International

ਸੁਨਹਿਰੇ ਭਵਿੱਖ ਦੀ ਤਲਾਸ਼ ‘ਚ ਨਿਕਲੀਆਂ 51 ਜਿੰਦੜੀਆਂ ਦਾ ਦਰਦਮਈ ਅੰਤ !

ਔਸਟਿਨ – ਅਮਰੀਕਾ ਦੇ ਟੈਕਸਾਸ ‘ਚ ਸੋਮਵਾਰ ਨੂੰ ਇੱਕ ਸੈਮੀ-ਟਰੱਕ ਦੇ ਵਿੱਚ ਸਵਾਰ 51 ਪ੍ਰਵਾਸੀਆਂ ਦੀ ਸਾਹ ਘੁੱਟਣ ਦੇ ਨਾਲ ਮੌਤ ਹੋ ਗਈ ਹੈ। ਮਰਨ ਵਾਲਿਆਂ ਦੇ ਵਿੱਚ 39 ਮਰਦ ਅਤੇ 12 ਔਰਤਾਂ ਸ਼ਾਮਿਲ ਹਨ। ਮਰਨ ਵਾਲਿਆਂ ਦੇ ਵਿੱਚ ਕਈ 18 ਸਾਲ ਤੋਂ ਵੀ ਘੱਟ ਉਮਰ ਦੇ ਸਨ। ਇਸ ਟਰੱਕ ਵਿੱਚ 100 ਤੋਂ ਵੱਧ ਲੋਕ ਸਵਾਰ ਸਨ। ਮ੍ਰਿਤਕਾਂ ਦੇ ਵਿੱਚੋਂ 34 ਲੋਕਾਂ ਦੀ ਪਛਾਣ ਹੋ ਗਈ ਹੈ। ਮੈਕਸੀਕੋ ਦੇ ਰਾਸ਼ਟਰਪਤੀ ਦੇ ਅਨੁਸਾਰ ਮਰਨ ਵਾਲਿਆਂ ਦੇ ਵਿੱਚ 22 ਮੈਕਸੀਕੋ, 7 ਗੁਆਟੇਮਾਲਾ ਅਤੇ 2 ਹੋਂਡੂਰਸ ਦੇ ਨਾਗਰਿਕ ਸਨ ਜਦਕਿ ਮਰਨ ਵਾਲੇ 20 ਹੋਰ ਲੋਕਾਂ ਦੀ ਪਛਾਣ ਹਾਲੇ ਕੀਤੀ ਜਾ ਰਹੀ ਹੈ।

ਸੇਂਟ ਐਂਟੋਨੀਓ ਪ੍ਰਸ਼ਾਸਨ ਦੇ ਵਲੋਂ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਅੱਤ ਦੀ ਗਰਮੀ ਕਾਰਨ ਟਰੱਕ ਦੇ ਕੰਟੇਨਰ ਦਾ ਤਾਪਮਾਨ ਵਧ ਗਿਆ ਅਤੇ ਲੋਕ ਹੀਟ ਸਟ੍ਰੋਕ ਦਾ ਸ਼ਿਕਾਰ ਹੋ ਗਏ। ਇਸ ਦਿਨ ਦਾ ਲੋਕਲ ਤਾਪਮਾਨ 39.4 ਡਿਗਰੀ ਸੀ। ਇਹ 18 ਪਹੀਆਂ ਵਾਲਾ ਟਰੱਕ ਟੈਕਸਾਸ ਦੇ ਸੈਨ ਐਂਟੋਨੀਓ ਸ਼ਹਿਰ ਤੋਂ ਮਿਲਿਆ ਹੈ। ਇਸ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਜਾ ਰਹੀ ਸੀ। ਸੈਨ ਐਂਟੋਨੀਓ ਸ਼ਹਿਰ ਟੈਕਸਾਸ-ਮੈਕਸੀਕੋ ਸਰਹੱਦ ਤੋਂ ਲਗਭਗ 250 ਕਿਲੋਮੀਟਰ ਦੂਰ ਹੈ।

ਫਾਇਰ ਸਰਵਿਸ ਦੇ ਅਧਿਕਾਰੀ ਮੁਤਾਬਕ ਟਰੱਕ ਦੇ ਕੰਟੇਨਰ ਦੇ ਦਰਵਾਜ਼ੇ ਅੱਧੇ ਖੁੱਲ੍ਹੇ ਹੋਏ ਸਨ। ਇਸ ਦੇ ਅੰਦਰ ਹਵਾਦਾਰੀ ਲਈ ਕੋਈ ਥਾਂ ਨਹੀਂ ਸੀ ਅਤੇ ਟਰੱਕ ਵਿੱਚ ਪਾਣੀ ਦੀ ਕੋਈ ਸਹੂਲਤ ਨਹੀਂ ਸੀ। 3 ਪੀੜਤਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਇਨ੍ਹਾਂ ਮੌਤਾਂ ਲਈ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਐਬਟ ਨੇ ਕਿਹਾ ਕਿ ਇਹ ਮੌਤਾਂ ਮਾਰੂ ਖੁੱਲ੍ਹੀ ਸਰਹੱਦ ਨੀਤੀ ਕਾਰਨ ਹੋਈਆਂ ਹਨ। ਐਂਟੋਨੀਓ ਸ਼ਹਿਰ ਦਾ ਤਾਪਮਾਨ ਗਰਮੀਆਂ ਦੇ ਮਹੀਨਿਆਂ ਦੌਰਾਨ ਕਾਫ਼ੀ ਵੱਧ ਜਾਂਦਾ ਹੈ। ਸੋਮਵਾਰ ਨੂੰ ਇੱਥੇ ਤਾਪਮਾਨ 39.4 ਡਿਗਰੀ ਸੈਲਸੀਅਸ ਸੀ। ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਇਸ ਮਾਮਲੇ ਨਾਲ ਸਬੰਧਤ ਸਾਰੇ ਪਹਿਲੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸੈਨ ਐਂਟੋਨੀਓ ਪੁਲਿਸ ਵਿਭਾਗ ਦੇ ਮੁਖੀ ਵਿਲੀਅਮ ਮੈਕਮੈਨਸ ਨੇ ਕਿਹਾ ਕਿ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਵਰਨਣਯੋਗ ਹੈ ਕਿ ਮਨੁੱਖੀ ਤਸਕਰਾਂ ਦੁਆਰਾ ਯੋਗ ਕਾਗਜ਼-ਪੱਤਰਾਂ ਦੇ ਬਿਨਾਂ ਸਰਹੱਦ ਪਾਰ ਕਰਕੇ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਟਰੱਕਾਂ ਦੇ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਹੈ। ਇਹਨਾਂ ਟਰੱਕਾਂ ਦੇ ਵਿੱਚ ਹਵਾ-ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੁੰਦਾ ਅਤੇ ਇਸ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਹਨਾਂ ਵਿੱਚ ਸੁਨਹਿਰੀ ਭਵਿੱਖ ਦੀ ਤਲਾਸ਼ ਦੇ ਵਿੱਚ ਪ੍ਰਵਾਸੀ ਮੰਜ਼ਿਲ ‘ਤੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਦਮ ਤੋੜ ਜਾਂਦੇ ਹਨ।

ਇਥੇ ਇਹ ਵੀ ਵਰਨਣਯੋਗ ਹੈ ਕਿ ਦੱਖਣੀ ਸਰਹੱਦ ਰਾਹੀਂ ਅਮਰੀਕਾ ਵਿਚ ਘੁਸਪੈਠ ਕਰਦੇ ਹੋਏ ਫੜੇ ਗਏ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਸਾਲ ਇਹ ਗਿਣਤੀ ਪਿਛਲੇ 10 ਸਾਲਾਂ ਵਿੱਚ ਸਭ ਤੋਂ ਵੱਧ ਦਰਜ ਕੀਤੀ ਗਈ ਸੀ। ਪਿਛਲੇ ਸਾਲ ਦੇ ਨਾਲੋਂ ਇਸ ਸਾਲ ਸਰਹੱਦ ਪਾਰ ਕਰਦਿਆਂ ਹੁੰਦੀਆਂ ਮੌਤਾਂ ਦੀ ਗਿਣਤੀ ਵੀ ਦੁੱਗਣੀ ਤੋਂ ਵੀ ਵੱਧ ਹੈ। ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਸਰਹੱਦ ਨੇੜੇ ਅਜਿਹੇ ਮਾਮਲਿਆਂ ਵਿੱਚ ਇੱਕ ਸਾਲ ਪਹਿਲਾਂ ਦੇ ਮੁਕਾਬਲੇ 30% ਦਾ ਵਾਧਾ ਹੋਇਆ ਹੈ।

Related posts

ਅਰੁਣਾਚਲ ਪ੍ਰਦੇਸ਼ ’ਚ ਰਾਸ਼ਟਰੀ ਰਾਜਮਾਰਗ-313 ਦਾ ਹਿੱਸਾ ਢਹਿਆ

editor

ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੀਜੇ ਪੁਲਾੜ ਮਿਸ਼ਨ ਲਈ ਤਿਆਰ

editor

ਕੈਨੇਡਾ ਦੀ ਮੋਸਟ ਵਾਂਟੇਡ’ਸੂਚੀ ’ਚ ਭਾਰਤੀ ਵਿਅਕਤੀ ਦਾ ਨਾਮ ਵੀ ਸ਼ਾਮਲ

editor