Articles Culture

ਸੋਨਾਰ ਬੰਗਲਾ !

ਲੇਖਕ: ਅਮਰ ਗਰਗ ਕਲਮਦਾਨ, ਧੂਰੀ

ਚਾਹੇ ਸੋਨਾਰ ਬੰਗਲਾ ਕਹੋ, ਚਾਹੇ ਜੈ ਬੰਗਲਾ ਗੱਲ ਤਾਂ ਇੱਕੋ ਹੈ, ਜੇਕਰ ਦੋਵਾਂ ਨੂੰ ਜੋੜ ਕੇ ਇੰਜ ਕਿਹਾ ਜਾਵੇ ‘ਜੈ ਸੋਨਾਰ ਸੰਸਕ੍ਰਿਤੀ ਬੰਗਲਾ’ ਤਾਂ ਇਹ ਉਸ ਸੋਨਾਰ ਬੰਗਲਾ ਸੰਸਕ੍ਰਿਤੀ ਦੀ ਜੈ ਹੋਵੇਗੀ, ਜਿਸਦਾ ਸੱਚਮੁੱਚ ਹੱਕ ਬਣਦਾ ਹੈ।
ਜੇਕਰ ਅੱਜ ਬੰਗਾਲੀ ਜਨਮਾਨੁਸ਼ ‘ਜੈ ਸ਼੍ਰੀ ਰਾਮ’ ਕਹਿ ਰਿਹਾ ਹੈ ਤਾਂ, ਬੁੱਧੀਜੀਵੀ ਇਉਂ ਨਾ ਸਮਝ ਲੈਣ ਕਿ ਇਹ ਬੰਗਾਲੀ ਜਨ ਮਾਨੁਸ਼ ਆਪਣੀ ਸੋਨਾਰ ਸੰਸਕ੍ਰਿਤੀ ਤੋਂ ਭਟਕ ਰਿਹਾ ਹੈ। ਬੰਗਾਲੀ ਜਨ ਮਾਨੁਸ਼ ਦੀ ਇਸ ਭਾਵਨਾ ਦਾ ਉੱਤਰ ਤਾਂ ਇਤਿਹਾਸ ਚੋਂ ਮਿਲ ਸਕਦਾ ਹੈ। ਬੰਗਾਲੀਆਂ ਦੇ ਮਨਾਂ ਚ 1905 ਦੇ ਬੰਗਾਲ ਵੰਡ ਦੀ ਉਹ ਟੀਸ ਹੈ, ਜਦੋਂ ਉਨ੍ਹਾਂ ਦੇ ਬਜ਼ੁਰਗਾਂ ਦੀ ਸੋਨਾਰ ਸੰਸਕ੍ਰਿਤੀ ਨੂੰ ਧਰਮ ਦੇ ਆਰੇ ਨੇ ਦੋਫਾੜ ਕਰ ਦਿੱਤਾ ਸੀ। ਉਹੀ ਡਰ ਅੱਜ ਉਹਨਾਂ ਨੂੰ ਫੇਰ ਸਤਾ ਰਿਹਾ ਹੈ।
ਦੂਜਾ ‘ਜੈ ਸ਼੍ਰੀ ਰਾਮ’ ਉਹਨਾਂ ਦੀ ਸੰਸਕ੍ਰਿਤੀ ਵਿੱਚ ਕਿਤੇ ਡੂੰਘਾ ਪਿਆ ਵੀ ਹੈ। ਪੂਰਬੀ ਦੇਸ਼ ਜਿਹਨਾਂ ਵਿੱਚ ਭਾਵੇਂ ਮੁਸਲਿਮ ਬਹੁਗਿਣਤੀ ਦੇਸ਼ ਮਲੇਸ਼ੀਆ ਅਤੇ ਇੰਡੋਨੇਸ਼ੀਆ ਹੋਣ ਜਾਂ ਬੋਧੀ ਦੇਸ਼ ਥਾਈਲੈਂਡ, ਕੰਬੋਡੀਆ, ਕੋਰੀਆ ਜਾਂ ਜਪਾਨ ਹੋਣ ‘ਰਾਮ’ ਚਰਿੱਤਰ ਉਹਨਾਂ ਦੀ ਸੰਸਕ੍ਰਿਤੀ ਦਾ ਅਭਿੰਨ ਅੰਗ ਹਾਲੇ ਵੀ ਬਣਿਆ ਹੋਇਆ ਹੈ। ਭਾਰਤੀ ਪੱਛਮੀ ਬੰਗਾਲ ਇਸੇ ਖਿੱਤੇ ਵਿੱਚ ਸ਼ਾਮਲ ਹੈ ਅਤੇ ‘ਰਾਮ’ ਦੀ ਜਨਮ ਭੂਮੀ ਅਯੁੱਧਿਆ ਦੇ ਵੀ ਨੇੜੇ ਹੈ। ਪਹਿਲੀ ਸ਼ਤਾਬਦੀ ਵਿੱਚ ਅਯੁੱਧਿਆ ਦੀ ਰਾਜ ਕੁਮਾਰੀ ਸੁਰਿਰਤਨਾ (ਹਿਓ-ਹਵਾਂਗ) ਕੋਰੀਆ ਦੇ ਰਾਜ ਕੁਮਾਰ ਨਾਲ਼ ਵਿਆਹੀ ਗਈ ਸੀ, ਜਿਹੜਾ ਰਾਜ ਕੁਮਾਰ ਅੱਗੇ ਚੱਲ ਕੇ ਕੋਰੀਆ ਦਾ ਬਾਦਸ਼ਾਹ ਬਣਿਆ।
ਪੱਛਮੀ ਬੰਗਾਲ ਵਿੱਚ ਹੀ, ਵਿਸ਼ਨੂੰਪੁਰ ਨਾਂ ਦਾ ਇੱਕ ਪ੍ਰਸਿੱਧ ਸ਼ਹਿਰ ਹੈ, ਜਿਹੜਾ ਕਿ ਬੰਗਾਲ ਦੇ ਮੱਲ ਰਾਜਿਆਂ ਦੀ ਰਾਜਧਾਨੀ ਬਾਂਕੁੜਾ ਵਿੱਚ ਪੈਂਦਾ ਹੈ। ਮੱਲ ਰਾਜਿਆਂ ਨੇ ਬੰਗਾਲ ਉੱਪਰ ਇੱਕ ਹਜ਼ਾਰ ਸਾਲ ਤੱਕ ਰਾਜ ਕੀਤਾ ਹੈ। ਸੋਲ੍ਹਵੀਂ ਸਦੀ ਵਿੱਚ ਮੱਲ ਰਾਜਿਆਂ ਨੇ ਵਿਸ਼ਨੂੰਪੁਰ ਵਿਖੇ ਟੈਰਾਕੋਟਾ ਦੇ ਬਹੁਤ ਸਾਰੇ ਮੰਦਰਾਂ ਦੀ ਉਸਾਰੀ ਕਰਵਾਈ। ਅੱਜ ਇਹ ਸ਼ਹਿਰ ਭਵਨ ਕਲਾ ਅਤੇ ਬੰਗਾਲੀ ਹਸਤਕਲਾ ਨਾਲ਼ ਲਵਾ-ਲਵ ਭਰਿਆ ਹੋਇਆ ਹੈ। ਜੋ ਕਿ ਬੰਗਾਲੀ ਸੰਸਕ੍ਰਿਤੀ ਦਾ ਜੀਵੰਤ ਪ੍ਰਤੀਕ ਹੈ। ਭਾਰਤੀ ਸੰਸਕ੍ਰਿਤੀ ਵਿੱਚ ਰਾਮ ਅਤੇ ਕ੍ਰਿਸ਼ਨ ਵਿਸ਼ਨੂੰ ਦੇ ਅਵਤਾਰ ਮੰਨੇ ਗਏ ਹਨ।
ਸੋਨਾਰ ਸੰਸਕ੍ਰਿਤੀ ਬੰਗਲਾ :-
ਕਿਸੇ ਖਿੱਤੇ ਦੀ ਸੰਸਕ੍ਰਿਤੀ ਦੀ ਮੂਲ ਪਹਿਚਾਨ ਉਸ ਖਿੱਤੇ ਦੀ ਬੋਲੀ ਤੋਂ ਲਗਾਈ ਜਾਂਦੀ ਹੈ, ਜੇਕਰ ਬੋਲੀ ਨੂੰ ਆਪਣੀ ਇੱਕ ਵੱਖਰੀ ਲਿੱਪੀ ਮਿਲ ਜਾਵੇ ਤਾਂ ਉਸ ਸੰਸਕ੍ਰਿਤੀ ਦੀਆਂ ਜੜਾਂ ਉਸ ਮਿੱਟੀ ਵਿੱਚ ਗਹਿਰੀਆਂ ਚਲੀਆਂ ਜਾਂਦੀਆਂ ਹਨ। ਬੰਗਾਲੀ ਭਾਸ਼ਾ ਦੀ ਗਿਣਤੀ ਮਿੱਠੀਆਂ ਅਤੇ ਉੱਨਤ ਭਾਸ਼ਾਵਾਂ ਵਿੱਚ ਕੀਤੀ ਜਾਂਦੀ ਹੈ। ਬੰਗਾਲੀ ਭਾਸ਼ਾ ਦਾ ਸੰਬੰਧ ਪੂਰਬੀ ਭਾਰਤੀ ਪ੍ਰਾਕ੍ਰਿਤ ਨਾਲ਼ ਹੈ, ਜਿਸ ਵਿੱਚੋਂ ਆਸਾਮੀ, ਉੜੀਆ ਅਤੇ ਮੈਥਿਲੀ ਜਿਹੀਆਂ ਆਧੁਨਿਕ ਭਾਰਤੀ ਭਾਸ਼ਾਵਾਂ ਨਿਕਲੀਆਂ ਹਨ।
ਸਾਹਿਤ ਰਚਨਾ – ਇਹ ਸਭ ਤੋਂ ਮਹੱਤਵਪੂਰਨ ਵਿਧਾ ਹੈ, ਜਿਹੜੀ ਕਿਸੇ ਭਾਸ਼ਾ, ਸੰਸਕ੍ਰਿਤੀ ਅਤੇ ਵਿਸ਼ੇਸ਼ ਭੂਗੋਲ ਖੰਡ ਵਿਰਸੇ ਨੂੰ ਅਮੀਰ ਬਣਾਉਂਦੀ ਹੈ। ਚਰਿਆ ਗੀਤ, ਜਿਹਨਾਂ ਨੂੰ ਚਰਿਆ ਪਦ ਵਿੱਚ ਸ਼ਾਮਲ ਕੀਤਾ ਗਿਆ ਹੈ, ਬੰਗਾਲੀ ਸਾਹਿਤ ਦਾ ਪ੍ਰਾਚੀਨਤਮ ਰੂਪ ਹੈ। ਇਹਨਾ ਗੀਤਾਂ ਦੀ ਰਚਨਾ ਦਸਵੀਂ-ਗਿਆਰਵੀਂ ਸਦੀ ਵਿੱਚ ਹੋਈ ਮੰਨੀ ਜਾਂਦੀ ਹੈ। ਇਹ ਕਾਲ ਬੰਗਾਲ ਵਿੱਚ ਬੁੱਧ ਮਤ ਅਤੇ ਹਿੰਦੂ ਮਤ ਦੇ ਉਭਾਰ ਦਾ ਸੀ, ਜਿਸਦੇ ਮੋਢੀ ‘ਜੈ ਦੇਵ’ ਹੋਏ ਹਨ। ਉਹਨਾ ਨੇ ਸੰਸਕ੍ਰਿਤ ਭਾਸ਼ਾ ਵਿੱਚ ਵਿਸ਼ਵ ਪ੍ਰਸਿੱਧ ਗ੍ਰੰਥ ‘ਗੀਤ ਗੋਬਿੰਦ’ ਦੀ ਰਚਨਾ ਕੀਤੀ,ਜਿਸ ਵਿੱਚ ਰਾਧਾ-ਕ੍ਰਿਸ਼ਨ ਦੇ ਪਿਆਰ ਨਾਲ਼ ਸੰਬੰਧਿਤ ਕਵਿਤਾਵਾਂ ਦੇ ਕੁੱਲ 24 ਪਾਠ ਹਨ। ‘ਜੈ ਦੇਵ’ ਜੀ ਦਾ ਜਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ। ਅੱਗੇ ਚੱਲ ਕੇ ਬੰਗਾਲ ਵਿੱਚ ਚੈਤਨਿਆ ਮਹਾਂਪ੍ਰਭੂ ਨੇ 15ਵੀਂ ਸਦੀ ਵਿੱਚ ਰਾਧਾ-ਕ੍ਰਿਸ਼ਨ ਭਗਤੀ ਲਹਿਰ ਚਲਾਈ ਜੋ ਅੱਜ ਸਾਰੇ ਵਿਸ਼ਵ ਵਿੱਚ ਫੈਲ ਚੁੱਕੀ ਹੈ।
16ਵੀਂ ਸਦੀ ਵਿੱਚ ਮੁਕੰਦ ਰਾਮ ਚੱਕਰਵਰਤੀ ਦੁਆਰਾ ਲਿਖੀ ਗਈ ਲੰਮੇਰੀ ਕਵਿਤਾ ‘ਚੰਡੀ ਮੰਗਲ’ ਨੇ ਬੰਗਾਲੀ ਸੰਸਕ੍ਰਿਤੀ ਨੂੰ ਦੁਰਗਾ ਕੇਂਦਰਤ ਕਰਨ ਵਿੱਚ ਆਪਣੀ ਭੂਮਿਕਾ ਅਦਾ ਕੀਤੀ। ਭਗਤੀ ਲਹਿਰ ਦੇ ਇਸੇ ਦੌਰ ਵਿੱਚ ਵਿਦਿਆਪਤੀ, ਚੰਡੀਦਾਸ, ਜਨਾਦਾਸ ਅਤੇ ਗੋਵਿੰਦਾਦਾਸ ਬੰਗਾਲੀ ਸੰਤ ਹੋਏ ਹਨ, ਜਿਹਨਾ ਦੁਆਰਾ ਰਚੀਆਂ ਗਈਆਂ ਰਾਧਾ-ਕ੍ਰਿਸ਼ਨ ਦੇ ਪਿਆਰ ਨਾਲ਼ ਸੰਬੰਧਿਤ ਕਵਿਤਾਵਾਂ ਬਹੁਤ ਲੋਕਪ੍ਰਿਆ ਅਤੇ ਸੌਂਦਰਿਆ ਰੂਪ ਰਚਨਾ ਦਾ ਖ਼ਜਾਨਾ ਹਨ। ਇਸੇ ਕਾਲ ਵਿੱਚ ਕਵੀ ਕ੍ਰਿਤੀਵਾਸ ਓਝਾ ਹੋਏ ਹਨ, ਜਿਨ੍ਹਾਂ ਨੇ “ਕ੍ਰਿਤੀਵਾਸੀ ਰਮਾਇਣ” ਬੰਗਾਲੀ ਭਾਸ਼ਾ ਵਿੱਚ ਰਚਨਾ ਕੀਤੀ। ਇਸਦੇ ਕੁਝ ਸਮੇਂ ਬਾਅਦ ਹੀ 17ਵੀਂ ਸਦੀ ਵਿੱਚ ਕਵੀ ਕਾਸ਼ੀ ਰਾਮ ਦਾਸ ਹੋਏ ਹਨ, ਜਿਨ੍ਹਾਂ ਨੇ ਬੰਗਾਲੀ ਭਾਸ਼ਾ ਵਿੱਚ ਮਹਾਂਭਾਰਤ ਦੀ ਰਚਨਾ ਕੀਤੀ।
18ਵੀਂ ਸ਼ਤਾਬਦੀ ਵਿੱਚ ਭਰਤ ਚੰਦਰਾ ਅਤੇ ਰਾਮ ਪ੍ਰਸ਼ਾਦ ਹੋਏ ਹਨ, ਜਿਨ੍ਹਾਂ ਨੇ ਕਾਲੀ ਮਾਤਾ ਭਕਤੀਭਾਵ ਕਵਿਤਾਵਾਂ ਦੀ ਬੰਗਾਲੀ ਭਾਸ਼ਾ ਵਿੱਚ ਰਚਨਾ ਕੀਤੀ।
18ਵੀਂ ਸ਼ਤਾਬਦੀ ਦੇ ਅੱਧ ਤੋਂ ਬਾਅਦ ਹੀ ਬੰਗਾਲ ਉੱਤੇ ਅੰਗ੍ਰੇਜੀ ਰਾਜ ਦੀ ਸਥਾਪਨਾ ਹੋ ਚੁੱਕੀ ਸੀ। ਇਸ ਲਈ ਬੰਗਾਲੀ ਸਾਹਿਤ ਉੱਪਰ ਪੱਛਮੀ ਪ੍ਰਭਾਵ ਪੈਣਾ ਲਾਜਮੀ ਸੀ। ਬੰਗਾਲੀ ਲੇਖਕ ਮ੍ਰਿਤੁੰਜਯ ਵਿਦਿਆਲੰਕਾਰ ਅਤੇ ਰਾਜਾ ਰਾਮ ਮੋਹਨ ਰਾਏ ਨੇ ਆਪਣੇ ਬਹੁਮੁੱਲੇ ਗੱਦ ਲੇਖਣ ਦੁਆਰਾ ਵਿੱਦਿਆ ਦੇ ਪ੍ਰਸਾਰ ਅਤੇ ਹਿੰਦੂ ਸਮਾਜ ਵਿੱਚੋਂ ਕੁਰੀਤੀਆਂ ਨੂੰ ਦੂਰ ਕਰਨ ਲਈ ਇੱਕ ਸਮਾਜਿਕ ਅੰਦੋਲਨ ਚਲਾਇਆ, ਜਿਸਨੂੰ ‘ਬ੍ਰਹਮੋ ਸਮਾਜ’ ਅੰਦੋਲਨ ਕਿਹਾ ਜਾਂਦਾ ਹੈ। ਇਸ ਲਹਿਰ ਦੇ ਕਾਰਨ ਬੰਗਾਲੀ ਸੱਭਿਆਚਾਰ ਨੇ ਆਧੁਨਿਕਤਾ ਦੇ ਗੁਣ ਆਪਣੇ ਕਲਾਵੇ ਵਿੱਚ ਲੈ ਲਏ। ਬ੍ਰਹਮੋ ਸਮਾਜ ਨੇ ਬਾਲ ਵਿਆਹ ਅਤੇ ਸਤੀ ਪ੍ਰਥਾ ਦੇ ਖਿਲਾਫ਼ ਅਤੇ ਆਧੁਨਿਕ ਵਿਦਿਅਕ ਢਾਂਚੇ ਦੇ ਹੱਕ ਵਿੱਚ ਜੋਰਦਾਰ ਮੁਹਿੰਮ ਚਲਾਈ। ਇਸੇ ਦੌਰ ਵਿੱਚ ਈਸ਼ਵਰ ਚੰਦਰ ਵਿੱਦਿਆ ਸਾਗਰ ਹੋਏ ਹਨ, ਜਿਨ੍ਹਾਂ ਨੇ ਇਸ ਮੁਹਿੰਮ ਨੂੰ ਬਲ ਬਖਸ਼ਿਆ। ਇਹ ਅੰਦੋਲਨ ਬੰਗਾਲ ਲਈ ਇੱਕ “ਪੁਨਰ ਜਾਗਰਣ” ਦੀ ਲਹਿਰ ਸਾਬਤ ਹੋਇਆ ਹੈ। “ਪੁਨਰ ਜਾਗਰਣ” ਦੀ ਇਸ ਲਹਿਰ ਨੂੰ ਮਹਾਰਾਜਾ ਸਰ ਮਨਿੰਦਰਾ ਚੰਦਰਾ ਨੰਦੀ ਨੇ ਆਪਣੀ ਇਤਿਹਾਸਿਕ ਲੇਖਣੀ ਨਾਲ਼ ਸੀਂਚਿਆ।
ਇਸ ਲਹਿਰ ਦਾ ਬੰਗਾਲੀ ਸਾਹਿਤ ਰਚਨਾ ਉੱਪਰ ਵੀ ਡੂੰਘਾ ਪ੍ਰਭਾਵ ਪਿਆ ਅਤੇ ਮਾਈਕੇਲ ਮਧੂਸੂਦਨ ਦੱਤ, ਬੰਕਮ ਚੰਦਰਾ ਚਟੋਪਾਧਿਆਇ (ਚੈਟਰਜੀ) ਅਤੇ ਰਬਿੰਦਰ ਨਾਥ ਟੈਗੋਰ ਵਰਗੇ ਮਹਾਨ ਸਾਹਿਤਕਾਰ ਦਿੱਤੇ। ਮਾਈਕੇਲ ਮਧੂਸੂਦਨ ਦੱਤ ਨੂੰ ਬੰਗਾਲੀ ਨਾਟਕ ਦਾ ਪਿਤਾਮਾ ਕਿਹਾ ਜਾਂਦਾ ਹੈ। ‘ਮੇਘ ਨਾਥ ਵਧ ਕਾਵਿਆ’ ਉਹਨਾ ਦਾ ਮਹਾਕਾਵਿ ਹੈ। ਉਕਤ ਤਿੰਨਾਂ ਮਹਾਨ ਸਾਹਿਤਕਾਰਾਂ ਨੇ ਅੰਗ੍ਰੇਜੀ ਅਤੇ ਬੰਗਾਲੀ ਦੋਵਾਂ ਭਾਸ਼ਾਵਾਂ ਵਿੱਚ ਉੱਚ ਕੋਟੀ ਦੀ ਵਿਸ਼ਵ ਪ੍ਰਸਿੱਧ ਸਾਹਿਤ ਰਚਨਾ ਕੀਤੀ ਹੈ।
ਬਕਿੰਮ ਚੰਦਰਾ ਚਟੋਪਾਧਿਆਇ (ਚੈਟਰਜੀ) ਨੇ 1875 ਵਿੱਚ ‘ਵੰਦੇ ਮਾਤਰਮ’ ਗੀਤ ਦੀ ਰਚਨਾ ਕੀਤੀ। ਸੰਨ 1882 ਵਿੱਚ ਉਹਨਾਂ ਵੱਲੋਂ ਇਸ ਗੀਤ ਨੂੰ ਆਪਣੇ ਮਸ਼ਹੂਰ ਨਾਵਲ ‘ਆਨੰਦ ਮਠ’ ਵਿੱਚ ਸ਼ਾਮਲ ਕੀਤਾ ਗਿਆ। 1896 ਵਿੱਚ ਭਾਰਤੀ ਨੈਸ਼ਨਲ ਕਾਂਗਰਸ ਦੇ ਬੰਗਾਲ ਵਿੱਚ ਹੋਏ ਅਜਲਾਸ ਦੇ ਮੰਚ ਉੱਪਰ ‘ਵੰਦੇ ਮਾਤਰਮ’ ਗੀਤ ਮਹਾਨ ਸਾਹਿਤਕਾਰ ਰਬਿੰਦਰਨਾਥ ਟੈਗੋਰ ਵੱਲੋਂ ਗਾਇਆ ਗਿਆ। ਅੱਗੇ ਚੱਲ ਕੇ ਇਹ ਗੀਤ ਭਾਰਤ ਦੀ ਆਜਾਦੀ ਸੰਘਰਸ਼ ਦਾ ਜਜਬਾਤੀ ਗੀਤ ਬਣਿਆ। ਆਜਾਦੀ ਤੋਂ ਬਾਅਦ ‘ਵੰਦੇ ਮਾਤਰਮ’ ਗੀਤ ਨੂੰ ਰਾਸ਼ਟਰੀ ਗੀਤ ਘੋਸ਼ਿਤ ਕੀਤਾ ਗਿਆ। ਇਹ ਗੀਤ ਸੰਪੂਰਨ ਭਾਰਤੀ ਵੈਦਿਕ ਸੰਸਕ੍ਰਿਤੀ ਦੀ ਆਤਮਾ ਹੈ, ਜਿਸਨੇ ਪਹਿਲੀ ਵਾਰ ‘ਭਾਰਤ’ ਨੂੰ ਮਾਤਾ ਕਹਿ ਕੇ ਸੰਬੋਧਨ ਕੀਤਾ। ਇਹ ਗੀਤ ਅਧਿਆਤਮਕ ਨਾ ਹੋਕੇ ਪਦਾਰਥ ਦੀ ਉਪਾਸਨਾ ਕਰਦਾ ਹੈ, ਇਹੋ ਤਾਂ ਮਾਰਕਸਵਾਦੀ ਫਿਲਾਸਫੀ ਹੈ।
ਇਸ ਗੀਤ ਦੇ ਸਧਾਰਨ ਸਾਹਿਤਕ ਅਰਥ ਹਨ: ‘ਹੇ ! ਮਾਤ ਭੂਮੀ, ਤੈਨੂੰ ਅਸੀਂ ਪ੍ਰਣਾਮ ਕਰਦੇ ਹਾਂ। ਤੇਰਾ ਜਲ ਬਹੁਤ ਪਵਿੱਤਰ ਹੈ, ਤੂੰ ਸੋਹਣੇ ਫੁੱਲਾਂ ਨਾਲ਼ ਭਰੀ ਹੋਈ ਹੈਂ। ਦੱਖਣ ਦੀ ਠੰਡੀ ਹਵਾ ਸਾਡੇ ਮਨਾਂ ਨੂੰ ਮੋਂਹਦੀ ਹੈ। ਹੇ! ਮਾਤ ਭੂਮੀ, ਤੇਰੀਆਂ ਰਾਤਾਂ ਚੰਦਰਮਾਂ ਦੇ ਸਫੈਦ ਖਿੜੇ ਹੋਏ ਪ੍ਰਕਾਸ਼ ਨਾਲ਼ ਰੌਸ਼ਨ ਹਨ ਅਤੇ ਅਸੀਂ ਇਨ੍ਹਾਂ ਦਾ ਆਨੰਦ ਮਾਣਦੇ ਹਾਂ। ਤੂੰ ਪੂਰੇ ਖਿੜੇ ਹੋਏ ਫੁੱਲਾਂ ਨਾਲ਼ ਲੱਦੀ ਹੋਈ ਹੈ ਤੇ ਹਰੇ ਰੁੱਖਾਂ ਨਾਲ਼ ਬਹੁਤ ਸ਼ੋਭਾ ਦੇ ਰਹੀ ਹੈਂ। ਤੇਰੀ ਮੁਸਕਾਨ ਤੇ ਬਾਣੀ ਸਾਨੂੰ ਮਿਠਾਸ ਤੇ ਸੁੱਖ ਪ੍ਰਦਾਨ ਕਰਦੀ ਹੈ। ਹੇ ! ਮਾਤ ਭੂਮੀ, ਅਸੀਂ ਤੈਨੂੰ ਵਾਰ-ਵਾਰ ਪ੍ਰਣਾਮ ਕਰਦੇ ਹਾਂ।’
ਆਪਣੀ ਸਾਹਿਤ ਰਚਨਾ ਨਾਲ਼ ਬੰਕਮ ਚੰਦਰ ਚੈਟਰਜੀ ਨੇ ਭਾਰਤ ਨੂੰ ਇੱਕ ਰਾਸ਼ਟਰੀ ਪਹਿਚਾਨ ਦਿੱਤੀ। ਬੰਗਾਲ ਦੀ ਧਰਤੀ ਤੋਂ ਉੱਠੀ ਰਾਸ਼ਟਰਵਾਦੀ ਚੇਤਨਾ ਦੇ ਮਾਹੌਲ ਵਿੱਚ ਹੀ ਰਬਿੰਦਰ ਨਾਥ ਟੈਗੋਰ ਉੱਭਰਦੇ ਹਨ। ਉਹਨਾਂ ਨੇ ਬੰਗਾਲੀ ਸਾਹਿਤ ਪ੍ਰੰਪਰਾ ਨੂੰ ਸ਼ਿਖਰ ਉੱਤੇ ਪਹੁੰਚਾ ਦਿੱਤਾ। ਸੰਨ 1913 ਵਿੱਚ ਕਵਿਤਾਵਾਂ ਦੀ ਪੁਸਤਕ ‘ਗਿਤਾਂਜਲੀ’ ਉੱਪਰ ਆਪ ਨੂੰ ਸੰਸਾਰ ਪ੍ਰਸਿੱਧ ਨੋਬਲ ਪੁਰਸਕਾਰ ਪ੍ਰਦਾਨ ਹੋਇਆ। ਆਪ ਜੀ ਦੇ ਨਾਵਲਾਂ ਦੇ ਆਧਾਰ ਤੇ ਬਾਲੀਵੁੱਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਬਣ ਚੁੱਕੀਆਂ ਹਨ, ਜਿਹਨਾਂ ਵਿੱਚ ਮਿਲਨ, ਦੋ ਵਿੱਘਾ ਜਮੀਨ, ਘੁੰਗਟ, ਕਾਬੁਲੀਵਾਲਾ, ਲੇਕਿਨ, ਉਪਹਾਰ, ਗੀਤ ਗਾਤਾ ਚਲ ਆਦਿ ਬਹੁਤ ਮਸ਼ਹੂਰ ਹੋਈਆਂ ਹਨ।ਰਾਸ ਬਿਹਾਰੀ ਬੋਸ, ਸੁਭਾਸ਼ ਚੰਦਰ ਬੋਸ ਅਤੇ ਸ਼ਿਆਮਾ ਪ੍ਰਸ਼ਾਦ ਮੁਖਰਜੀ ਵੀ ਇਸੇ ਰਾਸ਼ਟਰਵਾਦੀ ਚੇਤਨਾ ਚੋਂ ਉੱਭਰ ਕੇ ਸਾਹਮਣੇ ਆਏ, ਜਿਨ੍ਹਾਂ ਨੇ ਅੰਤਰਰਾਸ਼ਟਰੀ ਇਤਿਹਾਸ ਸਿਰਜ ਦਿੱਤਾ।
ਬ੍ਰਹਮੋ ਸਮਾਜ ਲਹਿਰ ਤੋਂ ਪ੍ਰਭਾਵਿਤ ਅਤੇ ਸ਼ੰਕਰਾਚਾਰਿਆ ਦੇ ਵੇਦਾਂਤ ਫਲਸਫੇ ਨੂੰ ਲੈ ਕੇ ਬੰਗਾਲ ਵਿੱਚ ਸ਼ਕਤੀ ਉਪਾਸਨਾ ਕੇਂਦਰਿਤ ਵੇਦਾਂਤ ਲਹਿਰ ਚੱਲੀ, ਜਿਸਦੇ ਮੋਢੀ ਸਨ ਰਾਮ ਕ੍ਰਿਸ਼ਨ ਪਰਮਹੰਸ। ਇਨ੍ਹਾਂ ਦੇ ਸ਼ਿਸ਼ ਹੋਏ ਹਨ, ਸੁਵਾਮੀ ਵਿਵੇਕਾਨੰਦ ਜਿਨ੍ਹਾਂ ਨੇ ਭਾਰਤੀ ਸੰਸਕ੍ਰਿਤੀ ਦਾ ਗੁਣਗਾਨ ਅਮਰੀਕਾ ਦੀ ਧਰਤੀ ਉੱਪਰ ਜਾ ਕੇ ਕੀਤਾ। 1897 ਵਿੱਚ ਆਪ ਨੇ ਹੁਗਲੀ ਨਦੀਂ ਦੇ ਕਿਨਾਰੇ ਉੱਪਰ ਬੈਲੂਰ ਮੱਠ ਦੀ ਸਥਾਪਨਾ ਕੀਤੀ।
ਵੀਹਵੀਂ ਸਦੀ ਦੇ ਆਰੰਭਕਾਲ ਵਿੱਚ ਬੰਗਾਲੀ ਸਾਹਿਤ ਨੇ ਸਰਵਪੱਖੀ ਉੱਨਤੀ ਕੀਤੀ। ਟੈਗੋਰ ਦਾ ਕਾਵਿ-ਸੰਗ੍ਰਹਿ ‘ਨੈਵੇਦਿਆ’ ਵੀ ਇੱਕ ਮੀਲ ਪੱਥਰ ਦੀ ਹੈਸੀਅਤ ਰੱਖਦਾ ਹੈ। ਟੈਗੋਰ ਦੀ ਕਵਿਤਾ ਵਿੱਚ 1905 ਦੀ ਬੰਗਾਲ ਵੰਡ ਦਾ ਵਿਰੋਧ ਅਤੇ ਰਾਸ਼ਟ੍ਰਵਾਦ ਦਾ ਸੁਰ ਬਹੁਤ ਉੱਚਾ ਹੈ। ਟੈਗੋਰ ਦੇ ਗੀਤ ”ਜਣ, ਗਣ, ਮਨ” ਨੂੰ ਭਾਰਤ ਦੀ ਸੰਵਿਧਾਨਕ ਅਸੈਂਬਲੀ ਨੇ 24 ਜਨਵਰੀ 1950 ਨੂੰ “ਰਾਸ਼ਟਰੀ ਗਾਨ” ਦਾ ਰੁਤਵਾ ਪ੍ਰਦਾਨ ਕੀਤਾ। ਕਿੰਨੇ ਮਾਨ ਵਾਲੀ ਗੱਲ ਹੈ ਕਿ ਟੈਗੋਰ ਦੇ ਹੀ ਇੱਕ ਹੋਰ ਗੀਤ ‘ਆਮਾਰ ਸੋਨਾਰ ਬੰਗਲਾ’ ਨੂੰ ਬੰਗਲਾਦੇਸ਼ ਨੇ ਆਪਣਾ ਰਾਸ਼ਟਰੀ ਗਾਨ ਚੁਣਿਆ। ਟੈਗੋਰ ਦੁਆਰਾ ਲਿਖਿਆ ਗੀਤ ‘ਐਕਲਾ ਚਲੋ ਰੇ’ (ਜੇਕਰ ਕੋਈ ਤੁਹਾਡੀ ਗੱਲ ਨਹੀਂ ਸੁਣ ਰਿਹਾ, ਤਾਂ ਤੁਸੀਂ ਆਪਣੇ ਰਾਸਤੇ ਉੱਪਰ ਇਕੱਲੇ ਵਧ ਚੱਲੋ) ਅੱਜ ਸਾਰੀ ਦੁਨੀਆਂ ਵਿੱਚ ਗਾਇਆ ਜਾਂਦਾ ਹੈ।
ਟੈਗੋਰ ਦੇ ਹੋਰ ਪ੍ਰਸਿੱਧ ਸਮਕਾਲੀ ਲੇਖਕ ਹਨ: ਸਰਤ ਚੰਦਰ ਚੈਟਰਜੀ, ਦੇਬੇਂਦਰ ਨਾਥ ਸੇਨ, ਅਕਸ਼ੇ ਕੁਮਾਰ ਬਰਾਲ, ਦਿਵਿਜਿੰਦਰ ਲਾਲ ਰਾਏ। ਪ੍ਰਭਾਤ ਕੁਮਾਰ ਮੁਖਰਜੀ ਗਲਪ ਦੇ ਖੇਤਰ ਵਿੱਚ ਟੈਗੋਰ ਦਾ ਅਨੁਆਈ ਸੀ। ਉਸ ਦੀਆਂ ਹਾਸ-ਰਸੀ ਕਹਾਣੀਆਂ ਬੜੀਆਂ ਹਰਮਨ ਪਿਆਰੀਆਂ ਹਨ।
ਗਲਪ ਦੇ ਖੇਤਰ ਵਿੱਚ ਚਾਰੂ ਚੰਦਰਾ ਬੈਨਰਜੀ ਅਤੇ ਸੁਰਿੰਦਰਾ ਮੋਹਨ ਮੁਕਰਜੀ ਕਾਫੀ ਮਕਬੂਲ ਹਨ, ਪਰੰਤੂ ਇਸ ਖੇਤਰ ਵਿੱਚ ਸਰਤ ਚੰਦਰਾ ਚੈਟਰਜੀ ਸਭ ਤੇ ਛਾ ਜਾਂਦਾ ਹੈ। ਉਹ ਬੰਗਾਲੀ ਭਾਸ਼ਾ ਦਾ ਬੜਾ ਹਰਮਨ-ਪਿਆਰਾ ਯਥਾਰਥਵਾਦੀ ਨਾਵਲਕਾਰ ਹੈ। ‘ਦੇਵਦਾਸ’ ਅਤੇ ‘ਪਰਿਨਿਤਾ’ ਉੱਪਰ ਤਾਂ ਹਿੰਦੀ ਬਾਲੀਵੁੱਡ ਦੀਆਂ ਕਾਮਯਾਬ ਫ਼ਿਲਮਾਂ ਬਣ ਚੁੱਕੀਆਂ ਹਨ। ਬਿਭੂਤੀ ਭੂਸ਼ਣ ਬੰਦੋ ਪਾਧਿਆਇ ਨੇ ਗਲਪ ਖੇਤਰ ਵਿੱਚ ਟੈਗੋਰ ਅਤੇ ਸ਼ਰਤ ਚੰਦਰ ਦੀ ਲਹਿਰ ਨੂੰ ਹੀ ਅੱਗੇ ਤੋਰਿਆ। ‘ਪਥੇਰ ਪੰਚਾਲੀ’ ਉਸਦੀ ਅਮਰ ਕ੍ਰਿਤ ਹੈ। ਜਿਸ ਉੱਪਰ ਸੱਤਿਆਜੀਤ ਰੇਅ ਦੁਆਰਾ ਨਿਰਦੇਸ਼ਿਤ ਫਿਲਮ ਵੀ ਬਣ ਚੁੱਕੀ ਹੈ।ਇਸੇ ਕਾਲ ਖੰਡ ਵਿੱਚ ਕਰੁਣਾਨਿਧਾਨ ਬੈਨਰਜੀ, ਜਤਿੰਦਰਾਨਾਥ ਸੇਨਗੁਪਤਾ ਅਤੇ ਮੋਹਿਤ ਲਾਲ ਮਾਜੂਮਦਾਰ ਕਾਫੀ ਉੱਘੇ ਹਨ।
ਬੰਗਾਲ ਵਿੱਚ ਕ੍ਰਾਂਤੀਕਾਰੀ ਲਹਿਰ : ਬੰਗਾਲ ਦੀ ਕ੍ਰਾਂਤੀਕਾਰੀ ਲਹਿਰ ਦਾ ਕੇਂਦਰ ਬਿੰਦੂ ਰਾਸ਼ਟਰੀ ਚੇਤਨਾ ਹੀ ਸੀ। 1905 ਦੀ ਬੰਗਾਲ ਵੰਡ ਨੇ ਇਸ ਚੇਤਨਾ ਨੂੰ ਹੋਰ ਤਿੱਖਾ ਕਰ ਦਿੱਤਾ। ਅਰਵਿੰਦੋ ਘੋਸ਼, ਬਿਨੋਏ ਬਾਸੂ, ਖੁਦੀਰਾਮ ਬੋਸ, ਰਾਸ ਬਿਹਾਰੀ ਬੋਸ, ਸੁਭਾਸ਼ ਚੰਦਰ ਬੋਸ ਵੱਲੋਂ ਕਾਇਮ ਕੀਤੇ ਬੰਗਾਲ ਵਲੰਟੀਅਰਜ਼, ਬੁਟਕੇਸ਼ਵਰ ਦੱਤ ਅਤੇ ਜਿਤਿਨ ਦਾਸ ਨੇ ਬੰਗਾਲ ਦੀ ਕ੍ਰਾਂਤੀਕਾਰੀ ਲਹਿਰ ਨੂੰ ਬੁਲੰਦੀਆ ਦਿੱਤੀਆਂ। ਭਗਤ ਸਿੰਘ ਨੇ ਕਿਹਾ ਸੀ ਕਿ ਬੰਗਾਲ ਦੀ ਭਾਸ਼ਾ ਅਤੇ ਸੰਸਕ੍ਰਿਤੀ ਵਿੱਚ ਹੀ ਕ੍ਰਾਂਤੀਮਈ ਬਲ ਹੈ। ਬੰਗਾਲ ਦੀ ਇਸ ਕ੍ਰਾਂਤੀਕਾਰੀ ਲਹਿਰ ਨੇ ਉੱਚ ਕੋਟੀ ਦੇ ਸਾਹਿਤ ਦੀ ਸਿਰਜਣਾ ਕੀਤੀ ਹੈ।
ਕਾਜੀ ਨਜਰ-ਉਲ ਇਸਲਾਮ ਕਹਾਣੀ ਦੇ ਖੇਤਰ ਵੱਲੋਂ ਕਵਿਤਾ ਵੱਲ ਆਇਆ । ਉਹ ਦੇਸ਼ ਦੇ ਆਜਾਦੀ ਘੋਲ ਅਤੇ ਬੰਗਾਲੀ ਖਾੜਕੂਵਾਦ ਤੋਂ ਕਾਫੀ ਪ੍ਰਭਾਵਿਤ ਸੀ। ਸੰਨ 1921 ਵਿੱਚ ਆਪਣੀ ‘ਵਿਰੋਧਣੀ’ ਨਾਮਕ ਕਵਿਤਾ ਨਾਲ਼ ਸਾਰੇ ਬੰਗਾਲ ਵਿੱਚ ਪ੍ਰਸਿੱਧ ਹੋਇਆ।
ਪਰਿਮੇਂਦਰਾ ਮਿੱਤਰਾ ਨੇ ਵਿਗਿਆਨ ਦਾ ਸਾਹਿਤ ਰਾਹੀਂ ਚਿਤਰਨ ਕੀਤਾ। ਉਨ੍ਹਾਂ ਨੇ ਵਿਗਿਆਨ ਦੀਆਂ ਕ੍ਰਿਆਵਾਂ ਨੂੰ ‘ਘਨਾਦਾ’ ਕਹਾਣੀਆਂ ਰਾਹੀਂ ਲੜੀਵਾਰ ਪ੍ਰਕਟ ਕੀਤਾ। ਘਣਸ਼ਿਆਮ ਦਾਸ (ਘਨਾਦਾ) ਗਲਪ ਕਹਾਣੀਆਂ ਵਿੱਚ ਮੁੱਖ ਚਰਿੱਤਰ ਹੈ। ਇਹ ਕ੍ਰਿਤ ਉਹਨਾ ਨੇ 1945 ਵਿੱਚ ਰਿਲੀਜ਼ ਕੀਤੀ।
ਬਨਫੂਲ ਨੇ ਕਹਾਣੀ ਅਤੇ ਅਨੰਦ ਸ਼ੰਕਰ ਰੇ ਨੇ ਨਾਵਲ ਦੇ ਖੇਤਰ ਵਿੱਚ ਆਪਣੀ ਥਾਂ ਬਣਾਈ। ਅਜੋਕੇ ਨਾਵਲਕਾਰਾਂ ਵਿੱਚੋਂ ਤਾਰਾ ਸ਼ੰਕਰ ਬੰਦੋ ਪਾਧਿਆਇ ਦੀ ਖਿਆਤੀ ਕੁਝ ਵੱਧ ਹੈ। ਇਨ੍ਹਾਂ ਦੇ ਕੁਝ ਹੋਰ ਸਮਕਾਲੀ ਗਲਪਕਾਰ ਹਨ: ਸੁਬੋਧ ਘੋਸ਼, ਨਰਾਇਣ ਗੰਗੋਪਾਧਿਆਇ, ਨਰੇਂਦਰਾ ਮਿੱਤਰਾ ਅਤੇ ਆਸ਼ਾ ਪੂਰਨਾ ਦੇਵੀ।
ਮਾਨਕ ਬੰਦਿਉਪਾਧਿਆਇ ਨੂੰ ਅਗਾਂਹ ਵਧੂ ਸਾਹਿਤਕਾਰਾਂ ਦਾ ਗੁਰੂ ਕਿਹਾ ਜਾਂਦਾ ਹੈ। ਉਨ੍ਹਾਂ ਦਾ ‘ਪੁਤੁਲ ਨਾਚੇਰ ਇਤੀ ਕਥਾ, ਪੁਤਲੀਆਂ ਦੀਆਂ ਕਥਾਵਾਂ ਤੇ ਅਧਾਰਿਤ ਬੜੀ ਸਫਲ ਰਚਨਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਾਲ ਦੀ ਇੱਕ ਸਭਾ ਵਿੱਚ ਸਤਿਆਜੀਤ ਰੇਅ ਦੇ ਨਾਲ ਉਹਨਾ ਦਾ ਵੀ ਜਿਕਰ ਕੀਤਾ ਹੈ। ਇਸੇ ਤਰਾਂ ਅਮਰੇਂਦਰਾ ਘੋਸ਼ ਦਾ ਨਾਵਲ ‘ਚਾਰ ਕਸ਼ੇਮ’ ਵੀ ਕਾਫੀ ਪ੍ਰਸਿੱਧ ਹੈ। ਸਮਰੇਸ਼ ਬਾਸੂ ਅਤੇ ਗੁਲਾਮ ਕੁਦੂਮ ਵੀ ਉੱਘੇ ਅਗਾਂਹ ਵਧੂ ਨਾਵਲਕਾਰ ਹਨ। ਭਾਬਾ ਪਗਲਾ ਨੇ ਬੰਗਾਲੀ ਲੋਕ ਗੀਤਾਂ ਦੀ ਰਚਨਾ ਕੀਤੀ ਹੈ, ਜਿਹੜੇ ਬਾਉਲ ਸਾਜ ਉੱਪਰ ਗਾਏ ਜਾਂਦੇ ਹਨ। ਗੋਪਾਲ ਹਲਦਰ ਦੀ ਉਪਨਿਆਸ ਤ੍ਰੈ-ਲੜੀ (ਏਕਦਾ, ਅੰਨਿਆਦਿਨ, ਔਰ ਏਕ ਦਿਨ) ਪ੍ਰਭਾਵਸ਼ਾਲੀ ਗਲਪ ਕ੍ਰਿਤਾਂ ਹਨ।
ਅਗਾਂਹ ਵਧੂ ਬੰਗਾਲੀ ਕਵੀਆਂ ਵਿੱਚ ਸੁਕਾਂਤ ਭੱਟਾਚਾਰੀਆ, ਸੁਭਾਸ਼ ਮੁਖਰਜੀ ਅਤੇ ਪੁਰਨੇਂਦੂ ਪੱਤਰੀ ਦੇ ਨਾਮ ਵਰਣਨਯੋਗ ਹਨ। ਤਾਰਾ ਸ਼ੰਕਰ ਬੰਦੋਪਾਧਿਆਇ, ਬਿਭੂਤੀ ਭੂਸ਼ਣ ਬੰਦੋਪਾਧਿਆਈ, ਛੋਵੀ ਵਿਸਵਾਸ਼, ਬਿਮਲ ਮਿੱਤਰਾ ਅਤੇ ਗਜੇਂਦਰ ਕੁਮਾਰ ਮਿੱਤਰਾ, ਤਰੁਣ ਮਾਜੂਮਦਾਰ, ਅਜੈਕਾਰ ਤਪਨ ਸਿਨ੍ਹਾ ਬੰਗਾਲ ਦੇ ਚੋਟੀ ਦੇ ਸਾਹਿਤਕਾਰ ਹੋਏ ਹਨ।
ਬੰਗਾਲੀ ਨਾਰੀ ਲੇਖਿਕਾਵਾਂ ਵਿੱਚੋਂ ਸਵਰਨਾ ਕੁਮਾਰੀ ਦੇਵੀ ਟੈਗੋਰ. ਰਵਿੰਦਰ ਨਾਥ ਟੈਗੋਰ ਦੀ ਵੱਡੀ ਭੈਣ, ਗਿਰੀਂਦਰਾ ਮੋਹਿਨੀ ਦਾਸੀ, ਕਾਮਿਨੀ ਰੇ, ਪ੍ਰੀਅਮਵਦਾ ਦੇਵੀ, ਨਿਰ ਉਪਮਾ ਦੇਵੀ, ਅਨੁਰੂਪਾ ਦੇਵੀ, ਸੀਤਾ ਦੇਵੀ, ਸ਼ਾਂਤਾ ਦੇਵੀ, ਦੋਵੇਂ ਭੈਣਾਂ, ਲੀਲਾ ਮਜੂਮਦਾਰ, ਪ੍ਰੋਤੀਵਾ ਬੋਸ, ਬੇਗਮ ਸੂਫੀਆ ਕਮਲ, ਬੇਗਮ ਸਜਮ-ਓ-ਨਹਾਰ, ਮਹਿਮੂਦਾ ਖਾਤੂਨ ਸਦੀਕਾ ਅਤੇ ਰਾਧਾ ਰਾਣੀ ਦੇਵੀ,ਰਵਿੰਦਰ ਨਾਥ ਟੈਗੋਰ ਨੇ ਆਪਰਾਜਿਤਾ ਦੇਵੀ ਨਾਮ ਦਿੱਤਾ, ਦੇ ਨਾਮ ਕਾਫੀ ਉੱਘੇ ਹਨ। ਮਹਾਂ ਸ਼ਵੇਤਾ ਦੇਵੀ ਨੇ ਆਦੀਵਾਸੀ ਔਰਤਾਂ ਉੱਪਰ ਆਪਣੀ ਲੇਖਣੀ ਦੁਆਰਾ ਮਹੱਤਵਪੂਰਨ ਕੰਮ ਕੀਤਾ ਹੈ।
ਅਲੋਚਨਾ ਅਤੇ ਨਿਬੰਧਕਾਰੀ ਦੇ ਖੇਤਰ ਵਿੱਚ ਰਾਜਾ ਰਾਮ ਮੋਹਨ ਰਾਏ ਅਤੇ ਟੈਗੋਰ ਤੋਂ ਇਲਾਵਾ ਪ੍ਰਮਥਾ ਚੌਧਰੀ, ਭੂਦੇਵ ਮੁਖੋਪਾਧਿਆਇ, ਬਿਪਨ ਚੰਦਰ ਪਾਲ, ਰਾਮੇਂਦ੍ਰਾ ਸੁੰਦਰ ਤ੍ਰਿਵੇਦੀ, ਕਸ਼ਿਤੀ ਮੋਹਨ ਸੇਨ, ਮੋਹਿਤ ਲਾਲ ਮਾਜੁਮਦਾਰ, ਗੋਪਾਲ ਹਲਦਰ, ਡਾ. ਦਿਨੇਸ਼ ਚੰਦਰਾ ਸੇਨ ਅਤੇ ਡਾ. ਸੁਕੁਮਾਰ ਸੇਨ ਆਦਿ ਦੀ ਦੇਣ ਬੜੀ ਨਿਗਰ ਹੈ।
ਸਤਿਆਜੀਤ ਰੇਅ ਦੇ ਪਿਤਾ ਸੁ-ਕੁਮਾਰ ਰੇਅ ਅਤੇ ਉਨ੍ਹਾਂ ਦੇ ਪਿਤਾ ਉਪੇਦੰਰਾ ਕਿਸ਼ੋਰ ਰੇਅ ਨੇ ਬਾਲ–ਸਾਹਿਤ ਰਚਨਾ ਵਿੱਚ ਮਹੱਤਵਪੂਰਨ ਕੰਮ ਕੀਤਾ ਹੈ।
ਭਾਵੇਂ ਬੰਗਾਲੀ ਸੰਸਕ੍ਰਿਤੀ ਨੂੰ ਸੰਗੀਤ ਅਤੇ ਨ੍ਰਿਤ ਦੀਆਂ ਬਹੁਤ ਸਾਰੀਆਂ ਸ਼ਾਸ਼ਤਰੀ ਵਿਧਾਵਾਂ ਨੇ ਸਿੰਚਿਆ ਹੈ, ਪਰ ਬਾਉਲ ਪਰੰਪਰਾ ਨੇ ਬੰਗਾਲੀ ਸੰਸਕ੍ਰਿਤੀ ਨੂੰ ਲੋਕ ਪੱਖੀ ਅਤੇ ਹਰਮਣ ਪਿਆਰਾ ਬਣਾਇਆ ਹੈ। ਵੈਸ਼ਨਵ ਹਿੰਦੂ ਅਤੇ ਸੂਫੀ ਮੁਸਲਮਾਨਾਂ ਨੇ ਬਾਉਲ ਗਾਨ ਨੂੰ ਲੋਕ ਗਾਨ ਬਣਾਇਆ। ਲਲਨ ਫਕੀਰ ਨੂੰ ਬੰਗਾਲ ਦੇ ਬਾਉਲ ਸੰਗੀਤ ਪਰੰਪਰਾ ਦਾ ਮੋਢੀ ਮੰਨਿਆ ਜਾਂਦਾ ਹੈ। ਕਿਉਂਕਿ ਇਹ ਸੰਗੀਤ ਪਰੰਪਰਾ ਬੰਗਾਲੀ ਦਿਲਾਂ ਨੂੰ ਛੋਂਹਦੀ ਹੈ, ਇਸ ਲਈ ਇਹ ਬਾਉਲ ਪਰੰਪਰਾ ਚੜ੍ਹਦੀ 19ਵੀਂ ਸਦੀ ਤੋਂ ਸ਼ੁਰੂ ਹੋ ਕੇ ਜਲਦੀ ਹੀ ਬੰਗਾਲੀ ਲੋਕ ਸੰਗੀਤ ਵਿੱਚ ਸ਼ਾਮਲ ਹੋ ਗਈ। ਏਕਤਾਰਾ ਬਾਉਲ ਸੰਗੀਤ ਦਾ ਮੁੱਖ ਸਾਜ ਹੈ। ਸੰਗੀਤ ਦੀ ਬਾਊਲ ਪਰੰਪਰਾ ਨੂੰ ਯੂਨੈਸਕੋ ਦੀ ਜੁਬਾਨੀ ਸੰਗੀਤ ਧੁਨਾਂ ਵਿੱਚ ਮਾਸਟਰ ਪੀਸ ਦੇ ਤੌਰ ਤੇ ਸ਼ਾਮਿਲ ਕੀਤਾ ਗਿਆ ਹੈ।
ਬੰਗਾਲ ਵਿੱਚ “ਪੁਨਰ ਜਾਗਰਣ” ਦੀ ਲਹਿਰ ਅਤੇ ਬਾਊਲ ਸੰਗੀਤ ਰਾਹੀਂ ਭਗਤੀ ਲਹਿਰ ਨਾਲੋਂ ਨਾਲ਼ ਚੱਲਦੀਆਂ ਰਹੀਆਂ। ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿੱਤ ਸ਼ਾਹ ਵੱਲੋਂ ਬਾਊਲ ਸੰਗੀਤਕਾਰ ਦੇ ਘਰ ਖਾਣਾ ਖਾ ਕੇ ਅਤੇ ਉਸਦਾ ਬਾਊਲ ਸੰਗੀਤ ਸੁਣਨ ਨਾਲ਼ ਇਸ ਸੰਗੀਤ ਪਰੰਪਰਾ ਨੂੰ ਅੰਤਰ ਰਾਸ਼ਟਰੀ ਪ੍ਰਸਿੱਧੀ ਮਿਲੀ ਹੈ।
ਵਰਕਿਆਂ ਉੱਤੇ ਸਾਹਿਤ ਉਕੇਰਨ ਦੇ ਨਾਲ਼-ਨਾਲ਼  ਜੇਕਰ ਉਸੇ ਸਾਹਿਤ ਨੂੰ ਪਰਦੇ ਉੱਪਰ ਚਿਤਰਤ ਕੀਤਾ ਜਾਵੇ ਤਾਂ ਇਹ ਹੋਰ ਵੀ ਪ੍ਰਭਾਵਸ਼ਾਲੀ ਬਣ ਜਾਂਦਾ ਹੈ। ਬੰਗਾਲੀ ਸੰਸਕ੍ਰਿਤੀ ਦੀ ਇਸ ਰਵਾਇਤ ਨੇ ਨਾ ਕੇਵਲ ਬੰਗਾਲੀ ਸਿਨੇਮੇ ਨੂੰ ਉੱਨਤ ਕੀਤਾ ਹੈ, ਸਗੋਂ ਬਾਲੀਵੁੱਡ ਹਿੰਦੀ ਸਿਨੇਮੇ ਚ ਵੀ ਆਪਣੇ ਇਤਿਹਾਸਿਕ ਮੀਲ ਪੱਥਰ ਗੱਡੇ ਹਨ। ਬਿਮਲ ਰਾਏ, ਸਹਿਆਜੀਤ ਰੇ, ਨਿਤਿਨ ਬੋਸ, ਤਪਨ ਸਿਨ੍ਹਾ , ਰਿਤਵਿਕ ਘਟਕ, ਮਰੀਨਲ ਸੇਨ, ਬਿਜੋਨ ਭੱਟਾਚਾਰੀਆ, ਅਮਿੱਤ ਸੇਨ, ਸ਼ਕਤੀ ਸੰਮਤਾ, ਸਤਿਏਨ ਬੋਸ, ਹਰੀਸ਼ ਕੇਸ਼ ਮੁਖਰਜੀ, ਬਾਸੂ ਚਟਰਜੀ, ਬਾਸੂ ਭੱਟਾਚਾਰੀਆ ਨੇ ਆਪਣੇ ਨਿਰਦੇਸ਼ਨ ਨਾਲ਼ ਬਾਲੀਵੁੱਡ ਹਿੰਦੀ ਸਿਨੇਮੇ ਨੂੰ ਸਾਹਿਤਕ ਫਿਲਮਾਂ ਦਾ ਗੋਲਡਨ ਏਰਾ ਦਿੱਤਾ।
ਬਿਮਲ ਰਾਏ ਨੇ ਤਾਂ ਬਾਲੀਵੁੱਡ ਵਿੱਚ ਸ਼ੁਰੂਆਤ ਹੀ ਇੱਕ ਸਾਹਿਤਕ ਫਿਲਮ ‘ਦੋ ਬੀਘਾ ਜਮੀਨ’ ਤੋਂ ਕੀਤੀ ਸੀ। ਉਸਤੋਂ ਬਾਅਦ, ‘ਮਧੂਮਤੀ’ ਅਤੇ ‘ਪਰਿਨਿਤਾ’ ਬਣਾਈਆਂ। ਸੱਤਿਆਜੀਤ ਰੇਅ ਨੇ ‘ਸ਼ਤਰੰਜ਼ ਕੇ ਖਿਲਾੜੀ’ ਦਿੱਤੀ। ‘ਪਥੇਰ ਪੰਚਾਲੀ’ ਨੂੰ ਉਹਨਾ ਦਾ ਮਾਸਟਰ ਪੀਸ ਕਿਹਾ ਜਾ ਸਕਦਾ ਹੈ। ਸੱਤਿਆਜੀਤ ਰੇਅ ਨੂੰ ਸੰਨ 1987 ਵਿੱਚ ਫਰਾਂਸ ਦੇ ਰਾਸ਼ਟਰਪਤੀ ਵੱਲੋਂ ਵਿਸ਼ੇਸ਼ ਸਨਮਾਨ ਮਿਲਿਆ। ਆਕਸਫੋਰਡ ਯੂਨਿਵਰਸਿਟੀ ਨੇ ਡਾਕਟਰੇਟ ਦੀ ਉਪਾਧੀ ਦਿੱਤੀ। ਸੰਨ 1991 ਵਿੱਚ ਆਪ ਨੂੰ ਆਸਕਰ ਦਾ ਆਨਰੇਰੀ ਅਵਾਰਡ ਮਿਲਿਆ। ਉਕਤ ਦਰਜ ਸਾਰੇ ਹੀ ਨਿਰਦੇਸ਼ਕਾਂ ਨੇ ਬਾਲੀਵੁੱਡ ਨੂੰ ਬੇਹਤਰੀਨ ਉੱਚ ਕੋਟੀ ਦੀਆਂ ਸਾਹਿਤਕ ਫਿਲਮਾਂ ਦਿੱਤੀਆਂ।
ਕਿਸ਼ੋਰ ਕੁਮਾਰ ਭਾਵੇਂ ਮੱਧ ਪ੍ਰਦੇਸ਼ ਵਿੱਚ ਪੈਦਾ ਹੋਏ ਸਨ, ਪਰ ਉਹਨਾ ਦੇ ਪੁਰਖੇ ਬੰਗਾਲੀ-ਗਾਂਗੁਲੀ ਸਨ। ਉਨ੍ਹਾ ਨੂੰ ਸਨਮਾਨ ਨਾਲ਼ ਕਿਸ਼ੋਰ ਦਾ ਹੀ ਕਿਹਾ ਜਾਂਦਾ ਹੈ। ਉਹਨਾ ਦੇ ਦੋ ਭਰਾ ਅਸ਼ੋਕ ਕੁਮਾਰ ਅਤੇ ਅਨੂਪ ਕੁਮਾਰ ਵੀ ਉੱਚ ਕੋਟੀ ਦੇ ਬਾਲੀਵੁੱਡ ਐਕਟਰ ਹੋਏ ਹਨ। ਕਿਸ਼ੋਰ ਕੁਮਾਰ ਨੇ ਹਿੰਦੀ ਸਿਨੇਮਾ ਨੂੰ ਆਪਣੀ ਕਲਾਕਾਰੀ, ਨਿਰਦੇਸ਼ਨ ਅਤੇ ਗਾਇਕੀ ਨਾਲ਼ ਅਤੀ ਅਮੀਰ ਬਣਾਇਆ। ਅੱਜ ਤੱਕ ਬਾਲੀਵੁੱਡ ਵਿੱਚ ਉਹਨਾ ਦੇ ਮੁਕਾਬਲੇ ਗਾਇਕੀ ਵਿੱਚ ਨੇੜੇ-ਨੇੜੇ ਵੀ ਕੋਈ ਨਹੀਂ ਪੁੱਜ ਸਕਿਆ। ਕਿਸ਼ੋਰ ਕੁਮਾਰ ਦੀ ਆਵਾਜ਼ ਨੇ ਬਾਲੀਵੁੱਡ ਨੂੰ ਗੋਲਡਨ ਏਰਾ ਦਿੱਤਾ। ਕਿਸ਼ੋਰ ਕੁਮਾਰ ਦੀ ਗਾਇਕੀ ‘ਚ ਚੁਲਬੁਲਾਪਣ ਸਭ ਦੇ ਦਿਲ ਨੂੰ ਮੋਹ ਲੈਂਦਾ ਹੈ। ਉਤਪੱਲ ਦੱਤ, ਮਿਠੁਨ ਚਕੱਰਵਰਤੀ ਦੀ ਹਿੰਦੀ ਸਿਨੇਮੇ ਨੂੰ ਵੱਡੀ ਦੇਣ ਹੈ।
ਮੰਨਾ ਡੇ ਦੀ ਕਲਾਸੀਕਲ ਆਵਾਜ਼ ਦੀ ਤਾਂ ਕੋਈ ਰੀਸ ਹੀ ਨਹੀਂ ਹੈ। ਉਹ ਬਾਲੀਵੁੱਡ ਦੇ ਮੱਥੇ ਤੇ ਜੜੇ ਇੱਕ ਮੋਤੀ ਵਾਂਗ ਹਨ। ਉਨ੍ਹਾਂ ਨੂੰ ਕਲਾਸੀਕਲ ਗਾਇਕੀ ਦਾ ਸਮਰਾਟ ਮੰਨਿਆ ਜਾਂਦਾ ਹੈ। 1960 ਦੇ ਦਸ਼ਕ ਵਿੱਚ ਗੀਤਾ ਦੱਤ ਦੀ ਮਧੁਰ ਆਵਾਜ਼ ਨੇ ਬਾਲੀਵੁੱਡ ਵਿੱਚ ਤਹਲਕਾ ਮਚਾ ਦਿੱਤਾ ਸੀ। ਇਨ੍ਹਾ ਦੇ ਨਾਲ ਹੀ ਹੇਮੰਤ ਕੁਮਾਰ ਦੀ ਹਿੰਦੀ ਅਤੇ ਬੰਗਾਲੀ ਸੰਗੀਤ ਨਿਰਦੇਸ਼ਨ ਵਿੱਚ ਵੱਡੀ ਦੇਣ ਹੈ।
ਅਭਿਨੇ ਦੇ ਮਸਲੇ ਵਿੱਚ ਜੋਏ ਮੁਖਰਜੀ, ਕਿਸ਼ੋਰ ਕੁਮਾਰ, ਅਸ਼ੋਕ ਕੁਮਾਰ, ਵਿਸਵਾਜੀਤ ਚੈਟਰਜੀ, ਉੱਤਮ ਕੁਮਾਰ ਅਤੇ ਪ੍ਰਦੀਪ ਕੁਮਾਰ ਨੇ ਆਪਣੇ ਸਮੇਂ ਵਿੱਚ ਬਾਲੀਵੁੱਡ ਵਿੱਚ ਬੁਲੰਦ ਝੰਡੇ ਗੱਡੇ ਹਨ। “ਆਮਾਨੁਸ਼” ਵਿੱਚ ਉੱਤਮ ਕੁਮਾਰ ਦੇ ਅਭਿਨੇ ਨੂੰ ਭੁਲਾਇਆ ਨਹੀਂ ਜਾ ਸਕਦਾ। ਬਾਦਲ ਸਰਕਾਰ ਉੱਚ ਕੋਟੀ ਦਾ ਥਿਏਟਰ ਕਲਾਕਾਰ ਹੋਇਆ ਹੈ।
ਨਰਗਿਸ, ਸੁਚਿੱਤਰਾ ਸੇਨ, ਅਪਰਨਾ ਸੇਨ, ਸ਼ਰਮੀਲਾ ਟੈਗੋਰ, ਮਾਲਾ ਸਿਨ੍ਹਾ, ਮੌਸਮੀ ਚੈਟਰਜੀ, ਰਾਖੀ ਅਤੇ ਜੈ ਭਾਦੁੜੀ ਔਰਤ ਕਲਾਕਾਰਾਂ ਨੇ ਬਾਲੀਵੁੱਡ ਹਿੰਦੀ ਸਿਨੇਮਾ ਨੂੰ ਬੁਲੰਦੀਆਂ ਦਿੱਤੀਆਂ। ਸੁਪਰਿਆ ਦੇਵੀ, ਸੰਧਿਆ ਰਾਇ, ਮਧਾਵੀ ਮੁਖਰਜੀ ਬੰਗਾਲੀ ਸਿਨੇਮੇ ਦੀਆਂ ਰਾਣੀਆਂ ਹਨ।
ਜਿਵੇਂ ਇੱਕ ਵਿਅਕਤੀ ਦੂਸਰੇ ਵਿਅਕਤੀ ਉੱਪਰ ਆਪਣਾ ਪ੍ਰਭਾਵ ਛੱਡਦਾ ਹੈ। ਇਸੇ ਤਰਾਂ ਸੰਸਕ੍ਰਿਤੀ (ਸੱਭਿਆਚਾਰ) ਜੀਵੰਤ ਹੁੰਦੀ ਹੈ। ਬੰਗਾਲੀ ਸੰਸਕ੍ਰਿਤੀ ਨੇ ਆਪਣੀ ਛਾਪ ਬਾਲੀਵੁੱਡ ਹਿੰਦੀ ਸਿਨੇਮੇ ਉੱਪਰ ਗਹਿਰੀ ਛੱਡੀ ਹੈ।
ਵਿਗਿਆਨ, ਤੱਥ ਸਾਹਿਤ ਨੂੰ ਜਨਮ ਦਿੰਦਾ ਹੈ। ਬੰਗਾਲ ਦੀ ਧਰਤੀ ਨੇ ਉੱਚ ਕੋਟੀ ਦੇ ਵਿਗਿਆਨੀ ਦਿੱਤੇ ਹਨ। ਜਗਦੀਸ਼ ਚੰਦਰ ਬੋਸ ਪੌਦਾ ਵਿਗਿਆਨੀ ਹੋਏ ਹਨ, ਜਿਨ੍ਹਾਂ ਨੇ ਇੱਕ ਪੌਦਾ ਯੰਤਰ ਕ੍ਰੈਸਕੋਗ੍ਰਾਫ ਦੀ ਖੋਜ਼ ਕੀਤੀ ਅਤੇ ਵਿਸ਼ਵ ਪ੍ਰਸਿੱਧ ਸਿਧਾਂਤ ਦਿੱਤਾ ਕਿ ਪੌਦੇ ਵੀ ਮਹਿਸੂਸ ਕਰਦੇ ਹਨ। ਪ੍ਰਾਚੀਨ ਭਾਰਤੀ ਵੈਦਿਕ ਫਿਲਾਸਫੀ ਵੀ ਇਹੋ ਕਹਿੰਦੀ ਹੈ।
ਸਤਿੰਦਰ ਨਾਥ ਬੋਸ ਬੰਗਾਲ ਦੇ ਇੱਕ ਅਜਿਹੇ ਵਿਗਿਆਨੀ ਹੋਏ ਹਨ, ਜਿਨਾਂ ਦਾ ਲੋਹਾ ਆਇਨਸਟਾਈਨ ਨੇ ਵੀ ਮੰਨਿਆ ਹੈ। ਦੋਵਾਂ ਨੇ ਇਕੱਠੇ ਕੰਮ ਕਰਨ ਤੋਂ ਬਾਅਦ ਬੋਸ ਆਇਨਸਟਾਈਨ ਕੋਅੰਡਨਸੇਟ ਥਿਊਰੀ ਦਿੱਤੀ। ਬੋਸ ਨੂੰ ਗਾਡ-ਪਾਰਟੀਕਲ ਦਾ ਪਿਤਾਮਾ ਕਿਹਾ ਜਾਂਦਾ ਹੈ। ਇਸੇ ਖੋਜ਼ ਦੇ ਆਧਾਰ ਉੱਪਰ 2012 ਵਿੱਚ ਬੋਸੋਨ-ਹਿਗਜ ਪਾਰਟੀਕਲ ਦੀ ਖੋਜ ਹੋਈ। ਬੰਗਾਲ ਦੇ ਸਪੂਤ ਮੇਘਨਾਥ ਸਾਹਾ ਨੇ ਸਾਹਾ ਆਇਓਨਾਈਜੇਸ਼ਨ ਇਕੁਏਸ਼ਨ ਦਿੱਤੀ ਜੋ ਤਾਰਿਆਂ ਦੀ ਜਿੰਦਗੀ ਤੇ ਵਰਤੀ ਜਾਂਦੀ ਹੈ। ਪ੍ਰਫੁੱਲ ਚੰਦਰ ਰੇ ਨੂੰ ਭਾਰਤ ਦੀ ਕੈਮੀਕਲ ਸਾਇੰਸ ਦਾ ਪਿਤਾਮਾ ਕਿਹਾ ਜਾਂਦਾ ਹੈ।
ਬੰਗਾਲ ਦੀ ਧਰਤੀ ਉੱਪਰ ਜਨਮੇ ਚਾਰ ਬੰਦਿਆਂ ਨੂੰ ਵਿਸ਼ਵ ਪ੍ਰਸਿੱਧ ਨੋਬੇਲ ਪੁਰਸਕਾਰ ਮਿਲ ਚੁੱਕਾ ਹੈ, ਜਿਨ੍ਹਾਂ ਵਿੱਚ ਰਬਿੰਦਰ ਨਾਥ ਟੈਗੋਰ ਨੂੰ ਸਾਹਿਤ ਵਿੱਚ, ਅਮ੍ਰਤਿਆ ਸੇਨ ਅਤੇ ਅਭੀਜੀਤ ਬੈਨਰਜੀ ਨੂੰ ਅਰਥ ਸ਼ਾਸ਼ਤਰ ਵਿੱਚ ਅਤੇ ਮੁਹੰਮਦ ਯੂਨਸ ਨੂੰ ਸ਼ਾਂਤੀ ਲਈ।
ਮਹੀਰ ਸੇਨ ਜਿਨ੍ਹਾ ਨੇ ਸੱਤ ਸਮੁੰਦਰਾਂ ਨੂੰ ਤੈਰ ਕੇ ਪਾਰ ਕੀਤਾ ਹੈ, ਉਹ ਵੀ ਬੰਗਾਲੀ ਸਨ। ਉਨ੍ਹਾਂ ਦੀ ਸਾਹਿਤ ਨੂੰ ਵੀ ਵੱਡੀ ਦੇਣ ਹੈ। ਬੰਗਾਲ ਵਿੱਚ ਆਈ “ਪੂਨਰ ਜਾਗਰਣ” ਦੀ ਲਹਿਰ, ਆਉਣ ਵਾਲੇ ਸਮੇਂ ਵਿੱਚ ਭਾਰਤ ਦਾ ਨਾਮ ਹੋਰ ਉੱਚਾ ਕਰੇਗੀ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin