Articles

ਸਾਧਾਂ ਨੂੰ ਕੀ ਸਵਾਦਾਂ ਨਾਲ?

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਬਾਬਾ ਬੁੱਲੇ ਸ਼ਾਹ ਲਿੱਖਦਾ ਹੈ, “ਰੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾ ਜੀਅ।” ਪਰ ਇਹ ਗੱਲ ਪੁਰਾਣੇ ਅਸਲੀ ਸਾਧੂ ਸੰਤਾਂ ‘ਤੇ ਢੁੱਕਦੀ ਸੀ। ਸਾਧਾਂ ਨੂੰ ਕੀ ਸਵਾਦਾਂ ਨਾਲ, ਦਾ ਮੁਹਾਵਰਾ ਹੁਣ ਅਸਲ ਵਿੱਚ ਇਸ ਤਰਾਂ ਨਾਲ ਪੜ੍ਹਿਆ ਜਾਵੇ, ਸਾਧਾਂ ਨੂੰ ਹੀ ਸਵਾਦਾਂ ਨਾਲ। ਸਾਧ ਉਸ ਪਵਿੱਤਰ ਆਤਮਾ ਨੂੰ ਕਹਿੰਦੇ ਸਨ ਜਿਸ ਨੇ ਆਪਣੇ ਸਰੀਰ ਅਤੇ ਆਤਮਾ ਨੂੰ ਸਾਧ ਲਿਆ ਹੋਵੇ ਤੇ ਉਹ ਮੋਹ ਮਾਇਆ ਦੇ ਬੰਧਨਾਂ ਤੋਂ ਉੱਪਰ ਚਲਾ ਗਿਆ ਹੋਵੇ। ਪਰ ਅੱਜ ਸਾਧ ਉਹ ਬਣਦਾ ਹੈ ਜਿਸ ਨੇ ਬੀਬੀਆਂ, ਅਫਸਰਾਂ ਅਤੇ ਲੀਡਰਾਂ ਨੂੰ ਸਾਧ ਲਿਆ ਹੋਵੇ। ਉਹ ਸਾਧ ਹੀ ਕੀ ਜਿਸ ਕੋਲ ਅੱਠ ਦਸ ਵਿਦੇਸ਼ੀ ਮਾਡਲ ਦੀਆਂ ਮਹਿੰਗੀਆਂ ਗੱਡੀਆਂ, ਆਲੀਸ਼ਾਨ ਭੋਰਾ ਰੂਪੀ ਮਹਿਲ, ਵਿਦੇਸ਼ੀ ਚੇਲੀਆਂ ਅਤੇ ਦੋ ਚਾਰ ਸੂਬਿਆਂ ਦੇ ਮੁੱਖ ਮੰਤਰੀਆਂ, ਲੀਡਰਾਂ ਅਤੇ ਸੀਨੀਅਰ ਅਫਸਰਾਂ ਦੀਆਂ ਲਾਈਨਾਂ ਨਾ ਲੱਗੀਆਂ ਹੋਣ। ਬਾਬਿਆਂ ਦੇ ਕੱਪੜੇ ਵੀ ਸੰਤਾਂ ਵਰਗੇ ਹੋਣ ਦੀ ਬਜਾਏ ਗਾਇਕਾਂ ਅਤੇ ਨੱਚਾਰਾਂ ਵਰਗੇ ਜਿਆਦਾ ਹੋ ਗਏ ਹਨ। ਸੱਤਸੰਗ ਕਰਦੇ ਸਮੇਂ ਬਾਬਿਆਂ ਦੇ ਮਗਰ ਚੇਲੇ ਛੈਣੇ ਅਤੇ ਚਿਮਟੇ ਇਸ ਤਰਾਂ ਲੈਅ ਨਾਲ ਘੁੰਮਾਉਂਦੇ ਹਨ ਜਿਵੇਂ ਗਾਇਕਾ ਗੁਰਮੀਤ ਬਾਵਾ ਦੇ ਮਗਰ ਇੱਕ ਸੁਕੜਾ ਜਿਹਾ ਸਾਜਿੰਦਾ ਚਿਮਟਾ ਘੁੰਮਾਉਂਦਾ ਹੁੰਦਾ ਸੀ। ਬਾਬਿਆਂ ਦੇ ਕੁੜਤਿਆਂ ਦੀ ਸਿਲਾਈ ਆਮ ਦਰਜ਼ੀਆਂ ਦੀ ਬਜਾਏ ਫੈਸ਼ਨ ਡਿਜ਼ਾਈਨਰਾਂ ਦੁਆਰਾ ਕੀਤੀ ਜਾਂਦੀ ਹੈ। ਮੋਢਿਆਂ ਅਤੇ ਗਲੇ ਉੱਪਰ ਡਾਂਸਰਾਂ ਵਾਂਗ ਫੁੱਲ ਚਿੜੀਆਂ ਕੱਢੀਆਂ ਜਾਂਦੀਆਂ ਹਨ। ਬਾਬਿਆਂ ਨੂੰ ਜਿਉਂਦੇ ਜੀਅ ਤਾਂ ਸੁੱਖ ਮਿਲਦਾ ਹੀ ਹੈ, ਪਰ ਕਈਆਂ ਦੀਆਂ ਤਾਂ ਲਾਸ਼ਾਂ ਵੀ ਕਈ ਕਈ ਸਾਲ ਤੋਂ “ਸਮਾਧੀ” ਵਿੱਚ ਹੋਣ ਕਾਰਨ ਜਿੰਦਾ ਇਨਸਾਨਾਂ ਨਾਲੋਂ ਵੱਧ ਠਾਠ ਬਾਠ ਭੋਗ ਰਹੀਆਂ ਹਨ।
ਬਾਬਿਆਂ ਦਾ ਖਾਸ ਤੌਰ ‘ਤੇ ਖਾਣਾ ਵੇਖਣ ਵਾਲਾ ਹੁੰਦਾ ਹੈ। ਇਨ੍ਹਾਂ ਦੀਆਂ ਮਣ ਮਣ ਪੱਕੇ ਦੀਆਂ ਗੋਗੜਾਂ ਤੇ ਨਰਮ ਮੁਲਾਇਮ ਹੱਥ ਪੈਰ ਵੇਖ ਕੇ ਸਪੱਸ਼ਟ ਲੱਗਦਾ ਹੈ ਕਿ ਇਹ ਬਿਨਾਂ ਮਿਹਨਤ ਕੀਤੇ ਸ਼ਰਧਾਲੂਆਂ ਦੁਆਰਾ ਭੇਂਟ ਕੀਤਾ ਗਿਆ ਰਾਸ਼ਨ ਬੇਦਰਦੀ ਨਾਲ ਪਾੜ ਕੇ ਧਰਤੀ ਦਾ ਬੋਝ ਵਧਾ ਰਹੇ ਹਨ। ਇਸੇ ਕਾਰਨ ਬਹੁਤੇ ਬਾਬਿਆਂ ਦੀ ਮੌਤ ਹਾਰਟ ਅਟੈਕ, ਸ਼ੂਗਰ ਜਾਂ ਦਿਮਾਗ ਦੀ ਨਾਲੀ ਫਟਣ ਕਾਰਨ ਹੁੰਦੀ ਹੈ। ਬਾਬਿਆਂ ਦੀ ਖਰਾਕ ਵਿੱਚ ਡਰਾਈ ਫਰੂਟ, ਬੇਮੌਸਮੀ ਫਲ ਅਤੇ ਘਿਉ ਦੀ ਬਹੁਤਾਤ ਹੋਣ ਕਾਰਨ ਚਰਬੀ ਵਧਦੀ ਜਾਂਦੀ ਹੈ। ਕੱਚ ਘਰੜ ਅਕਲ ਦੇ ਮਾਲਕ ਬਾਬਿਆਂ ਨੂੰ ਬਚਪਨ ਵਿੱਚ ਸਿਖਾਈ ਇਹ ਗੱਲ ਕਦੇ ਨਹੀਂ ਭੁੱਲਦੀ ਕਿ ਸੌ ਚਾਚਾ ਤੇ ਇਕ ਪਿਉ, ਸੌ ਦਾਰੂ ਤੇ ਇੱਕ ਘਿਉ। ਖਾਣੇ ਵਿੱਚ ਪ੍ਰੋਟੀਨ ਦੀ ਬਹੁਤਾਤ ਹੋਣ ਕਾਰਨ ਜਿਆਦਾਤਰ ਬਾਬਿਆਂ ਦਾ ਮਨ ਭਟਕਣ ਲੱਗ ਜਾਂਦਾ ਹੈ ਤੇ ਔਰਤਾਂ ਵੱਲ ਝੁਕਾਅ ਵੱਧ ਜਾਣ ਕਾਰਨ ਕਿਸੇ ਸਮੇਂ ਚੰਮ ਦੀਆਂ ਚਲਾਉਣ ਵਾਲੇ ਕਈ ਬਾਬੇ ਇਸ ਵੇਲੇ ਜੇਲ੍ਹ ਵਿੱਚ ਬੈਠੇ ਸਰਕਾਰੀ ਸੰਤੁਲਿਤ ਭੋਜਨ ਦਾ ਅਨੰਦ ਮਾਣ ਕੇ ਸਲਿੱਮ ਅਤੇ ਸਮਾਰਟ ਹੋ ਰਹੇ ਹਨ।
ਫੀਲਡ ਵਿੱਚ ਜਿਆਦਾ ਪੋਸਟਿੰਗ ਰਹੀ ਹੋਣ ਕਾਰਨ ਮੇਰਾ ਇਲਾਕੇ ਦੇ ਡੇਰਿਆਂ – ਆਸ਼ਰਮਾਂ ਵੱਲ ਕਾਫੀ ਗੇੜੇ ਵੱਜਦੇ ਸਨ। ਅਨੇਕਾਂ ਬਾਬਿਆਂ ਦਾ ਮਾਇਆ ਮੋਹਣੀ ਅਤੇ ਡੇਰਿਆਂ ‘ਤੇ ਕਬਜ਼ੇ ਨੂੰ ਲੈ ਕੇ ਆਪਸ ਵਿੱਚ ਝਗੜਾ ਚੱਲਦਾ ਰਹਿੰਦਾ ਹੈ। ਝਗੜਿਆਂ ਵੇਲੇ ਬਾਬੇ ਪੁਲਿਸ ਦੀ ਤਨ, ਮਨ ਅਤੇ ਧੰਨ ਨਾਲ ਚੰਗੀ ਸੇਵਾ ਕਰਦੇ ਹਨ। ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਵਿਰੋਧੀ ਦੇ ਖਿਲਾਫ ਮਦਦ ਲੈਣ ਲਈ ਕਈ ਬਾਬੇ ਤਾਂ ਸ਼ਾਮ ਨੂੰ ਪੁਲਿਸ ਦੀ ਪੰਜ ਰਤਨੀ ਨਾਲ ਵੀ ਸੇਵਾ ਕਰ ਦੇਂਦੇ ਹਨ। ਇਸੇ ਤਰਾਂ ਦੇ ਇੱਕ ਝਗੜੇ ਵੇਲੇ ਮੇਰਾ ਲੁਧਿਆਣੇ ਜਿਲ੍ਹੇ ਦੇ ਇੱਕ ਡੇਰੇਦਾਰ ਨਾਲ ਚੰਗਾ ਸਹਿਚਾਰ ਬਣ ਗਿਆ। ਉਸ ਨੇ ਮੈਨੂੰ ਰਾਤ ਦੇ ਖਾਣੇ ‘ਤੇ ਬੁਲਾ ਲਿਆ। ਜਦੋਂ ਸਾਡੇ ਥਾਲ 36 ਪ੍ਰਕਾਰ ਦੇ ਭੋਜਨਾਂ ਨਾਲ ਭਰ ਕੇ ਪਰੋਸੇ ਗਏ ਤਾਂ ਉਸ ਵਿੱਚ ਕਾਲੇ ਨਾਗ ਵਾਂਗ ਮੇਲਦੇ ਦੇਸੀ ਘਿਉ ਵੱਲ ਵੇਖ ਕੇ ਮੇਰੀਆਂ ਅੱਖਾਂ ਟੱਡੀਆਂ ਗਈਆਂ। ਬਾਬਾ ਪਹਿਲਾਂ ਹੀ ਸਵਾ ਕੁ ਕਵਿੰਟਲ ਦਾ ਸੀ। ਮੈਂ ਸਿਆਣਾ ਜਿਹਾ ਬਣ ਕੇ ਜਦੋਂ ਬਾਬੇ ਨੂੰ ਘਿਉ ਦੇ ਨੁਕਸਾਨ ਗਿਣਾਉਣ ਲੱਗਾ ਤਾਂ ਬਾਬਾ ਹੌਲੀ ਜਿਹੀ ਬੋਲਿਆ ਕਿ ਜੇ ਘਿਉ ਨਾ ਖਾਈਏ ਤਾਂ ਕਬਜ਼ੀ ਹੋ ਜਾਂਦੀ ਹੈ, ਕਿਉਂਕਿ ਉਹ ਚੰਗੀ ਮੋਟੀ ਅਫੀਮ ਛਕਦਾ ਸੀ। ਉਸ ਨੇ ਕਿਹਾ ਕਿ ਕਿ ਵੈਸੇ ਵੀ ਭਗਤੀ ਕਰਨ ਵਾਲੇ ਇਨਸਾਨ ਦੇ ਕਾਲ ਨੇੜੇ ਨਹੀਂ ਆਉਂਦਾ। ਮੈਨੂੰ ਦੋ ਤਿੰਨ ਵਾਰ ਉਸ ਨਾਲ ਭੋਜਨ ਰੂਪੀ ਘਿਉ ਖਾਣ ਦਾ ਸੁਭਾਗ ਪ੍ਰਾਪਤ ਹੋਇਆ ਤੇ ਬਾਅਦ ਵਿੱਚ ਮੇਰੀ ਬਦਲੀ ਹੋ ਗਈ। ਮੇਰੇ ਬਦਲਣ ਤੋਂ ਡੇਢ ਸਾਲ ਬਾਅਦ ਹੀ ਬਾਬੇ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਅਨੇਕਾਂ ਡੇਰਿਆਂ ਵਿੱਚ ਬੱਕਰੇ ਝਟਕਾਏ ਜਾਂਦੇ ਹਨ, ਅਫੀਮ, ਸ਼ਰਾਬ ਅਤੇ ਭੰਗ ਦੀ ਵਰਤੋਂ ਹੁੰਦੀ ਹੈ। ਪੰਜਾਬ ਦਾ ਇੱਕ ਮਰ ਚੁੱਕਾ ਡੇਰੇਦਾਰ ਸ਼ਰੇਆਮ ਸ਼ਰਾਬ, ਅਫੀਮ ਅਤੇ ਮਾਸ ਦੀ ਵਰਤੋਂ ਕਰਦਾ ਹੁੰਦਾ ਸੀ।
ਬਾਬਿਆਂ ਦਾ ਖਾਣਾ ਆਮ ਭਗਤਾਂ ਨੂੰ ਵਰਤਾਏ ਜਾਣ ਵਾਲੇ ਖਾਣੇ ਤੋਂ ਬਿਲਕੁੱਲ ਅਲੱਗ ਹੁੰਦਾ ਹੈ। ਭਗਤਾਂ ਨੂੰ ਆਮ ਤੌਰ ‘ਤੇ ਦਾਲ ਰੋਟੀ ਨਾਲ ਹੀ ਸਾਰ ਦਿੱਤਾ ਜਾਂਦਾ ਹੈ ਜਦੋਂ ਕਿ ਬਾਬੇ ਲਈ ਮਾਹਰ ਬਾਵਰਚੀ ਬਾਦਸ਼ਾਹਾਂ ਦੇ ਪੱਧਰ ਦਾ ਖਾਣਾ ਤਿਆਰ ਕਰਦੇ ਹਨ। ਪਾਠਕਾਂ ਨੇ ਅਨੇਕਾਂ ਥਾਵਾਂ ‘ਤੇ ਲੰਗਰ ਅਤੇ ਵੀ.ਆਈ.ਪੀ. ਲੰਗਰ ਦੇ ਬੋਰਡ ਲੱਗੇ ਵੇਖੇ ਹੋਣਗੇ। ਜੇ ਤੁਸੀਂ ਕਿਸੇ ਤਰੀਕੇ ਨਾਲ ਵੀ.ਆਈ.ਪੀ. ਲੰਗਰ ਵਿੱਚ ਘੁਸ ਜਾਉ ਤਾਂ ਸਮਝ ਜਾਉਗੇ ਕਿ ਤੁਸੀਂ ਤਾਂ ਹੁਣ ਤੱਕ ਘਾਹ ਫੂਸ ਹੀ ਖਾਈ ਗਏ ਹੋ। ਭਾਰਤ ਦਾ ਇੱਕ ਪ੍ਰਸਿੱਧ ਵਪਾਰੀ ਬਾਬਾ, ਜੋ ਯੋਗ, ਗਊ ਮੂਤਰ, ਗੋਬਰ ਅਤੇ ਹੋਰ ਊਟ ਪਟਾਂਗ ਦਵਾਈਆਂ ਵੇਚ ਕੇ ਅਰਬਾਂਪਤੀ ਬਣ ਗਿਆ ਹੈ, ਅਪਣੇ ਹਰੇਕ ਕੈਂਪ ਵਿੱਚ ਇਹ ਕਹਿ ਕੇ ਗਰੀਬਾਂ ਦਾ ਮਜ਼ਾਕ ਉਡਾਉਂਦਾ ਹੈ ਕਿ ਮੈਂ ਕਦੇ ਰੋਟੀ ਨਹੀਂ ਖਾਧੀ। ਜੇ ਭਰਾਵਾ ਤੈਨੂੰ ਡਰਾਈ ਫਰੂਟ, ਫਲ, ਮਹਿੰਗੀਆਂ ਭਸਮਾਂ ਅਤੇ ਕੁਸ਼ਤੇ ਖਾਣ ਨੂੰ ਮਿਲ ਰਹੇ ਹਨ ਤਾਂ ਤੂੰ ਪਾਗਲ ਥੋੜ੍ਹਾ ਆਂ ਕਿ ਰੋਟੀ ਖਾਵੇਗਾ। ਜੇ ਇਸ ਦੇ ਪਿੱਛੇ ਲੱਗ ਕੇ ਮੱਧ ਵਰਗੀ ਅਤੇ ਗਰੀਬ ਵੀ ਰੋਟੀ ਖਾਣੀ ਛੱਡ ਦੇਣ ਤਾਂ ਦਸ ਦਿਨਾਂ ਵਿੱਚ ਹੀ ਭੁੱਖੇ ਮਰ ਜਾਣ। ਜੇ ਰੋਟੀ ਐਨੀ ਹੀ ਬੁਰੀ ਹੈ ਤਾਂ ਫਿਰ ਇਹ ਬਾਬਾ ਦਸ ਪ੍ਰਕਾਰ ਦਾ ਆਟਾ ਕਿਉਂ ਵੇਚਦਾ ਹੈ?
ਇੱਕ ਵਾਰ ਕਿਸੇ ਬੀਬੀ ਨੇ ਸਰਾਧਾਂ ’ਤੇ ਕੋਈ ਮੁਸ਼ਟੰਡਾ ਬਾਬਾ ਭੋਜਨ ਕਰਨ ਲਈ ਬੁਲਾ ਲਿਆ। ਬੀਬੀ ਨੇ ਬਾਬੇ ਵਾਸਤੇ ਕਾੜ੍ਹਨੀ ਦੀ ਦਾਲ, ਘਰ ਦੇ ਪਨੀਰ ਦੀ ਸਬਜ਼ੀ, ਬੂੰਦੀ ਵਾਲਾ ਰਾਇਤਾ, ਬਦਾਮਾਂ ਵਾਲੀ ਖੀਰ ਅਤੇ ਮੇਵੇ ਪਾ ਕੇ ਕੜ੍ਹਾਹ ਤਿਆਰ ਕੀਤਾ। ਬੀਬੀ ਥਾਲੀ ਵਿੱਚ ਖਾਣਾ ਪਾਈ ਜਾਵੇ ਤੇ ਬਾਬਾ ਘਪਰ ਘਪਰ ਖਾਈ ਜਾਵੇ। ਬੀਬੀ ਪੁੱਛੇ ਬਾਬਾ ਜੀ ਜੀ ਦਾਲ ਕਿਹੋ ਜਿਹੀ ਬਣੀ ਹੈ, ਬਾਬਾ ਕਹੇ ਬੀਬੀ ਸਾਧਾਂ ਨੂੰ ਕੀ ਸਵਾਦਾਂ ਨਾਲ? ਬੀਬੀ ਪੁੱਛੇ ਬਾਬਾ ਜੀ ਸਬਜ਼ੀ ਕਿਹੋ ਜਿਹੀ ਬਣੀ ਹੈ, ਬਾਬਾ ਕਹੇ ਸਾਧਾਂ ਨੂੰ ਕੀ ਸਵਾਦਾਂ ਨਾਲ? ਬੀਬੀ ਕਹੇ ਖੀਰ ਕੜਾਹ ਕਿਹੋ ਜਿਹੇ ਬਣੇ ਹਨ, ਮੁਸ਼ਟੰਡਾ ਕਹੇ ਸਾਧਾਂ ਨੂੰ ਕੀ ਸਵਾਦਾਂ ਨਾਲ? ਅਖੀਰ ਬੀਬੀ ਤੰਗ ਹੋ ਗਈ। ਗਰਮ ਗਰਮ ਦੁੱਧ ਰੱਖ ਕੇ ਸੋਚਿਆ ਕਿ ਸ਼ਾਇਦ ਬਾਬਾ ਹੁਣ ਹੀ ਕੋਈ ਤਾਰੀਫ ਕਰ ਦੇਵੇ। ਕਹਿੰਦੀ ਬਾਬਾ ਜੀ ਹੁਣ ਦੱਸੋ ਕਿ ਦੁੱਧ ਕਿਹਾ ਜਿਹਾ ਬਣਿਆ ਹੈ? ਬਾਬਾ ਆਪਣੇ ਮੁਸ਼ਟੰਡਪੁਣੇ ਤੋਂ ਬਾਜ਼ ਨਾ ਆਇਆ ਫਿਰ ਬੋਲਿਆ ਕਿ ਬੀਬੀ ਸਾਧਾਂ ਨੂੰ ਕੀ ਸਵਾਦਾਂ ਨਾਲ? ਬੀਬੀ ਨੇ ਇਸ਼ਾਰਾ ਕਰ ਕੇ ਆਪਣੇ ਘਰ ਵਾਲੇ ਨੂੰ ਡਾਂਗ ਲੈ ਕੇ ਬਾਬੇ ਦੇ ਪਿੱਛੇ ਖੜਾ ਕਰ ਦਿਤਾ ਤੇ ਤੂੜੀ ਦੀ ਮੁੱਠ ਭਰ ਕੇ ਦੁੱਧ ਦੇ ਛੰਨੇ ਵਿੱਚ ਪਾ ਦਿੱਤੀ। ਬੀਬੀ ਕਹਿੰਦੀ ਜੇ ਸਾਧਾਂ ਨੂੰ ਕੀ ਸਵਾਦਾਂ ਨਾਲ ਤਾਂ ਫਿਰ ਪੀ ਇਹ ਤੂੜੀ ਵਾਲਾ ਦੁੱਧ। ਮੌਰਾਂ ਵਿੱਚ ਡਾਂਗਾਂ ਵੱਜਣ ਦੇ ਡਰੋਂ ਵਿਚਾਰੇ ਬਾਬੇ ਨੂੰ ਔਖੇ ਸੌਖੇ ਤੂੜੀ ਵਾਲਾ ਦੁੱਧ ਅੰਦਰ ਲੰਘਾਉਣਾ ਪਿਆ। ਬਾਬੇ ਨੇ ਬਾਹਰ ਜਾ ਕੇ ਸੌਂਹ ਪਾ ਦਿੱਤੀ ਕਿ ਇਹ ਡਾਇਲਾਗ ਅੱਗੋਂ ਤੋਂ ਕਦੇ ਨਹੀਂ ਬੋਲਣਾ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin