Punjab

ਸੁਖਬੀਰ ਬਾਦਲ ਨੇ ਕਿਹਾ- ਮੁੱਖ ਮੰਤਰੀ ਚੰਨੀ ਤੇ ਕਾਂਗਰਸ ਪ੍ਰਧਾਨ ਸਿੱਧੂ ਸਿਰੇ ਦੇ ਡਰਾਮੇਬਾਜ਼

ਬਨੂੜ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਡਰਾਮੇਬਾਜ਼ ਹਨ ਤੇ ਉਨ੍ਹਾਂ ਕੋਲ ਪੰਜਾਬ ਲਈ ਕੋਈ ਯੋਜਨਾ ਨਹੀਂ ਹੈ। ਉਹ ਅੱਜ ਇੱਥੋਂ ਨਜ਼ਦੀਕੀ ਪਿੰਡ ਫ਼ਤਹਿਪੁਰ ਗੜ੍ਹੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੇ ਘਰ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਰਾਜਪੁਰਾ ਹਲਕੇ ਤੋਂ ਚਰਨਜੀਤ ਸਿੰਘ ਬਰਾੜ ਨੂੰ ਟਿਕਟ ਦੇਣ ਕਾਰਨ ਸ੍ਰੀ ਗੜ੍ਹੀ ਕਈ ਮਹੀਨਿਆਂ ਤੋਂ ਪਾਰਟੀ ਨਾਲ ਨਾਰਾਜ਼ ਚੱਲ ਰਹੇ ਸਨ, ਜਿਨ੍ਹਾਂ ਨੂੰ ਮਨਾਉਣ ਲਈ ਅੱਜ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਘਰ ਆਏ ਸਨ।ਸ੍ਰੀ ਬਾਦਲ ਨੇ ਇਸ ਮੌਕੇ ਮੁੱਖ ਮੰਤਰੀ ਚੰਨੀ ‘ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਚੰਨੀ ਅਣਅਧਿਕਾਰਿਤ ਕਾਲੋਨੀਆਂ ਅਤੇ ਰੇਤ ਮਾਫ਼ੀਆ ਨਾਲ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਦੇ ਭਲੇ ਲਈ ਕੋਈ ਰੋਡ ਮੈਪ ਨਹੀਂ ਹੈ ਤੇ ਸਿਰਫ਼ ਬਦਲੀਆਂ ਕਰਨ ਤਕ ਸੀਮਤ ਹਨ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਕਾਂਗਰਸ ਦੇ ਵਿਰੋਧ ਵਿੱਚ ਲਹਿਰ ਚੱਲ ਰਹੀ ਹੈ ਤੇ ਇਸ ਵੇਰ ਕਾਂਗਰਸ 10-12 ਸੀਟਾਂ ਤੋਂ ਵੱਧ ਨਹੀਂ ਜਿੱਤ ਸਕੇਗੀ ਤੇ ਕਾਂਗਰਸੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਪੰਜਾਬ ਨੂੰ ਲੁੱਟਣ ਤੋਂ ਬਿਨ੍ਹਾਂ ਕੋਈ ਕੰਮ ਨਹੀਂ ਕੀਤਾ ਤੇ ਪੰਜਾਬ ਦੇ ਪੰਜ ਸਾਲ ਖਰਾਬ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਵਿੱਚ ਅਕਾਲੀ ਦਲ ਦੀ ਲਹਿਰ ਹੈ ਤੇ ਪਾਰਟੀ ਆਪਣੀ ਸਰਕਾਰ ਬਣਾਏਗੀ।ਉਨ੍ਹਾਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਬਣਨ ਮਗਰੋਂ ਰਾਜਪੁਰਾ ਖੇਤਰ ਦਾ ਵੱਡਾ ਵਿਕਾਸ ਕਰਾਇਆ ਜਾਵੇਗਾ ਤੇ ਇਹ ਸਾਰਾ ਖੇਤਰ ਮੁਹਾਲੀ ਦਾ ਹੀ ਹਿੱਸਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੀਆਂ ਸਾਰੀਆਂ ਸੀਟਾਂ ਅਕਾਲੀ ਦਲ ਜਿੱਤੇਗਾ। ਉਨ੍ਹਾਂ ਰਾਜਪੁਰਾ ਅਤੇ ਘਨੌਰ ਹਲਕੇ ਦੇ ਕਾਂਗਰਸੀ ਵਿਧਾਇਕਾਂ ਉੱਤੇ ਲਗਾਏ ਦੋਸ਼ਾਂ ਨੂੰ ਵੀ ਮੁੜ੍ਹ ਦੁਹਰਾਇਆ ਅਤੇ ਘਨੌਰ ਹਲਕੇ ਤੋਂ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਰਾਜਪੁਰਾ ਹਲਕੇ ਦੇ ਉਮੀਦਵਾਰ ਚਰਨਜੀਤ ਸਿੰਘ ਬਰਾੜ ਨੂੰ ਜਿਤਾਉਣ ਲਈ ਆਖਦਿਆਂ ਸਰਕਾਰ ਬਣਨ ਉੱਤੇ ਜਥੇਦਾਰ ਗੜ੍ਹੀ ਨੂੰ ਵੱਡਾ ਸਤਿਕਾਰ ਦੇਣ ਦਾ ਐਲਾਨ ਕੀਤਾ।ਇਸ ਇਕੱਠ ਨੂੰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ ਨੇ ਸੰਬੋਧਨ ਕੀਤਾ। ਇਸ ਮੌਕੇ ਤੇਜਿੰਦਰ ਸਿੰਘ ਮਿੱਢੂਖੇੜਾ, ਜਸਬੀਰ ਸਿੰਘ ਜੱਸੀ, ਰਣਜੀਤ ਸਿੰਘ ਰਾਣਾ, ਨੰਬਰਦਾਰ ਕੁਲਵੀਰ ਸਿੰਘ ਹਾਸ਼ਮਪੁਰ, ਬਲਵਿੰਦਰ ਸਿੰਘ ਨੇਪਰਾਂ, ਹਰਜਿੰਦਰ ਸਿੰਘ ਥੂਹਾ, ਬਹਾਦਰ ਸਿੰਘ ਉੱਪਲਹੇੜੀ, ਸੁਰਿੰਦਰ ਸਿੰਘ ਘੁਮਾਣਾ ਆਦਿ ਵੀ ਮੌਜੂਦ ਸਨ। ਇਸ ਮੌਕੇ ਇਲਾਕੇ ਦੇ ਕਈਂ ਆਗੂਆਂ ਨੇ ਵੀ ਸੰਬੋਧਨ ਕੀਤਾ। ਸ੍ਰੀ ਗੜ੍ਹੀ ਨੇ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਦਾ ਸਨਮਾਨ ਵੀ ਕੀਤਾ। ਉਨ੍ਹਾਂ ਪਾਰਟੀ ਪ੍ਰਧਾਨ ਨੂੰ ਪੂਰੀ ਤਨਦੇਹੀ ਨਾਲ ਰਾਜਪੁਰਾ ਹਲਕੇ ਵਿੱਚੋਂ ਚਰਨਜੀਤ ਸਿੰਘ ਬਰਾੜ ਨੂੰ ਜਿਤਾਉਣ ਦਾ ਭਰੋਸਾ ਦਿਵਾਇਆ।

Related posts

ਗ਼ਰੀਬ ਦੀ ਗ਼ਰੀਬੀ ਉਸ ਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦੈ : ਭਗਵੰਤ ਮਾਨ

editor

ਭਗਵੰਤ ਮਾਨ ਨੇ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਗੜ੍ਹਸ਼ੰਕਰ ਦੇ ਲੋਕਾਂ ਤੋਂ ਮੰਗਿਆ ਸਮਰਥਨ

editor

ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਗੋਲ਼ੀ ਮਾਰ ਕੇ ਹੱਤਿਆ!

editor