Sport

ਰਾਫੇਲ ਨਡਾਲ ਨੇ ਚੌਥੇ ਗੇੜ ‘ਚ ਕੀਤਾ ਪ੍ਰਵੇਸ਼, 23ਵੇਂ ਗਰੈਂਡ ਸਲੈਮ ਵੱਲ ਵਧਾਇਆ ਇਕ ਹੋਰ ਕਦਮ

ਨਿਊਯਾਰਕ – ਸਪੇਨ ਦੇ ਰਾਫੇਲ ਨਡਾਲ ਨੇ ਇਕਤਰਫ਼ਾ ਮੁਕਾਬਲੇ ‘ਚ ਫਰਾਂਸ ਦੇ ਰਿਚਰਡ ਗਾਸਕੇਟ ਨੂੰ 6-0, 6-1, 7-5 ਨਾਲ ਹਰਾ ਕੇ ਸਾਲ ਦੇ ਚੌਥੇ ਗਰੈਂਡ ਸਲੈਮ ਯੂਐੱਸ ਓਪਨ ਦੇ ਚੌਥੇ ਗੇੜ ਵਿਚ ਪ੍ਰਵੇਸ਼ ਕੀਤਾ। ਗਾਸਕੇਟ ਖ਼ਿਲਾਫ਼ ਨਡਾਲ ਦਾ ਰਿਕਾਰਡ ਹੁਣ 18-0 ਹੋ ਗਿਆ ਹੈ।
ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਨਡਾਲ ਨੂੰ ਦੂਜੇ ਗੇੜ ਵਿਚ ਮਿਲੀ ਜਿੱਤ ਦੌਰਾਨ ਉਨ੍ਹਾਂ ਦਾ ਹੀ ਰੈਕਟ ਨੱਕ ‘ਤੇ ਲੱਗ ਜਾਣ ਨਾਲ ਸੱਟ ਲੱਗੀ ਸੀ। ਇੱਥੇ ਚਾਰ ਵਾਰ ਦੇ ਚੈਂਪੀਅਨ ਤੇ 22 ਵਾਰ ਦੇ ਗਰੈਂਡ ਸਲੈਮ ਜੇਤੂ ਨਡਾਲ ਨੇ ਕਿਹਾ ਕਿ ਹੁਣ ਉਨ੍ਹਾਂ ਦੀ ਸੱਟ ਠੀਕ ਹੈ। ਨਡਾਲ ਦਾ ਅਗਲੇ ਗੇੜ ਵਿਚ ਸਾਹਮਣਾ ਅਮਰੀਕਾ ਦੇ ਫਰਾਂਸਿਸ ਟਿਆਫੋ ਨਾਲ ਹੋਵੇਗਾ। ਆਪਣੇ ਪਹਿਲੇ ਦੋ ਮੈਚਾਂ ਵਿਚ ਪਹਿਲਾ ਸੈੱਟ ਗੁਆਾਉਣ ਤੋਂ ਬਾਅਦ ਨਡਾਲ ਨੇ ਇਸ ਮੈਚ ਵਿਚ ਇਕ ਵੀ ਸੈੱਟ ਨਹੀਂ ਗੁਆਇਆ। ਉਨ੍ਹਾਂ ਨੇ ਪਹਿਲੇ ਸੈੱਟ ਵਿਚ ਗਾਸਕੇਟ ਨੂੰ ਇਕਤਰਫ਼ਾ ਅੰਦਾਜ਼ ਵਿਚ ਹਰਾਇਆ। ਦੂਜੇ ਸੈੱਟ ਵਿਚ ਵੀ ਨਡਾਲ ਨੇ 3-0 ਨਾਲ ਬੜ੍ਹਤ ਲਈ ਪਰ ਗਾਸਕੇਟ ਨੇ 10ਵੀਂ ਗੇਮ ਵਿਚ ਆਪਣੇ ਹੱਥ ਖੋਲ੍ਹੇ। ਹਾਲਾਂਕਿ ਨਡਾਲ ਨੇ ਇਸ ਤੋਂ ਬਾਅਦ ਲਗਾਤਾਰ ਗੇਮ ਜਿੱਤ ਕੇ ਇਸ ਸੈੱਟ ਨੂੰ ਵੀ ਆਪਣੇ ਨਾਂ ਕੀਤਾ। ਤੀਜੇ ਸੈੱਟ ਵਿਚ ਗਾਸਕੇਟ ਨੇ ਕੁਝ ਹੱਦ ਤੱਕ ਚੁਣੌਤੀ ਪੇਸ਼ ਕੀਤੀ ਪਰ ਨਡਾਲ ਨੇ ਇੱਥੇ ਵੀ 2-0 ਦੀ ਬੜ੍ਹਤ ਬਣਾਈ। ਦੋਵਾਂ ਵਿਚਾਲੇ ਇਸ ਸੈੱਟ ਵਿਚ ਮੁਕਾਬਲਾ ਇੰਨਾ ਫ਼ਸਵਾਂ ਰਿਹਾ ਕਿ ਇਕ ਸਮੇਂ ਸਕੋਰ 6-5 ਹੋ ਗਿਆ ਪਰ ਨਡਾਲ ਨੇ ਅਗਲੀ ਗੇਮ ਵੀ ਜਿੱਤ ਕੇ ਇਸ ਸੈੱਟ ਤੇ ਮੈਚ ਨੂੰ ਆਪਣੇ ਨਾਂ ਕਰ ਕੀਤਾ।
ਮਰਦ ਵਰਗ ਦੇ ਹੋਰ ਮੈਚਾਂ ਵਿਚ ਆਂਦਰੇ ਰੂਬਲੇਵ ਨੇ ਚਾਰ ਘੰਟੇ ਤੋਂ ਵੱਧ ਚੱਲੇ ਮੈਚ ਵਿਚ ਦੁਨੀਆ ਦੇ 19ਵੇਂ ਨੰਬਰ ਦੇ ਖਿਡਾਰੀ ਡੇਨਿਸ ਸ਼ਾਪੋਵਾਲੋਵ ਨੂੰ 6-4, 2-6, 7-6, 6-4, 7-6 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਸੱਤਵੀਂ ਰੈਂਕਿੰਗ ਵਾਲੇ ਕੈਮਰੂਨ ਨੋਰੀ ਨਾਲ ਹੋਵੇਗਾ। ਨੋਰੀ ਨੇ ਹੋਲਗਰ ਰੂਨੇ ਨੂੰ 7-5, 6-4, 6-1 ਨਾਲ ਹਰਾਇਆ। ਕਾਰਲੋਸ ਅਲਕਰਾਜ ਲਗਾਤਾਰ ਦੂਜੇ ਯੂਐੱਸ ਓਪਨ ਵਿਚ ਚੌਥੇ ਗੇੜ ਵਿਚ ਪੁੱਜਣ ਵਾਲੇ ਪੀਟ ਸੰਪ੍ਰਰਾਸ ਤੋਂ ਬਾਅਦ ਸਭ ਤੋਂ ਨੌਜਵਾਨ ਖਿਡਾਰੀ ਬਣ ਗਏ ਹਨ। ਸੰਪ੍ਰਰਾਸ ਨੇ 1989 ਤੇ 1990 ਵਿਚ ਇਹ ਕਮਾਲ ਕੀਤਾ ਸੀ। 19 ਸਾਲਾ ਅਲਕਰਾਜ ਨੇ ਜੇਂਸਨ ਬਰੂਕਸਬੀ ਨੂੰ 6-3, 6-3, 6-3 ਨਾਲ ਮਾਤ ਦਿੱਤੀ।

Related posts

ਥੱਕੇ ਹੋਏ’ ਰੋਹਿਤ ਨੂੰ ਬ੍ਰੇਕ ਦੀ ਲੋੜ : ਕਲਾਰਕ

editor

ਭਾਰਤੀ ਮਹਿਲਾ ਤੇ ਪੁਰਸ਼ ਟੀਮ ਨੇ ਰਚਿਆ ਇਤਿਹਾਸ

editor

ਪਹਿਲਵਾਨ ਬਜਰੰਗ ਪੂਨੀਆ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ ਵੱਲੋਂ ਅਸਥਾਈ ਤੌਰ ’ਤੇ ਮੁਅੱਤਲ

editor