Articles

ਕਿੰਝ ਰੋਕੀਏ ਬੱਚਿਆਂ ਵਿੱਚ ਵੱਧ ਰਿਹਾ ਚਿੜਚੜਾਪਣ !

Harkirat Kaur Sabhara
ਲੇਖਕ: ਹਰਕੀਰਤ ਕੌਰ, ਤਰਨਤਾਰਨ

ਅੱਜ ਦੀ ਜੀਵਨ ਸ਼ੈਲੀ ਵਿੱਚ ਮਾਪੇ ਬੱਚਿਆਂ ਦੇ ਵਿਵਹਾਰ ਨੂੰ ਲੈ ਕੇ ਬਹੁਤ ਚਿੰਤਤ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਅਸੀਂ ਬਹੁਤ ਹੀ ਅਰਾਮਦਾਇਕ, ਸੁੱਖ ਸਹੂਲਤਾਂ ਨਾਲ ਲਬਰੇਜ਼ ਜ਼ਿੰਦਗੀ ਜਿਓ ਰਹੇ ਹਾਂ। ਅੱਜ ਉਹ ਸਮਾਂ ਨਹੀਂ ਕਿ ਬੱਚਿਆਂ ਦੀਆਂ ਰੀਝਾਂ ਪੂਰੀਆਂ ਕਰਨ ਲਈ ਇੱਕ ਮਿੱਥੇ ਤਿਥ ਤਿਉਹਾਰ ਦੀ ਉਡੀਕ ਕੀਤੀ ਜਾਵੇ, ਬਲਕਿ ਮਾਪੇ ਬੱਚੇ ਦੇ ਮੂੰਹ ਵਿਚੋਂ ਨਿਕਲੀ ਹਰ ਫਰਮਾਇਸ਼ ਨੂੰ ਉਸੇ ਸਮੇਂ ਪੂਰਿਆਂ ਕਰਨ ਦਾ ਯਤਨ ਕਰਦੇ ਹਨ। ਪਰ ਇਸ ਸੁੱਖ ਸਹੂਲਤਾਂ ਦੇ ਹੁੰਦਿਆਂ ਹੋਇਆਂ, ਐਸ਼ੋ ਅਰਾਮ ਦੇ ਵੱਧ ਸਾਧਨ ਹੁੰਦਿਆਂ ਹੋਇਆਂ ਵੀ ਅਕਸਰ ਦੇਖਿਆ ਗਿਆ ਹੈ ਕਿ ਬੱਚੇ ਬਹੁਤ ਜਲਦੀ ਚਿੜਚਿੜੇ ਹੋ ਜਾਂਦੇ ਹਨ। ਉਨ੍ਹਾਂ ਨੂੰ ਨਿੱਕੀ ਜਿਹੀ ਗੱਲ ‘ਤੇ ਗੁੱਸਾ ਆ ਜਾਂਦਾ ਹੈ ਅਤੇ ਇਹ ਨਾਰਾਜ਼ਗੀ ਲੰਬੇ ਸਮੇਂ ਤੱਕ ਬਣੀ ਰਹਿੰਦੀ ਹੈ। ਬੱਚਿਆਂ ਦੀ ਸ਼ਹਿਣਸ਼ੀਲਤਾ ਏਨੀ ਘੱਟ ਚੁੱਕੀ ਹੈ ਕਿ ਉਹ ਮਾਪਿਆਂ ਦੁਆਰਾ ਕਹੀ ਗੱਲ ਨੂੰ ਵੀ ਸਹਾਰਨ ਨੂੰ ਤਿਆਰ ਨਹੀਂ ਹਨ। ਅੱਜ ਬਹੁਤ ਸਾਰੇ ਮਾਪੇ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਉਹਨਾਂ ਦੇ ਬੱਚੇ ਉਹਨਾਂ ਦੀ ਇੱਕ ਗੱਲ ਨਹੀਂ ਸਹਾਰਦੇ, ਹਾਲਾਂਕਿ ਮਾਪਿਆਂ ਦੁਆਰਾ ਬੱਚਿਆਂ ਦੀ ਰੀਝਾਂ ਪੂਰੀਆਂ ਕਰਨ ਵਿੱਚ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਂਦੀ। ਇਸੇ ਚਿੜਚਿੜੇਪਣ ਕਰਕੇ ਬੱਚੇ ਨਾ ਤਾਂ ਚੰਗੇ ਦੋਸਤ ਬਣਾ ਸਕਦੇ ਹੁੰਦੇ ਹਨ ਅਤੇ ਨਾ ਹੀ ਬੱਚੇ ਆਪਣੇ ਆਲੇ ਦੁਆਲੇ ਦੇ ਲੋਕਾਂ ਅਤੇ ਸਾਕ ਸੰਬੰਧੀਆਂ ਨਾਲ ਜਿਆਦਾ ਖੁੱਲ੍ਹ ਪਾਉਂਦੇ ਹਨ। ਅਕਸਰ ਅਜਿਹੀ ਮਾਨਸਿਕਤਾ ਵਾਲੇ ਬੱਚੇ ਜਿਆਦਤਰ ਕ੍ਰੋਧਿਤ ਰਹਿੰਦੇ ਹਨ ਅਤੇ ਹੌਲੀ ਹੌਲੀ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸੇ ਕਾਰਣ ਨਾ ਤਾਂ ਉਹ ਪੜਾਈ ਵਿੱਚ ਆਪਣਾ ਵਧੀਆ ਪ੍ਦਰਸ਼ਨ ਕਰ ਪਾਉਂਦੇ ਹਨ ਅਤੇ ਨਾ ਹੀ ਕਿਸੇ ਹੋਰ ਗਤੀਵਿਧੀਆਂ ਵਿੱਚ। ਅਜਿਹੇ ਬੱਚਿਆਂ ਨੂੰ ਲੱਗਦਾ ਹੁੰਦਾ ਹੈ ਕਿ ਜਿਹੜੀ ਚੀਜ਼ ਨੂੰ ਪਾਉਣ ਦੀ ਤਮੰਨਾ ਉਹਨਾਂ ਦੇ ਮਨ ਵਿੱਚ ਹੈ ਉਹ ਹਰ ਹੀਲੇ ਉਹਨਾਂ ਕੋਲ ਹੋਣੀ ਚਾਹੀਦੀ ਹੈ। ਅਜਿਹੇ ਬੱਚਿਆਂ ਵਿੱਚ ਆਤਮ ਵਿਸ਼ਵਾਸ ਜਾਂ ਤਾਂ ਬਹੁਤ ਘੱਟ ਹੁੰਦਾ ਹੈ ਜਾਂ ਫਿਰ ਲੋੜ ਤੋਂ ਵੱਧ ਹੁੰਦਾ ਹੈ, ਜਦੋਂ ਲੋੜ ਤੋਂ ਵੱਧ ਆਤਮ ਵਿਸ਼ਵਾਸ ਹੁੰਦਾ ਹੈ ਤਾਂ ਅਜਿਹੇ ਬੱਚਿਆਂ ਨੂੰ ਆਪਣਾ ਆਪ ਹਰ ਜਗ਼੍ਹਾ ਸਹੀ ਲੱਗਦਾ ਹੈ, ਅਤੇ ਕਿਸੇ ਹੋਰ ਦੀ ਗੱਲ ਸੁਣਨ ਜਾਂ ਮੰਨਣ ਤੋਂ ਬਿਲਕੁਲ ਮੁਨਕਰ ਹੁੰਦੇ ਹਨ, ਜੇਕਰ ਅਜਿਹੇ ਬੱਚਿਆਂ ਨੂੰ ਤਾੜਨਾ ਕੀਤੀ ਜਾਵੇ ਤਾਂ ਇਹਨਾਂ ਦਾ ਚਿੜਚਿੜਾਪਨ ਸਾਹਮਣੇ ਆਉਂਦਾ ਹੈ। ਇਹ ਉਹ ਕੁਝ ਗੱਲਾਂ ਹਨ ਜੋ ਆਮ ਹੀ ਘਰਾਂ ਵਿੱਚ ਵੇਖਣ ਨੂੰ ਮਿਲਦੀਆਂ ਹਨ ਪਰ ਹੁਣ ਸੋਚਣ ਵੀ ਗੱਲ ਇਹ ਹੈ ਕਿ ਇਸ ਚਿੜਚਿੜੇਪਣ ਦੇ ਕਾਰਣ ਕੀ ਹਨ, ਕੋਈ ਵੀ ਸੁਭਾਅ ਮਨੁੱਖ ਮਾਂ ਦੇ ਪੇਟ ਵਿੱਚੋਂ ਲੈਕੇ ਨਹੀਂ ਆਉਂਦਾ ਬਲਕਿ ਜਿਵੇਂ ਜਿਵੇਂ ਵੱਡਾ ਹੁੰਦਾ ਹੈ ਆਪਣੇ ਆਲੇ ਦੁਆਲੇ ਦੇ ਵਾਤਾਵਰਣ ਤੋਂ ਆਦਤਾਂ ਗ੍ਹਹਿਣ ਕਰਦਾ ਰਹਿੰਦਾ ਹੈ ਅਤੇ ਆਪਣੇ ਸੁਭਾਅ ਦਾ ਵਿਕਾਸ ਕਰਦਾ ਰਹਿੰਦਾ ਹੈ।

ਮੈਨੂੰ ਬੱਚਿਆਂ ਵਿੱਚ ਵੱਧ ਰਹੇ ਚਿੜਚਿੜੇਪਣ ਦਾ ਸਭ ਤੋਂ ਵੱਡਾ ਕਾਰਣ ਵੱਧ ਰਹੀ ਤਕਨੋਲੋਜੀ ਲੱਗਦਾ ਹੈ। ਅੱਜ ਤਕਰੀਬਨ ਹਰ ਦੱਸ ਬਾਰਾਂ ਸਾਲ ਦੇ ਬੱਚੇ ਕੋਲ ਆਪਣਾ ਸਮਾਰਟਫੋਨ ਹੈ ਜੇ ਆਪਣਾ ਨਹੀਂ ਤਾਂ ਉਹ ਆਪਣੇ ਮਾਪਿਆਂ ਦੇ ਫੋਨ ਦੀ ਪੂਰੀ ਵਰਤੋਂ ਕਰਦੇ ਹਨ। ਵੀਡੀਓ ਗੇਮਜ਼, ਸਮਾਰਟਫੋਨ ਤੇ ਹੋਰ ਤਕਨੀਕੀ ਸਾਧਨਾਂ ਨੇ ਬੱਚਿਆਂ ਦੇ ਸੁਭਾਅ ਵਿੱਚ ਬਹੁਤ ਤਬਦੀਲੀਆਂ ਕੀਤੀਆਂ ਹਨ। ਬੱਚਿਆਂ ਦੀ ਅੱਧੇ ਤੋਂ ਜਿਆਦਾ ਬੁੱਧੀ ਇਹਨਾਂ ਗੈਜਟਸ ਵਿੱਚ ਸਮਾ ਚੁੱਕੀ ਹੈ। ਲੰਬੇ ਸਮੇਂ ਤੱਕ ਫੋਨ ਦੇਖਦੇ ਰਹਿਣਾ ਉਹਨਾਂ ਨੂੰ ਚਿੜਚਿੜਾ ਬਣਾ ਦਿੰਦਾ ਹੈ, ਉਹ ਮਾਪਿਆਂ ਨਾਲ ਪਰਿਵਾਰ ਨਾਲ ਬੈਠਣ ਵਾਲੇ ਸਮੇਂ ਵਿੱਚ ਵੀ ਫੋਨ ਆਦਿ ਦੇਖਣ ਵਿੱਚ ਵਿਅਸਤ ਹੁੰਦੇ ਹਨ, ਆਪਸੀ ਰਾਬਤਾ ਟੁੱਟਣ ਕਾਰਣ ਬੱਚੇ ਵਿੱਚ ਚਿੜਚਿੜਾਪਣ ਵੱਧ ਰਿਹਾ ਹੈ। ਇਸ ਤੋਂ ਬਾਅਦ ਦੂਸਰਾ ਕਾਰਣ ਖਾਣੇ ਨੂੰ ਮੰਨਿਆ ਜਾ ਸਕਦਾ ਹੈ, ਜਿਹੜੇ ਬੱਚੇ ਵਧੇਰੇ ਤੇਲ ਭਰਭੂਰ ਜਾਂ ਬਾਹਰ ਦਾ ਖਾਣਾ ਖਾਂਦੇ ਹਨ ਉਹਨਾਂ ਵਿੱਚ ਗੁੱਸੇ ਜਾਂ ਚਿੜਚਿੜਾਪਣ ਵੱਧ ਵੇਖਣ ਨੂੰ ਮਿਲਦਾ ਹੈ। ਬਾਹਰੀ ਖਾਣੇ ਵਿੱਚ ਪਾਏ ਜਾਣ ਵਾਲੇ ਨਕਲੀ ਰੰਗ ਵੀ ਬੱਚੇ ਦੇ ਵਿਵਹਾਰ ਨੂੰ ਬਹੁਤ ਪ੍ਭਾਵਿਤ ਕਰਦੇ ਹਨ, ਇੱਕ ਅਧਿਐਨ 1970 ਤੋਂ ਵੱਡੇ ਪੱਧਰ ‘ਤੇ ਚੱਲ ਰਿਹਾ ਸੀ ਜਿਸ ਵਿੱਚ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਭੋਜਨ ਦੇ ਰੰਗ ਅਤੇ ਬੱਚਿਆਂ ਦੇ ਵਿਵਹਾਰ ਵਿੱਚ ਰਿਸ਼ਤਾ ਹੁੰਦਾ ਹੈ। ਪੀਡੀਆਟ੍ਰਿਕ ਐਂਡ ਐਨਵਾਇਰਮੈਂਟਲ ਹੈਲਥ ਸਾਇੰਸਜ਼ ਅਤੇ ਵਾਸ਼ਿੰਗਟਨ ਯੂਨੀਵਰਸਿਟੀ ਦੇ ਸੀਏਟਲ ਚਿਲਡਰਨਜ਼ ਰਿਸਰਚ ਇੰਸਟੀਚਿਊਟ ਦੀ ਪ੍ਰੋਫੈਸਰ ਡਾ. ਸ਼ੀਲਾ ਸੱਤਿਆਨਾਰਾਇਣ ਦੱਸਦੀ ਹੈ ਕਿ “ਨਕਲੀ ਰੰਗਾਂ ਵਾਲੀਆਂ ਭੋਜਨ ਵਸਤੂਆਂ ਵਿੱਚ ਐਡੀਟਿਵ ਤੇ ਵੱਡੀ ਮਾਤਰਾ ਵਿੱਚ ਖੰਡ ਹੁੰਦੀ ਹੈ, ਜੋ ਬੱਚਿਆਂ ਲਈ ਨੁਕਸਾਨਦੇਹ ਹੋ ਸਕਦੀ ਹੈ ਅਤੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ।
ਸੋ ਹੁਣ ਆਖਰੀ ਪੜਾਅ ਇਹ ਹੈ ਕਿ ਬੱਚਿਆਂ ਦੇ ਚਿੜਚਿੜੇਪਣ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ? ਇਸ ਦਾ ਬਹੁਤ ਹੀ ਸਰਲ ਅਤੇ ਸਪੱਸ਼ਟ ਜਵਾਬ ਇਹ ਹੈ ਕਿ ਮਾਪੇ ਬੱਚਿਆਂ ਦੇ ਬਚਪਨ ਤੋਂ ਹੀ ਉਸਦੀਆਂ ਗਤੀਵਿਧੀਆਂ ਤੇ ਨਿਯੰਤਰਣ ਰੱਖਣ, ਬਚਪਨ ਤੋਂ ਬੱਚਿਆਂ ਦੇ ਮਾਪੇ ਬਣਨ ਦੀ ਜਗ੍ਹਾ ਉਹਨਾਂ ਦੇ ਸਹਿਯੋਗੀ ਬਣੋ, ਬਚਪਨ ਤੋਂ ਹੀ ਬੱਚਿਆਂ ਦੀ ਹਰ ਗਤੀਵਿਧੀ ਦਾ ਟਾਈਮ ਟੇਬਲ ਬਣਾਇਆ ਜਾਵੇ। ਉਹਨਾਂ ਦੇ ਹਰ ਕੰਮ ਨੂੰ ਨਿਸ਼ਚਿਤ ਸਮੇਂ ਵਿੱਚ ਹੀ ਪੂਰਿਆਂ ਕੀਤਾ ਜਾਵੇ। ਫੋਨ ਜਾਂ ਹੋਰ ਤਕਨੀਕੀ ਸਾਧਨਾਂ ਤੋਂ ਥੋੜਾ ਦੂਰ ਰੱਖਿਆ ਜਾਵੇ। ਤਾਜ਼ੇ ਵਾਤਾਵਰਣ ਵਿੱਚ ਬੱਚਿਆਂ ਨੂੰ ਲੈਕੇ ਜਾਇਆ ਜਾਵੇ, ਉਹਨਾਂ ਦੀ ਪਸੰਦ ਜਾਂ ਨਾਪਸੰਦ ਦਾ ਧਿਆਨ ਰੱਖਿਆ ਜਾਵੇ। ਜਿੰਨਾਂ ਹੋ ਸਕੇ ਬੱਚਿਆਂ ਨੂੰ ਘਰ ਦਾ ਬਣਿਆ ਹੋਇਆ ਤਾਜ਼ਾ ਖਾਣਾ ਖਵਾਇਆ ਜਾਵੇ। ਬਾਹਰੀ ਖਾਣੇ ਤੋਂ ਗੁਰੇਜ਼ ਕੀਤਾ ਜਾਵੇ। ਬੱਚੇ ਨੂੰ ਖੁਸ਼ ਰੱਖਣ ਲਈ ਉਸਨੂੰ ਤੋਹਫਿਆਂ ਤੇ ਨਿਰਭਰ ਨਾ ਕੀਤਾ ਜਾਵੇ ਬਲਕਿ ਬੱਚੇ ਨੂੰ ਆਪਣੇ ਮਾਪਿਆਂ ਜਾਂ ਆਪਣੇ ਆਪ ਵਿਚੋਂ ਖੁਸ਼ੀ ਲੱਭਣੀ ਸਿਖਾਈ ਜਾਵੇ। ਅਜਿਹੇ ਰਵੱਈਏ ਨੂੰ ਧਾਰਣ ਕਰਨ ਤੋਂ ਬਾਅਦ ਵੀ ਜੇਕਰ ਵਿਵਹਾਰ ਵਿੱਚ ਫ਼ਰਕ ਨਹੀਂ ਪੈਂਦਾ ਤਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਵੀ ਲਈ ਜਾ ਸਕਦੀ ਹੈ।ਇਸ ਤਰ੍ਹਾਂ ਦੀਆਂ ਕੁਝ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਚਿੜਚਿੜੇਪਣ ਵਿੱਚ ਉੱਲਝੇ ਬੱਚਿਆਂ ਦੇ ਜੀਵਨ ਨੂੰ ਸੁਲਝਾ ਸਕਦੇ ਹਾਂ ਅਤੇ ਆਪਣੇ ਅਤੇ ਬੱਚਿਆਂ ਦੇ ਜੀਵਨ ਵਿੱਚ ਰੌਸ਼ਨੀ ਫੈਲਾਅ ਸਕਦੇ ਹਾਂ।

Related posts

ਪੰਜਾਬੀ ਸਿਨਮੇ ਦਾ ਯੁੱਗ-ਪੁਰਸ਼ – ਸਰਦਾਰ ਸੋਹੀ

admin

ਦੁਬਾਰਾ ਚੰਦਰਮਾ ‘ਤੇ ਉਤਰਨ ਦੀ ਤਿਆਰੀ

admin

ਸਹਾਰਾ ਲੱਭਦੀ ਜ਼ਿੰਦਗੀ !

admin