Punjab

ਚੰਨੀ ਸਰਕਾਰ ਦਾ ਨਵਾਂ ਮੰਤਰੀ-ਮੰਡਲ: ਕਾਂਗਰਸ ਦੀਆਂ ਉਲਝਣਾਂ ਬਰਕਰਾਰ !

ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਵਜਾਰਤ ਵਿੱਚ 15 ਮੰਤਰੀਆਂ ਨੂੰ ਸਹੁੰ ਦਿਵਾਈ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੈਬਨਿਟ ਮੰਤਰੀ ਵਜੋਂ ਬ੍ਰਹਮ ਮਹਿੰਦਰਾ, ਮਨਪ੍ਰੀਤ ਸਿੰਘ ਬਾਦਲ , ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਰਾਣਾ ਗੁਰਜੀਤ ਸਿੰਘ, ਅਰੁਣਾ ਚੌਧਰੀ, ਰਜੀਆ ਸੁਲਤਾਨਾ, ਭਾਰਤ ਭੂਸ਼ਣ ਆਸ਼ੂ, ਵਿਜੈ ਇੰਦਰ ਸਿੰਗਲਾ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਗੁਰਕੀਰਤ ਸਿੰਘ ਕੋਟਲੀ ਨੂੰ ਸਹੁੰ ਚੁਕਾਈ। ਸਹੁੰ ਲੈਣ ਵਾਲੇ 15 ਨਵੇਂ ਮੰਤਰੀਆਂ ਦੀ ਸੂਚੀ ‘ਚੋਂ ਕੁਲਜੀਤ ਸਿੰਘ ਨਾਗਰਾ ਦਾ ਨਾਂ ਕੱਟਿਆ ਗਿਆ ਹੈ। ਉਨ੍ਹਾਂ ਦੀ ਥਾਂ ਰਣਦੀਪ ਸਿੰਘ ਨਾਭਾ ਉਰਫ਼ ਕਾਕਾ ਰਣਦੀਪ ਸਿੰਘ ਨੂੰ ਮੰਤਰੀ ਬਣਾਇਆ ਜਾ ਰਿਹਾ ਹੈ। ਸਮਾਗਮ ‘ਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਤੇ ਕਾਂਗਰਸ ਦੇ ਕੇਂਦਰੀ ਸੁਪਰਵਾਈਜ਼ਰ ਹਰੀਸ਼ ਚੌਧਰੀ ਵੀ ਪਹੁੰਚੇ। ਦਰਅਸਲ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਦੀ ਨਵੀਂ ਕੈਬਨਿਟ ਰਾਹੀਂ ਸੂਬੇ ਕਾਂਗਰਸ ਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ ਲੈਣ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਆਗੂਆਂ ਦੇ ਪ੍ਰਭਾਵ ਨੂੰ ਬੇਅਸਰ ਕਰਨ ਲਈ ਸਿਆਸੀ ਬਿਸਾਤ ਵਿਛਾਈ ਹੈ। ਕਰੀਬ 6 ਦਿਨ ਦੀ ਮੱਥਾ ਪੱਚੀ ਤੋਂ ਬਾਅਦ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੰਤਰੀ ਮੰਡਲ ਦੀ ਤਸਵੀਰ ਸਾਫ਼ ਹੋਈ ਸੀ। ਕੈਬਨਿਟ ‘ਚ ਕੈਪਟਨ ਦੇ ਖ਼ਾਸ ਰਹੇ ਪੰਜ ਸਾਬਕਾ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਤੇ ਸੱਤ ਨਵੇਂ ਚਿਹਰਿਆਂ ਨੂੰ ਨਵੀਂ ਥਾਂ ਦਿੱਤੀ ਗਈ ਹੈ। ਇਨ੍ਹਾਂ ‘ਚ ਰਾਹੁਲ ਗਾਂਧੀ ਜਾਂ ਹਾਈਕਮਾਨ ਦੇ ਕਰੀਬੀਆਂ ਦੀ ਗਿਣਤੀ ਜ਼ਿਆਦਾ ਹੈ। ਕੈਪਟਨ ਦੀ ਕੈਬਨਿਟ ‘ਚ ਸ਼ਾਮਲ ਰਹੇ 8 ਸਾਬਕਾ ਮੰਤਰੀਆਂ ਤੇ ਚੰਨੀ ਨੇ ਮੁੜ ਤੋਂ ਭਰੋਸਾ ਪ੍ਰਗਟਾਇਆ ਹੈ। ਹਾਈਕਮਾਨ ਨੇ ਮੰਤਰੀ ਮੰਡਲ ਗਠਨ ਦਾ ਕੰਟਰੋਲ ਕਾਫੀ ਹੱਦ ਤਕ ਆਪਣੇ ਹੱਥ ‘ਚ ਹੀ ਰੱਖਿਆ ਹੈ।

6 ਨਵੇਂ ਚਿਹਰਿਆਂ ਨੂੰ ਬਣਾਇਆ ਗਿਆ ਹੈ ਮੰਤਰੀ

ਚਰਨਜੀਤ ਚੰਨੀ ਦੀ ਕੈਬਨਿਟ ‘ਚ ਕਈ ਇਸ ਤਰ੍ਹਾਂ ਮੰਤਰੀ ਸ਼ਾਮਲ ਹਨ, ਜੋ ਦੋ ਅਤੇ ਤਿੰਨ ਵਾਰ ਜਿੱਤਣ ਦੇ ਬਾਵਜੂਦ ਪਹਿਲੀ ਵਾਰ ਮੰਤਰੀ ਬਣਾਏ ਗਏ। ਜਿਨ੍ਹਾਂ ਵਿਚ ਰਾਜਕੁਮਾਰ ਵੇਰਕਾ, ਪਰਗਟ ਸਿੰਘ, ਸੰਗਤ ਸਿੰਘ ਗਿਲਜੀਆਂ, ਗੁਰਕੀਰਤ ਕੋਟਲੀ, ਰਣਦੀਪ ਨਾਭਾ ਅਤੇ ਰਾਜਾ ਵੜਿੰਗ ਦਾ ਨਾਂ ਸ਼ਾਮਲ ਹੈ।

ਚੰਗਿਆੜੀ ਸੁਲਗਨੀ ਸ਼ੁਰੂ ਹੋ ਗਈ

ਪੰਜਾਬ ਮੰਤਰੀ ਮੰਡਲ ਦੇ ਪੁਨਰਗਠਨ ਨੂੰ ਲੈ ਕੇ ਅਸੰਤੋਸ਼ ਦੀ ਚੰਗਿਆੜੀ ਸੁਲਗਨੀ ਸ਼ੁਰੂ ਹੋ ਗਈ ਹੈ, ਜਿਸ ਨੂੰ ਸ਼ਾਂਤ ਕਰਨ ਲਈ ਆਉਣ ਵਾਲੇ ਦਿਨਾਂ ਵਿਚ ਵਿਧਾਇਕਾਂ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਗਾਇਆ ਜਾ ਸਕਦਾ ਹੈ। ਪਿਛਲੇ ਦਿਨੀਂ ਨਵਜੋਤ ਸਿੱਧੂ ਵੱਲੋਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਹਟਾ ਕੇ ਆਪਣੇ ਕਰੀਬੀ ਕੌਂਸਲਰ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਬਟਾਲਾ ‘ਚ ਪ੍ਰਤਾਪ ਬਾਜਵਾ ਦੀ ਸਿਫਾਰਿਸ਼ ਵਾਲੇ ਚੇਅਰਮੈਨ ਨੂੰ ਹਟਾ ਕੇ ਤ੍ਰਿਪਤ ਰਾਜਿੰਦਰ ਬਾਜਵਾ ਦੇ ਲਗਭਗ ਨੂੰ ਦੋਬਾਰਾ ਚੇਅਰਮੈਨ ਬਣਾਇਆ ਗਿਆ ਹੈ। ਭਾਵੇਂਕਿ ਇਹ ਅਹੁਦਾ ਆਉਣ ਵਾਲੇ ਕੁਝ ਮਹੀਨਿਆਂ ਲਈ ਲਗਾਏ ਗਏ ਹਨ ਪਰ ਹਾਈਕਮਾਂਡ ਕੋਲ ਫੀਡਬੈਕ ਪੁੱਜਾ ਹੈ ਕਿ ਜਿਨ੍ਹਾਂ ਵਿਧਾਇਕਾਂ ਨੂੰ ਮੰਤਰੀ ਨਹੀਂ ਬਣਾਇਆ ਗਿਆ, ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਲਗਾਇਆ ਜਾ ਸਕਦਾ ਹੈ। ਇਨ੍ਹਾਂ ‘ਚ ਅੰਮ੍ਰਿਤਸਰ ਦੇ ਲਈ ਇੰਦਰਬੀਰ ਬੁਲਾਰੀਆ ਦਾ ਨਾਂ ਲਿਆ ਗਿਆ ਹੈ, ਜਦਕਿ ਲੁਧਿਆਣਾ ਤੋਂ ਸੁਰਿੰਦਰ ਡਾਬਰ ਅਤੇ ਸੰਜੇ ਤਲਵਾੜ ਦੇ ਨਾਂ ਦੀ ਚਰਚਾ ਹੋ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇੰਪਰੂਵਮੈਂਟ ਟਰੱਸਟ ਦਾ ਅਹੁਦਾ ਹਾਸਲ ਕਰਨ ਲਈ ਕਈ ਹੋਰ ਜ਼ਿਲਿਆਂ ਦੇ ਵਿਧਾਇਕ ਵੀ ਲਾਬਿੰਗ ਕਰ ਰਹੇ ਹਨ। ਜਿਨ੍ਹਾਂ ‘ਚ ਜਲੰਧਰ ਤੋਂ ਰਾਜਿੰਦਰ ਬੇਰੀ, ਸੁਸ਼ੀਲ ਰਿੰਕੂ, ਸੁਰਿੰਦਰ ਚੌਧਰੀ ਦਾ ਨਾਮ ਸ਼ਾਮਲ ਹੈ।

ਕਾਂਗਰਸ ਦੀ ਉਲਝਣ  ਚਰਚਾ ਕਿਸੇ ਦੀ ਤੇ ਮੋਹਰ ਕਿਸੇ ਹੋਰ ਦੇ ਨਾਂ ‘ਤੇ

ਕੇਂਦਰ ‘ਚ ਕਾਂਗਰਸ ਦੀ ਉਲਝਣ ਦੀ ਝਲਕ ਹੁਣ ਪੰਜਾਬ ਕਾਂਗਰਸ ਵਿਚ ਵੀ ਨਜ਼ਰ ਆਉਣ ਲੱਗੀ ਹੈ। ਕੈ. ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕਾਂਗਰਸ ਹਾਈਕਮਾਨ ਨੂੰ ਉਨ੍ਹਾਂ ਦਾ ਉੱਤਰਾ ਅਧਿਕਾਰੀ ਲੱਭਣ ਵਿਚ 25 ਘੰਟੇ ਲੱਗੇ ਸੀ। ਕੈ. ਅਮਰਿੰਦਰ ਸਿੰਘ ਨੇ 18 ਸਤੰਬਰ ਨੂੰ ਸ਼ਾਮ 4:30 ਵਜੇ ਅਸਤੀਫ਼ਾ ਦਿੱਤਾ ਸੀ, ਜਦਕਿ ਚਰਨਜੀਤ ਸਿੰਘ ਚੰਨੀ ਨੂੰ 19 ਸਤੰਬਰ ਸ਼ਾਮ ਨੂੰ 5:30 ਵਜੇ ਮੁੱਖ ਮੰਤਰੀ ਚੁਣਿਆ ਗਿਆ।ਇਨ੍ਹਾਂ 25 ਘੰਟਿਆਂ ਦੌਰਾਨ ਸਭ ਤੋਂ ਪਹਿਲਾਂ ਕੈਪਟਨ ਦੇ ਅਸਤੀਫ਼ੇ ਦੇ ਤੁਰੰਤ ਬਾਅਦ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਦੱਸਿਆ ਗਿਆ ਪਰ 19 ਦੀ ਸਵੇਰ ਅੰਬਿਕਾ ਸੋਨੀ ਅਚਾਨਕ ਪੰਜਾਬ ਦੇ ਰਾਜਨੀਤਕ ਦ੍ਰਿਸ਼ ‘ਤੇ ਉਭਰੀ ਤੇ ਮੁੱਖ ਮੰਤਰੀ ਅਹੁਦੇ ਨੂੰ ਨਕਾਰਦਿਆਂ ਨਾਲ ਹੀ ਅਲੋਪ ਵੀ ਹੋ ਗਈ। ਦੁਪਹਿਰ ਨੂੰ ਨਾਂ ਚੱਲਿਆ ਸੁਖਜਿੰਦਰ ਸਿੰਘ ਰੰਧਾਵਾ ਦਾ ਤੇ ਸ਼ਾਮ ਨੂੰ ਐਲਾਨ ਹੋਇਆ ਚਰਨਜੀਤ ਸਿੰਘ ਚੰਨੀ ਦਾ।

ਹੁਣ ਹਾਈਕਮਾਨ ਦੇ ਨਕਸ਼ਾ-ਏ-ਕਦਮ ਤੋਂ ਨਵ-ਨਿਯੁਕਤ ਚੰਨੀ ਵੀ ਪਿੱਛੇ ਕਿਵੇਂ ਹਟਦੇ। ਉਨ੍ਹਾਂ ਦੇ ਡਿਪਟੀ ਦੇ ਤੌਰ ‘ਤੇ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਂ ਨਾਲ ਬ੍ਰਹਮ ਮਹਿੰਦਰਾ ਦਾ ਨਾਂ ਤੈਅ ਕੀਤਾ ਗਿਆ। ਬ੍ਰਹਮ ਦੇ ਵਧਾਈ ਵਾਲੇ ਪੋਸਟਰਾਂ ਨਾਲ ਪਟਿਆਲਾ ਦੀਆਂ ਸੜਕਾਂ ਭਰ ਗਈਆਂ ਤਾਂ ਦੂਸਰੇ ਪਾਸੇ ਸਾਬਕਾ ਕੇਂਦਰੀ ਮੰਤਰੀ ਤੇ ਹਾਈਕਮਾਨ ਦੇ ਖਾਸਮਖਾਸ ਪਵਨ ਬਾਂਸਲ ਨੇ ਵੀ ਉਨ੍ਹਾ ਨੂੰ ਵਧਾਈ ਦੇਣ ਵਾਲਾ ਟਵੀਟ ਕਰ ਦਿੱਤਾ ਪਰ ਜਦ ਸਹੁੰ ਚੁੱਕਣ ਦੀ ਵਾਰੀ ਆਈ ਤਾਂ ਬ੍ਰਹਮ ਮਹਿੰਦਰਾ ਕਿਤੇ ਵੀ ਨਜ਼ਰ ਨਹੀਂ ਆਏ, ਬਲਕਿ ਉਨ੍ਹਾਂ ਦੀ ਜਗ੍ਹਾ ਓ.ਪੀ. ਸੋਨੀ ਡਿਪਟੀ ਸੀ. ਐੱਮ. ਬਣ ਬੈਠੇ।

ਚੰਨੀ ਸਰਕਾਰ ਵਿਚ ਕਸ਼ਮਕਸ਼ ਇੱਥੇ ਹੀ ਨਹੀਂ ਰੁਕੀ। ਮੁੱਖ ਸਕੱਤਰ ਦੇ ਅਹੁਦੇ ਲਈ ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਵਨੀਤ ਕੌਰ ਤੇ ਵੀ. ਕੇ. ਜੰਜੂਆ ਦੇ ਨਾਂਚੱਲ ਰਹੇ ਸਨ ਪਰ ਚੰਨੀ ਨੇ ਮੋਹਰ ਲਗਾਈ ਅਨਿਰੁੱਧ ਤਿਵਾੜੀ ਦੇ ਨਾਂ ‘ਤੇ।ਨਵੀਂ ਡੀ. ਜੀ. ਪੀ. ਦੀ ਨਿਯੁਕਤੀ ਵਿਚ ਵੀ ਸਰਕਾਰ ਨੂੰ ਸਖ਼ਤ ਮਸ਼ੱਕਤ ਕਰਨੀ ਪਈ। ਕਦੇ ਸਿਧਾਰਥ ਚਟੋਪਾਧਿਆਏ ਦਾ ਨਾਂ ਚੱਲਿਆ ਤਾਂ ਕਦੇ ਵੀ.ਕੇ. ਭੰਵਰਾ ਪਰ ਬਾਜ਼ੀ ਮਾਰ ਗਏ ਇਕਬਾਲਪ੍ਰੀਤ ਸਿੰਘ ਸਹੋਤਾ। ਇਹੀ ਸਥਿਤੀ ਐਡਵੋਕੇਟ ਜਨਰਲ ਦੇ ਨਾਂ ‘ਤੇ ਚੱਲ ਰਹੀ ਹੈ, ਜੋ ਖੁਦ ਅਤੇ ਆਪਣੇ ਸਟਾਫ਼ ਦੇ ਨਾਲ ਪੰਜਾਬ ਸਰਕਾਰ ਦੇ ਕੇਸਾਂ ਦੀ ਅਦਾਲਤ ਵਿਚ ਪੈਰਵੀ ਕਰਦੇ ਹਨ। ਬੀਤੇ ਇਕ ਹਫ਼ਤੇ ਤੋਂ ਪੰਜਾਬ ਸਰਕਾਰ ਦੇ ਹਾਈਕੋਰਟ ਵਿਚ ਚੱਲ ਰਹੇ ਵੱਖ-ਵੱਖ ਕੇਸਾਂ ਵਿਚ ਜ਼ਿਆਦਾਤਰ ਪੈਰਵੀ ਦੇ ਨਾਂ ‘ਤੇ ਅਗਲੀ ਤਰੀਕ ਹੀ ਮੰਗੀ ਜਾ ਰਹੀ ਹੈ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਦੇ ਤੁਰੰਤ ਬਾਅਦ ਅਤੁਲ ਨੰਦਾ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਤਿਆਗ ਪੱਤਰ ਦੇ ਚੁੱਕੇ ਹਨ।

ਏ. ਜੀ. ਦੇ ਅਹੁਦੇ ਨੂੰ ਲੈ ਕੇ ਵੀ ਕਈ ਨਾਂ ਚਰਚਾ ‘ਚ

ਹੁਣ ਐਡਵੋਕੇਟ ਜਨਰਲ ਦੇ ਅਹੁਦੇ ਲਈ ਸਭ ਤੋਂ ਪਹਿਲਾਂ ਡੀ. ਐੱਸ. ਪਟਵਾਲੀਆ ਦਾ ਨਾਂ ਚੱਲਿਆ ਪਰ ਉਨ੍ਹਾਂ ਦੇ ਨਾਂ ਨੂੰ ਮਨਜ਼ੂਰੀ ਤੋਂ ਪਹਿਲਾਂ ਹੀ ਅਨਮੋਲ ਰਤਨ ਸਿੰਘ ਸਿੱਧੂ ਦਾ ਨਾਂ ਅੱਗੇ ਆ ਗਿਆ। ਇਸ ‘ਤੇ ਵੀ ਮੋਹਰ ਲੱਗਦੀ, ਤਦ ਹੀ ਏ. ਪੀ. ਐੱਸ. ਦਿਓਲ ਨੂੰ ਏ. ਜੀ. ਲਗਾਉਣ ਦੀ ਚਰਚਾ ਛਿੜ ਗਈ। ਸੂਤਰਾਂ ਦੀ ਮੰਨੀਏ ਤਾਂ ਇਸ ਵਿਚ ਸੀਨੀਅਰ ਐਡਵੋਕੇਟ ਆਰ.ਐੱਸ. ਚੀਮਾ ਤੇ ਅਨੁਪਮ ਗੁਪਤਾ ਨਾਲ ਵੀ ਗੱਲ ਕੀਤੀ ਗਈ ਸੀ ਪਰ ਦੋਵਾਂ ਨੇ ਹੀ ਇਹ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ।

ਕੁੱਲ ਮਿਲਾ ਕੇ ਮੁੱਖ ਮੰਤਰੀ ਚੰਨੀ ਆਪਣੀ ਸਰਕਾਰ ਵਿਚ ਮੰਤਰੀ ਤੋਂ ਲੈ ਕੇ ਅਫ਼ਸਰ ਨਿਯੁਕਤ ਕਰਨ ਨੂੰ ਲੈ ਕੇ ਪੂਰੀ ਤਰ੍ਹਾਂ ਦੁਚਿੱਤੀ ਵਿਚ ਘਿਰੇ ਨਜ਼ਰ ਆਏ ਹਨ। ਦੂਸਰੇ ਪਾਸੇ ਜਦ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਤਾਂ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਨਿਯੁਕਤ ਕਰਨ ਦੇ ਨਾਲ ਹੀ ਅਤੁਲ ਨੰਦਾ ਨੂੰ ਐਡਵੋਕੇਟ ਜਨਰਲ ਦਾ ਅਹੁਦਾ ਦੇ ਦਿੱਤਾ ਸੀ। ਇਹੀ ਨਹੀਂ ਉਨ੍ਹਾਂ ਨੇ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਵੀ ਅੱਗੇ ਨਾਲ ਕੰਮ ਕਰਨ ਦੇ ਹੁਕਮ ਦੇ ਦਿੱਤੇ ਸਨ।

Related posts

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ’ਚ ਕੌਮੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ : ਸਿਬਿਨ ਸੀ

editor

ਮੋਦੀ ਨੇ ਸਾਰੇ ਭਿ੍ਰਸ਼ਟਾਚਾਰੀਆਂ ਨੂੰ ਭਾਜਪਾ ’ਚ ਸ਼ਾਮਲ ਕੀਤਾ: ਮਾਨ

editor

ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਬਲਕਿ ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ: ‘ਆਪ’

editor