Story

ਖੇਤੀ ਖਰਚਾ ਵਧਾਉਣ ਦੇ ਤਰੀਕੇ !

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਹੀਰਾ ਕਣਕ ਦੀ ਬਿਜਾਈ ਤੋਂ ਵਿਹਲਾ ਹੋ ਕੇ ਅੱਜ ਕਈਆਂ ਦਿਨਾਂ ਬਾਅਦ ਖੁੰਢ ਪੰਚਾਇਤ ਵਿੱਚ ਬੈਠਾ ਸੀ। ਜਦੋਂ ਖੁੰਢ ਚਰਚਾ ਡੀਜ਼ਲ ਪੈਟਰੌਲ ਦੀਆਂ ਨਿੱਤ ਵਧ ਰਹੀਆਂ ਕੀਮਤਾਂ ਵੱਲ ਮੁੜੀ ਤਾਂ ਉਹ ਹਾਉਕਾ ਲੈ ਕੇ ਬੋਲਿਆ, “ਇਸ ਵਾਰ ਤਾਂ ਯਾਰ ਡੀਜ਼ਲ ਨੇ ਧੂੰਆਂ ਈ ਕੱਢ ਦਿੱਤਾ ਆ। 20 – 22 ਲੀਟਰ ਤੇਲ ਲੱਗ ਗਿਆ ਇੱਕ ਏਕੜ ਦੀ ਬਿਜਾਈ ਪਿੱਛੇ। ਬਾਕੀ ਬੀਜ ਖਾਦ ਦਾ ਜੋ ਖਰਚਾ ਆਇਆ ਸੋ ਅਲੱਗ।” ਉਸ ਦੀ ਗੱਲ ਸੁਣ ਕੇ ਕੋਲ ਬੈਠਾ ਮਾਸਟਰ ਅਮਰੀਕ ਖਿਝ੍ਹ ਕੇ ਬੋਲਿਆ, “ਜੇ ਭਰਾਵਾ ਆਪਾਂ ਖੁਦ ਈ ਖਰਚੇ ਵਧਾਉਣ ਦਾ ਇਰਾਦਾ ਕੀਤਾ ਹੋਵੇ ਤਾਂ ਫਿਰ ਸਰਕਾਰ ਦਾ ਕੀ ਕਸੂਰ ਇਹਦੇ ਵਿੱਚ?” ਸਾਰੇ ਹੈਰਾਨ ਰਹਿ ਗਏ ਕਿ ਗੱਲ ਗੱਲ ‘ਤੇ ਸਰਕਾਰ ਦੀ ਨੁਕਤਾਚੀਨੀ ਕਰਨ ਵਾਲਾ ਮਾਸਟਰ ਅੱਜ ਕਿਵੇਂ ਸਰਕਾਰ ਦੇ ਹੱਕ ਵਿੱਚ ਬੋਲਣ ਲੱਗ ਪਿਆ ਹੈ। ਚਰਨੇ ਮੈਂਬਰ ਦੇ ਪੁੱਛਣ ‘ਤੇ ਮਾਸਟਰ ਬੋਲਿਆ, “ਮੇਰੀ ਜ਼ਮੀਨ ਹੀਰੇ ਦੀ ਜ਼ਮੀਨ ਦੇ ਨਾਲ ਈ ਲੱਗਦੀ ਆ। ਮੈਂ ਵੇਖਿਆ ਇਸ ਅਗਾਂਹਵਧੂ ਕਿਸਾਨ ਨੇ ਕਿਵੇਂ ਤੇਲ ਦੀ ਬਰਬਾਦੀ ਕੀਤੀ ਆ। ਸੁਪਰ ਅਤੇ ਹੈਪੀ ਸੀਡਰ ਮਸੀਨਾਂ ਇਸ ਲਈ ਬਣੀਆਂ ਸਨ ਤਾਂ ਜੋ ਕਿਸਾਨ ਝੋਨੇ ਦੇ ਵੱਢ ਵਿੱਚ ਸਿੱਧੀ ਬਿਜਾਈ ਕਰ ਸਕਣ। ਪਰਾਲੀ ਵੀ ਨਾ ਸਾੜਨੀ ਪਵੇ ਤੇ ਤੇਲ ਵੀ ਬਚੇ। ਪਰ ਹੀਰੇ ਵਰਗੇ ਸਿਆਣੇ ਵਾਹੀਵਾਨਾਂ ਨੇ ਪਹਿਲਾਂ ਤਾਂ ਪਰਾਲੀ ਸਾੜੀ ਤੇ ਫਿਰ ਪੈਲੀ ਨੂੰ ਤਵੀਆਂ ਨਾਲ ਵਾਹਿਆ। ਹੁਣ ਬੰਦਾ ਪੁੱਛੇ ਕਿ ਜੇ ਪਰਾਲੀ ਸਾੜ ਕੇ ਤਵੀਆਂ ਈ ਫੇਰਨੀਆਂ ਸਨ ਤਾਂ ਫਿਰ ਸੁਪਰ ਸੀਡਰ ਨਾਲ ਬੀਜਣ ਦੀ ਕੀ ਜਰੂਰਤ ਸੀ, ਵੈਸੇ ਈ ਛੱਟੇ ਨਾਲ ਬੀਜ ਦਿੰਦੇ। ਪਰ ਇਸ ਨੇ ਪਹਿਲਾਂ ਪ੍ਰਤੀ ਏਕੜ ਤਵੀਆਂ ਫੇਰ ਕੇ 7 – 8 ਲੀਟਰ ਡੀਜ਼ਲ ਫੂਕਿਆ ਤੇ ਫਿਰ ਸੁਪਰ ਸੀਡਰ ਨਾਲ ਕਣਕ ਕੇਰ ਕੇ 10 – 12 ਲੀਟਰ ਹੋਰ ਫੂਕਿਆ। ਜਿਹੜੀ ਇੱਕ ਏਕੜ ਦੀ ਬਿਜਾਈ 8 – 10 ਲੀਟਰ ਨਾਲ ਹੋ ਜਾਣੀ ਸੀ ਉਹ 20 – 22 ਲੀਟਰ ਨਾਲ ਹੋਈ। ਬਾਕੀ ਸੁਪਰ ਸੀਡਰ ਨੇ ਜਿਹੜੀ ਟਰੈਕਟਰ ਦੇ ਇੰਜਣ ਦੀ ਜਾਨ ਕੱਢੀ ਉਹ ਵੱਖਰੀ।” ਮਾਸਟਰ ਦੀ ਗੱਲ ਸੁਣ ਕੇ ਸਾਰੇ ਸੋਚੀਂ ਪੈ ਗਏ।

Related posts

ਦਾਜ ਦੀ ਲਿਸਟ

admin

ਸੱਚੀ ਕਹਾਣੀ: ‘ਦੀਵੇ ਦੀ ਲੋਅ’ ਵਰਗਾ ਸੀ ਸਾਡਾ ਅਮਨਦੀਪ … !

admin

ਸਮਝੋਤਾ

admin