Punjab

ਅਧੂਰੀ ਹੈ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਆਸ

ਗੁਰਦਾਸਪਪੁਰ – ਆਜ਼ਾਦੀ ਤੋਂ 72 ਸਾਲਾਂ ਬਾਅਦ ਨਾਨਕ ਨਾਮਲੇਵਾ ਸੰਗਤ ਦੀਆਂ ਅਰਦਾਸਾਂ ਨੂੰ ਬੂਰ ਪਿਆ ਸੀ ਤੇ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ ਸੀ। ਅਰਦਾਸਾਂ ਨੂੰ ਬੂਰ ਪਿਆ, ਕਾਰੀਡੋਰ ਬਣ ਗਿਆ ਪਰ ਕੋਰੋਨਾ ਮਹਾਮਾਰੀ ਕਾਰਨ ਬੰਦ ਪਿਆ ਲਾਂਘਾ, ਹਾਲੇ ਤਕ ਵੀ ਨਾ ਖੁੱਲ੍ਹਣ ਕਰ ਕੇ ਸੰਗਤ ਦੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਹਾਲੇ ਤਕ ਅਧੂਰੀ ਹੈ। ਇਸ ਕਾਰਨ ਸ਼ਰਧਾਲੂਆਂ ਵਿਚ ਨਿਰਾਸ਼ਾ ਹੈ।ਪਿਛਲੇ ਸਮੇਂ ਸਰਹੱਦ ’ਤੇ ਬਣਾਏ ਗਏ ਆਰਜ਼ੀ ਦਰਸ਼ਨ ਸਥਾਨ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਢਹਿ ਢੇਰੀ ਕਰਨ ਤੋਂ ਬਾਅਦ ਆਧੁਨਿਕ ਸਹੂਲਤਾਂ ਨਾਲ ਲੈਸ ਦਰਸ਼ਨ ਸਥਾਨ ਦਾ ਨਿਰਮਾਣ ਨਹੀਂ ਕੀਤਾ ਗਿਆ। ਇਸ ਲਈ ਨਾਨਕ ਨਾਮ ਲੇਵਾ ਸੰਗਤਾਂ ਦੂਰਬੀਨ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਨੂੰ ਤਰਸ ਰਹੀਆਂ ਹਨ। ਕਰਤਾਰਪੁਰ ਕਾਰੀਡੋਰ ਦੇ ਨਿਰਮਾਣ, ਇਸ ਦੇ ਪਿੱਛੇ ਕੀਤੀ ਗਈ ਘਾਲਣਾ ਤੇ ਮੌਜੂਦਾ ਸਥਿਤੀ ਬਾਰੇ ਪੇਸ਼ ਹੈ ਖਾਸ ਰਿਪੋਰਟ।ਇੱਥੇ ਦੱਸ ਦੇਈਏ ਕਿ ਨਾਨਕ ਨਾਮ ਲੇਵਾ ਸੰਗਤਾਂ ਤੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਵੱਲੋਂ ਸਾਢੇ ਅਠਾਰਾਂ ਸਾਲ ਹਰ ਮਹੀਨੇ ਮੱਸਿਆ ਦੀ ਮੱਸਿਆ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਖਡ਼੍ਹੇ ਹੋ ਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਲਈ 226 ਦੇ ਕਰੀਬ ਅਰਦਾਸਾਂ ਕੀਤੀਆਂ ਸਨ। ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਸਰਕਾਰ ਦੀ ਸਹਿਮਤੀ ਦੌਰਾਨ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਦਿਹਾਡ਼ੇ ਮੌਕੇ ਡੇਰਾ ਬਾਬਾ ਨਾਨਕ ਦੀ ਸਰਹੱਦ ਤੋਂ ਕਰਤਾਰਪੁਰ ਲਾਂਘਾ ਖੋਲ੍ਹਣ ਉਪਰੰਤ ਬੂਰ ਪਿਆ ਸੀ। ਕਰਤਾਰਪੁਰ ਲਾਂਘਾ ਖੁੱਲ੍ਹਣ ਤੇ ਦੁਨੀਆਂ ਦੇ ਕੋਨੇ ਕੋਨੇ ਰਹਿ ਰਹੀਆਂ ਨਾਨਕ ਨਾਮਲੇਵਾ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਸੀ। ਪਾਕਿਸਤਾਨ ਸਥਿਤ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਵਾਲੀ ਪਵਿੱਤਰ ਧਰਤੀ ਕਰਤਾਰਪੁਰ ਸਾਹਿਬ ਦੇ ਡੇਰਾ ਬਾਬਾ ਨਾਨਕ ਦੀ ਸਰਹੱਦ ਤੋਂ ਇਕ ਦਿਨ ਦੇ ਵੀਜ਼ੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਸਨ। ਜਦਕਿ ਕਰੋਨਾ ਮਹਾਂਮਾਰੀ ਦੇ ਚਲਦਿਆਂ ਭਾਰਤ ਸਰਕਾਰ ਨੇ 16 ਮਾਰਚ 2020 ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਅਜੇ ਤਕ ਕਰਤਾਰਪੁਰ ਸਾਹਿਬ ਦਾ ਲਾਂਘਾ ਨਹੀਂ ਖੁੱਲ੍ਹ ਸਕਿਆ। ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੋਣ ਕਾਰਨ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝੀਆਂ ਹਨ ਉੱਥੇ ਸਰਹੱਦ ’ਤੇ ਪਿਛਲੇ ਸਮੇਂ ਬਣਾਏ ਗਏ ਆਰਜ਼ੀ ਦਰਸ਼ਨ ਸਥਾਨ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਢਹਿ-ਢੇਰੀ ਕਰਨ ਤੋਂ ਬਾਅਦ ਆਧੁਨਿਕ ਸਹੂਲਤਾਂ ਨਾਲ ਲੈਸ ਦਰਸ਼ਨ ਸਥਾਨ ਦਾ ਨਿਰਮਾਣ ਨਾ ਹੋਣ ਕਾਰਨ ਸੰਗਤਾਂ ਦੂਰਬੀਨ ਤੋਂ ਬਿਨਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਨੂੰ ਤਰਸ ਰਹੀਆਂ ਹਨ। ਸੰਗਤਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਜਾਵੇਗੀ ਤੇ ਜੇ ਦਰਸ਼ਨ ਸਥਾਨ ’ਤੇ ਦੂਰਬੀਨਾਂ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਦੂਰੋਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿਣਗੇ।

Related posts

ਦੋਆਬੇ ’ਚ ‘ਆਪ’ ਹੋਈ ਹੋਰ ਵੀ ਮਜ਼ਬੂਤ, ਦਲਿਤ ਆਗੂ ਤੇ ਹੁਸ਼ਿਆਰਪੁਰ ਤੋਂ ਬਸਪਾ ਉਮੀਦਵਾਰ ਰਾਕੇਸ਼ ਸੋਮਨ ਹੋਏ ਪਾਰਟੀ ’ਚ ਸ਼ਾਮਲ

editor

ਭਾਜਪਾ ਉਮੀਦਵਾਰ ਆਈ.ਏ.ਐਸ. ਪਰਮਪਾਲ ਕੌਰ ਨੂੰ ਤੁਰੰਤ ਡਿਊਟੀ ’ਤੇ ਹਾਜ਼ਰ ਹੋਣ ਦੇ ਹੁਕਮ

editor

ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਖ਼ਾਲਸਾ ਦਾ ਬਿਆਨ-‘ਹਰ ਸਿੱਖ ਨੂੰ ਜੰਮਣੇ ਚਾਹੀਦੇ 5-5 ਬੱਚੇ’

editor