀ ਹੈ। ਇਨਸਾਨ ਆਪਣੇ ਆਪ ਨੂੰ ਖੱਬੀ ਖਾਨ ਸਮਝਦਾ ਹੈ ਪ੍ਰੰਤੂ ਦੂਸਰਿਆਂ ਨੂੰ ਨੀਵਾਂ ਵਿਖਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਦਾ। ਮਨੁੱਖਤਾ ਦੀ ਹਓਮੈ ਦਾ ਇੱਕ ਕਵਿਤਾ ਵਿਚ ਜ਼ਿਕਰ ਕਰਦੀ ਲਿਖਦੀ ਹੈ-
ਮੰਨਿਆਂ ਤੂੰ ਬੜਾ ਮਸ਼ਰੂਫ ਹੋ ਗਿਐਂ, ਅੱਜ ਕਲ੍ਹ ਬੜਾ ਮਗਰੂਰ ਹੋ ਗਿਐਂ।
ਸੋਹਣੇ ਜਿਹੇ ਰਿਸ਼ਤਿਆਂ ਤੋਂ ਦੂਰ ਹੋ ਗਿਐਂ, ਆਪਣੇ ਪਿਆਰਿਆਂ ਤੋਂ ਦੂਰ ਹੋ ਗਿਐਂ।
ਦੁਨੀਆਂ ਦੀਆਂ ਦਰਿੰਦਗੀਆਂ, ਹੈਵਾਨੀਅਤ, ਮਨੁਖਤਾ ਦੇ ਘਾਣ ਅਤੇ ਬਾਲੜੀਆਂ ਨਾਲ ਕੁਕਰਮ ਜਿਹੇ ਕਾਰਨਾਮਿਆਂ ਤੋਂ ਦੁੱਖੀ ਹੋ ਕੇ ਕਿਤੇ ਦੂਰ ਜਾਣ ਦੀ ਲਾਲਸਾ ਦਾ ਜ਼ਿਕਰ ਕਰਦੀ ਉਹ ਲਿਖਦੀ ਹੈ ਕਿ ਸਮਾਜ ਤੋਂ ਦੂਰ ਭੱਜਣ ਨੂੰ ਜੀਅ ਕਰਦਾ ਹੈ-
ਚੱਲ ਜਿੰਦੜੀਏ ਚੱਲ ਉਥੇ ਚੱਲੀਏ, ਜਿੱਥੇ ਨਾ ਕੋਈ ਕਿਸੇ ਦਾ ਵੈਰੀ।
ਨਾ ਕੋਈ ਕਿਸੇ ਦਾ ਲਹੂ ਨੂੰ ਚੂਸੇ, ਨਾ ਨਾਗਾਂ ਵਰਗਾ ਜ਼ਹਿਰੀ।
ਜ਼ਹਿਰੀ ਬੰਦੇ ਤੋਂ ਨਾਗ ਚੰਗੇਰੇ, ਜਿਹੜੇ ਡੰਗਦੇ ਸਿੱਧਾ ਆ।
ਪਰ ਬੰਦੇ ਦੇ ਡੰਗੇ ਨੂੰ ਲੋਕੋ, ਕਿਤੇ ਮਿਲੇ ਨਾ ਭਾਲੀ ਥਾਂ।
ਕਮਲਜੀਤ ਇਸਤਰੀ ਨੂੰ ਮਾਧਿਅਮ ਬਣਾਕੇ ਸਮਾਜਿਕ ਬੁਰਾਈਆਂ ਦਾ ਪਰਦਾ ਫਾਸ਼ ਕਰਦੀ ਹੋਈ ਚਿੰਨ੍ਹਾਤਮਕ ਸ਼ਬਦਾਵਲੀ ਵਿਚ ਪਿੰਜਰ ਸਿਰਲੇਖ ਦੀ ਕਵਿਤਾ ਵਿਚ ਲਿਖਦੀ ਹੈ-
ਅੱਖਾਂ ਖੋਲ੍ਹ ਕੇ ਤੱਕਿਆ ਚਾਰ ਚੁਫ਼ੇਰੇ, ਹਨ੍ਹੇਰਾ ਹੀ ਹਨ੍ਹੇਰਾ ਨਜਰੀਂ ਆਇਆ।
ਕਿਧਰੇ ਪਾਸੇ ਸੂਰਜ ਨਾ ਦਿਸਦਾ ਏ, ਬੱਦਲਾਂ ਭਰਿਆ ਅਸਮਾਨ ਆਇਆ।
ਕਿਸ ਤੋਂ ਰੱਖਾਂ ਉਮੀਦ ਰੌਸ਼ਨੀ ਦੀ, ਆਪਣਿਆਂ ਨੇ ਮੈਨੂੰ ਮਾਰ ਮੁਕਾਇਆ।
ਅਖ਼ੀਰ ਵਿਚ ਪ੍ਰਮਾਤਮਾ ਨੂੰ ਆਪਣੀ ਕਵਿਤਾ” ਹਾਏ, ਸਭ ਨੂੰ ਤੂੰ ਬਰਾਬਰ ਕਰਦੇ” ਵਿਚ ਅਰਜੋਈ ਕਰਦੀ ਹੈ ਕਿ –
ਮੁਰਝਾਏ ਚਿਹਰਿਆਂ ‘ਚ ਤੂੰ ਹਾਸੇ ਭਰਦੇ, ਗ਼ਰੀਬ ਦੇ ਝੌਂਪੜੇ ‘ਚ ਤੂੰ ਰੌਸ਼ਨੀ ਕਰਦੇ।
ਮੇਟ ਕੇ ਭੇਦ ਅਮੀਰ ਤੇ ਗ਼ਰੀਬ ਦਾ, ਵੱਡੇ ਛੋਟੇ ਸਭ ਨੂੰ, ਤੂੰ ਇੱਕ ਬਰਾਬਰ ਕਰਦੇ।
ਮਨੁੱਖ ਆਪਣੇ ਆਪ ਹੀ ਆਪਣੀ ਜ਼ਮੀਰ ਨੂੰ ਮਾਰ ਰਿਹਾ ਹੈ। ਸਰਬੱਤ ਦੇ ਭਲੇ ਦੇ ਸੰਕਲਪ ਤੋਂ ਦੂਰ ਜਾ ਰਿਹਾ ਹੈ। ਚੰਗੇ ਵਿਅਕਤੀ ਨੂੰ ਚੰਗਾ ਨਹੀਂ ਕਿਹਾ ਜਾ ਰਿਹਾ ਸਗੋਂ ਮਾੜੇ ਨੂੰ ਚੰਗਾ ਕਿਹਾ ਜਾ ਰਿਹਾ ਹੈ। ਇਨਸਾਨੀ ਕਦਰਾਂ ਕੀਮਤਾਂ ਵਿਚ ਗਿਰਾਵਟ ਆ ਚੁੱਕੀ ਹੈ। ਵਹਿਮਾ ਭਰਮਾ, ਧਾਰਮਿਕ ਪਖੰਡਾਂ ਦੇ ਵਿਰੁਧ ਕਵਿਤਾਵਾਂ ਵਿਚ ਉਹ ਕਹਿੰਦੀ ਹੈ ਕਿ ਆਦਮੀ ਆਪ ਤਾਂ ਹਨ੍ਹੇਰੇ ਦੀ ਘੁੰਮਣਘੇਰੀ ਵਿਚ ਫਸਿਆ ਹੋਇਆ, ਪਾਪਾਂ ਦਾ ਭਾਗੀਦਾਰ ਹੈ ਪ੍ਰੰਤੂ ਵਿਖਾਵੇ ਲਈ ਦੀਵੇ ਬਾਲ ਕੇ ਰੌਸ਼ਨੀ ਦਾ ਢਕਵੰਜ ਰਚ ਰਿਹਾ ਹੈ। ਕਮਲਜੀਤ ਦਾ ਇੱਕ ਸ਼ੇਅਰ ਹੈ-
ਲੱਖਾਂ ਦੀਵੇ ਬਾਲਣ ਦਾ ਕੀ ਫਾਇਦਾ, ਜਦੋਂ ਦਿਲ ਵਿਚ ਘੁਪ ਹਨ੍ਹੇਰਾ।
ਬਾਹਰੋਂ ਦਿਖਾਵਾ ਕਰਨ ਦਾ ਕੀ ਫਾਇਦਾ, ਜਦੋਂ ਅੰਦਰ ਪਾਪ ਹਨ੍ਹੇਰਾ।
ਉਸ ਦੀਆਂ ਕਵਿਤਾਵਾਂ ਵਿਚ ਸੰਬਾਦ ਰਚਾਉਣ ਦੀ ਗੱਲ ਕਹੀ ਗਈ ਹੈ ਕਿਉਂਕਿ ਕਿਸੇ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਵਿਚਾਰ ਵਟਾਂਦਰਾ ਜ਼ਰੂਰੀ ਹੈ। ਪੁਰਾਣੇ ਜ਼ਮਾਨੇ ਵਿਚ ਪਿੰਡਾਂ ਦੀਆਂ ਸੱਥਾਂ ਵਿਚ ਲੋਕ ਆਪਸੀ ਗੱਲਬਾਤ ਨਾਲ ਹਰ ਮਸਲੇ ਦਾ ਹੱਲ ਕੱਢ ਲੈਂਦੇ ਸਨ ਪ੍ਰੰਤੂ ਅੱਜ ਇਹ ਸਾਰੀ ਪ੍ਰਣਾਲੀ ਬੰਦ ਹੋ ਗਈ ਹੈ। ਨੌਜਵਾਨ ਮੁੰਡੇ ਕੁੜੀਆਂ ਆਧੁਨਿਕਤਾ ਦੇ ਚਕਰ ਵਿਚ ਮੋਬਾਈਲਾਂ ਅਤੇ ਫੇਸ ਬੁਕ ਵਰਗੇ ਮਾਧਿਅਮ ਵਿਚ ਜਕੜੇ ਰਹਿੰਦੇ ਹਨ। ਉਸਦੀਆਂ ਕਵਿਤਾਵਾਂ ਵਿਚ ਰੁੱਖਾਂ ਦੀ ਕਟਾਈ , ਵਾਤਵਰਨ ਦਾ ਪ੍ਰਦੂਸ਼ਣ ਅਤੇ ਪੰਛੀਆਂ ਲਈ ਲੁਕਣ ਦੀਆਂ ਥਾਵਾਂ ਦੀ ਅਣਹੋਂਦ ਕਰਕੇ ਪੰਛੀ ਗਾਇਬ ਹੋ ਰਹੇ ਹਨ, ਮਨੁੱਖ ਫਿਤਰਤ ਦਾ ਪ੍ਰਗਟਾਵਾ ਕਰਦੀਆਂ ਹਨ। ਰੁੱਖ ਸਬਰ ਸੰਤੋਖ ਦਾ ਪ੍ਰਤੀਕ ਹਨ ਜਿਹੜੇ ਇਨਸਾਨੀਅਤ ਦੀ ਕੁਹਾੜੀ ਨਾਲ ਕੱਟਣ ਦੇ ਬਾਵਜੂਦ ਵੀ ਇਨਸਾਨਾ ਨੂੰ ਫਲ ਅਤੇ ਛਾਂ ਦਿੰਦੇ ਹਨ। ਇਥੋਂ ਤੱਕ ਕਿ ਮਾਂ ਬਾਪ ਦਾ ਪਿਆਰ ਖ਼ਤਮ ਹੁੰਦਾ ਜਾ ਰਿਹਾ ਹੈ। ਜਮੀਨਾ ਜਾਇਦਾਦਾਂ ਕਰਕੇ ਮਾਪਿਆਂ ਨੂੰ ਅਣਗੌਲਿਆ ਜਾ ਰਿਹਾ ਹੈ। ਇਹ ਵਰਤਮਾਨ ਤਰਾਸਦੀ ਉਸ ਦੀਆਂ ਕਵਿਤਾਵਾਂ ਵਿਚ ਵੇਖਣ ਨੂੰ ਮਿਲਦੀ ਹੈ।  ਪੰਜਾਬ ਨੂੰ ਲੱਗੀ ਨਜ਼ਰ ਬਾਰੇ ਉਹ ਲਿਖਦੀ ਹੈ ਕਿ-
ਵਹਿਮਾ ਭਰਮਾ ਦੇ ਵਿਚ ਪੈ ਗਏ, ਅਸੀਂ ਸ਼ੁਕੀਨੀ ਜੋਗੇ ਰਹਿ ਗਏ।
ਹੁਣ ਤਾਂ ਨਸ਼ਿਆਂ ਦੇ ਵਿਚ ਪੈ ਗਏ, ਪੜ੍ਹਿਆ ਲਿਖਿਆ ਨੌਜਵਾਨ।
ਵੇਖੋ ਫਿਰਦਾ ਹਾਲ ਖ਼ਰਾਬ ਬੇਲੀਓ, ਇਹ ਮੇਰਾ ਪੰਜਾਬ।
ਪੰਜਾਬ ਦੀ ਸਮੁਚੀ ਹਾਲਤ ਬਹੁਤ ਹੀ ਸੰਜੀਦਾ ਹੈ। ਹਰ ਪਾਸੇ ਅਫਰਾ ਤਫਰੀ ਅਤੇ ਅਸਥਿਰਤਾ ਦਾ ਮਾਹੌਲ ਹੈ। ਕਿਸਾਨ ਮਜ਼ਦੂਰ ਤਰਾਹ ਤਰਾਹ ਕਰ ਰਿਹਾ ਹੈ। ਪੰਜਾਬ ਦਾ ਕਿਸਾਨ ਜਿਹੜਾ ਸਾਰੇ ਭਾਰਤ ਦਾ ਅੰਨ ਦਾਤਾ ਸੀ, ਉਹ ਅੱਜ ਖ਼ੁਦਕਸ਼ੀਆਂ ਦੇ ਰਸਤੇ ਪਿਆ ਹੋਇਆ ਹੈ। ਉਹ ਇੱਕ ਕਵਿਤਾ ਵਿਚ ਦੱਸਦੀ ਹੈ ਕਿ –
ਰੁੱਲਦੀਆਂ ਦੇਖ ਮੰਡੀ ਵਿਚ ਫਸਲਾਂ, ਡੋਲਿਆ ਪਿਆ ਹੈ ਦੇਖੋ ਕਿਸਾਨ ਮੇਰਾ।
ਅੱਜ ਦੇ ਹਾਕਮਾਂ ਤੇ ਕਰਜ਼ਿਆਂ ਤੋਂ ਤੰਗ ਆ ਕੇ, ਲੱਗਦਾ ਵੇਖਿਆ ਹੈ ਫਾਹੇ ਅੰਨ ਭਗਵਾਨ ਮੇਰਾ।
ਕਮਲਜੀਤ ਕੌਰ ਕਮਲ ਨੇ ਆਪਣੀਆਂ ਕਵਿਤਾਵਾਂ ਵਿਚ ਕੋਈ ਅਜਿਹਾ ਵਿਸ਼ਾ ਅਣਛੋਹਿਆ ਨਹੀਂ ਛੱਡਿਆ ਜਿਸਦਾ ਸੰਬੰਧ ਸਮਾਜਿਕ ਸਮੱਸਿਆ ਨਾਲ ਹੋਵੇ। ਅੱਜ ਪੰਜਾਬ ਵਿਚ ਬੇਰੋਜਗਾਰੀ ਕਰਕੇ ਪੰਜਾਬ ਦੀ ਨੌਜਵਾਨੀ ਪਰਦੇਸਾਂ ਵਿਚ ਜਾ ਕੇ ਰੋਜਗਾਰ ਲੈ ਰਹੀ ਹੈ ਪ੍ਰੰਤੂ ਉਹ ਮਹਿਸੂਸ ਕਰਦੀ ਹੈ ਕਿ ਇਸ ਦੀਆਂ ਵੀ ਬਹੁਤ ਸਾਰੀਆਂ ਘਾਟਾਂ ਹਨ ਜਿਵੇਂ ਇੱਕ ਕਵਿਤਾ ਵਿਚ ਲਿਖਦੀ ਹੈ-
ਮਾਏ ਨੀ ਤੇਰੇ ਪੁੱਤ ਪ੍ਰਦੇਸੀ, ਬਸ ਪੌਂਡਾਂ ਜੋਗੇ ਰਹਿ ਗਏ।
ਘੁੰਮ ਲਈ ਮੈਂ ਸਾਰੀ ਦੁਨੀਆਂ, ਫੇਰ ਵੀ ਕੱਲੇ ਰਹਿ ਗਏ।
ਵਿਆਹ ਕਰਵਾਇਆ ਉਥੇ ਹੀ ਮੈਂ, ਤੇਰੇ ਚਾਅ ਤਾਂ ਮਨ ਵਿਚ ਰਹਿ ਗਏ।
ਤੈਨੂੰ ਲੱਗੇ ਪੁੱਤ ਮੌਜਾਂ ਮਾਣੇ, ਮੇਰੇ ਦਿਲ ਤੇ ਪੱਥਰ ਢਹਿ ਗਏ।
ਜ਼ਿੰਦਗੀ ਹੱਥੋਂ ਮਜ਼ਬੂਰ ਹੋ ਗਏ, ਨਾ ਐਧਰ ਜੋਗੇ, ਨਾ ਓਧਰ ਜੋਗੇ ਰਹਿ ਗਏ।
ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਕਮਲਜੀਤ ਕੌਰ ਕਮਲ ਦੀ ਪਲੇਠੀ ਪੁਸਤਕ ” ਫੁੱਲ ਤੇ ਕੁੜੀਆਂ” ਮਨੱਖਤਾ ਵੱਲੋਂ ਪੈਦਾ ਕੀਤੀਆਂ ਸਮਾਜਿਕ ਬੁਰਾਈਆਂ ਬਾਰੇ ਲੋਕਾਂ ਨੂੰ ਜਾਗ੍ਰਤ ਕਰਦੀਆਂ ਹੋਈਆਂ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ਉਸਨੇ ਫੁੱਲਾਂ, ਕੁੜੀਆਂ ਅਤੇ ਕਵਿਤਾ ਨੂੰ ਕੋਮਲ ਕਲਾ ਦੀਆਂ ਪ੍ਰਤੀਕ ਗਰਦਾਨਿਠਆਂ ਹੈ ਜਿਸ ਦੀ ਰੱਖਿਆ ਕਰਨਾ ਇਨਸਾਨ ਦਾ ਫਰਜ ਹੈ। ਜੇਕਰ ਇਨਸਾਨ ਆਪਣੇ ਫਰਜ ਤੋਂ ਕੁਤਾਹੀ ਕਰੇਗਾ ਤਾਂ ਸਮਾਜਿਕ ਰਿਸ਼ਤਿਆਂ ਵਿਚ ਹੋ ਗਿਰਾਵਟ ਆਏਗਾ ਸ਼ਾਲਾ ਕਮਲਜੀਤ ਕੌਰ ਕਮਲ ਭਵਿਖ ਵਿਚ ਹੋਰ ਚੰਗੀਆਂ ਕਵਿਤਾਵਾਂ ਦਿਲਖਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਭਰਦੀ ਰਹੇ।
– ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

Related posts

ਸੋਹਣ ਸਿੰਘ ਮੀਸ਼ਾ ਨੂੰ ਯਾਦ ਕਰਦਿਆਂ !

admin

ਸਾਹਾਂ ਦੀ ਸਰਗਮ- ਅਸੀਮ ਉਡਾਣ

admin

ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਮਹਾਨ ਸ਼ਖ਼ਸੀਅਤ ਸਿਰਦਾਰ ਕਪੂਰ ਸਿੰਘ

admin