International

ਸ੍ਰੀਲੰਕਾ ‘ਚ ਮੁੜ ਐਮਰਜੈਂਸੀ ਲਾਗੂ, ਕਾਰਜਕਾਰੀ ਰਾਸ਼ਟਰਪਤੀ ਵਿਕਰਮਸਿੰਘੇ ਨੇ ਰਾਜ ਪੱਤਰ ਰਾਹੀਂ ਕੀਤਾ ਐਲਾਨ

ਕੋਲੰਬੋ – ਆਪਣੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੇ ਇੱਕ ਵਾਰ ਫਿਰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਦੇ ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮਾਸਿੰਘੇ ਨੇ ਸੋਮਵਾਰ ਤੋਂ ਟਾਪੂ ਦੇਸ਼ ਵਿੱਚ ਇਸਨੂੰ ਲਾਗੂ ਕਰਨ ਦਾ ਐਲਾਨ ਕਰਦੇ ਹੋਏ ਇੱਕ ਗਜ਼ਟ ਜਾਰੀ ਕੀਤਾ ਹੈ। ਐਲਾਨ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਦੇਸ਼ ਵਿੱਚ ਸਮਾਜਿਕ ਅਸ਼ਾਂਤੀ ਅਤੇ ਗੰਭੀਰ ਆਰਥਿਕ ਸੰਕਟ ਕਾਰਨ ਲਿਆ ਗਿਆ ਹੈ। ਸਥਾਨਕ ਮੀਡੀਆ ਆਉਟਲੇਟ ਡੇਲੀ ਮਿਰਰ ਨੇ ਰਿਪੋਰਟ ਦਿੱਤੀ ਕਿ ਗਜ਼ਟ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੀਲੰਕਾ ਵਿੱਚ ਐਮਰਜੈਂਸੀ ਦੀ ਸਥਿਤੀ ਲੋਕਾਂ ਦੀ ਸੁਰੱਖਿਆ, ਜਨਤਕ ਵਿਵਸਥਾ ਦੀ ਸੁਰੱਖਿਆ ਅਤੇ ਭਾਈਚਾਰੇ ਦੇ ਜੀਵਨ ਲਈ ਜ਼ਰੂਰੀ ਸਪਲਾਈ ਅਤੇ ਸੇਵਾਵਾਂ ਦੇ ਰੱਖ-ਰਖਾਅ ਦੇ ਹਿੱਤ ਵਿੱਚ ਘੋਸ਼ਿਤ ਕੀਤੀ ਗਈ ਹੈ।

ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਦੇਸ਼ ਛੱਡ ਕੇ ਸਿੰਗਾਪੁਰ ਭੱਜਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ। ਉਦੋਂ ਤੋਂ ਕਾਰਜਕਾਰੀ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਦੇਸ਼ ਦੀ ਕਮਾਨ ਸੰਭਾਲ ਰਹੇ ਹਨ। ਗੋਟਾਬਾਯਾ ਦੇ ਅਸਤੀਫੇ ਦਾ ਕਾਰਨ ਹਜ਼ਾਰਾਂ ਪ੍ਰਦਰਸ਼ਨਕਾਰੀ ਸਨ ਜਿਨ੍ਹਾਂ ਨੇ ਰਾਜਧਾਨੀ ਕੋਲੰਬੋ ਵਿੱਚ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਧਾਵਾ ਬੋਲ ਦਿੱਤਾ। ਪ੍ਰਦਰਸ਼ਨਕਾਰੀ ਲੋਕਾਂ ਨੇ ਗੋਟਾਬਾਯਾ ਦੀ ਸਰਕਾਰੀ ਰਿਹਾਇਸ਼ ‘ਤੇ ਵੀ ਕਬਜ਼ਾ ਕਰ ਲਿਆ ਸੀ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਸੀ। ਹਾਲਾਂਕਿ ਅਸਤੀਫਾ ਦੇਣ ਤੋਂ ਬਾਅਦ ਵੀ ਉਥੇ ਸਥਿਤੀ ‘ਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ।

ਜ਼ਿਕਰਯੋਗ ਹੈ ਕਿ ਸ੍ਰੀਲੰਕਾ ਦੀ ਸੰਸਦ ਨੇ ਐਲਾਨ ਕੀਤਾ ਹੈ ਕਿ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀਆਂ ਮੰਗਲਵਾਰ ਨੂੰ ਹੋਣਗੀਆਂ ਅਤੇ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ 20 ਜੁਲਾਈ ਨੂੰ ਹੋਵੇਗੀ। ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਮੁੱਖ ਵਿਰੋਧੀ ਧਿਰ ਦੇ ਨੇਤਾ ਸਾਜਿਥ ਪ੍ਰੇਮਦਾਸਾ ਰਾਸ਼ਟਰਪਤੀ ਚੋਣ ਲੜਨ ਲਈ ਤਿਆਰ ਹਨ। ਸ੍ਰੀਲੰਕਾ ਦੀ ਰਾਸ਼ਟਰਪਤੀ ਚੋਣ ਜਿੱਤਣ ਦੇ ਦ੍ਰਿਸ਼ ਨੂੰ “ਮੁਸ਼ਕਲ ਕੰਮ” ਦੱਸਦੇ ਹੋਏ, ਪ੍ਰੇਮਦਾਸਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਚੋਣ ਲੜਨਗੇ ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਸੱਚਾਈ ਦੀ ਜਿੱਤ ਹੋਵੇਗੀ।

ਸ੍ਰੀਲੰਕਾ ਦੀ ਅਰਥਵਿਵਸਥਾ ਉਤਪਾਦਨ ਲਈ ਮੁਢਲੀਆਂ ਚੀਜ਼ਾਂ ਦੀ ਅਣਉਪਲਬਧਤਾ, ਮਾਰਚ 2022 ਤੋਂ ਮੁਦਰਾ ਵਿੱਚ 80 ਪ੍ਰਤੀਸ਼ਤ ਦੀ ਗਿਰਾਵਟ, ਵਿਦੇਸ਼ੀ ਭੰਡਾਰ ਦੀ ਕਮੀ ਅਤੇ ਅੰਤਰਰਾਸ਼ਟਰੀ ਕਰਜ਼ੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿੱਚ ਦੇਸ਼ ਦੀ ਅਸਫਲਤਾ ਕਾਰਨ ਸੰਕਟ ਵਿੱਚ ਹੈ।

Related posts

ਖੁੰਝ ਗਿਆ ਪੁਤਿਨ ਆਪਣਾ ਨਿਸ਼ਾਨਾ! ਰਾਸ਼ਟਰਪਤੀ ਜ਼ੇਲੈਂਸਕੀ ਦੀ ਹੱਤਿਆ ਦੀ ਸਾਜਿਸ਼ ਨਾਕਾਮ

editor

ਸਿੱਖਾਂ ਲਈ ਪਾਕਿਸਤਾਨ ਦੇ ਦਰਵਾਜ਼ੇ ਖੁੱਲ੍ਹੇ ਹਨ: ਮਸੂਦ ਖਾਨ

editor

ਨਿੱਝਰ ਦੀ ਹੱਤਿਆ ਦੇ ਦੋਸ਼ ’ਚ ਗਿ੍ਰਫ਼ਤਾਰ 3 ਭਾਰਤੀ ਅਦਾਲਤ ’ਚ ਪੇਸ਼

editor