Articles

ਕੌਮਾਂਤਰੀ ਅਹਿੰਸਾ ਦਿਵਸ – 2 ਅਕਤੂਬਰ

ਲੇਖਕ: ਗੋਬਿੰਦਰ ਸਿੰਘ ਢੀਂਡਸਾ. ਬਰੜ੍ਹਵਾਲ (ਸੰਗਰੂਰ)

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਜਨਮ ਮਿਤੀ 2 ਅਕਤੂਬਰ ਨੂੰ ਵਿਸ਼ਵ ਭਰ ਵਿੱਚ ਕੌਮਾਂਤਰੀ ਅਹਿੰਸਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਨੂੰ ਗਾਂਧੀ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਪਿਤਾ ਕਰਮਚੰਦ ਗਾਂਧੀ ਅਤੇ ਮਾਤਾ ਪੁਤਲੀਬਾਈ ਦੇ ਘਰ ਮੋਹਨ ਦਾਸ ਕਰਮਚੰਦ ਗਾਂਧੀ ਦਾ ਜਨਮ ਗੁਜਰਾਤ ਦੇ ਪੋਰਬੰਦਰ ਵਿੱਚ 2 ਅਕਤੂਬਰ 1869 ਨੂੰ ਹੋਇਆ। ਸਾਲ 1948 ਵਿੱਚ 30 ਜਨਵਰੀ ਦੀ ਸ਼ਾਮ 5 ਵੱਜਕੇ 17 ਮਿੰਟਾਂ ਤੇ ਨਾਥੂਰਾਮ ਗੋਡਸੇ ਅਤੇ ਉਸਦੇ ਸਹਿਯੋਗੀ ਗੋਪਾਲਦਾਸ ਨੇ ਬਿਰਲਾ ਹਾਊਸ ਵਿੱਚ ਮਹਾਤਮਾ ਗਾਂਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਨਵੀਂ ਦਿੱਲੀ ਦੇ ਰਾਜਘਾਟ ਵਿੱਚ ਮਹਾਤਮਾ ਗਾਂਧੀ ਦੀ ਸਮਾਧੀ ਸਥਿਤ ਹੈ।

ਗਾਂਧੀ ਨੂੰ ‘ਮਹਾਤਮਾ’ ਦੇ ਨਾਂ ਨਾਲ ਸਭ ਤੋਂ ਪਹਿਲਾਂ 1915 ਵਿੱਚ ਰਾਜਵੈਦ ਜੀਵਰਾਮ ਕਾਲੀਦਾਸ ਨੇ ਸੰਬੋਧਿਤ ਕੀਤਾ ਸੀ। 4 ਜੂਨ 1944 ਨੂੰ ਸਿੰਗਾਪੁਰ ਰੇਡੀਓ ਤੋਂ ਇੱਕ ਸੰਦੇਸ਼ ਵਿੱਚ ਮਹਾਤਮਾ ਗਾਂਧੀ ਨੂੰ ਪਹਿਲੀਵਾਰ ਸੁਭਾਸ਼ ਚੰਦਰ ਬੋਸ ਨੇ ‘ਰਾਸ਼ਟਰ ਪਿਤਾ’ ਕਹਿ ਕੇ ਸੰਬੋਧਿਤ ਕੀਤਾ ਸੀ।

ਮਹਾਤਮਾ ਗਾਂਧੀ ਦਾ ਦਰਸ਼ਨ ਅਤੇ ਉਹਨਾਂ ਦੀ ਵਿਚਾਰਧਾਰਾ ਸੱਚ ਅਤੇ ਅਹਿੰਸਾ ਭਗਵਤ ਗੀਤਾ ਅਤੇ ਹਿੰਦੂ ਮੰਨਤਾਂ, ਜੈਨ ਧਰਮ ਅਤੇ ਲਿਓ ਟਾਲਸਟਾਏ ਦੀ ਸ਼ਾਂਤੀਵਾਦੀ ਇਸਾਈ ਧਰਮ ਦੀ ਸਿੱਖਿਆਵਾਂ ਤੋਂ ਪ੍ਰਭਾਵਿਤ ਹੈ। ਉਹਨਾਂ ਨੇ ਸੱਤ ਸਮਾਜਿਕ ਬੁਰਾਈਆਂ ਸਿਧਾਂਤਾ ਬਿਨ੍ਹਾਂ ਰਾਜਨੀਤੀ, ਮਿਹਨਤ ਬਿਨ੍ਹਾਂ ਸੰਪੱਤੀ, ਆਤਮ ਚੇਤਨਾ ਬਿਨ੍ਹਾਂ ਆਨੰਦ, ਚਰਿੱਤਰ ਬਾਝੋਂ ਗਿਆਨ, ਨੈਤਿਕਤਾ ਬਾਝੋਂ ਵਪਾਰ, ਮਾਨਵਤਾ ਤੋਂ ਬਿਨ੍ਹਾਂ ਵਿਗਿਆਨ ਅਤੇ ਬਲੀਦਾਨ ਤੋਂ ਬਿਨ੍ਹਾਂ ਪੂਜਾ ਗਿਣਾਈਆਂ ਸਨ।

ਜਨਵਰੀ 2004 ਵਿੱਚ ਨੋਬਲ ਪੁਰਸਕਾਰ ਜੇਤੂ ਸ਼ਿਰੀਨ ਇਬਾਦੀ ਨੇ ਅਹਿੰਸਾ ਦੇ ਮਹੱਤਵ ਤੋਂ ਜਾਣੂ ਕਰਵਾਉਣ ਲਈ ਕੌਮਾਂਤਰੀ ਅਹਿੰਸਾ ਦਿਵਸ ਦੀ ਗੱਲ ਰੱਖੀ। ਭਾਰਤ ਨੇ ਇਸਨੂੰ ਸੰਯੁਕਤ ਰਾਸ਼ਟਰ ਸੰਘ ਵਿੱਚ ਰੱਖਿਆ ਅਤੇ 191 ਦੇਸ਼ਾਂ ਵਿੱਚੋਂ 140 ਦੇਸ਼ਾਂ ਨੇ ਇਸ ਦਾ ਸਮਰਥਨ ਕੀਤਾ ਅਤੇ 15 ਜੂਨ 2007 ਨੂੰ ਗਾਂਧੀ ਜਯੰਤੀ ਨੂੰ ਕੌਮਾਂਤਰੀ ਪੱਧਰ ਤੇ ਅਹਿੰਸਾ ਦਿਵਸ ਦੇ ਰੂਪ ਵਿੱਚ ਘੋਸ਼ਿਤ ਕੀਤਾ ਗਿਆ।

ਅਹਿੰਸਾ ਦਾ ਸ਼ਾਬਦਿਕ ਅਰਥ ਹੈ  ਹਿੰਸਾ ਰਹਿਤ ਪ੍ਰਵਿਰਤੀ। ਇਹ ਸ਼ਬਦ ਸੁਣਨ ਵਿੱਚ ਆਸਾਨ ਲੱਗਦਾ ਹੈ ਪਰੰਤੂ ਜੀਵਨ ਦੀ ਕਠਿਨਾਈਆਂ ਨਾਲ ਜੂਝਦੇ ਹੋਏ ਇਸਦਾ ਪਾਲਣ ਕਰਨਾ ਬਹੁਤ ਮੁਸ਼ਕਿਲ ਹੈ। ਹਿੰਸਾਤਮਕ ਰਵੱਈਏ ਨਾਲ ਬੰਦੇ ਨੂੰ ਜਿੱਤ ਤਾਂ ਹਾਸਿਲ ਹੋ ਜਾਂਦੀ ਹੈ ਪਰੰਤੂ ਆਤਮਿਕ ਸ਼ਾਂਤੀ ਕਦੇ ਨਹੀਂ ਮਿਲਦੀ ਅਤੇ ਸਹੀ ਜੀਵਨ ਜਿਊਣ ਲਈ ਆਤਮਿਕ ਸ਼ਾਂਤੀ ਅਹਿਮ ਹੈ, ਸਮਰਾਟ ਅਸ਼ੋਕ ਦੀ ਉਦਾਹਰਨ ਇਸਦੀ ਤਸਦੀਕੀ ਕਰਦੀ ਹੈ।

ਗੁੱਸਾ ਅਤੇ ਹੰਕਾਰ ਅਹਿੰਸਾ ਦੇ ਵੱਡੇ ਦੁਸ਼ਮਣ ਹਨ ਅਤੇ ਅਹਿੰਸਾ ਕੋਈ ਕੱਪੜਾ ਨਹੀਂ ਕਿ ਜਦ ਦਿਲ ਕੀਤਾ ਪਾ ਲਿਆ, ਇਹ ਇੱਕ ਜਜ਼ਬਾਤ ਹੈ ਜੋ ਦਿਲ ਵਿੱਚ ਵਸਦਾ ਹੈ। ਅਹਿੰਸਾ ਦਿਮਾਗੀ ਵਿਵਹਾਰ ਨਹੀਂ ਸਗੋਂ ਮਾਨਸਿਕ ਵਿਚਾਰ ਹੈ। ਅੱਜ ਦੇ ਸਮੇਂ ਵਿੱਚ ਅਹਿੰਸਾ ਕਿਤਾਬੀ ਪੰਨ੍ਹਿਆਂ ਤੱਕ ਸਿਮਟਦੀ ਜਾ ਰਹੀ ਹੈ ਜਦਕਿ ਇਸਦੀ ਜ਼ਰੂਰਤ ਬਹੁਤ ਜ਼ਿਆਦਾ ਹੈ। ਪਰਮਾਤਮਾ ਵਿੱਚ ਯਕੀਨ ਰੱਖਣ ਵਾਲਾ ਅਹਿੰਸਾ ਸੰਬੰਧੀ ਦਿਲਚਸਪੀ ਰੱਖਦਾ ਹੈ ਅਚੇ ਸੱਚ, ਅਹਿੰਸਾ ਦਾ ਰਾਹ ਜਿੰਨਾ ਔਖਾ ਹੈ ਉਸਦਾ ਅੰਤ ਓਨਾ ਹੀ ਆਤਮਾ ਨੂੰ ਸ਼ਾਂਤੀ ਦੇਣ ਵਾਲਾ ਹੈ।

ਦੇਸ਼ ਦਾ ਦੁਖਾਂਤ ਹੈ ਕਿ ਵੱਖੋ ਵੱਖਰੇ ਸੂਬਿਆਂ ਵਿੱਚ ਸਮੇਂ ਸਮੇਂ ਦੇ ਹਿੰਸਾ ਦੀ ਘਟਨਾਵਾਂ ਵਾਪਰੀਆਂ ਹਨ, ਇਹਨਾਂ ਦੰਗਿਆਂ ਵਿੱਚ ਹਜ਼ਾਰਾਂ ਬੇਨਿਰਦੋਸ਼ੇ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਦੇਸ਼ ਵਿੱਚ ਹੁੰਦੇ ਧਾਰਮਿਕ ਫਿਰਕੂਪੁਣੇ, ਹਿੰਸਾ ਪਿੱਛੇ ਸਿੱਧੇ ਅਸਿੱਧੇ ਰਾਜਨੀਤਿਕ ਦਲਾਂ ਦੀ ਸ਼ੈਅ ਨਿੰਦਣਯੋਗ ਹੈ। ਭਾਰਤ ਮਹਾਤਮਾ ਗਾਂਧੀ ਦਾ ਦੇਸ਼ ਹੈ ਇੱਥੇ ਅਹਿੰਸਾ ਦੇ ਆਦਰਸ਼ਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੋ ਸਮੁੱਚੀ ਦੁਨੀਆਂ ਵਿੱਚ ਸ਼ਾਂਤੀ, ਪਿਆਰ ਅਤੇ ਮਿਲਵਰਤਣ ਦੀ ਵਿਚਾਰਧਾਰਾ ਦੀ ਅਮਲੀ ਅਗਵਾਈ ਕਰ ਸਕੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin