Articles

ਅਜੀਬ ਸਥਿੱਤੀ ਪੈਦਾ ਕਰ ਦਿੰਦੇ ਹਨ ਭੁਲੇਖੇ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਹਰੇਕ ਵਿਅਕਤੀ ਨੂੰ ਕਈ ਵਾਰ ਅਜਿਹੇ ਭੁਲੇਖੇ ਪੈ ਜਾਂਦੇ ਹਨ ਜੋ ਉਸ ਨੂੰ ਬੇਹੱਦ ਹਾਸੋਹੀਣੀ ਹਾਲਤ ਜਾਂ ਕਿਸੇ ਮੁਸੀਬਤ ਵਿੱਚ ਵੀ ਫਸਾ ਦਿੰਦੇ ਹਨ। 1991 ਵਿੱਚ ਮੈਂ ਇੰਸਪੈਕਟਰ ਭਰਤੀ ਹੋਇਆ ਤਾਂ ਮੈਨੂੰ ਸੰਗਰੂਰ ਜਿਲ੍ਹਾ ਅਲਾਟ ਕੀਤਾ ਗਿਆ ਸੀ। ਮੇਰੇ ਨਾਲ ਤਕਰੀਬਨ 6-7 ਏ.ਐਸ.ਆਈ ਵੀ ਭਰਤੀ ਹੋਏ ਸਨ ਤੇ ਅਸੀਂ ਇਕੱਠੇ ਇੱਕ ਬੈਰਕ ਹੀ ਵਿੱਚ ਰਹਿੰਦੇ ਸੀ। ਉਸ ਵੇਲੇ ਸੰਗਰੂਰ ਪੁਲਿਸ ਲਾਈਨ ਦਾ ਮੁੰਸ਼ੀ ਇੱਕ ਖਿਝਿ੍ਆ ਖਪਿਆ ਜਿਹਾ ਹਰੀਆ ਨਾਮ ਦਾ ਹੌਲਦਾਰ ਹੁੰਦਾ ਸੀ ਜੋ ਪਤਾ ਨਹੀਂ ਪ੍ਰੋਬੇਸ਼ਨਰਾਂ (ਸਿੱਧੇ ਭਰਤੀ ਹੋਏ ਪੁਲਿਸ ਅਫਸਰ) ਨਾਲ ਕਿਉਂ ਖਾਰ ਖਾਂਦਾ ਸੀ। ਦਸ-ਪੰਦਰਾਂ ਸਾਲ ਤੋਂ ਉਹ ਪੱਕਾ ਹੀ ਪੁਲਿਸ ਲਾਈਨ ਵਿੱਚ ਬਤੌਰ ਮੁੰਸ਼ੀ ਡਟਿਆ ਹੋਇਆ ਸੀ, ਇਸ ਕਰ ਕੇ ਉਸ ਨੂੰ ਲਾਇਨ ਆਫ ਲਾਈਨ (ਪੁਲਿਸ ਲਾਈਨ ਦਾ ਸ਼ੇਰ) ਕਹਿ ਕੇ ਵੀ ਪੁਕਾਰਿਆ ਜਾਂਦਾ ਸੀ। ਵੈਸੇ ਤਾਂ ਪੁਲਿਸ ਮਹਿਕਮੇ ਵਿੱਚ ਬਿਨਾਂ ਮੁੱਢਲੀ ਟਰੇਨਿੰਗ ਕੀਤੇ ਕੋਈ ਡਿਊਟੀ ਨਹੀਂ ਲਈ ਜਾ ਸਕਦੀ, ਪਰ ਉਹ ਹਰੇਕ ਡਿਊਟੀ ਵਿੱਚ ਸਭ ਤੋਂ ਪਹਿਲਾਂ ਪ੍ਰਬੇਸ਼ਨਰਾਂ ਦਾ ਨਾਮ ਹੀ ਪਾਉਂਦਾ ਸੀ। ਸਭ ਤੋਂ ਵੱਧ ਸਾਨੂੰ ਵੀ.ਆਈ.ਪੀਜ਼. ਦੀ ਪਾਇਲਟ ਜਾਂ ਰੈਲੀਆਂ ਆਦਿ ਵਿੱਚ ਸਕਿਉਰਟੀ ਡਿਊਟੀ ਵਾਸਤੇ ਭੇਜਿਆ ਜਾਂਦਾ ਸੀ।
ਇੱਕ ਦਿਨ ਸਵੇਰੇ ਸਵੇਰ ਹਰੀਏ ਨੇ ਮੈਨੂੰ ਨੋਟ ਕਰਵਾਇਆ ਕਿ ਚੰਡੀਗੜ੍ਹ ਤੋਂ ਇੱਕ ਸੀਨੀਅਰ ਆਈ.ਏ.ਐਸ. ਅਫਸਰ ਨੇ ਆਉਣਾ ਹੈ ਤੇ ਸੰਗਰੂਰ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿੱਚ ਡਿਪਟੀ ਕਮਿਸ਼ਨਰ, ਐਸ.ਐਸ.ਪੀ. ਅਤੇ ਹੋਰ ਸੀਨੀਅਰ ਅਫਸਰਾਂ ਨਾਲ ਕੋਈ ਅਹਿਮ ਮੀਟਿੰਗ ਕਰਨੀ ਹੈ। ਉਸ ਨੂੰ ਰਿਸੀਵ ਕਰਨ ਦਾ ਸਮਾਂ ਦੁਪਹਿਰ 2 ਵਜੇ ਸੀ ਪਰ ਹਰੀਏ ਨੇ ਸਾਨੂੰ ਸਵੇਰੇ 10 ਵਜੇ ਹੀ ਪਾਇਲਟ ਜਿਪਸੀ ਸਮੇਤ ਸੰਗਰੂਰ ਪਟਿਆਲਾ ਹੱਦ ‘ਤੇ ਭੇਜ ਦਿੱਤਾ। ਉਸ ਸਮੇਂ ਸਾਰੇ ਉੱਚ ਅਧਿਕਾਰੀਆਂ ਕੋਲ ਸਫੈਦ ਰੰਗ ਦੀਆਂ ਅੰਬੈਸਡਰ ਗੱਡੀਆਂ ਹੁੰਦੀਆਂ ਸਨ। ਹੁਣ ਤਾਂ ਪਿੰਡ ਦਾ ਮੈਂਬਰ ਪੰਚਾਇਤ ਵੀ ਗੱਡੀ ‘ਤੇ ਬੱਤੀ ਲਾਈ ਫਿਰਦਾ ਹੈ, ਪਰ 1991 ਵਿੱਚ ਅੱਤਵਾਦੀਆਂ ਤੋਂ ਡਰਦਾ ਕੋਈ ਟਾਵਾਂ ਟਾਵਾਂ ਅਫਸਰ ਹੀ ਗੱਡੀ ‘ਤੇ ਲਾਲ ਬੱਤੀ ਲਗਾਉਣ ਦੀ ਹਿੰਮਤ ਕਰਦਾ ਸੀ। ਸਾਨੂੰ ਹਰੀਏ ਨੇ ਅਫਸਰ ਦੀ ਅੰਬੈਸਡਰ ਗੱਡੀ ਦਾ ਨੰਬਰ ਨੋਟ ਕਰਵਾ ਦਿੱਤਾ। ਪੌਣੇ ਕੁ ਗਿਆਰਾਂ ਵਜੇ ਇੱਕ ਚਿੱਟੇ ਰੰਗ ਦੀ ਅੰਬੈਸਡਰ ਕਾਰ ਪਟਿਆਲੇ ਵਾਲੇ ਪਾਸਿਉਂ ਆਉਂਦੀ ਦਿਖਾਈ ਦਿੱਤੀ। ਅਜੇ ਉਹ ਥੋੜ੍ਹੀ ਦੂਰ ਸੀ ਤੇ ਹਾਲੇ ਨੰਬਰ ਮੇਰੇ ਕੋਲੋਂ ਪੜ੍ਹਿਆ ਵੀ ਨਾ ਜਾ ਸਕਿਆ ਕਿ ਸਾਡੇ ਅਤਿ ਉਤਸ਼ਾਹੀ ਜਿਪਸੀ ਡਰਾਇਵਰ ਨੇ ਹੂਟਰ ਮਾਰ ਕੇ ਗੱਡੀ ਉਸ ਦੇ ਅੱਗੇ ਲਗਾ ਦਿੱਤੀ।
ਉਹ ਅੰਬੈਸਡਰ ਵਾਲਾ ਵੀ ਅਰਾਮ ਨਾਲ ਸਾਡੇ ਪਿੱਛੇ ਪਿੱਛੇ ਗੱਡੀ ਲਗਾ ਕੇ ਚੱਲ ਪਿਆ। ਮੈਂ ਫਟਾਫਟ ਸੰਗਰੂਰ ਕੰਟਰੋਲ ਰੂਮ ਨੂੰ ਵਾਇਰਲੈੱਸ ਖੜਕਾ ਦਿੱਤੀ ਕਿ ਵੀ.ਆਈ.ਪੀ. ਨੂੰ ਰਸੀਵ ਕਰ ਲਿਆ ਗਿਆ ਹੈ। ਅਸੀਂ ਸਿਰਫ 35-40 ਮਿੰਟ ਵਿੱਚ ਹੀ ਜਿਪਸੀ ਰੈਸਟ ਹਾਊਸ ਵਿੱਚ ਵਾੜ ਦਿੱਤੀ। ਜਿਪਸੀ ਦਾ ਹੂਟਰ ਸੁਣ ਕੇ ਸਾਰੇ ਅਫਸਰ ਵੀ.ਆਈ.ਪੀ. ਨੂੰ ਰਸੀਵ ਕਰਨ ਲਈ ਭੱਜ ਕੇ ਬਾਹਰ ਆਣ ਖਲੋਤੇ। ਪਰ ਹੈਰਾਨੀ ਵਾਲੀ ਗੱਲ ਉਦੋਂ ਹੋਈ ਜਦੋਂ ਅੰਬੈਸਡਰ ਗੱਡੀ ਰੈਸਟ ਹਾਊਸ ਵਿੱਚ ਆਉਣ ਦੀ ਬਜਾਏ ਬਰਨਾਲੇ ਵੱਲ ਨੂੰ ਨਿਕਲ ਗਈ। ਸਾਰੇ ਅਫਸਰ ਹੈਰਾਨ ਰਹਿ ਗਏ। ਐਸ.ਪੀ. ਹੈੱਡਕਵਾਟਰ ਭੱਜ ਕੇ ਮੇਰੇ ਵੱਲ ਆਇਆ ਤੇ ਚੀਕਿਆ ਕਿ ਵੀ.ਆਈ.ਪੀ. ਨੂੰ ਸ਼ਾਇਦ ਗਲਤੀ ਲੱਗ ਗਈ ਹੈ, ਜਾ ਉਸ ਨੂੰ ਘੇਰ ਕੇ ਵਾਪਸ ਲੈ ਕੇ ਆ। ਜਿਪਸੀ ਡਰਾਇਵਰ ਨੇ ਹਨੇਰੀ ਵਾਂਗ ਗੱਡੀ ਭਜਾ ਕੇ ਦਸ ਮਿੰਟਾਂ ਵਿੱਚ ਹੀ ਅੰਬੈਸਡਰ ਨੂੰ ਘੇਰ ਲਿਆ। ਪਰ ਇਹ ਸੁਣ ਕੇ ਮੇਰੇ ਹੱਥਾਂ ਦੇ ਤੋਤੇ ਉੱਡ ਗਏ ਕਿ ਜਿਸ ਨੂੰ ਅਸੀਂ ਵੀ.ਆਈ.ਪੀ. ਸਮਝ ਰਹੇ ਸੀ, ਉਹ ਤਾਂ ਭਦੌੜ ਦਾ ਕੋਈ ਲੰਡੂ ਜਿਹਾ ਲੀਡਰ ਹੈ। ਮੇਰਾ ਦਿਲ ਤਾਂ ਕਰੇ ਇਸ ਨੂੰ ਫੈਂਟਾ ਲਗਾਵਾਂ, ਪਰ ਵਕਤ ਨਹੀਂ ਸੀ।
ਜਦੋਂ ਮੈਂ ਵਾਪਸ ਜਾ ਕੇ ਐਸ.ਪੀ. ਹੈੱਡਕਵਾਟਰ ਨੂੰ ਤੇ ਉਸ ਨੇ ਐਸ.ਐਸ.ਪੀ. ਨੂੰ ਇਹ ਗੱਲ ਦੱਸੀ ਤਾਂ ਸਾਰੇ ਮੇਰੇ ਗਲ ਪੈ ਗਏ, ਗੱਲ ਮੈਨੂੰ ਸਸਪੈਂਡ ਕਰਨ ਤੱਕ ਪਹੁੰਚ ਗਈ। ਐਸ.ਐਸ.ਪੀ ਨੇ ਮੈਨੂੰ ਬੁਲਾ ਕੇ ਨਾਲੇ ਤਾਂ ਚੰਗਾ ਪ੍ਰਸ਼ਾਦ ਦਿੱਤਾ ਤੇ ਨਾਲੇ ਅਲਟੀਮੇਟਮ ਦੇ ਦਿੱਤਾ ਕਿ ਜੇ ਤੂੰ ਟਾਇਮ ‘ਤੇ ਵਾਪਸ ਜਾ ਕੇ ਵੀ.ਆਈ.ਪੀ. ਨੂੰ ਰਸੀਵ ਨਾ ਕੀਤਾ ਤਾਂ ਆਪਣਾ ਜੁੱਲੀ ਬਿਸਤਰਾ ਗੋਲ ਹੀ ਸਮਝੀਂ। ਮੈਂ ਗੱਡੀ ਵਿੱਚ ਬੈਠ ਐਸ.ਐਸ.ਪੀ. ਦਾ ਸਾਰਾ ਗੁੱਸਾ ਡਰਾਈਵਰ ‘ਤੇ ਕੱਢਿਆ, 50 ਗਾਲ੍ਹਾਂ ਆਪਣੇ ਆਪ ਨੂੰ ਕੱਢੀਆਂ ਤੇ 100 ਡਰਾਈਵਰ ਨੂੰ। ਡਰਾਈਵਰ ਦਾ ਤਾਂ ਪਹਿਲਾਂ ਹੀ ਰੰਗ ਉੱਡਿਆ ਹੋਇਆ ਸੀ, ਉਸ ਨੇ ਗੱਡੀ ਮਿਰਜ਼ੇ ਦੀ ਬੱਕੀ ਵਾਂਗ ਗੱਡੀ ਹਵਾ ਵਿੱਚ ਉਡਾ ਦਿੱਤੀ। ਰੱਬ ਰੱਬ ਕਰਦਿਆਂ ਦੋ ਵੱਜਣ ਤੋਂ ਪੰਜ ਕੁ ਮਿੰਟ ਪਹਿਲਾਂ ਜਿਪਸੀ ਟਿਕਾਣੇ ‘ਤੇ ਪਹੁੰਚ ਗਈ। ਉਧਰੋਂ ਮਿੰਟ ਮਿੰਟ ‘ਤੇ ਸੰਗਰੂਰ ਤੋਂ ਵਾਇਰਲੈੱਸ ਖੜਕੀ ਜਾਵੇ ਕਿ ਹਾਲੇ ਵੀ.ਆਈ.ਪੀ. ਨੂੰ ਰਸੀਵ ਕੀਤਾ ਕਿ ਨਹੀਂ? ਕੁਦਰਤੀ ਚੰਡੀਗੜ੍ਹ ਤੋਂ ਆਉਣ ਵਾਲਾ ਅਫਸਰ ਵੀ ਪੂਰਾ ਘੈਂਟ ਨਿਕਲਿਆ। ਉਹ ਅਫਸਰ ਤੇ ਲੀਡਰ ਹੀ ਕੀ ਹੋਇਆ ਜੋ ਸਹੀ ਟਾਇਮ ‘ਤੇ ਪਧਾਰ ਜਾਵੇ। ਉਹ ਸ਼੍ਰੀਮਾਨ ਪੂਰੇ ਚਾਰ ਵਜੇ ਸਾਡੇ ਪੁਆਇੰਟ ਤੱਕ ਪਹੁੰਚਿਆ। ਮੈਂ ਕੋਈ ਰਿਸਕ ਲੈਣ ਦੀ ਬਜਾਏ ਉਸ ਦੀ ਗੱਡੀ ਰੁਕਵਾ ਕੇ ਪਹਿਲਾਂ ਡਰਾਈਵਰ ਤੋਂ ਪੱਕਾ ਕੀਤਾ ਕਿ ਇਹ ਉਹ ਹੀ ਹੈ ਤੇ ਫਿਰ ਜਿਪਸੀ ਅੱਗੇ ਲਗਾਈ। ਜਦੋਂ ਮੈਂ ਉਸ ਨੂੰ ਲੈ ਕੇ ਰੈਸਟ ਹਾਊਸ ਪਹੁੰਚਿਆ ਤਾਂ ਸਭ ਦੀ ਜਾਨ ਵਿੱਚ ਜਾਨ ਆਈ। ਉਸ ਦੀ ਲੇਟ ਲਤੀਫੀ ਕਾਰਨ ਐਸ.ਐਸ.ਪੀ. ਦਾ ਗੁੱਸਾ ਵੀ ਠੰਡਾ ਹੋ ਚੁੱਕਾ ਸੀ, ਕਿਉਂਕਿ ਉਸ ਦੇ ਇੰਤਜ਼ਾਰ ਵਿੱਚ ਕਿਸੇ ਅਫਸਰ ਨੇ ਲੰਚ ਨਹੀਂ ਸੀ ਕੀਤਾ ਤੇ ਭੁੱਖ ਨਾਲ ਸਭ ਦਾ ਬੁਰਾ ਹਾਲ ਸੀ।
ਉਸ ਤੋਂ ਕੁਝ ਸਾਲ ਬਾਅਦ ਦੀ ਗੱਲ ਹੈ ਕਿ ਮੈਂ ਐਸ.ਐੱਚ.ਉ. ਥਾਣਾ ਮੋਰਿੰਡਾ ਲੱਗਿਆ ਹੋਇਆ ਸੀ। ਇੱਕ ਦਿਨ ਮੈਂ ਸ਼ਾਮ ਨੂੰ ਗਸ਼ਤ ਕਰ ਰਿਹਾ ਸੀ ਕਿ ਮੁੰਸ਼ੀ ਦੀ ਵਾਇਰਲੈੱਸ ਆਈ ਕਿ ਜਲਦੀ ਥਾਣੇ ਪਹੁੰਚੋ, ਐੱਸ.ਪੀ. ਕਾਲੀਆ ਸਾਹਿਬ ਆਏ ਬੈਠੇ ਹਨ। ਮੈਨੂੰ ਕਾਫੀ ਹੈਰਾਨੀ ਹੋਈ ਕਿਉਂਕਿ ਰੋਪੜ ਜਿਲ੍ਹੇ ਵਿੱਚ ਇਸ ਨਾਮ ਦਾ ਕੋਈ ਵੀ ਅਫਸਰ ਤਾਇਨਾਤ ਨਹੀਂ ਸੀ। ਮੈਂ ਜਲਦੀ ਜਲਦੀ ਥਾਣੇ ਪਹੁੰਚਿਆ ਤਾਂ ਸਫੈਦ ਰੰਗ ਦਾ ਸਫਾਰੀ ਸੂਟ ਪਾਈ ਇੱਕ ਰੋਹਬਦਾਰ ਬਾਊ ਮੇਰੀ ਕੁਰਸੀ ‘ਤੇ ਬੈਠਾ ਹੋਇਆ ਸੀ। ਮੁੰਸ਼ੀ ਨੇ ਉਸ ਦੇ ਸਾਹਮਣੇ ਡਰਾਈ ਫਰੂਟ ਦੀ ਟਰੇਅ ਅਤੇ ਕੋਲਡ ਡਰਿੰਕ ਦਾ ਗਲਾਸ ਰੱਖਿਆ ਹੋਇਆ ਸੀ। ਕਾਲੀਆ ਸਾਹਿਬ ਕਾਜੂਆਂ ਦੇ ਨਾਲ ਕੋਲਡ ਡਰਿੰਕ ਦਾ ਆਨੰਦ ਮਾਣ ਰਹੇ ਸਨ। ਮੈਂ ਉਸ ਨੂੰ ਖਿੱਚ ਕੇ ਸਲੂਟ ਮਾਰਿਆ, ਜਿਸ ਦਾ ਉਸ ਨੇ ਬਹੁਤ ਸ਼ਾਨ ਨਾਲ ਥੋੜ੍ਹਾ ਸਿਰ ਹਿਲਾ ਕੇ ਜਵਾਬ ਦਿੱਤਾ। ਜਦੋਂ ਮੈਨੂੰ ਥਾਣੇ ਦੇ ਬਾਹਰ ਉਸ ਦੀ ਸਰਕਾਰੀ ਗੱਡੀ ਤੇ ਗੰਨਮੈਨ ਦਿਖਾਈ ਨਾ ਦਿੱਤੇ ਤਾਂ ਮੈਨੂੰ ਥੋੜ੍ਹਾ ਜਿਹਾ ਸ਼ੱਕ ਹੋਇਆ। ਪਰ ਫਿਰ ਮੈਂ ਸੋਚਿਆ ਕਿ ਸ਼ਾਇਦ ਇਹ ਸੀ.ਆਈ.ਡੀ. ਜਾਂ ਵਿਜੀਲੈਂਸ ਵਿੱਚ ਲੱਗਾ ਹੋਣਾ ਹੈ, ਕਿਉਂਕਿ ਉਹ ਵਰਦੀ ਨਹੀਂ ਪਹਿਨਦੇ। ਆਪਣਾ ਸ਼ੱਕ ਦੂਰ ਕਰਨ ਲਈ ਮੈਂ ਉਸ ਨੂੰ ਉਸ ਦੀ ਪੋਸਟਿੰਗ ਬਾਰੇ ਪੁੱਛਿਆ ਤਾਂ ਉਸ ਨੇ ਭੇਤ ਖੋਲਿ੍ਆ ਕਿ ਉਹ ਕੋਈ ਪੁਲਿਸ ਅਫਸਰ ਨਹੀਂ ਹੈ, ਬਲਕਿ ਉਸ ਦਾ ਨਾਮ ਸੱਤਪਾਲ ਕਾਲੀਆ ਜਿਸ ਨੂੰ ਉਹ ਸੰਖੇਪ ਵਿੱਚ ਐਸ.ਪੀ. ਕਾਲੀਆ ਦੱਸਦਾ ਹੈ। ਅਜਿਹੇ ਫਰਾਡੀਏ ਦੇ ਮੇਰੀ ਕੁਰਸੀ ‘ਤੇ ਬੈਠਣ ਦੀ ਹਿੰਮਤ ਕਰਨ ਕਾਰਨ ਮੈਂ ਗੁੱਸੇ ਵਿੱਚ ਆ ਗਿਆ। ਉਸ ਨੂੰ ਗਰਦਨ ਤੋਂ ਪਕੜ ਕੇ ਥਾਣੇ ਤੋਂ ਬਾਹਰ ਸੁੱਟਿਆ ਤੇ ਨਾਲੇ ਮੁੰਸ਼ੀ ਦੀ ਰੱਜ ਕੇ ਕੁੱਤੇਖਾਣੀ ਕੀਤੀ ਕਿ ਤੂੰ ਬਿਨਾਂ ਪੁੱਛ ਪੜਤਾਲ ਦੇ ਅਜਿਹੇ ਠੱਗ ਨੂੰ ਮੇਰੀ ਕੁਰਸੀ ‘ਤੇ ਕਿਵੇਂ ਬਿਠਾ ਦਿੱਤਾ। ਬਾਅਦ ਵਿੱਚ ਪਤਾ ਲੱਗਾ ਕਿ ਇਹ ਵਿਅਕਤੀ ਖੰਨੇ ਦਾ ਰਹਿਣ ਵਾਲਾ ਹੈ ਤੇ ਆਪਣੇ ਨਾਮ ਦੀ ਗਲਤ ਵਰਤੋਂ ਕਰ ਕੇ ਅਨੇਕਾਂ ਸਰਕਾਰੀ ਦਫਤਰਾਂ ਅਤੇ ਮੰਤਰੀਆਂ ਤੱਕ ਤੋਂ ਜਾਇਜ਼ ਨਜਾਇਜ਼ ਕੰਮ ਕਢਵਾ ਜਾਂਦਾ ਹੈ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin