Articles

ਕਿਤਾਬਾਂ ਗਿਆਨ ਦਾ ਭੰਡਾਰ ਹੀ ਨਹੀਂ ਸਗੋਂ ਜੀਵਨ ਮਾਰਗਦਰਸ਼ਕ ਵੀ ਹੁੰਦੀਆਂ !

ਲੇਖਕ: ਮਾਸਟਰ ਪ੍ਰੇਮ ਸਰੂਪ ਛਾਜਲੀ

ਕਿਤਾਬਾਂ ਗਿਆਨ ਦਾ ਭੰਡਾਰ ਹੀ ਨਹੀਂ ਹੁੰਦੀਆਂ ਸਗੋਂ ਜੀਵਨ ਨੂੰ ਸਹੀ ਸੇਧ ਦੇਣ ਵਾਲੀਆਂ ਮਾਰਗਦਰਸ਼ਕ ਵੀ ਹੁੰਦੀਆਂ ਹਨ ।ਦੁਨੀਆਂ ਦੀ ਸ਼ਾਇਦ ਹੀ ਕੋਈ ਅਜਿਹੀ ਸਮੱਸਿਆ ਹੋਵੇ ਜਿਸਦਾ ਹੱਲ ਕਿਤਾਬਾਂ ਵਿਚੋਂ ਨਾ ਲੱਭੇ। ਜੋ ਲੋਕ ਕਿਤਾਬਾਂ ਪੜ੍ਹਦੇ ਅਤੇ ਵਿਚਾਰਦੇ ਹਨ, ਉਹ ਹਮੇਸ਼ਾ ਮਨੁੱਖੀ ਭਾਵਾਂ ਅਤੇ ਸੰਵੇਦਨਾਵਾਂ ਨਾਲ ਭਰੇ ਰਹਿੰਦੇ ਹਨ। ਕਿਤਾਬਾਂ ਨਾਲ ਪਿਆਰ ਕਰਨ ਵਾਲੇ ਜਿੰਦਗੀ ਅਤੇ ਮਨੁੱਖਤਾ ਨਾਲ ਵੀ ਪਿਆਰ ਕਰਨਾ ਸਿੱਖ ਜਾਂਦੇ ਹਨ। ਕਿਤਾਬਾਂ ਇੱਕ ਚੰਗੇ ਦੋਸਤ ਵਰਗੀਆਂ ਹੁੰਦੀਆਂ ਹਨ ਜੋ ਹਮੇਸ਼ਾ ਸਾਡੇ ਮਨੋਬਲ ਨੂੰ ਵਧਾਈ ਰੱਖਦੀਆਂ ਹਨ ।ਅੱਜ ਦੁਨੀਆਂ ਭਰ ਵਿੱਚ ਸਾਨੂੰ ਜੀਵਨ ਦੇ ਹਰ ਪਹਿਲੂ ਨਾਲ ਸਬੰਧਿਤ ਕਿਤਾਬ ਮਿਲ ਜਾਂਦੀ ਹੈ। ਕਿਤਾਬਾਂ ਜਿੱਥੇ ਸਾਡੇ ਗਿਆਨ ਵਿੱਚ ਵਾਧਾ ਕਰਦੀਆਂ ਹਨ, ਉੱਥੇ ਹੀ ਸਾਡੀ ਬੌਧਿਕਤਾ ਦਾ ਵੀ ਵਿਕਾਸ ਕਰਦੀਆਂ ਹਨ ।ਕਿਤਾਬਾਂ ਸਾਨੂੰ ਮਨੋਰੰਜਨ ਦੇ ਨਾਲ-ਨਾਲ ਆਤਮਿਕ ਸ਼ਾਂਤੀ ਅਤੇ ਮਨ ਦੀ ਸਥਿਰਤਾ ਵੀ ਪ੍ਰਦਾਨ ਕਰਦੀਆਂ ਹਨ। ਜਿਸ ਵਿਅਕਤੀ ਦਾ ਮਨ ਡਾਵਾਂਡੋਲ ਰਹਿੰਦਾ ਹੈ, ਉਹ ਕਦੇ ਜੀਵਨ ਵਿੱਚ ਤਰੱਕੀ ਨਹੀਂ ਕਰ ਸਕਦਾ। ਇਸ ਲਈ ਜਿਵੇਂ-ਜਿਵੇਂ ਅਸੀਂ ਚੰਗੀਆਂ ਅਤੇ ਪ੍ਰੇਰਨਾ ਭਰਪੂਰ ਕਿਤਾਬਾਂ ਪੜ੍ਹਦੇ ਹਾਂ ਅਤੇ ਵਿਚਾਰਦੇ ਹਾਂ, ਤਾਂ ਹੌਲੀ-ਹੌਲੀ ਮਨ ਦੀ ਅਡੋਲ ਪ੍ਰਵਿਰਤੀ ਨੂੰ ਹਾਸਲ ਕਰ ਲੈਂਦੇ ਹਾਂ। ਕਿਤਾਬਾਂ ਨਾਲ ਜੁੜੇ ਰਹਿਣ ਨਾਲ ਇਨਸਾਨ ਵਿੱਚ ਮਾਨਵੀ ਕਦਰਾਂ-ਕੀਮਤਾਂ ਅਤੇ ਸੰਵੇਦਨਾਵਾਂ ਕਦੇ ਨਹੀਂ ਮਰਦੀਆਂ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇੰਟਰਨੈਟ ਅਤੇ ਮੋਬਾਇਲਾਂ ਦੇ ਅੱਜ ਦੇ ਦੌਰ ਵਿੱਚ ਪੁਸਤਕ ਪ੍ਰੇਮੀਆਂ ਦੀ ਗਿਣਤੀ ਬਹੁਤ ਥੋੜ੍ਹੀ ਰਹਿ ਗਈ ਹੈ।
ਕਿਤਾਬਾਂ ਸਿਰਫ ਸਕੂਲਾਂ-ਕਾਲਜਾਂ ਦੇ ਸਿਲੇਬਸਾਂ ਤੱਕ ਸੀਮਤ ਰਹਿ ਗਈਆਂ ਹਨ। ਵੱਡੀਆਂ-ਵੱਡੀਆਂ ਲਾਇਬ੍ਰੇਰੀਆਂ ਵਿੱਚ ਅਲਮਾਰੀਆਂ ਦੀ ਸ਼ਾਨ ਬਣ ਕੇ ਰਹਿ ਗਈਆਂ ਕਿਤਾਬਾਂ ਪਾਠਕਾਂ ਦੀ ਉਡੀਕ ਕਰਦੀਆਂ ਰਹਿੰਦੀਆਂ ਹਨ। ਹੁਣ ਕਿਤਾਬਾਂ ਤੋਹਫੇ ਵਜੋਂ ਦੇਣ ਦੀ ਰਵਾਇਤ ਵੀ ਖਤਮ ਜਿਹੀ ਹੋ ਗਈ ਹੈ ਬੱਚਿਆਂ ਨੂੰ ਮਾਪੇ ਮਹਿੰਗੇ-ਮਹਿੰਗੇ ਮੋਬਾਈਲ ਤਾਂ ਲੈ ਦਿੰਦੇ ਨੇ ਪਰ ਸ਼ਾਇਦ ਕੋਈ ਵਿਰਲੇ ਹੀ ਮਾਪੇ ਹਨ ਜੋ ਆਪਣੇ ਬੱਚਿਆਂ ਨੂੰ ਕਿਤਾਬਾਂ ਦਾ ਅਨਮੋਲ ਤੋਹਫ਼ਾ ਦਿੰਦੇ ਹੀ ਨਹੀਂ ਸਗੋਂ ਪੜ੍ਹਨ ਲਈ ਪ੍ਰੇਰਿਤ ਵੀ ਕਰਦੇ ਹਨ ।
ਅੱਜ ਦਾ ਨੌਜਵਾਨ ਕਿਤਾਬ ਦਾ ਅਰਥ ਪਾਠ-ਪੁਸਤਕ ਹੀ ਸਮਝਦਾ ਹੈ ਸਕੂਲਾ-ਕਾਲਜਾਂ ‘ਚ ਲਾਈਬ੍ਰੇਰੀਆਂ ਜਰੂਰ ਹਨ ਪਰ ਉਨ੍ਹਾਂ ‘ਚ ਜਾਣ ਲਈ ਵਿਦਿਆਰਥੀਆਂ ਕੋਲ ਸਮਾਂ ਨਹੀਂ ਹੈ। ਕਲਾਸ ‘ਚ ਵਿਸ਼ਿਆਂ ਦੇ ਪੀਰੀਅਡ ਜਰੂਰ ਹੁੰਦੇ ਹਨ ਪਰ ਲਾਈਬ੍ਰੇਰੀ ਦਾ ਪੀਰੀਅਡ ਸਮਾਂ-ਸਾਰਣੀ ‘ਚੋਂ ਅਲੋਪ ਹੁੰਦਾ ਜਾ ਰਿਹਾ ਹੈ ਅਧਿਆਪਕ ਵੀ ਬੱਚਿਆਂ ਨੂੰ ਕਿਤਾਬਾਂ ਜਾਂ ਸਾਹਿਤ ਪੜ੍ਹਨ ਸਬੰਧੀ ਜਾਣਕਾਰੀ ਨਹੀਂ ਦਿੰਦੇ। ਇਹੀ ਕਾਰਨ ਹੈ ਕਿ ਇੰਟਰਨੈੱਟ ਦੇ ਇਸ ਯੁੱਗ ‘ਚ ਅਸੀਂ ਕਿਤਾਬਾਂ ਭੁੱਲ ਗਏ ਹਾਂ ਇਸ ਸੰਚਾਰ ਕ੍ਰਾਂਤੀ ਦੇ ਯੁੱਗ ‘ਚ ਪੜ੍ਹਨ ਦਾ ਮਤਲਬ ਸਿਰਫ ਇੰਟਰਨੈੱਟ ਹੀ ਰਹਿ ਗਿਆ ਹੈ ਵਿਦਿਆਰਥੀ ਅਤੇ ਨੌਜਵਾਨ ਚੌਵੀ ਘੰਟੇ ਹੱਥ ‘ਚ ਮੋਬਾਇਲ ਫੜ੍ਹ ਕੇ ਚੈਟ ਕਰਦੇ ਮਿਲ ਜਾਣਗੇ ਉਹ ਕਿਤਾਬਾਂ ਤੋਂ ਪਰਹੇਜ਼ ਕਰਨ ਲੱਗੇ ਹਨ, ਪਰ ਮੋਬਾਇਲ ਨੂੰ ਚਾਰਜ ਕਰਨਾ ਬਿਲਕੁਲ ਵੀ ਨਹੀਂ ਭੁੱਲਦੇ ਉਨ੍ਹਾਂ ਨੂੰ ਘਰ ਜਾਂ ਬਾਹਰ ਦੱਸਣ ਵਾਲਾ ਕੋਈ ਨਹੀਂ ਹੈ ਕਿ ਕਿਤਾਬਾਂ ਦੀ ਵੀ ਆਪਣੀ ਇੱਕ ਦੁਨੀਆਂ ਹੈ ਟੀ.ਵੀ. ਦੇ ਪ੍ਰੋਗਰਾਮਾਂ ਬਾਰੇ ਤਾਂ ਲਗਭਗ ਸਾਰੇ ਨੌਜਵਾਨ ਤੇ ਵਿਦਿਆਰਥੀ ਜਾਣਦੇ ਹਨ ਪਰ ਉਨ੍ਹਾਂ ਨੂੰ ਕਿਤਾਬਾਂ ਦੀ ਮਹਾਨਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ
ਸਮਾਂ ਹਮੇਸ਼ਾ ਇੱਕੋ-ਜਿਹਾ ਨਹੀਂ ਰਹਿੰਦਾ। ਕਿਤਾਬਾਂ ਕੱਲ੍ਹ ਦੀ ਗੱਲ ਹੋ ਗਈਆਂ ਹਨ। ਅੱਜ ਇੰਟਰਨੈੱਟ ਦਾ ਭੂਤ ਨੌਜਵਾਨੀ ‘ਤੇ ਹਾਵੀ ਹੈ ਅੱਜ ਦਾ ਨੌਜਵਾਨ ਕਿਸੇ ਪੁਰਾਣੇ ਅਤੇ ਨਾਮੀਂ ਲੇਖਕ ਨੂੰ ਨਹੀਂ ਜਾਣਦਾ ਇਸ ਦਾ ਇੱਕੋ-ਇੱਕ ਕਾਰਨ ਸਾਡੀ ਸਿੱਖਿਆ ਪ੍ਰਣਾਲੀ  ਹੈ ਸਕੂਲਾਂ-ਕਾਲਜਾਂ  ‘ਚ ਲਾਈਬ੍ਰੇਰੀਆਂ ਹਨ, ਪਰ ਵਿਦਿਆਰਥੀ ਉੱਥੇ ਨਹੀਂ ਜਾਂਦਾ ਉਸ ਨੂੰ ਮੋਬਾਇਲ ਦੀ ਲਤ ਲੱਗ ਗਈ ਹੈ ਅਧਿਆਪਕ ਵੀ ਲਾਈਬ੍ਰੇਰੀ ਜਾਣ ਲਈ ਪ੍ਰੇਰਿਤ ਨਹੀਂ ਕਰਦੇ, ਇਸੇ ਕਾਰਨ ਉਹ ਕਿਸੇ ਨਾਮਵਰ ਲੇਖਕ ਨੂੰ ਨਹੀਂ ਜਾਣਦੇ ਸਕੂਲ-ਕਾਲਜ ਤਾਂ ਛੱਡੇ ਘਰ ਵਿਚ ਮਾਪੇ ਵੀ ਉਨ੍ਹਾਂ ਨੂੰ ਚੰਗੀਆਂ ਕਿਤਾਬਾਂ ਨਾਲ ਜਾਣੂ ਨਹੀਂ ਕਰਵਾਉਂਦੇ ਵਿਦਿਆਰਥੀਆਂ ਲਈ ਪਾਠ-ਪੁਸਤਕਾਂ ਜਾਂ ਕੋਚਿੰਗ ਦੀਆਂ ਕਿਤਾਬਾਂ ਹੀ ਸਭ ਕੁਝ ਹਨ ਕਿਤਾਬਾਂ ਹੁਣ ਸਿਰਫ ਲਾਈਬ੍ਰੇਰੀਆਂ ਦੀ ਸੋਭਾ ਵਧਾ ਰਹੀਆਂ ਹਨ ਚਿੰਤਾ ਦੀ ਗੱਲ ਤਾਂ ਇਹ ਹੈ ਕਿ ਕਿਵੇਂ ਕਿਤਾਬਾਂ ਲਾਈਬ੍ਰੇਰੀ ‘ਚੋਂ ਬਾਹਰ ਨਿੱਕਲਣ ਅਤੇ ਨੌਜਵਾਨ ਪੀੜ੍ਹੀ ਦਾ ਇਨ੍ਹਾਂ ਪ੍ਰਤੀ ਲਗਾਅ ਅਤੇ ਰੁਝਾਨ ਵਧੇ, ਇਹੋ ਵਿਚਾਰ ਕਰਨ ਵਾਲੀ ਗੱਲ ਹੈ ਜੇਕਰ ਸੱਚੀ ਦੋਸਤੀ ਚਾਹੀਦੀ ਹੈ ਤਾਂ  ਕਿਤਾਬਾਂ  ਨੂੰ ਦੋਸਤ ਬਣਾ ਲਓ, ਕਿਉਂਕਿ ਕਿਤਾਬਾਂ ਕਦੇ ਦਗਾ ਨਹੀਂ ਕਰਦੀਆਂ ਅਤੇ ਨਾ ਹੀ ਝੂਠ ਦੇ ਰਾਹ ‘ਤੇ ਚਲਦੀਆਂ ਹਨ ਪਰ ਅਫਸੋਸ ਦੀ ਗੱਲ ਇਹ ਹੈ ਕਿ ਇੰਟਰਨੈੱਟ ਦੇ ਯੁੱਗ ‘ਚ  ਮਨੁੱਖ ਕਿਤਾਬਾਂ ਤੋਂ ਬਹੁਤ ਦੂਰ ਹੋ ਗਿਆ ਹੈ ਇਸੇ ਗੱਲ ‘ਤੇ ਚਾਨਣ ਪਾਉਂਦੇ ਹੋਏ ਮਨੁੱਖ ਦੇ ਦਿਲ ਅੰਦਰ ਕਿਤਾਬਾਂ ਪ੍ਰਤੀ ਅਲਖ ਜਗਾਉਣ ਦੀ ਬਹੁਤ ਲੋੜ ਹੈ ਕਿਤਾਬਾਂ ਸਾਡੀ ਜਿੰਦਗੀ  ਨੂੰ ਸਹੀ ਦਿਸ਼ਾ ਦੇਣ ‘ਚ ਬਹੁਤ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਹਮੇਸ਼ਾ ਸਾਡੇ ਨਾਲ ਇੱਕ ਸੱਚੇ ਦੋਸਤ ਵਾਂਗ ਰਹਿੰਦੀਆਂ ਹਨ, ਬੱਸ ਸ਼ਰਤ ਇਹੋ ਹੈ ਕਿ ਸਾਡੇ ਅੰਦਰ ਪੜ੍ਹਨ ਅਤੇ ਸਿੱਖਣ ਦਾ ਜਜ਼ਬਾ ਹੋਵੇ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin