India

ਤਾਮਿਲਨਾਡੂ: ‘ਸਿੱਖ ਧਰਮ ਅਪਣਾਉਣ ਕਾਰਨ’ ਲੋਕ ਸਭਾ ਉਮੀਦਵਾਰ ’ਤੇ ਚੋਣ ਪ੍ਰਚਾਰ ਦੌਰਾਨ ਹਮਲੇ ਦੀ ਕੋਸ਼ਿਸ਼

ਥੂਥੁਕੁਡੀ –  ਬਹੁਜਨ ਦ੍ਰਾਵਿੜ ਪਾਰਟੀ (ਬੀ.ਡੀ.ਪੀ.) ਨਾਲ ਜੁੜੇ ਇਕ ਆਜ਼ਾਦ ਉਮੀਦਵਾਰ ਨੇ ਮੰਗਲਵਾਰ ਨੂੰ ਪੁਲਿਸ ਸੁਰੱਖਿਆ ਦੀ ਮੰਗ ਕਰਦਿਆਂ ਦੋਸ਼ ਲਾਇਆ ਕਿ ਕੀਜ਼ਾ ਠੱਟਾਪਰਾਈ ਵਿਚ ਕੁੱਝ ਨੌਜਵਾਨਾਂ ਨੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਠੱਟਾਪਰਾਈ ਪੁਲਿਸ ਕੋਲ ਦਰਜ ਕਰਵਾਈ ਅਪਣੀ ਸ਼ਿਕਾਇਤ ’ਚ ਥੂਥੁਕੁਡੀ ਲੋਕ ਸਭਾ ਉਮੀਦਵਾਰ ਅਸੀਰੀਅਰ ਸ਼ਨਮੁਗਸੁੰਦਰਮ ਸਿੰਘ (37) ਨੇ ਕਿਹਾ ਕਿ ਨੌਜਵਾਨਾਂ ਨੇ ਉਸ ਦੀ ਧਾਰਮਕ ਪਛਾਣ ਨੂੰ ਲੈ ਕੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਉਸ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਪਿੱਛੇ ਜਿਹੇ ਸਿੱਖ ਧਰਮ ਅਪਣਾ ਲਿਆ ਸੀ।
ਜ਼ਿਕਰਯੋਗ ਹੈ ਕਿ ਬੀ.ਡੀ.ਪੀ. ਨੇ ਆਉਣ ਵਾਲੀਆਂ ਚੋਣਾਂ ਲਈ ਦਖਣੀ ਜ਼ਿਲ੍ਹਿਆਂ ’ਚ ਸੱਤ ਸਿੱਖ ਉਮੀਦਵਾਰ ਖੜੇ ਕੀਤੇ ਹਨ। ਸੂਤਰਾਂ ਨੇ ਦਸਿਆ ਕਿ ਉਹ ਕਾਂਸ਼ੀ ਰਾਮ ਅਤੇ ਪੇਰੀਅਰ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਲਈ ਮੁਹਿੰਮ ਚਲਾ ਰਹੇ ਹਨ ਅਤੇ ਤਬਦੀਲੀ ਲਿਆਉਣ ਲਈ ਸਮਾਜਕ ਬਰਾਬਰੀ ਅਤੇ ਏਕਤਾ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦੇ ਰਹੇ ਹਨ। ਸ਼ਨਮੁਗਸੁੰਦਰਮ ਨੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਕੁਲੈਕਟਰ ਜੀ. ਲਕਸ਼ਮੀਪਤੀ ਨੂੰ ਇਕ ਪਟੀਸ਼ਨ ਸੌਂਪੀ ਅਤੇ ਕਿਹਾ ਕਿ ਇਹ ਹਮਲਾ ਸੋਮਵਾਰ ਸ਼ਾਮ ਕਰੀਬ 6 ਵਜੇ ਕੀਜ਼ਾ ਠੱਟਾਪਰਾਈ ’ਚ ਚੋਣ ਪ੍ਰਚਾਰ ਦੌਰਾਨ ਹੋਇਆ।
ਪਟੀਸ਼ਨ ਮੁਤਾਬਕ ਜਦੋਂ ਉਮੀਦਵਾਰ ਗਲੀ ਤੋਂ ਬਾਹਰ ਨਿਕਲ ਰਿਹਾ ਸੀ ਤਾਂ ਇਲਾਕੇ ’ਚ ਪੁਲ ਦੇ ਕੋਲ ਖੜ੍ਹੇ ਇਕ ਨੌਜੁਆਨ ਨੇ ਉਸ ਦੀ ਸਿੱਖ ਪਛਾਣ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਪਮਾਨਜਨਕ ਟਿਪਣੀ ਕੀਤੀ ਅਤੇ ਉਸ ’ਤੇ ਸ਼ੀਸ਼ੇ ਦੀ ਟੁੱਟੀ ਹੋਈ ਬੋਤਲ ਨਾਲ ਚਾਕੂ ਮਾਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਉਹ ਭੱਜਣ ’ਚ ਕਾਮਯਾਬ ਹੋ ਗਿਆ ਅਤੇ ਬਾਅਦ ’ਚ ਪੁਲਿਸ ਸ਼ਿਕਾਇਤ ਦਰਜ ਕਰਵਾਈ।
ਇਸ ਦੌਰਾਨ ਠੱਟਾਪਰਾਈ ਪੁਲਿਸ ਨੇ ਮੁਲਜ਼ਮ ਵਿਰੁਧ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਪਛਾਣ ਅਜੀਤ ਵਾਸੀ ਕੀਜ਼ਾ ਠੱਟਾਪਰਾਈ ਵਜੋਂ ਹੋਈ ਹੈ। ਟੀ.ਐਨ.ਆਈ.ਈ. ਨਾਲ ਗੱਲ ਕਰਦਿਆਂ ਸ਼ਨਮੁਗਸੁੰਦਰਮ ਨੇ ਕਿਹਾ ਕਿ ਦੋਸ਼ੀ ਅਪਮਾਨਜਨਕ ਟਿਪਣੀਆਂ ਕਰਦੇ ਸਮੇਂ ਨਸ਼ੇ ਦੀ ਹਾਲਤ ’ਚ ਸੀ, ਅਤੇ ਇਹ ਵੀ ਕਿਹਾ ਕਿ ਅਜਿਹੀ ਹੀ ਇਕ ਘਟਨਾ ਉਸ ਸਮੇਂ ਵਾਪਰੀ ਸੀ ਜਦੋਂ ਉਹ ਪਹਿਲਾਂ ਓਟਾਪੀਡਾਰਮ ’ਚ ਚੋਣ ਪ੍ਰਚਾਰ ਕਰ ਰਿਹਾ ਸੀ।
ਉਨ੍ਹਾਂ ਕਿਹਾ, ‘‘ਓਟਾਪੀਡਾਰਮ ’ਚ ਲੋਕਾਂ ’ਚੋਂ ਇਕ ਵਿਅਕਤੀ ਨੇ ਮੇਰੇ ਇਕ ਸਮਰਥਕ ਨੂੰ ਧਮਕੀ ਦਿਤੀ ਕਿ ਉਹ ਮੇਰੀ ਚੋਣ ਮੁਹਿੰਮ ਲਈ ਪ੍ਰਚਾਰ ਨਾ ਕਰੇ। ਇਸ ਲਈ ਮੈਂ ਪੁਲਿਸ ਨੂੰ ਅਪੀਲ ਕਰਦਾ ਹਾਂ ਕਿ ਮੇਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਬੰਦੂਕਧਾਰੀ ਨਿਯੁਕਤ ਕੀਤਾ ਜਾਵੇ।’’

Related posts

ਕੰਪਨੀ ਦਾ ਕਬੂਲਨਾਮਾ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਨੂੰ ਹਾਰਟ ਅਟੈਕ ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ!

editor

ਅਸੀਂ ਅੱਤਵਾਦ ’ਤੇ ਡੋਜ਼ੀਅਰ ਨਹੀਂ ਭੇਜਦੇ, ਘਰ ’ਚ ਦਾਖ਼ਲ ਹੋ ਕੇ ਮਾਰਦੇ ਹਾਂ :ਮੋਦੀ

editor

ਕਈ ਸੂਬਿਆਂ ’ਚ ਹੀਟਵੇਵ ਦੀ ਚਿਤਾਵਨੀ ਤਾਂ ਕਿਤੇ ਭਾਰੀ ਮੀਂਹ ਦਾ ਕਹਿਰ

editor